ਖਾਸ ਖਬਰਾਂ » ਸਿਆਸੀ ਖਬਰਾਂ

ਸਰਕਾਰੀ ਜਬਰ ਦਾ ਸ਼ਿਕਾਰ ਹੋਏ ਵਿਦਿਆਰਥੀਆਂ ਦੀ ਹਮਾਇਤ ਵਿੱਚ ਪੰਜਾਬ ਤੋਂ ਵਫਦ ਦਿੱਲੀ ਜਾਵੇਗਾ

February 22, 2016 | By

ਚੰਡੀਗੜ੍ਹ ( 22 ਜਨਵਰੀ, 2016): ਅੱਜ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ ਵੱਖ ਵੱਖ ਰਾਜਸੀ ਅਤੇ ਮਨੁੱਖੀ ਅਧਿਕਾਰ ਜਥੇਬੰਦੀਆਂ ਵੱਲੋਂ ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਫਾਸੀਵਾਦੀ ਅਜੈਂਡਾ ਦੱਸਦਿਆਂ ਉਨ੍ਹਾਂ ਦਾ ਸਹਮਣਾ ਕਰਨ ਵਾਸਤੇ ਨੀਤੀ ਬਣਾਉਣ ਦੇ ਮੰਤਵ ਨਾਲ ਇੱਕ ਮੀਟਿੰਗ ਕੀਤੀ ਗਈ। ਜਵਾਹਰ ਲਾਲ ਨਹਿਰੂ ਯੁਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਤੇ ਸਰਕਾਰੀ ਦਬਾਅ ਅਧੀਨ ਕੀਤੀ ਗਈ ਪੁਲਿਸ ਕਾਰਵਾਈ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਸਰਕਾਰੀ ਜਬਰ ਦਾ ਸ਼ਿਕਾਰ ਹੋਏ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਹਮਾਇਤ ਵਿੱਚ ਵਿਦਿਆਰਥੀਆਂ, ਵਕੀਲਾਂ ਅਤੇ ਸਾਬਕਾ ਕਰਮਚਾਰੀਆਂ ਦਾ ਇੱਕ ਵਫਦ ਦਿੱਲੀ ਭੇਜਣ ਦਾ ਫੈਂਸਲਾ ਕੀਤਾ ਗਿਆ।ਇਹ ਵਫਦ ਹਰਿਆਣਾ ਵਿੱਚ ਸੜਕੀ ਅਤੇ ਰੇਲ ਆਵਾਜਾਈ ਚਾਲੂ ਹੋਣ ਤੇ ਭੇਜਿਆ ਜਾਵੇਗਾ।

ਇਸ ਮੀਟਿੰਗ ਵਿੱਚ ਜਸਟਿਸ (ਰਿਟਾਇਰਡ) ਅਜੀਤ ਸਿੰਘ ਬੈਂਸ, ਸਾਬਕਾ ਆਈ.ਪੀ.ਐਸ ਸ਼ਸ਼ੀ ਕਾਂਤ, ਵਕੀਲ ਹਰਪਾਲ ਸਿੰਘ ਚੀਮਾ, ਸਿਾਬਕਾ ਜਥੇਦਾਰ ਗਆਨੀ ਕੇਵਲ ਸਿੰਘ, ਕੰਵਰਪਾਲ ਸਿੰਘ ਦਲ ਖਾਲਸਾ, ਵਕੀਲ ਨਵਕਿਰਨ ਸਿੰਘ, ਵਕੀਲ ਅਮਰ ਸਿੰਘ ਚਹਿਲ, ਡਾ. ਗੁਰਦਰਸ਼ਨ ਸਿੰਘ ਢਿੱਲੋਂ, ਸਾਬਕਾ ਆਈ.ਪੀ.ਐਸ ਪਰਮਜੀਤ ਸਿੰਘ ਸਰਾਓ, ਸਾਬਕਾ ਲੈਫ. ਜਨਰਲ ਕਰਤਾਰ ਸਿੰਘ ਗਿੱਲ, ਕਿਸਾਨ ਆਗੂ ਪਿਛੋਰਾ ਸਿੰਘ ਗਿੱਲ, ਅਤੇ ਰਜਿੰਦਰ ਸਿੰਘ ਸਮੇਤ ਹੋਰ ਵੀ ਕਈ ਸਖਸ਼ੀਅਤਾਂ ਹਾਜਿਰ ਸਨ।

