ਚੋਣਵੀਆਂ ਲਿਖਤਾਂ » ਲੇਖ

ਸਿੱਖ ਕੌਮ ਨੂੰ ਮਲੀਆਮੇਟ ਕਰਨ ਲਈ ਕੀਤੇ ਜਾ ਰਹੇ ਸਿਧਾਂਤਕ ਹਮਲੇ!

November 19, 2016 | By

ਸਿੱਖਾਂ ਨੂੰ ਹਿੰਦੂਆਂ ਦਾ ਅੰਗ ਸਿਧ ਕਰਨ ਲਈ ਇਤਿਹਾਸਕ ਛੇੜ ਛਾੜ ਤੋਂ ਸਿੱਖ ਖਬਰਦਾਰ ਰਹਿਣ!

ਯੂ.ਕੇ. ਦੇ ਸ਼ਹਿਰ ਡਰਬੀ ਤੋਂ ਛਪਦੇ ਪੰਜਾਬੀ ਵੀਕਲੀ 27-10-2016 ਦੇ ਅੰਕ ਸਫਾ 9 ਤੇ ਇਕ ਖਬਰ ਛਪੀ ਹੈ ਜਿਸ ਦਾ ਸਿਰਲੇਖ ਹੈ ‘ਮੋਦੀ ਨੂੰ ਵਿਸ਼ਨੂੰ ਦੇ ਅਵਤਾਰ ਦੇ ਰੂਪ ਵਿੱਚ ਦੁਸਹਿਰੇ ਵਾਲੇ ਦਿਨ ਸੁਦਰਸ਼ਨ ਚੱਕਰ ਨਾਲ ਸ਼ਿੰਗਾਰਿਆ ਗਿਆ’ ਇਸ ਖਬਰ ਦਾ ਸਾਰ ਅੰਸ਼ ਹੈ ਕਿ ਲਖਨਊ ਵਿਖੇ ਦੁਸਹਿਰੇ ਦੀ ਰਸਮ ਸਮੇਂ ਮੋਦੀ ਦੇ ਹੱਥ ‘ਤੇ ਬਨਾਉਟੀ ਬਾਂਹ ਚੜ੍ਹਾਈ ਗਈ, ਜਿਸ ਦੇ ਉਪਰ ਸੁਦਰਸ਼ਨ ਚੱਕਰ ਸੀ। ਭਗਵਾਨ ਰਾਮ ਨੂੰ ਹਿੰਦੂਆਂ ਵਲੋਂ ਤ੍ਰੇਤਾ ਜੁਗ ਦਾ ਅਵਤਾਰ ਮੰਨਿਆ ਜਾਂਦਾ ਹੈ ਜਦੋਂ ਕਿ ਭਗਵਾਨ ਕ੍ਰਿਸ਼ਨ ਨੂੰ ਦੁਆਪੁਰ ਜੁਗ ਦਾ ਅਵਤਾਰ ਮੰਨਿਆਂ ਜਾਂਦਾ ਹੈ, ਤੀਰ ਕਮਾਨ ਰਾਮ ਜੀ ਦਾ ਹਥਿਆਰ ਹੈ ਜਦੋਂ ਕਿ ਸੁਦਰਸ਼ਨ ਚੱਕਰ ਸ੍ਰੀ ਕ੍ਰਿਸ਼ਨ ਜੀ ਦਾ ਹਥਿਆਰ ਹੈ ਮੋਦੀ ਨੂੰ ਵਿਸ਼ੇਸ਼ ਰੂਪ ਵਿਚ ਤੀਰ ਕਮਾਨ ਵੀ ਭੇਟਾ ਕੀਤਾ ਗਿਆ, ਜਿਸ ਨਾਲ ਉਸ ਨੇ ਨਿਸ਼ਾਨਾ ਵਿਨ੍ਹ ਕੇ ਤੀਰ ਚਲਾਇਆ ਭਾਵੇਂ ਕਿ ਤੀਰ ਅੱਗੇ ਜਾਣ ਦੀ ਬਜਾਏ ਥਾਂ ਹੀ ਹੇਠਾਂ ਡਿੱਗ ਪਿਆ। ਇਸ ਤਰ੍ਹਾਂ ਮੋਦੀ ਜੀ ਦੁਸਹਿਰੇ ਵਾਲੇ ਦਿਨ ਰਾਮ ਤੇ ਕ੍ਰਿਸ਼ਨ ਦੋਹਾਂ ਅਵਤਾਰਾਂ ਦੇ ਅਵਤਾਰ ਗਰਦਾਨੇ ਗਏ। ਮੋਦੀ ਦੀਆਂ ਸਭਾਵਾਂ ਵਿੱਚ ਹਰਿ ਹਰਿ ਮੋਦੀ ਦੇ ਨਾਹਰੇ ਲਾਏ ਜਾਂਦੇ ਹਨ, ਜਦੋਂ ਕਿ ਹਿੰਦੂ ਧਰਮ ਵਿੱਚ ਹਰਿ ਹਰਿ ਮਹਾਂਦੇਵ ਦਾ ਨਾਹਰਾ ਹੈ। ਮਹਾਂ ਦੇਵ ਸ਼ਿਵਜੀ ਦਾ ਨਾਂ ਹੈ ਸੋ ਮੋਦੀ ਹੁਣ ਤ੍ਰੈ ਕਾਲ ਦਰਸ਼ੀ ਸ਼ਿਵ ਤੇ ਤ੍ਰੇਤਾ ਦੁਆਪੁਰ ਦੇ ਅਵਤਾਰ ਰਾਮ ਤੇ ਕ੍ਰਿਸ਼ਨ ਜੀ ਦੇ ਸਭ ਅਵਤਾਰਾਂ ਦਾ ਨੁਮਾਇੰਦਾ ਅਵਤਾਰ ਹੈ।’

