ਆਮ ਖਬਰਾਂ

‘ਦਾ ਬਲੈਕ ਪ੍ਰਿੰਸ’ ਸਤਿੰਦਰ ਸਰਤਾਜ ਨੇ ਹਾਲੀਵੁੱਡ ਤੋਂ ਕੀਤੀ ਫ਼ਿਲਮੀ ਸਫ਼ਰ ਦੀ ਸ਼ੁਰੂਆਤ

July 12, 2017 | By

ਜਲੰਧਰ (ਜਸਪਾਲ ਸਿੰਘ): ਮਹਾਰਾਜਾ ਰਣਜੀਤ ਸਿੰਘ ਦੇ ਵੰਸ਼ਜ ਤੇ ਪੰਜਾਬ ਦੇ ਆਖਰੀ ਰਾਜੇ ਮਹਾਰਾਜਾ ਦਲੀਪ ਸਿੰਘ ਦੇ ਜੀਵਨ ‘ਤੇ ਬਣੀ ਹਾਲੀਵੁੱਡ ਫ਼ਿਲਮ ‘ਦਾ ਬਲੈਕ ਪ੍ਰਿੰਸ’ ਨਾਲ ਅਦਾਕਾਰੀ ਦੇ ਖੇਤਰ ਵਿਚ ਪੈਰ ਧਰਨ ਵਾਲੇ ਪੰਜਾਬੀ ਗਾਇਕ ਸਤਿੰਦਰ ਸਰਤਾਜ ਨੇ ਕਿਹਾ ਹੈ ਕਿ ‘ਦਾ ਬਲੈਕ ਪ੍ਰਿੰਸ’ ਦੁਨੀਆ ਭਰ ਦੇ ਲੋਕਾਂ ਨੂੰ ਨਾ ਕੇਵਲ ਸਿੱਖ ਕੌਮ ਦੇ ਮਾਣਮੱਤੇ ਇਤਿਹਾਸ ਅਤੇ ਵਿਰਸੇ ਤੋਂ ਜਾਣੂ ਕਰਵਾਏਗੀ ਬਲਕਿ ਮਹਾਰਾਜਾ ਦਲੀਪ ਸਿੰਘ ਦੀ ਜ਼ਿੰਦਗੀ ਦੇ ਕਈ ਅਣਛੂਹੇ ਪਹਿਲੂਆਂ ਨੂੰ ਵੀ ਦਰਸ਼ਕਾਂ ਦੇ ਸਾਹਮਣੇ ਰੱਖੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉਨ੍ਹਾਂ ‘ਅਜੀਤ’ ਭਵਨ ਵਿਖੇ ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਕਰਦਿਆਂ ਕਿਹਾ ਕਿ ਫ਼ਿਲਮ ‘ਦਾ ਬਲੈਕ ਪ੍ਰਿੰਸ’ ਸਿੱਖ ਤਵਾਰੀਖ ਦਾ ਇਕ ਅਜਿਹਾ ਇਤਿਹਾਸਕ ਦਸਤਾਵੇਜ਼ ਹੋਵੇਗੀ, ਜਿਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਂਭਿਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਮਹਾਰਾਜਾ ਦਲੀਪ ਸਿੰਘ ਦੀ ਜ਼ਿੰਦਗੀ ਦੇ ਬਹੁਤ ਸਾਰੇ ਅਜਿਹੇ ਪਹਿਲੂ ਹਨ, ਜਿਨ੍ਹਾਂ ਨੂੰ ਕਦੇ ਛੋਹਿਆ ਹੀ ਨਹੀਂ ਗਿਆ ਤੇ ਆਮ ਲੋਕਾਂ ਨੂੰ ਉਨ੍ਹਾਂ ਬਾਰੇ ਬਹੁਤ ਘੱਟ ਜਾਣਕਾਰੀ ਹੈ ਪਰ ਇਸ ਫ਼ਿਲਮ ਰਾਹੀਂ ਮਹਾਰਾਜਾ ਦਲੀਪ ਸਿੰਘ ਦੀ ਜ਼ਿੰਦਗੀ ਦੇ ਹਰ ਉਸ ਪਹਿਲੂ ਨੂੰ ਸਾਹਮਣੇ ਲਿਆਉਣ ਦਾ ਯਤਨ ਕੀਤਾ ਗਿਆ ਹੈ ਜੋ ਸਮੇਂ ਦੇ ਹਨ੍ਹੇਰਿਆਂ ‘ਚ ਗੁਆਚੇ ਰਹੇ ਹਨ। ਉਨ੍ਹਾਂ ਦੱਸਿਆ ਕਿ ਮਹਾਰਾਜਾ ਦਲੀਪ ਸਿੰਘ ਦੀ ਜ਼ਿੰਦਗੀ ਕਈ ਉਤਰਾਵਾਂ-ਚੜ੍ਹਾਵਾਂ ਵਾਲੀ ਰਹੀ ਹੈ ਅਤੇ ਅੱਜ ਤੋਂ ਕਰੀਬ ਡੇਢ ਸੌ ਸਾਲ ਪਹਿਲਾਂ ਦੇ ਸਿੱਖ ਇਤਿਹਾਸ ਨੂੰ ਫ਼ਿਲਮ ‘ਚ ਬਹੁਤ ਹੀ ਭਾਵੁਕਤਾ ਨਾਲ ਪੇਸ਼ ਕੀਤਾ ਗਿਆ ਹੈ।

The-Black-Prince-Story-of-Maharaja-Dulip-Singh-film-debut-of-Satinder-Sartaj-e1405343003927

ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ‘ਤੇ ਬਣੀ ਹਾਲੀਵੁੱਡ ਫਿਲਮ ‘ਦਾ ਬਲੈਕ ਪ੍ਰਿੰਸ’ ਜਿਸ ‘ਚ ਸਤਿੰਦਰ ਸਰਤਾਜ ਨੇ ਆਪਣੇ ਫਿਲਮੀ ਸਫ਼ਰ ਦੀ ਸ਼ੁਰੂਆਤ ਕੀਤੀ

ਆਪਣੇ ਫ਼ਿਲਮੀ ਜੀਵਨ ਦੀ ਸ਼ੁਰੂਆਤ ਹਾਲੀਵੁੱਡ ਤੋਂ ਕਰਨ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਅਜਿਹੀ ਕਿਸੇ ਫ਼ਿਲਮ ‘ਚ ਕੰਮ ਕਰਨਗੇ ਪਰ ਰੱਬ-ਸਬੱਬੀ ਉਨ੍ਹਾਂ ਨੂੰ ਨਾ ਕੇਵਲ ਹਾਲੀਵੁੱਡ ਫ਼ਿਲਮ ‘ਚ ਹੀ ਬਲਕਿ ਬਾਲੀਵੁੱਡ ਦੀ ਨਾਮਵਰ ਅਦਾਕਾਰਾ ਸ਼ਬਾਨਾ ਆਜ਼ਮੀ ਨਾਲ ਵੀ ਕੰਮ ਕਰਨ ਦਾ ਮੌਕਾ ਮਿਲਿਆ। ਸਤਿੰਦਰ ਸਰਤਾਜ ਨੇ ਫ਼ਿਲਮ ਨੂੰ ਆਪਣੇ ਦਿਲ ਦੇ ਕਾਫੀ ਕਰੀਬ ਦੱਸਦੇ ਹੋਏ ਕਿਹਾ ਹੈ ਕਿ ਮਹਾਰਾਜਾ ਦਲੀਪ ਸਿੰਘ ਦਾ ਕਿਰਦਾਰ ਨਿਭਾ ਕੇ ਜਿੱਥੇ ਉਸ ਦੇ ਮਨ ਨੂੰ ਸਕੂਨ ਮਿਲਿਆ ਹੈ, ਉੱਥੇ ਸ਼ਬਾਨਾ ਆਜ਼ਮੀ ਵੱਲੋਂ ਵੀ ਮਹਾਰਾਣੀ ਜਿੰਦਾਂ ਦੇ ਕਿਰਦਾਰ ਨੂੰ ਜਿਸ ਸ਼ਿੱਦਤ ਤੇ ਸੰਜੀਦਗੀ ਨਾਲ ਨਿਭਾਇਆ ਗਿਆ ਹੈ, ਉਸ ਨਾਲ ਫ਼ਿਲਮ ਸਿਨੇਮਾ ਜਗਤ ‘ਚ ਨਵੀਆਂ ਉੱਚਾਈਆਂ ਛੋਹੇਗੀ। ਸ਼ਬਾਨਾ ਆਜ਼ਮੀ ਨਾਲ ਕੰਮ ਕਰਨ ਬਾਰੇ ਆਪਣੇ ਤਜ਼ਰਬੇ ਸਾਂਝੇ ਕਰਦੇ ਹੋਏ ਉਨ੍ਹਾਂ ਕਿਹਾ ਕਿ ਸ਼ਬਾਨਾ ਆਜ਼ਮੀ ਜਿੱਥੇ ਬਾਕਮਾਲ ਅਦਾਕਾਰਾ ਹਨ, ਉੱਥੇ ਉਨ੍ਹਾਂ ਦਾ ਸਬੰਧ ਸਾਹਿਤਕ ਪਰਿਵਾਰ ਨਾਲ ਹੋਣ ਕਾਰਨ ਉਨ੍ਹਾਂ ਦਾ ਸ਼ਾਇਰੀ ਨਾਲ ਵੀ ਗੂੜ੍ਹਾ ਰਿਸ਼ਤਾ ਹੈ।

ਸਬੰਧਤ ਖ਼ਬਰ:

ਮਹਾਰਾਜਾ ਦਲੀਪ ਸਿੰਘ ‘ਤੇ ਬਣੀ ਫਿਲਮ ‘ਦਾ ਬਲੈਕ ਪ੍ਰਿੰਸ’ ਨੂੰ ‘ਜੀ ਆਇਆਂ’ ਕਹਿਣਾ ਚਾਹੀਦਾ: ਸ਼ਬਾਨਾ ਆਜ਼ਮੀ …

ਸਤਿੰਦਰ ਸਰਤਾਜ ਨੇ ਦੱਸਿਆ ਕਿ 21 ਜੁਲਾਈ ਨੂੰ ਦੁਨੀਆ ਭਰ ਦੇ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ ਨੂੰ ਅੰਗਰੇਜ਼ੀ ਤੋਂ ਇਲਾਵਾ ਹਿੰਦੀ ਤੇ ਪੰਜਾਬੀ ‘ਚ ਵੀ ਡੱਬ ਕੀਤਾ ਗਿਆ ਹੈ। ਫ਼ਿਲਮ ਦੇ ਗੀਤ ਪਹਿਲਾਂ ਹੀ ਕਾਫੀ ਮਕਬੂਲ ਹੋ ਰਹੇ ਹਨ। ਕਵੀ ਰਾਜ, ਜੈ ਖੰਨਾ ਤੇ ਜਸਜੀਤ ਵਲੋਂ ਬਣਾਈ ਇਸ ਫ਼ਿਲਮ ਨੂੰ ਕਵੀ ਰਾਜ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ, ਜਦਕਿ ਸੰਗੀਤ ਦੀਆਂ ਧੁੰਨਾਂ ਨਾਲ ਜੌਰਜ ਕੈਲਿਸ ਵੱਲੋਂ ਸ਼ਿੰਗਾਰਿਆ ਗਿਆ ਹੈ।

(ਰੋਜ਼ਾਨਾ ‘ਅਜੀਤ’ ਤੋਂ ਧੰਨਵਾਦ ਸਹਿਤ)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,