Kisan Bhavan

ਸਰਕਾਰੀ ਜਬਰ ਦਾ ਸ਼ਿਕਾਰ ਹੋਏ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਹਮਾਇਤ ਵਿੱਚ ਪੰਜਾਬ ਤੋਂ ਵਫਦ ਦਿੱਲੀ ਜਾਵੇਗਾ

ਇਸ ਮੀਟਿੰਗ ਦੌਰਾਨ ਪਾਸ ਕੀਤਾ ਗਿਆ ਮਤਾ:

ਇੱਕ ਸੋਚੀ ਸਮਝੀ ਸਾਜਿਸ਼ ਤਹਿਤ ਦੇਸ਼ ਵਿੱਚ ਰਾਜਤੰਤ੍ਰ ਦੇ ਮਾਹੌਲ ਨੂੰ ਬਦਲਿਆ ਜਾ ਰਿਹਾ ਹੈ।ਇਸ ਮਾਹੌਲ ਵਿੱਚ ਵਿਰੋਧੀ ਵਿਚਾਰ ਰੱਖਣਾ ਜਾ ਕਿਸੇ ਵਿਚਾਰ ਤੇ ਆਪਣੀ ਅਸਹਿਮਤੀ ਪ੍ਰਗਟ ਕਰਨਾ ਇੱਕ ਜੁਰਮ ਬਣ ਗਿਆ ਹੈ।ਅੱਜ ਕੱਲ੍ਹ ਰਾਜਨੀਤੀ ਦੇ ਸਿਰਫ ਦੋ ਮਾਇਨੇ ਬਣ ਕੇ ਰਹਿ ਗਏ ਹਨ, ਜਾ ਤੂੰ ਮੇਰੇ ਨਾਲ ਹੈ ਜਾ ਮੇਰੇ ਵਿਰੁੱਧ।ਸਹੀ ਸੋਚ ਰੱਖਣ ਵਾਲੇ ਹਰ ਇਨਸਾਨ ਲਈ ਇਹ ਸਥਿਤੀ ਇੱਕ ਵੱਡੀ ਚੁਣੌਤੀ ਬਣ ਗਈ ਹੈ ਭਾਵੇਂ ਉਹ ਕਿਸੇ ਵੀ ਵਿਚਾਰਧਾਰਾ ਨਾਲ ਸਬੰਧ ਰੱਖਦਾ ਹੋਵੇ।

ਅੱਜ ਦੀ ਇਹ ਸਮਾਜਿਕ ਅਤੇ ਰਾਜਨੀਤਿਕ ਕਾਰਕੂਨਾਂ, ਮਨੁੱਖੀ ਅਧਿਕਾਰਾਂ ਦੇ ਰਾਖਿਆਂ, ਵਿਦਵਾਨਾਂ, ਲੇਖਕਾਂ ਅਤੇ ਕਿਸਾਨ ਜਥੇਬੰਦੀਆਂ ਦੇ ਨੁਮਾਂਇੰਦਿਆਂ ਦੀ ਬੈਠਕ ਇੱਕ ਕੋਸ਼ਿਸ਼ ਹੈ ਉਨ੍ਹਾਂ ਸਾਮਰਾਜਵਾਦੀ ਤਾਕਤਾਂ ਵਿਰੁੱਧ ਲਾਮਬੰਦ ਹੋਣ ਦੀ ਜਿਨ੍ਹਾਂ ਵੱਲੋਂ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀਆਂ ਉੱਤੇ ਅਫਜਲ ਗੁਰੂ ਦੀ ਫਾਂਸੀ ਵਿਰੁੱਧ ਇੱਕ ਸਮਾਜਿਕ ਸਮਾਗਮ ਕਰਨ ਕਾਰਨ ਦੇਸ਼ ਧ੍ਰੋਹ ਦੇ ਕੇਸ ਪਾ ਦਿੱਤੇ ਗਏ , ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਕਨਹੀਆ ਕੁਮਾਰ ਅਤੇ ਦਿੱਲੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਐਸ.ਏ.ਆਰ ਗਿਲਾਨੀ ਨੂੰ ਦੇਸ਼ ਧ੍ਰੋਹ ਦੇ ਕੇਸ ਵਿੱਚ ਗ੍ਰਿਫਤਾਰ ਕਰ ਲਿਆ ਗਿਆ, ਦਿੱਲੀ ਬੀਜੇਪੀ ਦੇ ਵਿਧਾਇਕ ਅਤੇ ਵਕੀਲਾਂ ਵੱਲੋਂ ਪਟਿਆਲਾ ਹਾਊਸ ਕੋਰਟ ਵਿੱਚ ਸੋਚੀ ਸਮਝੀ ਸਾਜਿਸ਼ ਤਹਿਤ ਗੁੰਡਾਗਰਦੀ ਕੀਤੀ ਗਈ, ਜੇ.ਐਨ.ਯੂ ਵਿੱਚ ਵਿਦਿਆਰਥੀਆਂ ਨੂੰ ਫੜਨ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ, ਤੇ ਪੁਲਿਸ ਇਹ ਸਭ ਮੂਕ ਦਰਸ਼ਕ ਬਣੀ ਦੇਖ ਰਹੀ ਹੈ।