modi-4

ਨਰਿੰਦਰ ਮੋਦੀ ਦੁਸ਼ਹਿਰੇ ਮੌਕੇ ਵਿਸ਼ਨੂੰ ਅਵਤਾਰ ਦੇ ਪ੍ਰਤੀਕ ਸੁਦਰਸ਼ਨ ਚੱਕਰ ਨਾਲ

15 ਅਗਸਤ, 1947 ਤੋਂ ਮਗਰੋਂ ਹਿੰਦੂ ਬਹੁਗਿਣਤੀ ਵਲੋਂ ਪੰਡਿਤ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਹੁਣ ਤੱਕ ਇਸ ਦੇਸ਼ ਦੇ ਬ੍ਰਾਹਮਣ-ਬਾਣੀਆਂ ਵਰਗ ਨੇ ਵਰਣ ਆਸ਼ਰਮ ਪਰਮੋਧਰਮ ਦਾ ਪਂੈਤੜਾ ਅਪਣਾ ਕੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਭਾਰਤ ਹਿੰਦੂ ਦੇਸ਼ ਹੈ। ਇਸ ਲਈ ਹੀ ਆਰ ਐਸ ਐਸ ਗੁਰੂ ਨਾਨਕ ਸਾਹਿਬ ਨੂੰ ਵਿਸ਼ਨੂ ਦਾ ਅਵਤਾਰ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਵੀ ਦਾ ਉਪਾਸ਼ਕ ਦੱਸ ਕੇ ਸਿੱਖਾਂ ਨੂੰ ਹਿੰਦੂਵਾਦ ਵਿੱਚ ਜਜ਼ਬ ਕਰ ਲੈਣਾ ਚਾਹੁੰਦੇ ਹਨ। ਆਰ ਐਸ ਐਸ ਸਿੱਖ ਵਿਰੋਧੀ ਜਥੇਬੰਦ ਸੰਸਥਾ ਹੈ, ਸਿੱਖ ਧਰਮ ਦਾ ਭਗਵਾਂਕਰਣ ਕਰਨ ਲਈ ਹੁਣ ਇਸ ਦਾ ਏਜੰਡਾ ਖੁਲ੍ਹ ਕੇ ਸਾਹਮਣੇ ਆ ਚੁੱਕਾ ਹੈ, ਜਨਵਰੀ 2017 ਨੂੰ ਤਖਤ ਪਟਨਾ ਸਾਹਿਬ ਵਿਖੇ ਦਸਵੇਂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦਾ 350 ਵਾਂ ਪ੍ਰਕਾਸ਼ ਉਤਸਵ ਮਨਾਉਣ ਦੇ ਬਹਾਨੇ ਇਸ ਦੀ ਖੁਲ੍ਹ ਕੇ ਪ੍ਰਦਰਸ਼ਨੀ ਕੀਤੀ ਜਾਵੇਗੀ। ਭਾਜਪਾ ਤੇ ਆਰ ਐਸ ਐਸ ਵਾਲੇ ਸਿੱਖ ਧਰਮ ਨੂੰ ਹਿੰਦੂ ਧਰਮ ਦੀ ਸ਼ਾਖਾ ਅਤੇ ਸਿੱਖਾਂ ਨੂੰ ਹਿੰਦੂਆਂ ਦਾ ਅਭਿੰਨ ਅੰਗ ਮੰਨਦੇ ਹਨ ਤੇ ਜਿਹੜਾ ਸਿੱਖ ਉਨ੍ਹਾਂ ਦੀ ਇਸ ਧਾਰਨਾ ਨੂੰ ਮਾਨਤਾ ਨਹੀਂ ਦਿੰਦਾ ਅਤੇ ਗੁਰੂ ਗ੍ਰੰਥ, ਗੁਰੂ ਪੰਥ ਦੇ ਸਿੱਖ ਸਿਧਾਂਤ ਨੂੰ ਮੰਨਦਾ ਹੈ ਉਸ ਸਿੱਖ ਨੂੰ ਹਿੰਦੂਆਂ ਦੀ ਬਹੁਗਿਣਤੀ ਦੀ ਨੁੰਮਾਇਦਾ (ਭਾਜਪਾ ਸਰਕਾਰ) ਅਤੇ ਆਰ ਐਸ ਐਸ ਅਤਿਵਾਦੀ ਤੇ ਵੱਖਵਾਦੀ ਗਰਦਾਨਦੀ ਹੈ।

ਹਥਲੇ ਲੇਖ ਵਿੱਚ ਅਸੀਂ ਸੰਖੇਪ ਵਿੱਚ ਜਿਕਰ ਕਰਾਂਗੇ ਕਿ ਚਲਾਕ ਬ੍ਰਾਹਮਣਾਂ ਨੇ ਸਿੱਖ ਧਰਮ ਵਿੱਚ ਅਵਤਾਰਵਾਦ ਘਸੋੜਨ ਅਤੇ ਸਿੱਖ ਕੌਮ ਨੂੰ ਹੀਣਾ ਨਿਤਾਣਾ ਮਾੜੂਆ ਬੌਣਾ ਅਤੇ ਦੁਬੇਲ ਬਣਾ ਕੇ ਗੁਲਾਮ ਰੱਖਣ ਲਈ ਕਿਵੇਂ ਯੋਜਨਾ ਬਣਾਈ! ਸਿਰਦਾਰ ਕਪੂਰ ਸਿੰਘ ਜੀ ‘ਬਹੁ ਵਿਸਥਾਰ’ ਪੁਸਤਕ ਦੇ ਪੰਨਾ ਨੰ: 64 ਉਤੇ ਲਿਖਦੇ ਹਨ “ਖਾਲਸੇ ਦੇ ਭਵਿਸ਼ ਬਾਰੇ ਲਿਖੀਆਂ ਗਈਆਂ ਸੌ ਸਾਖੀਆਂ ਵਿੱਚ, ਅੱਜ ਤੋਂ ਸੌ ਕੁ ਸਾਲ ਪਹਿਲੇ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਢੇਰ ਅਦਲਾ ਬਦਲੀ ਕੀਤੀ ਗਈ ਜੋ ਬਹੁਤ ਹੀ ਅਫਸੋਸਨਾਕ ਹੈ। ਇੱਕ ਚਤੁਰ ਬ੍ਰਾਹਮਣ ਨੇ ਜਿਸ ਦਾ ਨਾਂ ਹੁਣ ਸਾਨੂੰ ਪਤਾ ਹੈ, ਸੌ ਸਾਖੀ ਦੇ ਕੁਝ ਖਰੜੇ ਤਿਆਰ ਕੀਤੇ ਜਿਨ੍ਹਾਂ ਵਿੱਚ ਉਸ ਨੇ ਆਪਣੀ ਮਰਜ਼ੀ ਅਤੇ ਲੋੜ ਅਨੁਸਾਰ ਵਾਧੂ ਗੱਲਾਂ ਵੀ ਭਰਤੀ ਕਰ ਲਈਆਂ ਸੀ ਤੇ ਆਪਣੇ ਸਾਜਸ਼ੀਆਂ ਦੀ ਸਹਾਇਤਾ ਨਾਲ, ਜੋ ਗਾਲਬਨ ਬ੍ਰਾਹਮਣ ਜਾਂ ਡੋਗਰੇ ਹੀ ਹੋਣਗੇ ਉਸ ਨੇ ਇਨ੍ਹਾਂ ਜਾਹਲੀ ਖਰੜਿਆਂ ਨੂੰ ਸਿੱਖ ਦਰਬਾਰ ਤੇ ਸਿੱਖ ਫੌਜ ਵਿੱਚ ਪ੍ਰਚੱਲਤ ਕਰ ਦਿੱਤਾ। ਉਸਨੇ ਸੌ ਸਾਖੀ ਵਿੱਚ ਕਈ ਵਾਧੇ ਘਾਟੇ ਕੀਤੇ ਇਹ ਸਾਬਤ ਕਰਨ ਲਈ ਕਿ ਮਹਾਰਾਜਾ ਰਣਜੀਤ ਸਿੰਘ ਅਸਲ ਵਿੱਚ ਕੇਸ਼ੌ ਦਾਸ ਨਾਮੀ ਇੱਕ ਬ੍ਰਾਹਮਣ ਦਾ ਅਵਤਾਰ ਸੀ, ਇਹ ਸਿੱਧ ਕਰਨ ਲਈ ਸਾਖੀ ਘੜ ਲਈ ਗਈ ਕਿ ਕੇਸ਼ੌ ਦਾਸ ਨੇ ਚੰਡੀ ਪ੍ਰਗਟ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਦੀ ਸਹਾਇਤਾ ਕੀਤੀ। ਗੁਰੂ ਸਾਹਿਬ ਨੇ ਇਸ ਗੱਲ ਤੋਂ ਖੁਸ਼ ਹੋ ਕੇ ਕੋਸ਼ੌਦਾਸ ਬ੍ਰਾਹਮਣ ਨੂੰ ਵਰਦਾਨ ਦਿੱਤਾ ਕਿ ਤੂੰ ਸਿੱਖ ਦੀ ਸ਼ਕਲ ਵਿੱਚ ਜਨਮ ਲਵੇਂਗਾ ਤੇ ਆਪਣੇ ਤੀਜੇ ਜਾਮੇ ਵਿੱਚ ਸਿੰਘ ਸਾਹਿਬ ਜਾਂ ਖਾਲਸੇ ਦਾ ਮਹਾਰਾਜਾ ਬਣੇਂਗਾ (ਹਾਲਾਂਕੇ ਇਤਿਹਾਸਕ ਸੱਚ ਇਹ ਹੈ ਕਿ ਕੇਸ਼ੌਦਾਸ ਨੇ ਚੰਡੀ ਤਾਂ ਕੀ ਪ੍ਰਗਟ ਕਰਨੀ ਸੀ ਸਗੋਂ ਗੁਰੂ ਸਾਹਿਬ ਵਲੋਂ ਪਾਏ ਪਰਚੇ ਤੋਂ ਫੇਲ ਹੋ ਕੇ ਹਵਨ ਵਿੱਚੇ ਛੱਡ ਕੇ ਦੌੜ ਗਿਆ ਸੀ।)

