December 7, 2016 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਪੰਜਾਬ ਸਰਕਾਰ ਨੇ ਫਿਰੋਜ਼ਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਕਾਨੂੰਨੀ ਸ਼ਿਕੰਜਾ ਕੱਸਣ ਦੀ ਤਿਆਰੀ ਕਰ ਲਈ ਹੈ। ਸੂਤਰਾਂ ਮੁਤਾਬਕ ਵਿਜੀਲੈਂਸ ਬਿਊਰੋ ਨੂੰ ਸ਼ੇਰ ਸਿੰਘ ਘੁਬਾਇਆ ਦੇ ਫਾਜ਼ਿਲਕਾ ਜ਼ਿਲ੍ਹੇ ਵਿਚਲੇ ਪਿੰਡ ਸਖੇਰਾ ਬੋਦਲਾ ਨਜ਼ਦੀਕ ਘੁਬਾਇਆ ਪਰਿਵਾਰ ਦੀ ਮਾਲਕੀ ਵਾਲੇ ਇੰਜਨੀਅਰਿੰਗ ਕਾਲਜ ਵਿੱਚ ਦਲਿਤ ਬੱਚਿਆਂ ਨੂੰ ਦੇਣ ਵਾਲੀ ਵਜ਼ੀਫਾ ਰਾਸ਼ੀ ਵਿੱਚ ਕਰੋੜਾਂ ਰੁਪਏ ਦਾ ਘਪਲਾ ਹੋਣ ਅਤੇ ਝੋਨੇ ਦੇ ਖੁਰਦ ਬੁਰਦ ਹੋਣ ਸਮੇਤ ਹੋਰਨਾਂ ਮਾਮਲਿਆਂ ਸਬੰਧੀ ਰਿਪੋਰਟ ਤਿਆਰ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਵਿਜੀਲੈਂਸ ਦੇ ਇੱਕ ਡੀਐਸਪੀ ਪੱਧਰ ਦੇ ਅਧਿਕਾਰੀ ਨੇ ਕਾਲਜ ਦਾ ਦੌਰਾ ਕਰਕੇ ਦਸਤਾਵੇਜ਼ ਵੀ ਹਾਸਲ ਕੀਤੇ ਹਨ। ਬਿਊਰੋ ਦੇ ਇੱਕ ਸੀਨੀਅਰ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਦਿਆਂ ਘੁਬਾਇਆ ਪਰਿਵਾਰ ਨਾਲ ਸਬੰਧਤ ਕਾਲਜ ਦੀ ਰਿਪੋਰਟ ਮੰਗੇ ਜਾਣ ਦੀ ਪੁਸ਼ਟੀ ਕੀਤੀ ਹੈ। ਉਧਰ ਫਿਰੋਜ਼ਪੁਰ ਦੇ ਐਸਐਸਪੀ (ਵਿਜੀਲੈਂਸ) ਰਣਬੀਰ ਸਿੰਘ ਨੇ ਇਸ ਸਬੰਧੀ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।

ਫਿਰੋਜ਼ਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ
ਅਕਾਲੀ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ, ਜੋ ਕਿ ਆਪਣੀ ਪਾਰਟੀ ਨਾਲ ਪਿਛਲੇ ਸਮੇਂ ਤੋਂ ਨਾਰਾਜ਼ ਹਨ, ਦੀ ਪਤਨੀ ਅਤੇ ਪੁੱਤਰ ਦਵਿੰਦਰ ਸਿੰਘ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਦੇ ਚਰਚੇ ਹਨ। ਦੋਵਾਂ ਦੇ ਜਲਦ ਕਾਂਗਰਸ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਸੀ। ਰਾਜਸੀ ਹਲਕਿਆਂ ਦਾ ਕਹਿਣਾ ਹੈ ਕਿ ਵਿਜੀਲੈਂਸ ਦੀ ਹਿਲਜੁਲ ਨਾਲ ਘੁਬਾਇਆ ਪਰਿਵਾਰ ਦਾ ਕਾਂਗਰਸ ਵਿੱਚ ਸ਼ਮੂਲੀਅਤ ਦਾ ਮਾਮਲਾ ਫ਼ਿਲਹਾਲ ਟਲ ਗਿਆ ਹੈ। ਸ਼ੇਰ ਸਿੰਘ ਘੁਬਾਇਆ ਵੱਲੋਂ ਬਾਗ਼ੀ ਸੁਰਾਂ ਅਖ਼ਤਿਆਰ ਕੀਤੇ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਦਰ ਵੀ ਹਲਚਲ ਸ਼ੁਰੂ ਹੋ ਗਈ ਹੈ।