ਪੰਜਾਬ ਵਿੱਚ ਵੀ ਮਾਹੌਲ ਇਸ ਤੋਂ ਵੱਖਰਾ ਨਹੀਂ ਹੈ। ਪੰਜਾਬ ਸਰਕਾਰ ਨੇ ਪਿਛਲੇ ਕੁਝ ਸਾਲਾਂ ਵਿੱਚ ਇਸੇ ਤਰ੍ਹਾਂ ਵਿਰੋਧੀ ਰਾਜਨੀਤਿਕ ਵਿਚਾਰ ਰੱਖਣ ਵਾਲਿਆਂ ਤੇ ਝੂਠੇ ਦੇਸ਼ ਧ੍ਰੋਹ ਦੇ ਕੇਸ ਪਾਏ ਹਨ।10 ਨਵੰਬਰ ਨੂੰ ਪਿੰਡ ਚੱਬਾ ਵਿਖੇ ਹੋਏ ਪੰਥਕ ਇਕੱਠ ਦੇ ਪ੍ਰਬੰਧਕਾਂ ਉੱਤੇ ਪੰਜਾਬ ਸਰਕਾਰ ਵੱਲੋਂ ਪਾਏ ਗਏ ਦੇਸ਼ ਧ੍ਰੋਹ ਦੇ ਕੇਸ ਸਰਕਾਰ ਵੱਲੋਂ ਕਾਨੂੰਨ ਅਤੇ ਸਰਕਾਰੀ ਤੰਤਰ ਦੀ ਕੀਤੀ ਜਾ ਰਹੀ ਦੁਰਵਰਤੋਂ ਦੀ ਪ੍ਰਤੱਖ ਮਿਸਾਲ ਹੈ।

ਇਹ ਇਕੱਠ ਪੰਜਾਬ ਪੁਲਿਸ ਵੱਲੋਂ ਪੰਜਾਬ ਸਰਕਾਰ ਅਤੇ ਦਿੱਲੀ ਪੁਲਿਸ ਵੱਲੋਂ ਕੇਂਦਰ ਸਰਕਾਰ ਦੇ ਹੁਕਮਾਂ ਅਤੇ ਦੇਸ਼ ਧ੍ਰੋਹ ਦੇ ਕਾਨੂੰਨ ਦੀ ਕੀਤੀ ਜਾ ਰਹੀ ਦੁਰਵਰਤੋਂ ਤੇ ਆਪਣੀ ਚਿੰਤਾ ਅਤੇ ਰੋਸ ਪ੍ਰਗਟ ਕਰਦਾ ਹੈ।ਮੋਜੂਦਾ ਲੋਕਤੰਤਰ ਵਿੱਚ ਦੇਸ਼ਧ੍ਰਹ ਨੂੰ ਇੱਕ ਜੁਰਮ ਵਜੋਂ ਪੇਸ਼ ਕਰਨ ਲਈ ਕੋਈ ਜਗ੍ਹਾ ਨਹੀਂ ਹੈ, ਤੇ ਵਿਰੋਧੀ ਵਿਚਾਰਾਂ ਨੂੰ ਦਬਾਉਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ ਭਾਵੇਂ ਉਨ੍ਹਾਂ ਲਈ ਕੋਈ ਵੀ ਦਲੀਲ ਦਿੱਤੀ ਜਾਵੇ।ਵਿਰੋਧੀ ਵਿਚਾਰਾਂ ਨੂੰ ਦਬਾਉਣ ਲਈ ਕੀਤੇ ਜਾਣ ਵਾਲੇ ਯਤਨ ਲੋਕਤੰਤਰਵਿਰੋਧੀ ਅਤੇ ਸੰਵਿਧਾਨਵਿਰੋਧੀ ਹੀ ਹੋਣਗੇ।