pm-modi-ramlila_650x400_61476197849

ਨਰਿੰਦਰ ਮੋਦੀ ਦੁਸ਼ਹਿਰੇ ਮੌਕੇ ਤੀਰ ਕਮਾਨ ਨਾਲ

ਪਿਆਰਾ ਸਿੰਘ ਪਦਮ ਨੇ ਆਪਣੀ ਪੁਸਤਕ ਪੰਨਾ 42 ਉਤੇ ਸੌ ਸਾਖੀ ਬਾਰੇ ਪੜਚੋਲ ਕਰਦਿਆਂ ਲਿਖਿਆ ਹੈ ਸਿੱਖ ਇਤਿਹਾਸਕ ਗ੍ਰੰਥਾਂ ਵਿੱਚ ਅਜਿਹੀਆਂ ਕਈ ਟੂਕਾਂ ਮਿਲ ਜਾਂਦੀਆਂ ਹਨ ਜਿਨ੍ਹਾਂ ਵਿੱਚ ਥਾਂ ਥਾਂ ਸਿੱਖ ਰਾਜ ਦਾ ਸੰਕਲਪ ਮੂਰਤੀਮਾਨ ਕੀਤਾ ਗਿਆ ਹੈ, ਕੁਝ ਅਜਿਹੀਆਂ ਗੱਲਾਂ ਹੀ ‘ਸੌ ਸਾਖੀ’ ਦੀਆਂ ਕਈ ਸਾਖੀਆਂ ਵਿੱਚ ਆਈਆਂ ਹਨ ਜੋ ਕੋਈ ਵਚਿੱਤਰ ਗੱਲ ਨਹੀਂ ਇਹ ਉਸ ਸਮੇਂ ਦੇ ਸੰਗ੍ਰਾਮੀਏ ਸਿੰਘਾਂ ਦੀ ਮਾਨਸਿਕ ਭਾਵਨਾ ਦਾ ਭਾਗ ਸਨ ਪਰ ਕੁਝ ਚਤੁਰ ਲਿਖਾਰੀਆਂ ਨੇ ਇਨ੍ਹਾਂ ਨੂੰ ਜਰਾ ਹੋਰ ਰੰਗ ਭਰ ਕੇ ਪੇਸ਼ ਕੀਤਾ ਹੈ, ਖਾਸ ਕਰਕੇ ਮਹਾਰਾਜਾ ਦੇ ਸਮੇਂ ਦੀ ਚੜ੍ਹਤ ਵੇਖ ਕੇ, “ਮਿਸਾਲ ਵਜੋਂ ਧਿਆਨ ਸਿੰਘ ਡੋਗਰੇ ਨੇ ਵੀ ਬ੍ਰਾਹਮਣਾਂ ਪਾਸੋਂ ਸੌ ਸਾਖੀ ਵਿੱਚ ਕਈ ਤਬਦੀਲੀਆਂ ਕਰਵਾ ਲਈਆਂ ਜਿਨ੍ਹਾਂ ਵਿਚੋਂ ਇੱਕ ਤਬਦੀਲੀ ਇਹ ਵੀ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਅਨੁਸਾਰ ਡੋਗਰਾ ਤਾਕਤ ਮਹਾਰਾਜਾ ਰਣਜੀਤ ਸਿੰਘ ਦੀ ਥਾਂ ਮੱਲੇਗੀ।” ਪਿਆਰਾ ਸਿੰਘ ਪਦਮ ਜੀ ਹੋਰ ਲਿਖਦੇ ਹਨ ਕਿ ਸੌ ਸਾਖੀ ਵਿੱਚ ਆਮ ਬਿਕ੍ਰਮੀ ਸੰਮਤ ਵਰਤਿਆ ਗਿਆ ਪਰ ਮਹਿਤਾ ਸਾਹਿਬ-ਸੁੰਨ ਲਲਾ, ਤ੍ਰਿਯ ਪੰਜਵੇਂ, ਊਨ ਸ ਪੰਜਾਸ” ਦਾ ਅਰਥ 1849 ਈਸਵੀ ਕਰਦੇ ਹਨ। ਇਸੇ ਤਰ੍ਹਾਂ ਭਵਿਖਤ ਵਾਕਾਂ ਦੇ ਅਰਥ ਕਈ ਥਾਂ ਉਹ ਖਿਚ ਖਿਚਾ ਕੇ ਵਰਤਮਾਨ ਸਮੇਂ ਤੱਕ ਲੈ ਆਏ ਹਨ। ਜਿਵੇਂ ਸਤਾਰਾਂ ਨੰ: ਸਾਖੀ ਦੇ ਅਰਥ ਕਰਦੇ ਲਿਖਦੇ ਹਨ, “ਪੰਡਿਤ ਕੋਸ਼ੌ ਦਾਸ ਦਾ ਤੀਸਰਾ ਜਨਮ ਪੰਡਿਤ ਜਵਾਹਰ ਲਾਲ ਜੀ ਹਨ। ਸਤਿਗੁਰ ਰਾਮ ਸਿੰਘ ਜੀ ਦੇ ਆਗਮਨ ਤੱਕ ਆਪ ਦਿੱਲੀ ਹੀ ਰਹੇਂਗੇ ਉਪਰੰਤ ਜਦ ਲਾਹੌਰ ਦੁਬਾਰਾ ਵਸਾਇਆ ਜਾਵੇਗਾ ਤਦ ਆਪ ਉਸ ਰਾਜਧਾਨੀ ਦੇ ਗਵਰਨਰ ਬਣਾਏ ਜਾਏਂਗੇ” (ਸੌ ਸਾਖੀ ਸਟੀਕ ਭਾਗ ਪਹਿਲਾ ਪੰਨਾ 131)।

ਸਦੀਆਂ ਭਰ ਦੀ ਗੁਲਾਮੀ ਹੰਢਾ ਚੁੱਕੀ ਹਿੰਦੂ ਮਾਨਸਿਕਤਾ ਨੇ ਜਿਸ ਕੌਮ ਦਾ ਵੀ ਰਾਜ ਭਾਗ ਹੋਵੇ ਉਸ ਦੇ ਸੋਹਿਲੇ ਗਾਉਣ ਲਈ ਮਿਥਿਹਾਸ ਲਿਖਣ ਦੀ ਪਿਰਤ ਪਾਈ ਹੋਈ ਹੈ। “ਮੁਸਲਮਾਨ ਰਾਜ ਦੇ ਕਹਿਰ ਦੇ ਦਗਦੇ ਸੂਰਜ ਦੀ ਦੁਪਹਿਰ ਵਿੱਚ ਸੁਰਦਾਸ (ਜਨਮ 1483 ਈ.) ਅਤੇ ਤੁਲਸੀ ਦਾਸ (1534-1623 ਈ.) ਮਣਾ ਮੂੰਹੀ ਕਵਿਤਾ ਰਚਦੇ ਰਹੇ, ਪਰੰਤੂ ਉਨ੍ਹਾਂ ਨੇ ਆਪਣੀ ਸਭਿਅਤਾ ਅਤੇ ਧਰਮ ਦੇ ਸਿਰ ਉਤੇ ਜੁੱਤੀ ਦੀ ਅੱਡੀ ਰੱਖ ਕੇ ਬੈਠੇ ਮੁਸਲਮਾਨਾਂ ਵਿਰੁਧ ਇੱਕ ਸ਼ਬਦ ਵੀ ਨਾ ਲਿਖਿਆ। “ਖਤਰੀਆਂ ਤ ਧਰਮੁ ਛੋਡਿਆ ਮਲੇਛ ਭਾਖਿਆ ਗਹੀ” ਦੀ ਹੂਕ ਮੱਧਕਾਲ ਦੇ ਸਾਰੇ ਬ੍ਰਿਜਭਾਸ਼ੀ ਸਹਿਤ ਵਿੱਚ ਸੁਨਣ ਨੂੰ ਨਹੀਂ ਮਿਲਦੀ ਤੇ ਨਾ ਹੀ “ਗਊ ਬਿਰਾਹਮਣ ਕਉ ਕਰੁ ਲਾਵਹੁ ਗੋਬਰਿ ਤਰਣੁ ਨ ਜਾਈ॥” ਦੀ ਪੁਕਾਰ। ਬਲਕਿ ਗੁਲਾਮੀ ਦੇ ਸੰਗਲਾਂ ਨੂੰ ਚਾਅ ਨਾਲ ਚੁੰਮਕੇ ਗਲ ਪਾਉਣ ਦੀ ਚਾਹ ਕਈ ਲਿਖਤਾਂ ਤੋਂ ਪ੍ਰਗਟ ਹੁੰਦੀ ਹੈ। ਸ਼ੂਨਯਾ ਪੁਰਾਣ ਦਾ ਕਰਤਾ ਰੁਮਾਈ ਪੰਡਿਤ ਲਿਖਦਾ ਹੈ, “ਧਰਮ ਰਖਸ਼ਕ ਦੇਵਤਿਆਂ ਨੇ ਧਰਮ ਦੀ ਰਖਸ਼ਾ ਲਈ ਰੂਪ ਬਦਲਿਆ। ਬ੍ਰਹਮਾ ਮੁਹੰਮਦ ਹੋ ਗਏ, ਵਿਸ਼ਨੂੰ ਪੈਗੰਬਰ ਹੋ ਗਏ, ਮਹਾਦੇਵ ਆਦਮ, ਗਣੇਸ਼ ਗਾਜ਼ੀ ਤੇ ਕਰਤਿਕ ਕਾਜ਼ੀ ਤੇ ਰਿਸ਼ੀਗਣ ਫਕੀਰ ਬਣ ਗਏ, ਨਾਰਦ ਵੇਸ ਬਦਲ ਕੇ ਸ਼ੇਖ ਬਣ ਗਏ ਇੰਦਰ ਮੌਲਾਣਾ ਬਣ ਗਿਆ। ਸਭ ਦੇਵਗਣ ਮੁਸਲਮਾਨ ਭੇਸ ਬਦਲ ਕੇ ਆਏ”। ਇਸ ਤਰ੍ਹਾਂ ‘ਧਰਮ ਕੇ ਪਾਂਵ ਪਕੜ ਕਰ ਰੁਮਾਈ ਪੰਡਿਤ ਗਾਤੇ ਹੈਂ।’

ਇਸੇ ਤਰ੍ਹਾਂ ਇੱਕ ਹੋਰ ਇਤਿਹਾਸਕ ਘਟਨਾ ਨਾਲ ਗੁਲਾਮ ਹਿੰਦੂ ਮਾਨਸਿਕਤਾ ਦੀ ਮਨੋਬਿਰਤੀ ਉਭਰ ਕੇ ਸਾਹਮਣੇ ਆਉਂਦੀ ਹੈ, ਅੰਗ੍ਰੇਜ਼ ਦੀ ਜਿੱਤ ਨੂੰ ਨੇੜੇ ਵੇਖ ਕੇ ਜਗੰਨਾਥਪੁਰੀ ਦੇ ਪਾਡਿਆਂ ਨੇ ਖਾਸ ਹਵਨ ਕੀਤਾ ਅਤੇ ਜਨਤਾ ਨੂੰ ਦੱਸਿਆ ਕਿ ਦੇਵਤਾ ਜੀ ਦੀ ਇੱਛਾ ਹੈ ਕਿ ਹੁਣ ਅੰਗ੍ਰੇਜ਼ ਰਾਜੇ ਹਿੰਦੂਆਂ ਉਤੇ ਰਾਜ ਕਰਨ, ਸਭ ਨੇ ਸਿਰ ਸੁੱਟ ਪ੍ਰਵਾਣ ਕਰ ਲਿਆ। ਪ੍ਰਥਮ ਲੋਅ (ਪਹਲੀ ਚਾਨਣੀ) ਦੇ ਸਾਹਿਤ ਵਿੱਚ (ਮਸਲਨ ਅਨੰਦ ਮੱਠ) ਮੁਸਲਮਾਨ ਰਾਜਿਆਂ ਤੋਂ ਸੱਤਾ ਖੋਹ ਰਹੇ ਅੰਗ੍ਰੇਜ਼ ਦੇ ਨਵੇਂ ਗੁਲਾਮ ਬਣਨ ਜਾ ਰਹੇ ਬੰਗਾਲ ਦੇ ਸਿੱਧਾਂ ਨੂੰ ਫਿਰੰਗੀ ਆਪਣੇ ਮਿਹਰਬਾਨ ਸਹਾਇਕ ਅਤੇ ਦੇਵੀ ਦੇ ਖਾਸ ਕਿਰਪਾ ਪਾਤਰ ਜਾਪੇ।

