ਸਿੱਖ ਖਬਰਾਂ

ਜਥੇਦਾਰਾਂ ਦੀ ਨਿਯੁਕਤੀ, ਸੇਵਾ ਸ਼ਰਤਾਂ ਅਤੇ ਹਟਾਉਣ ਦੀ ਵਿਧੀ ਪੰਥਕ ਸਹਿਮਤੀ ਨਾਲ ਤੈਅ ਕੀਤਾ ਜਾਣੀ ਚਾਹੀਦੀ ਹੈ

January 19, 2015 | By

ਚੰਡੀਗੜ੍ਹ (18 ਜਨਵਰੀ, 2015): ਤਖ਼ਤਾਂ ਦੇ ਜਥੇਦਾਰ, ਸਿੱਖ ਧਰਮ ਵਿੱਚ ਵਿਸ਼ੇਸ਼ ਸਥਾਨ ਰੱਖਦੇ ਹਨ। ਉਨ੍ਹਾਂ ਦੇ ਅਹੁਦੇ ਦਾ ਰੁਤਬਾ ਕਾਇਮ ਰੱਖਣ ਲਈ ਵਾਰ-ਵਾਰ ਇਹ ਮਾਮਲਾ ਉੱਠਦਾ ਰਿਹਾ ਹੈ ਕਿ ਜਥੇਦਾਰਾਂ ਦੀ ਨਿਯੁਕਤੀ, ਸੇਵਾ ਸ਼ਰਤਾਂ ਅਤੇ ਹਟਾਉਣ ਦੀ ਵਿਧੀ ਪੰਥਕ ਸਹਿਮਤੀ ਨਾਲ ਤੈਅ ਕੀਤਾ ਜਾਣੀ ਚਾਹੀਦੀ ਹੈ।

jathedar-nandgarh

ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ

 ਸ੍ਰੀ ਅਕਾਲ ਤਖ਼ਤ ਦੇ ਤਤਕਾਲੀ ਜਥੇਦਾਰ, ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਐਸ.ਜੀ.ਪੀ.ਸੀ. ਨੂੰ ਅਜਿਹੇ ਨਿਯਮ ਬਣਾਉਣ ਦੀ ਹਦਾਇਤ ਵੀ ਕੀਤੀ ਸੀ ਪਰ ਅਜੇ ਤਕ ਅਜਿਹਾ ਕੋਈ ਠੋਸ ਪ੍ਰਸਤਾਵ ਸਾਹਮਣੇ ਨਹੀਂ ਆਇਆ।  ਹੁਣ ਇਸ ਬਾਰੇ ਕੁਝ ਕਰਨ ਸਬੰਧੀ ਹਿੱਲਜੁਲ ਅਵੱਸ਼ ਸ਼ੁਰੂ ਹੋਈ ਹੈ। ਇਹ ਹਿੱਲਜੁਲ ਨੇਕਨੀਅਤੀ ਨਾਲ ਕੀਤੀ ਜਾ ਰਹੀ ਹੈ ਜਾਂ ਵਿਵਾਦ ਉੱਤੇ ਪਰਦਾਪੋਸ਼ੀ ਲਈ, ਇਹ ਤਾਂ ਸਮਾਂ ਹੀ ਦੱਸੇਗਾ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ, ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਸੇਵਾ-ਮੁਕਤ ਕਰਨ ਦੇ ਫ਼ੈਸਲੇ ਤੋਂ ਬਾਅਦ ਪੰਥਕ ਹਲਕਿਆਂ ਵਿੱਚ ਜਥੇਦਾਰਾਂ ਦੇ ਰੁਤਬੇ ਨੂੰ ਲੈ ਕੇ ਵਿਵਾਦ ਮੁੜ ਸ਼ੁਰੂ ਹੋ ਗਿਆ ਹੈ।