ਦੇਸ਼ ਵਿੱਚ ਮੋਜੂਦਾ ਰਾਜਪ੍ਰਣਾਲੀ ਵੱਲੋਂ ਵਿਚਾਰਾਂ ਅਤੇ ਸਿਧਾਂਤ ਦੀ ਆਜ਼ਾਦੀ ਦੇ ਹੱਕ ਤੇ ਲਗਾਤਾਰ ਵਾਰ ਕੀਤਾ ਜਾ ਰਿਹਾ ਹੈ।ਭਾਜਪਾ ਲੋਕ ਸਭਾ ਚੋਣਾਂ ਵਿੱਚ ਬਹੁਮਤ ਹਾਸਿਲ ਕਰਨ ਤੋਂ ਬਾਅਦ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਆਪਣੇ ਸੁਪਨੇ ਨੂੰ ਕਾਮਯਾਬ ਕਰਨ ਲਈ ਲਗਾਤਾਰ ਯਤਨ ਕਰ ਰਹੀ ਹੈ, ਅਤੇ ਹੁਣ ਇਸ ਸੁਪਨੇ ਨੂੰ ਪੂਰਾ ਕਰਨ ਲਈ ਭਾਜਪਾ ਵੱਲੋਂ ਰਾਸ਼ਟਰਪੱਖੀ ਅਤੇ ਰਾਸ਼ਟਰਵਿਰੋਧੀ ਦੀ ਨਵੀਂ ਵਿਆਖਿਆ ਘੜੀ ਗਈ ਹੈ।ਜਿਹੜੇ ਉਸ ਦੇ ਸਾਂਚੇ ਵਿੱਚ ਫਿੱਟ ਬੈਠਦੇ ਹਨ ਉਹ ਰਾਸ਼ਟਰਵਾਦੀ ਹਨ ਤੇ ਬਾਕੀ ਸਭ ਰਾਸ਼ਟਰਵਿਰੋਧੀ।ਇਸ ਦੇ ਨਾਲ ਹੀ ਉਨ੍ਹਾਂ ਲੇਖਕਾਂ, ਵਿਦਵਾਨਾਂ ਅਤੇ ਕਾਰਕੁੰਨਾਂ ਦਾ ਜਿਕਰ ਕਰਨਾ ਵੀ ਜਰੂਰੀ ਬਣਦਾ ਹੈ ਜਿਹੜੇ ਭਾਜਪਾ ਦੇ ਹਿੰਦੂਤਵ ਵਾਲੇ ਸਾਂਚੇ ਵਿੱਚ ਫਿੱਟ ਨਹੀਂ ਬੈਠੇ, ਉਹ ਸਭ ਵੀ ਇਨ੍ਹਾਂ ਲਈ ਰਾਸ਼ਟਰਵਿਰੋਧੀ ਬਣ ਗਏ।