ਅਸੀਂ ਇਹ ਉਧਾਹਰਣਾਂ ਤਾਂ ਦਿੱਤੀਆਂ ਹਨ ਕਿ ਦੋ ਚਤੁਰ ਬ੍ਰਾਹਮਣਾਂ ਜਿਸ ਵਿੱਚੋਂ ਇੱਕ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਪੰਡਿਤ ਕੇਸ਼ੌ ਦਾਸ ਦਾ ਅਵਤਾਰ ਬਣਾ ਦਿੱਤਾ ਤੇ ਦੂਜੇ ਨੇ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਪੰਡਿਤ ਕੇਸ਼ੌ ਦਾਸ ਦਾ ਅਵਤਾਰ ਬਣਾ ਦਿੱਤਾ। ਹਿੰਦੂ ਧਰਮ ਵਿੱਚ ਇਤਿਹਾਸ ਦੀ ਥਾਂ ਮਿਥਿਹਾਸ ਨੂੰ ਮਹਾਨਤਾ ਦਿੱਤੀ ਜਾਂਦੀ ਹੈ, ਮੋਦੀ ਨੂੰ ਵੀ ਹਿੰਦੂ ਮਿਥਿਹਾਸ ਨੂੰ ਅਧਾਰ ਬਣਾ ਕੇ ਰਾਮ ਅਤੇ ਕ੍ਰਿਸ਼ਨ ਦੋਹਾਂ ਦਾ ਅਵਤਾਰ ਐਲਾਨਿਆ ਗਿਆ ਹੈ ਕਿਉਂਕਿ ਕ੍ਰਿਸ਼ਨ ਭਗਵਾਨ ਦੇ ਮੂੰਹੋਂ ਗੀਤਾ ਵਿੱਚ ਇਹ ਕਹਾਇਆ ਕਿ ਜਦੋਂ ਜਦੋਂ ਧਰਮ ਦੀ ਗਿਲਾਨੀ ਹੁੰਦੀ ਹੈ ਮੈਂ ਅਵਤਾਰ ਧਾਰਦਾ ਹਾਂ ਇਉ ਵਿਸ਼ਨੂ ਜੀ ਦੇ ਅਵਤਾਰ ਅਤੇ ਉਪ ਅਵਤਾਰ 24 ਮੰਨੇ ਜਾਂਦੇ ਹਨ। ਇਨ੍ਹਾਂ ਅਵਤਾਰਾਂ ਵਿੱਚ ਕਈ ਇਹੋ ਜਿਹੇ ਵੀ ਹਨ ਜਿਨ੍ਹਾਂ ਦਾ ਅੱਧਾ ਧੜ ਮਨੁੱਖ ਦਾ ਅਤੇ ਅੱਧਾ ਸ਼ੇਰ ਦਾ ਦੱਸਿਆ ਜਾਂਦਾ ਹੈ ਅਤੇ ਮੱਛ, ਕੱਛ, ਵਰਾਹ ਆਦਿ ਕਈ ਅਣ-ਮਨੁਖੀ ਰੂਪਾਂ ਦੇ ਵੀ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਸ੍ਰੀ ਰਾਮ ਚੰਦਰ ਅਤੇ ਕ੍ਰਿਸ਼ਨ ਭਗਵਾਨ ਕਲਕੀ ਭਗਵਾਨ ਦੇ ਰੂਪ ਵਿੱਚ ਹਾਲੀਂ ਇੱਕ ਅਵਤਾਰ ਹੋਰ ਵੀ ਧਾਰਨਗੇ।

“ਸਿੱਖ ਧਰਮ ਦੇ ਵਿਸ਼ਵਾਸ਼ਾਂ ਦੇ ਉਲਟ ਹਿੰਦੂ ਧਰਮ ਪ੍ਰਕਿਰਤੀ ਪੂਜਾ ਅਤੇ ਬੁਤ ਪੂਜਾ ਨੂੰ ਜਾਇਜ ਮੰਨਦਾ ਹੈ। ਹਿੰਦੂ ਅਵਤਾਰਵਾਦ ਦੇ ਸਿਧਾਂਤ ਵਿੱਚ ਵਿਸ਼ਵਾਸ਼ ਰੱਖਦੇ ਹਨ। ਹਵਾ, ਪਾਣੀ, ਅੱਗ, ਸੂਰਜ, ਚੰਦ, ਤਾਰੇ, ਰੁੱਖ, ਪਸੂ, ਪੰਛੀ, ਸੱਪ, ਪਹਾੜ, ਦਰਿਆ ਆਦਿ ਇਨ੍ਹਾਂ ਸਾਰਿਆਂ ਨੂੰ ਪਵਿੱਤਰ ਜਾਣ ਕੇ ਹਿੰਦੂ ਇਨ੍ਹਾਂ ਦੀ ਪੂਜਾ ਕਰਦੇ ਹਨ। ਵਿਸ਼ਨੂੰ ਦੇ 24 ਅਵਤਾਰਾਂ ਵਿੱਚ ਵਿਸ਼ਵਾਸ਼ ਰੱਖਦੇ ਹਨ। ਇੱਕ ਅੰਗ੍ਰੇਜ਼ ਵਿਦਵਾਨ ਮੋਨੀਅਰ ਵਿਲੀਅਮ ਨੇ ਤਾਂ ਇਥੋਂ ਤੱਕ ਲਿਖਿਆ ਹੈ ਕਿ ਸ਼ਾਇਦ ਧਰਤੀ ਉਤੇ ਅਤੇ ਪੁਲਾੜ ਵਿੱਚ ਕੋਈ ਐਸਾ ਅਣੂ ਨਹੀਂ ਜਿਸਨੂੰ ਹਿੰਦੂ ਦੇਵਤਾ ਸਮਝਕੇ ਪੂਜਣ ਲਈ ਤਿਆਰ ਨਾ ਹੋਵੇ। ਭਾਵ ਪ੍ਰਕਿਰਤੀ ਦੀ ਹਰ ਸ਼ੈ ਦੀ ਪੂਜਾ ਕਰ ਸਕਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕੋ ਰੱਬੀ ਹਸਤੀ ਦੇ ਸਿਧਾਂਤ ਨੂੰ ਪ੍ਰਵਾਣ ਕੀਤਾ ਹੈ ਅਤੇ ਪ੍ਰਮਾਤਮਾਂ ਨੂੰ ਸਤਿ, ਅਕਾਲ ਅਤੇ ਅਜੂਨੀ ਆਖਿਆ ਹੈ। ਪ੍ਰਮਾਤਮਾ ਜੋਤਿ ਸਰੂਪ ਅਤੇ ਨਿਰਾਕਾਰ ਹੈ ਜੋ ਇਸ ਸਰਗੁਣ ਪਸਾਰੇ ਦਾ ਮੂਲ ਅਧਾਰ ਹੈ”। (ਲੇਖਕ ਪ੍ਰਿੰਸੀਪਲ ਲਾਭ ਸਿੰਘ, ‘ਹਮ ਹਿੰਦੂ ਨਹੀਂ’ ਪੰਨਾ 7)।

ਅੰਤ ਵਿੱਚ ਵਿਚਾਰਨਯੋਗ ਤੱਥ ਇਹ ਵੀ ਹੈ ਕਿ ਮੋਦੀ ਨੂੰ ਇਕੋ ਸਮੇਂ ਰਾਮ ਤੇ ਕ੍ਰਿਸ਼ਨ ਦੋਹਾਂ ਦਾ ਅਵਤਾਰ ਕਿਵੇਂ ਐਲਾਨਿਆਂ ਜਾ ਸਕਦਾ ਹੈ? ਸ੍ਰੀ ਰਾਮ ਚੰਦ ਵਿਸ਼ਨੂੰ ਦਾ ਤ੍ਰੇਤੇ ਯੁਗ ਦਾ ਅਵਤਾਰ ਕਲਪਿਆ ਜਾਂਦਾ ਹੈ। ਪੁਰਾਣਾਂ ਦੀਆਂ ਮਿਥਿਹਾਸਕ ਕਥਾਂਵਾਂ ਅਨੁਸਾਰ ਤ੍ਰੇਤੇ ਯੁਗ ਦਾ ਸਮਾਂ ਅੱਜ ਤੋਂ ਵੀਹ ਲੱਖ ਸਾਲ ਪਹਿਲਾਂ ਬਣਦਾ ਹੈ ਜਦਕਿ ਵੇਦਾਂ ਦਾ ਰਚਨਕਾਲ ਅੱਜ ਤੋਂ ਪੰਜ ਹਜਾਰ ਸਾਲ ਪੁਰਾਣਾ ਨਹੀਂ। ਇਸ ਧਰਤੀ ਉਤੇ ਮਨੁੱਖ-ਜਾਤੀ ਦੇ ਇਤਿਹਾਸ ਦਾ ਅੱਜ ਤੋਂ ਛੇ ਹਜ਼ਾਰ ਸਾਲ ਪਹਿਲਾਂ ਦਾ ਕੋਈ ਲਿਖਤੀ ਇਤਿਹਾਸ ਨਹੀਂ ਮਿਲਦਾ, ਹੈਰਾਨੀ ਦੀ ਗੱਲ ਹੈ ਕਿ ਪੁਰਾਣਾਂ ਦੇ ਲਿਖਾਰੀ ਵੀਹ ਲੱਖ ਸਾਲ ਪਹਿਲਾਂ ਦੀਆਂ ਗੱਲਾਂ ਜਾਣਦੇ ਹਨ ਅਤੇ ਦੀਵਾਲੀ ਇਸ ਕਰਕੇ ਮਨਾਉਂਦੇ ਹਨ ਕਿ ਸ੍ਰੀ ਰਾਮ ਚੰਦਰ ਅੱਜ ਤੋਂ ਵੀਹ ਲੱਖ ਸਾਲ ਪਹਿਲਾਂ 14 ਸਾਲ ਦਾ ਬਨਵਾਸ ਕੱਟ ਕੇ ਅਜੁਧਿਆ ਪਹੁੰਚੇ ਤਾ ਲੋਕਾਂ ਨੇ ਦੀਪ ਮਾਲਾ ਕਰਕੇ ਦੀਵਾਲੀ ਮਨਾਈ। ਪਰ ਇਸ ਦੇ ਉਲਟ ਸਿੱਖਾਂ ਦੀ ਜ਼ਿਮੇਂਵਾਰ ਸੰਸਥਾ ਸ੍ਰੋਮਣੀ ਕਮੇਟੀ ਨੇ ਅਜੇ ਤੱਕ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਗਵਾਲੀਅਰ ਦੇ ਕਿਲੇ ਵਿੱਚੋਂ 52 ਪਹਾੜੀ ਹਿੰਦੂ ਰਾਜਿਆਂ ਨੂੰ ਰਿਹਾਈ ਕਰਾਉਣ ਦੀ ਤਾਰੀਖ ਨਿਸਚਤ ਨਹੀਂ ਕਰ ਸਕੀ ਤੇ ਨਾ ਹੀ ਇਹ ਤਾਰੀਖ ਨਿਸਚਤ ਕਰ ਸਕੀ ਜਿਸ ਦਿਨ ਗੁਰੂ ਹਰਿਗੋਬਿੰਦ ਪਾਤਿਸ਼ਾਹ ਰਿਹਾ ਹੋ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਏ ਤੇ ਬਾਬਾ ਬੁੱਢਾ ਜੀ ਦੀ ਅਗਵਾਈ ਵਿੱਚ ਸਿੱਖ ਸੰਗਤਾਂ ਨੇ ਗੁਰੂ ਸਾਹਿਬ ਦੇ ਅੰਮ੍ਰਿਤਸਰ ਸਾਹਿਬ ਆਉਣ ਤੇ ਦੇਸੀ ਘਿਉ ਦੇ ਦੀਵੇ ਬਾਲ ਕੇ ਖੁਸ਼ੀ ਮਨਾਈ ਜਿਸ ਨੂੰ ਸਿੱਖ ਕੌਮ ਬੰਦੀ ਛੋੜ ਦਿਵਸ ਵਜੋਂ ਮਨਾਉਂਦੀ ਹੈ।