ਪੰਜਾਬੀ ਅਖਬਾਰ “ਪੰਜਾਬੀ ਟ੍ਰਿਬਿਊਨ” ਅਨੁਸਾਰ ਕਈ ਮਾਹਿਰਾਂ ਨੇ ਤਕਨੀਕੀ ਮੁੱਦਾ ਵੀ ਉਠਾਇਆ ਹੈ ਕਿਉਂਕਿ ਐਸ.ਜੀ.ਪੀ.ਸੀ. ਦੀ ਚੋਣ ਵਿੱਚ ਸਹਿਜਧਾਰੀਆਂ ਦੀਆਂ ਵੋਟਾਂ ਸਬੰਧੀ ਮਾਮਲਾ ਸੁਪਰੀਮ ਕੋਰਟ ਦੇ ਵਿਚਾਰ ਅਧੀਨ ਹੈ ਅਤੇ ਸਰਵਉੱਚ ਅਦਾਲਤ ਨੇ ਨਵੀਂ ਚੁਣੀ ਕਮੇਟੀ ਉੱਤੇ ਰੋਕ ਲਗਾ ਰੱਖੀ ਹੈ, ਇਸ ਲਈ ਨੰਦਗੜ੍ਹ ਵਾਲਾ ਫ਼ੈਸਲਾ ਕਾਨੂੰਨ ਦੀਆਂ ਨਜ਼ਰਾਂ ਵਿੱਚ ਜਾਇਜ਼ ਨਹੀਂ।

 ਅਦਾਲਤੀ ਹੁਕਮ ਅਨੁਸਾਰ 2010 ਵਾਲੀ ਕਮੇਟੀ ਨੇ ਹੀ ਅਗਲੇ ਹੁਕਮਾਂ ਤਕ ਕੰਮ ਚਲਾਉਣਾ ਹੈ। ਵਿਦਵਾਨਾਂ ਅਨੁਸਾਰ ਜਿਸ ਅੰਤ੍ਰਿੰਗ ਕਮੇਟੀ ਨੇ ਜਥੇਦਾਰ ਨੰਦਗੜ੍ਹ•ਨੂੰ ਹਟਾਇਆ ਹੈ ਉਸ ਕੋਲ ਅਜਿਹਾ ਕਰਨ ਦਾ ਕੋਲ ਅਖ਼ਤਿਆਰ ਹੀ ਨਹੀਂ ਹੈ। ਖ਼ੈਰ, ਇਹ ਕਾਨੂੰਨੀ ਮਾਮਲੇ ਹਨ, ਪਰ ਅਜਿਹੇ ਵਿਵਾਦਾਂ ਨੂੰ ਘਟਾਉਣ ਲਈ ਕੋਈ ਠੋਸ ਅਤੇ ਸਪਸ਼ਟ ਮਰਿਆਦਾ ਜ਼ਰੂਰ ਤੈਅ ਹੋਣੀ ਚਾਹੀਦੀ ਹੈ।

ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਦੋ ਮੈਂਬਰਾਂ ਹਰਭਜਨ ਸਿੰਘ ਸ਼ੇਰਗਿੱਲ ਅਤੇ ਮੰਗਲ ਸਿੰਘ ਮੁੰਬਈ ਨੇ ਜਥੇਦਾਰ ਨੂੰ ਹਟਾਉਣ ਉੱਤੇ ਸਹਿਮਤੀ ਨਹੀਂ ਦਿੱਤੀ। ਕਮੇਟੀ ਦੇ ਲੰਬੇ ਸਮੇਂ ਤੋਂ ਜਨਰਲ ਸਕੱਤਰ ਚਲੇ ਆ ਰਹੇ ਸੁਖਦੇਵ ਸਿੰਘ ਭੌਰ ਅਤੇ ਅੰਤਿੰ੍ਰਗ ਕਮੇਟੀ ਦੇ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਮੀਟਿੰਗ ਵਿੱਚੋਂ ਗ਼ੈਰ ਹਾਜ਼ਰ ਰਹਿ ਕੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ।

