ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਸਿੱਧੂ ਧੜੇ ਨਾਲ ਚੱਲ ਰਹੀ ਹੈ ਗੱਲਬਾਤ; ਕੋਈ ਗਰਾਫ ਨਹੀਂ ਡਿੱਗਾ, ਅੱਜ ਵੀ 96 ਸੀਟਾਂ ਪੱਕੀਆਂ: ਕੇਜਰੀਵਾਲ

October 24, 2016 | By

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਮੀਡੀਆ ਸਾਹਮਣੇ ਕਿਹਾ ਕਿ ਪਾਰਟੀ ’ਚੋਂ ਕੱਢੇ ਸੁੱਚਾ ਸਿੰਘ ਛੋਟੇਪੁਰ ਖ਼ਿਲਾਫ਼ ਪੈਸੇ ਲੈਣ ਦੀ ਇਕ ਨਹੀਂ ਬਲਕਿ ਕਈ ਸ਼ਿਕਾਇਤਾਂ ਮਿਲੀਆਂ ਸਨ। ਕੇਜਰੀਵਾਲ ਲੁਧਿਆਣਾ ’ਚ ਵਪਾਰ, ਉਦਯੋਗ ਤੇ ਟਰਾਂਸਪੋਰਟ ਬਾਰੇ ਚੋਣ ਮਨੋਰਥ ਪੱਤਰ ਜਾਰੀ ਕਰਨ ਆਏ ਸਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਾਰਟੀ ਦੇ ਗਰਾਫ ਵਿੱਚ ਕੋਈ ਗਿਰਾਵਟ ਨਹੀਂ ਆਈ ਅਤੇ ਚੋਣ ਸਰਵੇਖਣ ਭ੍ਰਿਸ਼ਟਾਚਾਰ ਦੇ ਅੱਡੇ ਬਣ ਗਏ ਹਨ।

ਉਨ੍ਹਾਂ ਵੱਲੋਂ 117 ਵਿਧਾਨ ਸਭਾ ਹਲਕਿਆਂ ’ਚ ਪਿਛਲੇ ਹਫ਼ਤੇ ਕਰਾਏ ਗਏ ਸਰਵੇਖਣ ਤੋਂ ਪੁਸ਼ਟੀ ਹੋਈ ਹੈ ਕਿ ਹੁਣ ਵੀ 96 ਸੀਟਾਂ ‘ਆਪ’ ਦੀ ਝੋਲੀ ਵਿੱਚ ਪੈ ਰਹੀਆਂ ਹਨ। ਕੇਜਰੀਵਾਲ ਨੇ ਕਿਹਾ ਕਿ ਅੱਜ ਵੀ ਉਨ੍ਹਾਂ ਦੀ ਨਵਜੋਤ ਸਿੱਧੂ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਉਹ ਸਿੱਧੂ ਦੀ ਬਹੁਤ ਇੱਜ਼ਤ ਕਰਦੇ ਹਨ। ਭਾਵੇਂ ਸਿੱਧੂ ਨੇ ਪਿਛਲੇ ਸਮੇਂ ਉਨ੍ਹਾਂ ਉਪਰ ਕਈ ਦੋਸ਼ ਲਾਏ ਸਨ ਪਰ ਉਹ ਕਦੇ ਵੀ ਉਨ੍ਹਾਂ ਨਾਲ ਹੋਈਆਂ ਅੰਦਰੂਨੀ ਗੱਲਾਂ ਜੱਗ ਜ਼ਾਹਿਰ ਕਰਕੇ ਸਿਧਾਂਤ ਨਹੀਂ ਤੋੜਨਗੇ। ਉਨ੍ਹਾਂ ਇਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਗੁਰਪ੍ਰੀਤ ਘੁੱਗੀ ਨੂੰ ਛੋਟੇਪੁਰ ਦੀ ਥਾਂ ਕਨਵੀਨਰ ਬਣਾ ਕੇ ਸੀਨੀਅਰ ਆਗੂ ਐਚ.ਐਸ. ਫੂਲਕਾ ਨੂੰ ਅੱਖੋਂ-ਪਰੋਖੇ ਕਰਨ ਦਾ ਕੋਈ ਸਵਾਲ ਨਹੀਂ ਹੈ। ਉਨ੍ਹਾਂ ਖੁ਼ਦ ਪੰਜਾਬ ਦਾ ਮੁੱਖ ਮੰਤਰੀ ਬਣਨ ਦੇ ਸਵਾਲ ’ਤੇ ਕਿਹਾ ਕਿ ਮੁੱਖ ਮੰਤਰੀ ਦਾ ਉਮੀਦਵਾਰ ਚੋਣਾਂ ਤੋਂ ਪਹਿਲਾਂ ਵੀ ਐਲਾਨਿਆ ਜਾ ਸਕਦਾ ਹੈ ਪਰ ਇਕ ਗੱਲ ਪੱਕੀ ਹੈ ਕਿ ਵਿਧਾਇਕ ਹੀ ਮੁੱਖ ਮੰਤਰੀ ਦੀ ਚੋਣ ਕਰਨਗੇ। ਉਹ ਪੰਜਾਬ ਵਿੱਚ ਆਪਣਾ ਕੋਈ ਘਰ ਨਹੀਂ ਲੈ ਰਹੇ ਪਰ ਦੀਵਾਲੀ ਬਾਅਦ ਉਹ ਚੋਣ ਪ੍ਰਚਾਰ ਲਈ ਪੰਜਾਬ ’ਚ ਪੱਕੇ ਡੇਰੇ ਲਾ ਲੈਣਗੇ।

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ

ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਭ੍ਰਿਸ਼ਟਾਚਾਰ ਦੇ ਕੇਸ ਨੂੰ ਵਾਪਸ ਲੈਣ ਅਤੇ ਪਹਿਲਾਂ ਕੈਪਟਨ ਵੱਲੋਂ ਡਰੱਗ ਮਾਫੀਆ ਨਾਲ ਬਿਕਰਮ ਸਿੰਘ ਮਜੀਠੀਆ ਦਾ ਨਾਂ ਜੁੜਨ ਵੇਲੇ ਇਸ ਦੀ ਜਾਂਚ ਸੀਬੀਆਈ ਨੂੰ ਸੌਂਪਣ ਵਿਰੁੱਧ ਸਟੈਂਡ ਲੈਣ ਤੋਂ ਸਪੱਸ਼ਟ ਹੈ ਕਿ ਇਹ ਦੋਵੇਂ ਪਾਰਟੀਆਂ ਰਲ ਕੇ ਚੋਣਾਂ ਲੜ ਰਹੀਆਂ ਹਨ। ਇਸ ਕਾਰਨ ਬਾਦਲਾਂ ਜਾਂ ਕੈਪਟਨ ਨੂੰ ਵੋਟ ਪਾਉਣ ਦਾ ਅਰਥ ਡਰੱਗ ਮਾਫ਼ੀਆ ਦੇ ਹੱਕ ਵਿੱਚ ਭੁਗਤਣਾ ਹੈ। ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਬਣਨ ਦੀ ਸੂਰਤ ’ਚ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਅਤੇ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਮਜੀਠੀਆ ਅਤੇ ਤੋਤਾ ਸਿੰਘ ਖ਼ਿਲਾਫ਼ ਵਿਸ਼ੇਸ਼ ਪੜਤਾਲ ਕਰਾਉਣਗੇ। ਉਨ੍ਹਾਂ ਸੰਸਦ ਮੈਂਬਰ ਭਗਵੰਤ ਮਾਨ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਇਨ੍ਹਾਂ ਨੂੰ ਵਿਧਾਨ ਸਭਾ ਚੋਣ ਜ਼ਰੂਰ ਲੜਾਈ ਜਾਵੇਗੀ।

ਉਨ੍ਹਾਂ ਦੀ ਸਰਕਾਰ ਆਉਣ ਦੀ ਸੂਰਤ ਵਿੱਚ ਕੇਂਦਰ ਸਰਕਾਰ ਵੱਲੋਂ ਮਿਥੀਆਂ ਜਿਣਸਾਂ ਦੀਆਂ ਕੀਮਤਾਂ ਵਿੱਚ ਸੂਬਾ ਸਰਕਾਰ ਵੱਲੋਂ ਰਾਸ਼ੀ ਪਾ ਕੇ ਕਿਸਾਨਾਂ ਨੂੰ ਸਵਾਮੀਨਾਥਨ ਕਮੇਟੀ ਦੇ ਫਾਰਮੂਲੇ ਤਹਿਤ ਫਸਲਾਂ ਦੀਆਂ ਕੀਮਤਾਂ ਦਿੱਤੀਆਂ ਜਾਣਗੀਆਂ। ਉਹ ਦਲਿਤਾਂ ਉਪਰ ਹੋ ਰਹੇ ਅੱਤਿਆਚਾਰਾਂ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਬਣਾਉਣਗੇ। ਉਨ੍ਹਾਂ ਇਕ ਸਵਾਲ ਦੇ ਜਵਾਬ ’ਚ ਕਿਹਾ ਕਿ ਬਾਦਲ ਸਰਕਾਰ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਢਾਈ ਸਾਲ ਤਰਲੇ ਕਰ ਕੇ ਧੇਲਾ ਵੀ ਹਾਸਲ ਨਹੀਂ ਕੀਤਾ ਅਤੇ ਉਹ ਮੋਦੀ ਸਰਕਾਰ ਦੀ ਘੇਰਾਬੰਦੀ ਕਰਕੇ ਸੂਬੇ ਦੀਆਂ ਮੰਗਾਂ ਮਨਵਾਉਣ ਲਈ ਸੰਘਰਸ਼ ਕਰਨਗੇ। ਉਨ੍ਹਾਂ ਕਿਹਾ ਕਿ 15-20 ਦਿਨਾਂ ਵਿੱਚ ਬਾਕੀ ਉਮੀਦਵਾਰ ਵੀ ਐਲਾਨੇ ਜਾਣ ਦੀ ਸੰਭਾਵਨਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , ,