ਸਿਖਸ ਫਾਰ ਜਸਟਿਸ ਦੀ ਹਿਮਾਇਤ ਕੀਤੀ ਜਾਵੇ: ਢੱਡਰੀਆਂਵਾਲੇ
October 21, 2010 | By ਸਿੱਖ ਸਿਆਸਤ ਬਿਊਰੋ
ਕੈਲੀਫੋਰਨੀਆਂ (21 ਅਕਤੂਬਰ, 2010): ਅਮਰੀਕਾ ਦੇ ਦੌਰੇ ’ਤੇ ਆਏ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਸ੍ਰੀ ਅਕਾਲ ਤਖਤ ਦੇ ਆਦੇਸ਼ਾਂ ਦੀ ਪ੍ਰੜੋਤਾ ਕਰਦਿਆਂ ਸਿਖ ਸੰਗਤ ਨੂੰ ਬੇਨਤੀ ਕੀਤੀ ਕਿ ਸ੍ਰੀ ਅਕਾਲ ਤਖਤ ਦੇ ਆਦੇਸ਼ਾਂ ਨੂੰ ਮੰਨਦੇ ਹੋਏ ਨਵੰਬਰ 1984 ਸਿਖ ਨਸਲਕੁਸ਼ੀ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਅਤੇ ਨਵੰਬਰ 1984 ਸਿਖ ਨਸਲਕੁਸ਼ੀ ਨੂੰ ਕੌਮਾਂਤਰੀ ਪੱਧਰ ’ਤੇ ਮਾਨਤਾ ਦਿਵਾਉਣ ਲਈ ਸਿਖਸ ਫਾਰ ਜਸਟਿਸ ਵਲੋਂ ਕੀਤੇ ਜਾ ਰਹੇ ਯਤਨਾਂ ਦਾ ਸਮਰਥਨ ਕਰਨ ।ਸਿੱਖਸ ਫਾਰ ਜਸਟਿਸ ਵੱਲੋਂ ਬਿਜਲ ਸੁਨੇਹੇਂ ਰਾਹੀਂ ਭੇਜੇ ਬਿਆਨ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਸਿਖਸ ਫਾਰ ਜਸਟਿਸ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ ਤੇ ਕਿਹਾ ਕਿ ਜੋ ਕੰਮ ਪੰਜਾਬ ਵਿਚ ਕੀਤਾ ਜਾਣਾ ਚਾਹੀਦਾ ਸੀ ਉਹ ਸਿਖਸ ਫਾਰ ਜਸਟਿਸ ਸੱਤ ਸਮੁੰਦਰੋਂ ਪਾਰ ਪੈਠ ਕੇ ਕਰ ਰਹੀ ਹੈ ਜੋ ਕਿ ਬਹੁਤ ਹੀ ਪ੍ਰਸ਼ੰਸਾ ਦੇ ਯੋਗ ਹੈ। ਉਨ੍ਹਾਂ ਨੇ ਕਿਹਾ ਕਿ ਕਿੰਨੀ ਦੁਖਦਾਈ ਗਲ ਹੈ ਕਿ 26 ਸਾਲ ਬੀਤ ਜਾਣ ’ਤੇ ਨਵੰਬਰ 1984 ਸਿਖ ਨਸਲਕੁਸ਼ੀ ਦੇ ਪੀੜਤਾਂ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਤੇ ਦੋਸ਼ੀ ਖੁਲੇਆਮ ਆਜ਼ਾਦ ਘੁੰਮ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਨਵੰਬਰ 1984 ਸਿਖ ਨਸਲਕੁਸ਼ੀ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਕੌਮਾਂਤਰੀ ਪੱਧਰ ’ਤੇ ਆਵਾਜ਼ ਬੁਲੰਦ ਕੀਤੀ ਜਾਵੇ ਤੇ ਇਹ ਤਾਂ ਹੀ ਸੰਭਵ ਹੈ ਕਿ ਸਿਖਸ ਫਾਰ ਜਸਟਿਸ ਵਲੋਂ ਅਰੰਭੀ ਜਾ ਰਹੀ ਇਨਸਾਫ ਲਹਿਰ ਦਾ ਸਮਰਥਨ ਕੀਤਾ ਜਾਵੇ ਤੇ ਸਿਖਸ ਫਾਰ ਜਸਟਿਸ ਵਲੋਂ 1 ਨਵੰਬਰ 2010 ਨੂੰ ਨਿਊਯਾਰਕ ਸਥਿਤ ਸੰਯੁਕਤ ਰਾਸ਼ਟਰ ਹੈਡਕੁਆਰਟਰਜ਼ ਦੇ ਸਾਹਮਣੇ ਕੀਤੀ ਜਾ ਰਹੀ ਵਿਸ਼ਾਲ ਇਨਸਾਫ ਰੈਲੀ ਵਿਚ ਸਮੁੱਚਾ ਸਿਖ ਜਗਤ , ਗੁਰਦੁਆਰਾ ਕਮੇਟੀਆਂ ਤੇ ਸਿਖ ਜਥੇਬੰਦੀਆਂ ਵੱਧ ਚੜ ਕੇ ਸ਼ਾਮਿਲ ਹੋਣ। ਉਨ੍ਹਾਂ ਨੇ ਕਿਹਾ ਕਿ ਨਵੰਬਰ ਦਾ ਮਹੀਨਾ ਸਿਖ ਨਸਲਕੁਸ਼ੀ ਨੂੰ ਸਮਰਪਿਤ ਕੀਤਾ ਜਾਵੇ ਤੇ ਨਵੰਬਰ 1984 ਸਿਖ ਨਸਲਕੁਸ਼ੀ ਵਿਚ ਕਤਲ ਕੀਤੇ ਗਏ ਹਜ਼ਾਰਾਂ ਬੇਗੁਨਾਹ ਸਿਖਾਂ ਦੀ ਯਾਦ ਨੂੰ ਤਾਜ਼ਾਂ ਰੱਖਣ ਲਈ ਸਮੁੱਚੇ ਸੰਸਾਰ ਵਿਚ ਜਿਥੇ ਵੀ ਸਿਖ ਰਹਿੰਦੇ ਹਨ ਸ੍ਰੀ ਅਖੰਡ ਪਾਠਾਂ ਦੇ ਭੋਗ ਪੁਆਏ ਜਾਣ।
ਸਿਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਨਵੰਬਰ 1984 ਸਿਖ ਨਸਲਕੁਸ਼ੀ ਦੇ ਪੀੜਤਾਂ ਨੂੰ ਹਰ ਹਾਲ ਵਿਚ ਇਨਸਾਫ ਦਿਵਾਇਆ ਜਾਵੇਗਾ ਤੇ ਦੋਸ਼ੀਆਂ ਨੂੰ ਛੇਤੀ ਹੀ ਅਦਾਲਤ ਦੇ ਕਟਿਹਿਰੇ ਵਿਚ ਖੜਾ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪਹਿਲੀ ਨਵੰਬਰ 2010 ਨੂੰ ਨਿਊਯਾਰਕ ਸਥਿਤ ਸੰਯੁਕਤ ਰਾਸ਼ਟਰ ਦੇ ਹੈਡਕੁਆਰਟਰਸ ਦੇ ਸਾਹਮਣੇ ਸਵੇਰੇ 11 ਵਜੇ ਤੋਂ 3 ਵਜੇ ਤੱਕ ਵਿਸ਼ਾਲ ਇਨਸਾਫ ਰੈਲੀ ਕੀਤੀ ਜਾ ਰਹੀ ਹੈ ਜਿਸ ਵਿਚ ਸਮੁੱਚੇ ਸਿਖ ਭਾਈਚਾਰੇ ਨੂੰ ਤੇ ਅਮਰੀਕਾ-ਕੈਨੇਡਾ ਦੀਆਂ ਸਮੂਹ ਸਿਖ ਜਥੇਬੰਦੀਆਂ, ਗੁਰਦੁਆਰਾ ਕਮੇਟੀਆਂ ਨੂੰ ਵੱਧ ਚੜਕੇ ਹਿੱਸਾ ਲੈਣ ਦੀ ਪੁਰਜ਼ੋਰ ਅਪੀਲ ਕੀਤੀ ਹੈ।
ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:
ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।
Related Topics: Sikh Diaspora, Sikh Sangat, Sikhs For Justice (SFJ)