ਜੇਐਨਯੂ ਦੇ ਵਿਦਿਆਰਥੀਆਂ ਦੀ ਹਮਾਇਤ ਕਰਦਿਆਂ ਅਤੇ ਇਸ ਘੜੀ ਵਿੱਚ ਉਨ੍ਹਾਂ ਦੇ ਨਾਲ ਖੜਦਿਆਂ ਅੱਜ ਦਾ ਇਹ ਇਕੱਠ ਮੋਦੀ ਸਰਕਾਰ ਵੱਲੋਂ ਰਾਸ਼ਟਰਵਾਦ ਦੇ ਹਿੰਦੂਤਵ ਚਿਹਰੇ ਦਾ ਵਿਰੋਧ ਕਰਨ ਵਾਲਿਆਂ ਖਿਲਾਫ ਕੀਤੀਆਂ ਜਾ ਰਹੀਆਂ ਅੱਤਵਾਦੀ ਕਾਰਵਾਈਆਂ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਹੈ। ਜੇ.ਐਨ.ਯੂ ਦੇ ਅਕਸ ਨੂੰ ਵਿਗਾੜਨ ਅਤੇ ਇਸ ਵਿਦਿਅਕ ਅਦਾਰੇ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਤੇ ਗਲਤ ਦੋਸ਼ ਲਾ ਕੇ ਉਨ੍ਹਾਂ ਦੇ ਅਕਸ ਨੂੰ ਖਰਾਬ ਕਰਨ ਲਈ ਅਸੀਂ ਸਰਕਾਰ, ਸਰਕਾਰੀ ਤੰਤਰ ਅਤੇ ਗੈਰਜਿੰਮੇਵਾਰ ਮੀਡੀਆ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ।ਇਸ ਮਾਮਲੇ ਵਿੱਚ ਜੇ.ਐਨ.ਯੂ ਦੇ ਉੱਪ-ਕੁਲਪਤੀ ਅਤੇ ਭਾਜਪਾ ਦੇ ਵਿਦਿਆਰਥੀ ਸੰਗਠਨ ਏ.ਬੀ.ਵੀ.ਪੀ ਦੀ ਕਾਰਗੁਜਾਰੀ ਵੀ ਬਹੁਤ ਮਾੜੀ ਰਹੀ ਹੈ, ਜਿੱਥੇ ਉਪ-ਕੁਲਪਤੀ ਨੇ ਕੇਂਦਰੀ ਸਰਕਾਰ ਨਾਲ ਮਿਲ ਕੇ ਯੁਨੀਵਰਸਿਟੀ ਵਿੱਚ ਪੁਲਿਸ ਕਾਰਵਾਈ ਦੀਪ੍ਰਵਾਨਗੀ ਦਿੱਤੀ ਉੱਥੇ ਏ.ਬੀ.ਵੀ.ਪੀ ਨੇ ਇੱਕ ਸੋਚੀ ਸਮਝੀ ਸਾਜਿਸ਼ ਅਧੀਨ ਯੁਨੀਵਰਸਿਟੀ ਵਿੱਚ ਸਰਕਾਰੀ ਜੁਲਮ ਲਈ ਰਾਹ ਪੱਧਰਾ ਕਰਨ ਵਾਸਤੇ ਮਾਹੌਲ ਸਿਰਜਿਆ।

ਅੱਜ ਦਾ ਇਹ ਇਕੱਠ ਸਰਕਾਰੀ ਜੁਲਮ ਦਾ ਸ਼ਿਕਾਰ ਹੋਏ ਲੋਕਾਂ ਨਾਲ ਖੜਨ, ਆਰ.ਐਸ.ਐਸ ਅਤੇ ਉਸ ਦੇ ਸਹਿਯੋਗੀਆਂ ਵੱਲੋਂ ਚਲਾਏ ਜਾ ਰਹੇ ਸੱਭਿਆਚਾਰਕ ਅੱਤਵਾਦ ਨੂੰ ਰੋਕਣ ਅਤੇ ਰਾਸ਼ਟਰਵਾਦ ਦੇ ਹਿੰਦੂਤਵ ਚਿਹਰੇ ਨੂੰ ਰੱਦ ਕਰਨ ਦਾ ਐਲਾਨ ਕਰਦਾ ਹੈ।ਇਹ ਇਕੱਠ ਮੋਦੀ ਸਰਕਾਰ ਨੂੰ ਚੇਤਾਵਨੀ ਦਿੰਦਾ ਹੈ ਕਿ ਜੇ.ਐਨ.ਯੂ ਦੇ ਵਿਦਿਆਰਥੀਆਂ ਅਤੇ ਪ੍ਰੋ. ਗਿਲਾਨੀ ਤੋਂ ਦੇਸ਼ ਧ੍ਰੋਹ ਦੇ ਕੇਸ ਵਾਪਿਸ ਲਏ ਜਾਣ, ਯੁਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਫੜਨ ਲਈ ਕੀਤੀ ਜਾ ਰਹੀ ਛਾਪੇਮਾਰੀ ਰੋਕੀ ਜਾਵੇ ਅਤੇ ਬਸਤੀਵਾਦ ਦੇ ਸਮੇਂ ਦੇ ਕਨੂੰਨਾਂ ਨੂੰ ਖਾਰਿਜ ਕੀਤਾ ਜਾਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , , , , , ,