ਸਿੱਖ ਖਬਰਾਂ

ਸਿੱਖ ਕੌਮ ਦੇ ਨਿਆਰੇਪਨ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਦੀ ਹੋਂਦ ਨੂੰ ਖਤਮ ਕਰਨ ਲਈ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ: ਪੰਜੌਲੀ

January 18, 2015 | By

ਅੰਮ੍ਰਿਤਸਰ (17 ਜਨਵਰੀ, 2015): ਤਖਤ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਹਟਾਉਣ ਦੇ ਮਾਮਲੇ ‘ਚ ਕਰਨੈਲ ਸਿੰਘ ਪੰਜੋਲੀ ਨੇ ਆਖਿਆ ਕਿ ਨਾਨਕਸ਼ਾਹੀ ਕੈਲੰਡਰ ਸਿੱਖ ਕੌਮ ਦੀ ਅੱਡਰੀ ਹੋਂਦ ਦਾ ਪ੍ਰਤੀਕ ਹੈ ਅਤੇ ਇਸ ਹੋਂਦ ਨੂੰ ਖ਼ਤਮ ਕਰਨ ਲਈ ਕਈ ਤਾਕਤਾਂ ਵੱਲੋਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਇਸੇ ਤਹਿਤ ਜਥੇਦਾਰ ਨੰਦਗੜ੍ਹ ਨੂੰ ਹਟਾਇਆ ਗਿਆ ਹੈ ਜੋ ਕਿ ਮੰਦਭਾਗਾ ਵਰਤਾਰਾ ਹੈ।

Karnail Singh Panjoli

ਕਰਨੈਲ ਸਿੰਘ ਪੰਜੋਲੀ

ਨਾਨਕਸ਼ਾਹੀ ਕੈਲੰਡਰ ਸਮਰਥਕ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਵੱਲੋਂ ਅਹੁਦੇ ਤੋਂ ਹਟਾਉਣ ਨਾਲ ਜਿੱਥੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਨ ਦੇ ਯਤਨਾਂ ਨੂੰ ਢਾਹ ਲੱਗੀ ਹੈ, ਉੱਥੇ ਇਸ ਮਾਮਲੇ ਵਿੱਚ ਅੰਤਰਿੰਗ ਕਮੇਟੀ ਮੈਂਬਰਾਂ ਵਿੱਚ ਮਤਭੇਦ ਵੀ ਸਾਹਮਣੇ ਆਏ ਹਨ। ਇਸੇ ਲਈ ਅੱਜ ਅੰਤਰਿੰਗ ਕਮੇਟੀ ਦੇ ਦੋ ਮੈਂਬਰ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ।

ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਸ਼੍ਰੋਮਣੀ ਕਮੇਟੀ ਦੇ ਇਸ ਫ਼ੈਸਲੇ ਦਾ ਵਿਰੋਧ ਕੀਤਾ ਹੈ।
ਅੰਤਰਿੰਗ ਕਮੇਟੀ ਦੀ ਫ਼ਤਹਿਗੜ੍ਹ ਸਾਹਿਬ ਵਿੱਚ ਹੋਈ ਮੀਟਿੰਗ ਵਿੱਚ ਮੈਂਬਰ ਕਰਨੈਲ ਸਿੰਘ ਪੰਜੋਲੀ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਸ਼ਾਮਲ ਨਹੀਂ ਹੋਏ।

ਦੱਸਣਯੋਗ ਹੈ ਕਿ ਜਨਵਰੀ 2010 ਵਿੱਚ ਜਦੋਂ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕੀਤਾ ਗਿਆ ਸੀ ਤਾਂ ਉਦੋਂ ਵੀ ਇਨ੍ਹਾਂ ਮੈਂਬਰਾਂ ਨੇ ਵਿਰੋਧ ਕੀਤਾ ਸੀ ਅਤੇ ਲਿਖਤੀ ਇਤਰਾਜ਼ ਦਰਜ ਕਰਾਇਆ ਸੀ।

ਇਸ ਦੌਰਾਨ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਅੰਤਰਿੰਗ ਕਮੇਟੀ ਦੇ ਇਸ ਫ਼ੈਸਲੇ ਦਾ ਵਿਰੋਧ ਕੀਤਾ ਹੈ। ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਦਿੱਲੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਇਸ ਫ਼ੈਸਲੇ ਦਾ ਵਿਰੋਧ ਕਰਦਿਆਂ ਕਿਹਾ ਕਿ ਉਹ ਇਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਜਾਣਗੇ। ਉਨ੍ਹਾਂ ਦੋਸ਼ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਰ. ਐਸ. ਐਸ. ਨੂੰ ਖ਼ੁਸ਼ ਕਰ ਕੇ ਦਿੱਲੀ ਵਿੱਚ ਭਾਜਪਾ ਕੋਲੋਂ ਵੱਧ ਸੀਟਾਂ ਲੈਣ ਲਈ ਇਹ ਫ਼ੈਸਲਾ ਲਿਆ ਹੈ।

ਪੰਥਕ ਤਾਲਮੇਲ ਦਲ ਦੇ ਮੁਖੀ ਤੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਇਸ ਫ਼ੈਸਲੇ ਦੀ ਨਿਖੇਧੀ ਕਰਦਿਆਂ ਇਸ ਨੂੰ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਫ਼ੈਸਲਾ ਕਰਾਰ ਦਿੱਤਾ ਹੈ। ਦਲ ਖ਼ਾਲਸਾ ਵੱਲੋਂ ਇਸ ਫ਼ੈਸਲੇ ਦਾ ਵਿਰੋਧ ਕਰਦਿਆਂ ਜਥੇਬੰਦੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਆਖਿਆ ਕਿ ਇਹ ਫ਼ੈਸਲਾ ਅਨੈਤਿਕ ਤੇ ਗ਼ੈਰ ਸੰਵਿਧਾਨਕ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,