ਸਿਆਸੀ ਖਬਰਾਂ » ਸਿੱਖ ਖਬਰਾਂ

ਹਿੰਦੂਆਂ ਨੂੰ ਖੁਸ਼ ਕਰਨ ਲਈ ਹਰਜੀਤ ਸਿੰਘ ਸੱਜਣ ਦੇ ਖਿਲਾਫ ਬੋਲਿਆ ਕੈਪਟਨ ਅਮਰਿੰਦਰ: ਪੰਥਕ ਜਥੇਬੰਦੀਆਂ

April 18, 2017 | By

ਚੰਡੀਗੜ੍ਹ: ਪੰਥਕ ਜਥੇਬੰਦੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਉਸ ਬਿਆਨ ਦਾ ਸਖਤ ਨੋਟਿਸ ਲਿਆ ਹੈ, ਜਿਸ ਵਿਚ ਉਨ੍ਹਾਂ ਨੇ ਕੈਨੇਡਾ ਦੇ ਰੱਖਿਆ ਮੰਤਰੀ ਸ. ਹਰਜੀਤ ਸਿੰਘ ਸੱਜਣ ਨੂੰ ਇਸ ਕਰਕੇ ਮਿਲਣ ਤੋਂ ਨਾਂਹ ਕਰ ਦਿੱਤੀ ਕਿਉਂਕਿ ਉਨ੍ਹਾਂ ਮੁਤਾਬਕ ਸ. ਹਰਜੀਤ ਸਿੰਘ ਸੱਜਣ ਖਾਲਿਸਤਾਨ ਦੇ ਹਮਾਇਤੀ ਹਨ।

ਸੋਮਵਾਰ ਨੂੰ ਚੰਡੀਗੜ੍ਹ ਵਿਖੇ ਇਕ ਪ੍ਰੈਸ ਕਾਨਫਰੰਸ ਦੌਰਾਨ ਇਤਿਹਾਸ ਦੇ ਉੱਘੇ ਪ੍ਰੋਫੈਰ ਡਾ. ਗੁਰਦਰਸ਼ਨ ਸਿੰਘ ਢਿੱਲੋਂ ਅਤੇ ਵੱਖ-ਵੱਖ ਖੇਤਰਾਂ ਦੇ ਹੋਰ ਬੁੱਧੀਜੀਵੀਆਂ ਨੇ ਕਿਹਾ ਕਿ ਕੈਪਟਨ ਸਾਹਿਬ ਨੇ ਇਹੋ ਜਿਹਾ ਬੇਬੁਨਿਆਦ ਅਤੇ ਤਰਕਹੀਣ ਬਿਆਨ ਦੇ ਕੇ ਉਨ੍ਹਾ ਸਭਨਾਂ ਲੋਕਾਂ ਦੇ ਜਜ਼ਬਿਆਂ ਨੂੰ ਭਾਰੀ ਠੇਸ ਪਹੁੰਚਾਈ ਹੈ, ਜੋ ਸ. ਹਰਜੀਤ ਸਿੰਘ ਸੱਜਣ ਅਤੇ ਕੈਨੇਡਾ ਵਿਚ ਉਨ੍ਹਾਂ ਦੇ ਸਾਥੀਆਂ ਨੂੰ ਸਤਿਕਾਰ, ਪਿਆਰ ਅਤੇ ਮਾਣ ਦੇ ਨਜ਼ਰੀਏ ਤੋਂ ਵੇਖਦੇ ਹਨ। ਡਾ. ਢਿੱਲੋਂ ਨੇ ਕਿਹਾ ਕਿ ਇਨ ਕਿੰਨੀ ਖੁਸ਼ੀ ਦੀ ਗੱਲ ਹੈ ਕਿ ਕੈਨੇਡਾ ਸਰਕਾਰ ਵਿਚ ਕੰਮ ਕਰਨ ਰਹੇ ਪੰਜ ਮੰਤਰੀਆਂ ਨੇ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਕਾਰਨ ਵਿਦੇਸ਼ਾਂ ਵਿਚ ਆਪਣੀ ਵਿਸ਼ੇਸ਼ ਥਾਂ ਬਣਾਈ ਹੈ। ਪਰ ਦੂਜੇ ਪਾਸੇ ਕਿੰਨੀ ਅਫਸੋਸ ਦੀ ਗੱਲ ਹੈ ਕਿ ਭਾਰਤੀ ਸਟੇਟ ਸਿੱਖਾਂ ਨੂੰ ਅਜੇ ਤਕ ਇਨਸਾਫ ਨਹੀਂ ਦੁਆ ਸਕੀ ਅਤੇ ਉਹ ਆਪਣੀ ਨਿਰਪੱਖਤਾ ਤੇ ਭਰੋਸੇਯੋਗਤਾ ਗਵਾ ਬੈਠੀ ਹੈ। ਹਰ ਕੋਈ ਜਾਣਦਾ ਹੈ ਕਿ ਸਿੱਖਾਂ ਨੇ ਆਜ਼ਾਦੀ ਦੀ ਜੱਦੋ-ਜਹਿਦ ਦੌਰਾਨ ਬੇਸ਼ੁਮਾਰ ਕੁਰਬਾਨੀਆਂ ਕੀਤੀਆਂ, ਪਰ ਇਨ੍ਹਾਂ ਕੁਰਬਾਨੀਆਂ ਦਾ ਭਾਰਤ ਸਰਕਾਰ ਨੇ ਕਦੇ ਵੀ ਮੁੱਲ ਨਹੀਂ ਪਾਇਆ। ਇਸ ਦਾ ਨਤੀਜਾ ਇਹ ਨਿਕਲਿਆ ਕਿ ਸਿੱਖਾਂ ਨੂੰ ਆਪਣੀਆਂ ਜਾਇਜ਼ ਅਤੇ ਸੰਵਿਧਾਨਕ ਮੰਗਾਂ ਲਈ ਲੰਮੀ ਜੱਦੋ ਜਹਿਦ ਕਰਨੀ ਪਈ। ਪਰ ਇਸ ਸੰਘਰਸ਼ ਨੂੰ ਵੀ ਰਾਸ਼ਟਰ ਵਿਰੋਧੀ ਕਰਾਰ ਦੇ ਦਿੱਤਾ ਗਿਆ।

ਖੱਬਿਉਂ ਸੱਜੇ: ਕਰਤਾਰ ਸਿੰਘ ਗਿੱਲ, ਡਾ. ਗੁਰਦਰਸ਼ਨ ਸਿੰਘ ਢਿੱਲੋਂ, ਅਡਵੋਕੇਟ ਅਮਰ ਸਿੰਘ ਚਹਿਲ, ਹਰਪਾਲ ਸਿੰਘ ਚੀਮਾ, ਸੁਰਿੰਦਰ ਸਿੰਘ ਕਿਸ਼ਨਪੁਰਾ, ਕਰਮਜੀਤ ਸਿੰਘ ਪੱਤਰਕਾਰ ਮੀਡੀਆ ਨਾਲ ਗੱਲ ਕਰਦੇ ਹੋਏ

ਖੱਬਿਉਂ ਸੱਜੇ: ਕਰਤਾਰ ਸਿੰਘ ਗਿੱਲ, ਡਾ. ਗੁਰਦਰਸ਼ਨ ਸਿੰਘ ਢਿੱਲੋਂ, ਅਡਵੋਕੇਟ ਅਮਰ ਸਿੰਘ ਚਹਿਲ, ਹਰਪਾਲ ਸਿੰਘ ਚੀਮਾ, ਸੁਰਿੰਦਰ ਸਿੰਘ ਕਿਸ਼ਨਪੁਰਾ, ਕਰਮਜੀਤ ਸਿੰਘ ਪੱਤਰਕਾਰ ਮੀਡੀਆ ਨਾਲ ਗੱਲ ਕਰਦੇ ਹੋਏ

ਡਾ. ਢਿੱਲੋਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਅਸਲ ਮੁੱਦਿਆਂ ਤੋਂ ਪਾਸਾ ਵੱਟ ਰਹੇ ਹਨ ਅਤੇ ਆਪਣੇ ਰਾਜਨੀਤਕ ਫਾਇਦਿਆਂ ਲਈ ਹਿੰਦੂ ਵੋਟ ਬੈਂਕ ਨੂੰ ਖੁਸ਼ ਕਰਨ ਵਿਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਨੇ ਮਨੁੱਖੀ ਅਧਿਕਾਰਾਂ ਦੀ ਰਾਖੀ ਅਤੇ ਬੋਲਣ ਦੀ ਆਜ਼ਾਦੀ ਵਰਗੇ ਮਹੱਤਵਪੂਰਨ ਮੁੱਦਿਆਂ ਉਤੇ ਸਾਰੀ ਦੁਨੀਆਂ ਵਿਚ ਸਤਿਕਾਰ ਵਾਲਾ ਥਾਂ ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਦੀ ਰਾਜ ਪ੍ਰਣਾਲੀ ਵਿਚ ਇਕ ਅਜਿਹਾ ਅਨੋਖਾ ਤੇ ਨਵੇਕਲੀ ਕਿਸਮ ਦਾ ਮਾਡਲ ਉਭਰ ਕੇ ਸਾਹਮਣੇ ਆਇਆ ਹੈ, ਜਿਸ ਵਿਚ ਵੱਖ-ਵੱਖ ਸਭਿਆਚਾਰਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਂਦਾ ਹੈ। ਇਸ ਪ੍ਰਣਾਲੀ ਵਿਚ ਹਰ ਕਿਸੇ ਦੀਆਂ ਰਾਜਨੀਤਕ ਇੱਛਾਵਾਂ ਤੇ ਰੀਝਾਂ ਨੂੰ ਬਲ ਮਿਲਦਾ ਹੈ। ਇਤਿਹਾਸ ਦੇ ਇਸ ਪ੍ਰੋਫੈਸਰ ਨੇ ਇਸ ਸਬੰਧ ਵਿਚ ਕਿਉਬੇਕ ਖਿੱਤੇ ਦੀ ਮਿਸਾਲ ਦਿੱਤੀ, ਜਿੱਥੇ ਲੋਕਾਂ ਨੂੰ ਆਪਣੀ ਕਿਸਮਤ ਆਪ ਘੜਨ ਲਈ ਸਵੈ ਨਿਰਣੇ ਦਾ ਹੱਕ ਦਿੱਤਾ ਹੈ। ਸ. ਸੱਜਣ ਅਤੇ ਉਨ੍ਹਾਂ ਦੀ ਟੀਮ ਇਹੋ ਜਿਹੇ ਖੁੱਲ੍ਹੇ ਡੁੱਲ੍ਹੇ ਅਤੇ ਉਦਾਰ ਮਾਹੌਲ ਵਿਚ ਵੱਡੇ ਹੋਏ ਹਨ। ਪਰ ਕੈਪਟਨ ਸਾਹਿਬ ਦੀ ਜਗੀਰੂ ਸੋਚ ਅਤੇ ਮਨ ਇਹੋ ਜਿਹੀ ਪਹੁੰਚ ਦੇ ਨਜ਼ਰੀਏ ਨੂੰ ਸਮਝਣ ਤੋਂ ਹੀ ਅਸਮਰੱਥ ਹੈ।

ਸਬੰਧਤ ਖ਼ਬਰ:

ਸਿੱਖ ਜਥੇਬੰਦੀਆਂ ਕਰਨਗੀਆਂ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦਾ ਸਨਮਾਨ …