ਇਸ ਹਲਕੇ ਵਿਚ ਰਾਏ ਸਿੱਖ ਬਰਾਦਰੀ ਦੀ 2.5 ਲੱਖ ਵੋਟ ਮੰਨੀ ਜਾਂਦੀ ਹੈ। ਘੁਬਾਇਆ ਦੇ ਇਸ ਭਾਈਚਾਰੇ ਨਾਲ ਸਬੰਧਤ ਹੋਣ ਕਾਰਨ ਰਾਏ ਸਿੱਖ ਵੋਟਰਾਂ ’ਤੇ ਪ੍ਰਭਾਵ ਮੰਨਿਆ ਜਾਂਦਾ ਹੈ। ਅਕਾਲੀ ਦਲ ਸਮੇਤ ਹੋਰਨਾਂ ਪਾਰਟੀਆਂ ਦੇ ਸੀਨੀਅਰ ਆਗੂਆਂ ਦਾ ਮੰਨਣਾ ਹੈ ਕਿ ਸ਼ੇਰ ਸਿੰਘ ਘੁਬਾਇਆ ਦੀ ਨਾਰਾਜ਼ਗੀ ਅਕਾਲੀ ਦਲ ਨੂੰ ਭਾਰੀ ਪੈ ਸਕਦੀ ਹੈ, ਉਹ ਹੀ ਉਦੋਂ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਰਾਏ ਸਿੱਖਾਂ ਦੀਆਂ ਵੋਟਾਂ ਦੇ ਪ੍ਰਭਾਵ ਵਾਲੇ ਵਿਧਾਨ ਸਭਾ ਹਲਕੇ ਤੋਂ ਵਿਧਾਨ ਸਭਾ ਚੋਣ ਲੜਦੇ ਹੋਣ।

ਘੁਬਾਇਆ ਪਰਿਵਾਰ ਦੀ ਮਾਲਕੀ ਵਾਲਾ ਕਾਲਜ
ਅਕਾਲੀ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਪਾਰਟੀ ਨੇ ਘੁਬਾਇਆ ਦੇ ਗਿਲੇ ਸ਼ਿਕਵੇ ਦੂਰ ਕਰਨ ਦੇ ਯਤਨ ਕੀਤੇ ਸਨ, ਪਰ ਉਹ ਨਹੀਂ ਮੰਨੇ। ਅਖੀਰ ਸਰਕਾਰ ਨੇ ਵਿਜੀਲੈਂਸ ਨੂੰ ਹੀ ਘੁਬਾਇਆ ਪਰਿਵਾਰ ਦੇ ਪਿੱਛੇ ਲਾਉਣ ਦਾ ਫ਼ੈਸਲਾ ਕਰ ਲਿਆ। ਵਿਜੀਲੈਂਸ ਸੂਤਰਾਂ ਦਾ ਦੱਸਣਾ ਹੈ ਕਿ ਘੁਬਾਇਆ ਦੇ ਕਾਲਜ ਵਿੱਚ 80 ਬੱਚੇ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਸਨ ਤੇ ਇਨ੍ਹਾਂ ਵਿਦਿਆਰਥੀਆਂ ਨੂੰ ਵਜ਼ੀਫਾ ਦੇਣ ਦੇ ਮਾਮਲੇ ਵਿੱਚ ਘਪਲਾ ਹੋਇਆ ਹੈ। ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਮਗਰੋਂ ਵਿਜੀਲੈਂਸ ਦੇ ਫਿਰੋਜ਼ਪੁਰ ਸਥਿਤ ਅਫ਼ਸਰ ਹਰਕਤ ਵਿੱਚ ਆ ਗਏ। ਵਿਜੀਲੈਂਸ ਦੇ ਡੀਐਸਪੀ ਨੇ ਸੋਮਵਾਰ ਤੇ ਮੰਗਲਵਾਰ ਲਗਾਤਾਰ ਦੋ ਦਿਨ ਕਾਲਜ ਦਾ ਦੌਰਾ ਕਰਕੇ ਕਾਲਜ ’ਚੋਂ ਅਹਿਮ ਦਸਤਾਵੇਜ਼ ਹਾਸਲ ਕੀਤੇ ਹਨ। ਵਿਜੀਲੈਂਸ ਅਧਿਕਾਰੀਆਂ ਦੀ ਰਿਪੋਰਟ ਦੇ ਅਧਾਰ ’ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਕੋਈ ਘਪਲਾ ਨਹੀਂ ਕੀਤਾ: ਘੁਬਾਇਆ: ਫ਼ਿਰੋਜ਼ਪੁਰ ਤੋਂ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦਾ ਕਹਿਣਾ ਹੈ ਕਿ ਕਾਲਜ ਵਿੱਚ ਸਭ ਕੁਝ ਪਾਰਦਰਸ਼ੀ ਹੈ ਤੇ ਕਿਸੇ ਤਰ੍ਹਾਂ ਦਾ ਘਪਲਾ ਨਹੀਂ ਹੋਇਆ। ਵਿਜੀਲੈਂਸ ਬਿਊਰੋ ਦੇ ਡੀਐਸਪੀ ਨੇ ਲਗਾਤਾਰ ਦੋ ਦਿਨ ਕਾਲਜ ਦਾ ਗੇੜਾ ਮਾਰਿਆ ਤੇ ਕੁਝ ਦਸਤਾਵੇਜ਼ ਮੰਗੇ, ਜੋ ਸੌਂਪ ਦਿੱਤੇ ਗਏ। ਉਂਜ ਉਨ੍ਹਾਂ ਕਿਹਾ ਕਿ ਵਿਜੀਲੈਂਸ ਨੂੰ ਪਹਿਲਾਂ ਕੇਸ ਦਰਜ ਕਰ ਲੈਣ ਦਿਉ, ਉਸ ਤੋਂ ਬਾਅਦ ਅਗਲੀ ਰਣਨੀਤੀ ਐਲਾਨਾਂਗਾ।
Related Topics: Badal Dal, Punjab Elections 2017 (ਪੰਜਾਬ ਚੋਣਾਂ 2017), Punjab Government, Punjab Politics, Punjab Polls 2017, Sher Singh Ghubaya