ਹਿੰਦੂ ਮਾਨਸਿਕਤਾ ਵਾਲੀ ਭਾਜਪਾ ਨੇ ਸਿੱਖਾਂ ਦਾ ਸਰਬਉਚ ਅਸਥਾਨ ‘ਸ੍ਰੀ ਦਰਬਾਰ ਸਾਹਿਬ, ਅਕਾਲ ਤੱਖਤ ਸਾਹਿਬ ਨੂੰ ਭਾਰਤੀ ਫੌਜ ਦੇ ਟੈਂਕਾਂ ਤੋਪਾਂ ਨਾਲ ਢਾਹੁਣ ਵਾਲੀ ਇੰਦਰਾ ਗਾਂਧੀ ਨੂੰ ਦੁਰਗਾ ਦੇਵੀ ਦੇ ਖਿਤਾਬ ਨਾਲ ਨਿਵਾਜਿਆ ਸੀ। ਦਿਵਾਲੀ ਤੇ ਦੁਸਹਿਰਾ ਮਿਥਿਹਾਸਕ ਦਿਹਾੜੇ ਮਨਾਉਣ ਵਾਲੀ ਭੋਲੀ ਭਾਲੀ ਹਿੰਦੂ ਜਨਤਾ ਦੀਆਂ ਵੋਟਾਂ ਵਟੋਰਨ ਲਈ ਨਰਿੰਦਰ ਮੋਦੀ ਨੂੰ ਸ੍ਰੀ ਰਾਮ ਤੇ ਸ੍ਰੀ ਕ੍ਰਿਸ਼ਨ ਦਾ ਅਵਤਾਰ ਦਰਸਾਉਣ ਲਈ ਡਰਾਮੇਬਾਜੀ ਕੀਤੀ ਜਾ ਰਹੀ ਹੈ। ਭਾਜਪਾ ਤੇ ਆਰ ਐਸ ਐਸ ਵਾਲੇ ਆਪੋ ਆਪਣੇ ਨੇਤਾਵਾਂ ਦੀਆਂ ਨਿਰਮੂਲ ਸਿਫਤਾਂ ਦੇ ਪੁਲ ਬੰਨ੍ਹ ਰਹੇ ਹਨ। ਇਸ ਤਰ੍ਹਾਂ ਦੇ ਵਰਤਾਰੇ ਬਾਰੇ ਪੰਜਾਬੀ ਦਾ ਇੱਕ ਅਖਾਣ ਹੈ ਕਿ ‘ਊਠਾਂ ਦਾ ਵਿਆਹ ਗਧੇ ਰਾਗੀ’ ਭੁੱਲਾਂ ਚੁੱਕਾਂ ਦੀ ਖਿਮਾਂ। ਨੋਟ:- (ਇਸ ਲਿਖਤ ਦੇ ਸਾਰੇ ਹਵਾਲੇ ਰਾਜ ਕਰੇਗਾ ਖਾਲਸਾ,ਬਹੁ-ਵਿਸਥਾਰ, ਸਿੰਘ ਨਾਦ, ਓੜਕਿ ਸੱਚ ਰਹੀ, ਪ੍ਰਿਸੀਪਲ ਲਾਭ ਸਿੰਘ ਦੀ ਪੁਸਤਕ ‘ਹਮ ਹਿੰਦੂ ਨਹੀਂ’ (ਪ੍ਰਾਚੀਨ ਸੌ ਸਾਖੀ ਸੰਪਾਦਿਕ ਪਿਆਰਾ ਸਿੰਘ ਪਦਮ) ਅਤੇ ਦਲਬੀਰ ਸਿੰਘ ਪੱਤਰਕਾਰ ਦੇ ਆਰਟੀਕਲਾਂ ਵਿੱਚੋਂ ਧੰਨਵਾਦ ਸਹਿਤ ਲਏ ਗਏ ਹਨ।

– ਮਹਿੰਦਰ ਸਿੰਘ ਖਹਿਰਾ (ਯੂ.ਕੇ.)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,