 ਜਥੇਦਾਰ ਨੰਦਗੜ ਨੂੰ ਹਟਾਉਣ ਦਾ ਫੌਰੀ ਕਾਰਨ ਨਾਨਕਸ਼ਾਹੀ ਕੈਲੰਡਰ ਵਿਵਾਦ ਕਿਹਾ ਜਾ ਰਿਹਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਉਤਸਵ ਨੂੰ ਲੈ ਕੇ ਇਸ ਵਾਰ ਪੰਥਕ ਜਥੇਬੰਦੀਆਂ ਵੰਡੀਆਂ ਹੋਈਆਂ ਦਿਖਾਈ ਦਿੱਤੀਆਂ। ਪੰਜ ਸਿੰਘ ਸਾਹਿਬਾਨ ਨੇ ਛੋਟੇ ਸਾਹਿਜ਼ਾਦਿਆਂ ਦੀ ਯਾਦ ਵਿੱਚ ਜੁੜਨ ਵਾਲੇ ਸ਼ਹੀਦੀ ਜੋੜ ਮੇਲ ਅਤੇ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਉਤਸਵ ਇੱਕੋ ਦਿਨ 28 ਦਸੰਬਰ ਨੂੰ ਆਉਣ ਕਾਰਨ ਪ੍ਰਕਾਸ਼ ਉਤਸਵ ਸੱਤ ਜਨਵਰੀ ਨੂੰ ਮਨਾਉਣ ਦਾ ਐਲਾਨ ਕਰ ਦਿੱਤਾ ਸੀ। ਇਸਦਾ ਵਿਰੋਧ ਹੋਇਆ ਜਿਸ ਤੇ ਆਕਾਲ ਤਖ਼ਤ ਦੇ ਜਥੇਦਾਰ ਨੇ 28 ਦਸੰਬਰ ਨੂੰ ਹੀ ਗੁਰਪੁਰਬ ਮਨਾਉਣ ਦਾ ਫ਼ੈਸਲਾ ਐਲਾਨ ਦਿੱਤਾ।

ਜਥੇਦਾਰ ਨੰਦਗੜ ਅਤੇ ਕਈ ਹੋਰ ਪੰਥਕ ਜਥੇਬੰਦੀਆਂ ਨੇ ਐਸ.ਜੀ.ਪੀ.ਸੀ. ਵੱਲੋਂ 2003 ਵਿੱਚ ਅਪਣਾਏ ਮੂਲ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਿਕ ਹੀ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਉਤਸਵ ਮਨਾਉਣ ਦਾ ਫ਼ੈਸਲਾ ਕਰ ਲਿਆ ਅਤੇ ਇਸ ਉੱਤੇ ਅਮਲ ਵੀ ਕੀਤਾ।

ਸੰਤ ਸਮਾਜ ਲਗਾਤਾਰ ਨਾਨਕਸ਼ਾਹੀ ਕੈਲੰਡਰ ਨੂੰ ਹੂ-ਬ-ਹੂ ਬਿਕਰਮੀ ਕੈਲੰਡਰ ਦੀ ਤਰਜ਼ ਉੱਤੇ ਹੀ ਸੋਧਣ ਦੀ ਮੰਗ ਕਰਦਾ ਆ ਰਿਹਾ ਹੈ ਅਤੇ ਇਸ ਨੇ ਇੱਕ ਵੱਡੇ ਇਕੱਠ ਵਿੱਚ ਮਤਾ ਪਾਸ ਕਰਕੇ ਨੰਦਗੜ ਖ਼ਿਲਾਫ਼ ਕਾਰਵਾਈ ਦੀ ਮੰਗ ਵੀ ਕਰ ਦਿੱਤੀ ਸੀ।

ਇਹ ਪਹਿਲੀ ਵਾਰ ਨਹੀਂ ਜਦੋਂ ਕਿਸੇ ਜਥੇਦਾਰ ਨੂੰ ਵਿਵਾਦਿਤ ਢੰਗ ਨਾਲ ਹਟਾਇਆ ਗਿਆ। ਅਕਾਲ ਤਖ਼ਤ ਦੇ ਜਥੇਦਾਰ ਜਾਂ ਹੋਰਨਾਂ ਤਖ਼ਤਾਂ ਦੇ ਜਥੇਦਾਰਾਂ ਨੂੰ ਅਧਵਾਟੇ ਹਟਾਉਣ ਦੇ ਫ਼ੈਸਲੇ ਪਹਿਲਾਂ ਵੀ ਹੁੰਦੇ ਰਹੇ ਹਨ ਅਤੇ ਇਹ ਫ਼ੈਸਲੇ ਐਸ.ਜੀ.ਪੀ.ਸੀ. ਉੱਤੇ ਕਾਬਜ਼ ਧਿਰ ਦੀ ਸਿਆਸੀ ਖਾਹਿਸ਼ ਦੇ ਮੁਤਾਬਿਕ ਹੀ ਲਏ ਜਾਂਦੇ ਰਹੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,