ਡਾ. ਢਿੱਲੋਂ ਨੇ ਕੈਪਟਨ ਸਾਹਿਬ ਦੇ ਵੱਡ ਵਡੇਰਿਆਂ ਵਲੋਂ ਇਤਿਹਾਸ ਵਿਚ ਨਿਭਾਏ ਗਏ ਮਾੜੇ ਰੋਲ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਕਿਹਾ ਕਿ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਇਕ ਪਾਸੇ ਅਠਾਰਵੀ ਸਦੀ ਵਿਚ ਅਹਿਮਦ ਸ਼ਾਹ ਅਬਦਾਲੀ ਪੰਜਾਬ ਵਿਚ ਸਿੱਖਾਂ ਦੇ ਕਤਲੇਆਮ ਅਤੇ ਲੁੱਟ ਮਾਰ ਦੀ ਹਨ੍ਹੇਰੀ ਵਗਾ ਰਿਹਾ ਸੀ ਤਾਂ ਦੂਜੇ ਪਾਸੇ ਪਟਿਆਲਾ ਰਿਆਸਤ ਦੇ ਬਾਨੀ ਬਾਬਾ ਆਲਾ ਸਿੰਘ ਇਤਿਹਾਸ ਦੇ ਇਸ ਜ਼ਾਲਮ ਬਾਦਸ਼ਾਹ ਕੋਲੋਂ ਵਿਸ਼ੇਸ਼ ਸਨਮਾਨ ਹਾਸਲ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਪਹਿਲਾਂ ਭਾਵੇਂ ਅੰਗਰੇਜ਼ਾਂ ਤੇ ਸਿੱਖਾਂ ਦੇ ਆਪਸੀ ਸਬੰਧਾਂ ਦਾ ਮੁੱਦਾ ਹੋਵੇ, ਭਾਵੇਂ ਅੰਗਰੇਜ਼ਾਂ ਤੇ ਸਿੱਖਾਂ ਵਿਚਕਾਰ ਹੋਈ ਦੂਜੀ ਜੰਗ ਦੀ ਗੱਲ ਹੋਵੇ ਅਤੇ ਭਾਵੇਂ ਗਦਰੀ ਬਾਬਿਆਂ ਅਤੇ ਹੋਰ ਆਜ਼ਾਦੀ ਘੁਲਾਟੀਆਂ ਦਾ ਮਸਲਾ ਹੋਵੇ, ਪਟਿਆਲਾ ਰਿਆਸਤ ਸਦਾ ਹੀ ਅੰਗਰੇਜ਼ਾਂ ਦੀ ਪਿੱਠ ਪੂਰੀ ਰਹੀ ਹੈ। ਹੁਣ ਕੈਪਟਨ ਅਮਰਿੰਦਰ ਸਿੰਘ ਵੀ ਇਹੋ ਜਿਹੇ ਮੌਕਾ ਪ੍ਰਸਤ ਇਤਿਹਾਸ ਦੀ ਹੀ ਪੈਰਵੀ ਕਰ ਰਹੇ ਹਨ।

ਸਬੰਧਤ ਖ਼ਬਰ:

1984 ਦੇ ਕਤਲੇਆਮਾਂ ਖਿਲਾਫ ਕੈਨੇਡਾ ਤੋਂ ਉਠਦੀਆਂ ਆਵਾਜ਼ਾਂ ਕੈਪਟਨ ਨੂੰ ਡਰਾ ਰਹੀਆਂ ਹਨ: ਖਾਲੜਾ ਮਿਸ਼ਨ …

ਇਸ ਪ੍ਰੈਸ ਕਾਨਫਰੰਸ ਵਿਚ ਹੋਰਨਾਂ ਤੋਂ ਇਲਾਵਾ ਸੰਸਾਰ ਸਿੱਖ ਸੰਗਠਨ ਦੇ ਸਕੱਤਰ ਜਨਰਲ, ਜਨਰਲ ਕੇ.ਐਸ. ਗਿੱਲ, ਨਾਮਵਰ ਵਕੀਲ ਸ. ਅਮਰ ਸਿੰਘ ਚਾਹਲ, ਮਨੁੱਖੀ ਅਧਿਕਾਰਾਂ ਦੇ ਨਾਮਵਰ ਆਗੂ ਅਤੇ ਐਡਵੋਕੇਟ ਸ. ਹਰਪਾਲ ਸਿੰਘ ਚੀਮਾ ਅਤੇ ਸੀਨੀਅਰ ਪੱਤਰਕਾਰ ਸ. ਕਰਮਜੀਤ ਸਿੰਘ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਨੁਮਾਇੰਦੇ ਸ. ਸੁਰਿੰਦਰ ਸਿੰਘ ਕਿਸ਼ਨਪੁਰਾ, ਉੱਘੇ ਸਮਾਜ ਸੇਵੀ ਸ. ਕਮਿੱਕਰ ਸਿੰਘ ਆਦਿ ਸ਼ਾਮਲ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , ,