ਲੇਖ

‘1984 ਅਣਚਿਤਵਿਆ ਕਹਿਰ`: ਲਹੂ ਨਾਲ ਭਿੱਜੇ ਇਤਿਹਾਸ ਦੀ ਸਿਧਾਂਤਿਕ ਵਿਆਖਿਆ

March 5, 2018 | By

ਸ੍ਰ. ਅਵਤਾਰ ਸਿੰਘ ਯੂ. ਕੇ. ਦੀ ਸ੍ਰ. ਅਜਮੇਰ ਸਿੰਘ ਹੋਰਾਂ ਦੀ ਤੀਸਰੀ ਪੁਸਤਕ “1984 ਅਣਚਿਤਵਿਆਂ ਕਹਿਰ” ਬਾਰੇ ਹੇਠਲੀ ਲਿਖਤ ਪਾਠਕਾਂ ਨਾਲ ਦੁਬਾਰਾ ਸਾਂਝੀ ਕਰਨ ਦੀ ਖੁਸ਼ੀ ਲੈ ਰਹੇ ਹਾਂ।

ਸਿੱਖ ਸਿਧਾਂਤਕਾਰ ਸ. ਅਜਮੇਰ ਸਿੰਘ ਸਿੱਖ ਪੰਥ ਦੇ ਰਜਾਸੀ ਅਤੇ ਧਾਰਮਿਕ ਸੰਘਰਸ਼ ਦੀ ਸਿਧਾਂਤਕ ਵਿਆਖਿਆ ਕਰਦਿਆਂ ਆਪਣੀ ਤੀਜ਼ੀ ਅਤੇ ਬਹੁਮੁੱਲੀ ਕਿਤਾਬ ‘1984 ਅਣਚਿਤਵਿਆ ਕਹਿਰ’ ਨਾਲ ਪੰਥ ਦੇ ਵਿਹੜੇ ਵਿਚ ਜਿਹੜੀਆਂ ਗੱਲਾਂ ਅਤੇ ਤੱਥ ਪੇਸ਼ ਕੀਤੇ ਹਨ ਉਸ ਨਾਲ ਆਪਣੀਆਂ ਪਹਿਲੀਆਂ ਕਿਤਾਬਾਂ ਦੇ ਅਗਲੇ ਪੜਾਅ ਵਜੋਂ ਨੇ ਇਸ ਬਹੁਮੁੱਲੀ ਕਿਤਾਬ ਨਾਲ ਸਿੱਖ ਪੰਥ ਬੌਧਿਕ ਹਲਕਿਆਂ ਵਿਚ ਗੰਭੀਰ ਚਰਚਾ ਛੇੜ ਦਿੱਤੀ ਹੈ। 20ਵੀਂ ਸਦੀ ਦੇ ਸਿੱਖ ਸੰਘਰਸ਼ ਬਾਰੇ ਜਿਸ ਦਲੇਰੀ, ਸਿਧਾਂਤਕ ਸਪੱਸ਼ਟਤਾ ਅਤੇ ਜਿੰਨੀ ਵੱਡੀ ਬੌਧਿਕ ਮਿਹਨਤ ਨਾਲ ਆਪ ਜੀ ਨੇ ਸਿੱਖ ਵਲਵਿਆਂ ਨੂੰ ਪੇਸ਼ ਕੀਤਾ ਹੈ, ਉਹ ਕਿਸੇ ਦੇ ਸ਼ਬਦਾਂ ਦੇ ਮੁਹਤਾਜ਼ ਨਹੀਂ ਹਨ। ਕੌਮਾਂ ਦੇ ਇਤਿਹਾਸ ਵਿਚ ਕੁਝ ਘਟਨਾਵਾਂ ਅਜਿਹੀਆਂ ਵਾਪਰਦੀਆਂ ਹਨ, ਜੋ ਉਨ੍ਹਾਂ ਦੀ ਮਾਨਸਿਕਤਾ ਵਿਚ ਤਰਥੱਲੀ ਮਚਾ ਕੇ ਰੱਖ ਦੇਂਦੀਆਂ ਹਨ। ਕੁਝ ਹਾਦਸੇ, ਕੁਝ ਘੱਲੂਘਾਰੇ ਅਤੇ ਕੁਝ ਰਾਜਸੀ ਵਰਤਾਰੇ ਅਜਿਹੇ ਹੁੰਦੇ ਹਨ ਜੋ ਸਮੁੱਜੀ ਕੌਮ ਦੇ ਵਜੂਦ ਨੂੰ ਹਿਲਾ ਕੇ ਰੱਖ ਦੇਂਦੇ ਹਨ। ਅਜਿਹੇ ਵਰਤਾਰੇ ਕੌਮਾਂ ਦੇ ਸੋਚਣ, ਵਿਚਾਰਨ ਅਤੇ ਵਿਚਰਨ ਦੇ ਢੰਗ ਵਿਚ ਵੱਡੀਆਂ ਤਬਦੀਲੀਆਂ ਲਿਆ ਦੇਂਦੇ ਹਨ। ਜੂਨ 1984 ਅਤੇ ਨਵੰਬਰ 1984 ਦੇ ਲਹੂਭਿੱਜੇ ਵਰਤਾਰੇ ਸਿੱਖ ਇਤਿਹਾਸ ਦੀਆਂ ਅਜਿਹੀਆਂ ਇਤਿਹਾਸਕ ਘੜੀਆਂ ਹਨ, ਜਿਨ੍ਹਾਂ ਨੇ ਕੌਮ ਦੇ ਵਜੂਦ ਵਿਚ ਵੱਡੀ ਤਰਥੱਲੀ ਪਾ ਦਿੱਤੀ ਸੀ। ਇਨ੍ਹਾਂ ਦੋ ਘਟਨਾਵਾਂ ਨੇ ਹੀ ਸਹਿਜ ਵਿਚ ਜੀਅ ਰਹੀ ਸਿੱਖ ਕੌਮ ਦੇ ਸੋਚਣ ਅਤੇ ਵਿਚਾਰਨ ਦੇ ਢੰਗ ਵਿਚ ਵੱਡੀ ਤਬਦੀਲੀ ਲਿਆ ਦਿੱਤੀ ਸੀ। ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਜੂਨ 1984 ਤੋਂ ਪਹਿਲਾਂ ਬਤੀਤ ਹੋਈ ਜ਼ਿੰਦਗੀ ਬੇਅਰਥ ਹੋ ਗਈ ਹੋਵੇ ਅਤੇ ਪੰਥ ਦੀ ਸਮੁੱਚੀ ਜ਼ਿੰਦਗੀ ਅਤੇ ਵਜੂਦ ਦੇ ਅਰਥ ਹੀ ਬਦਲ ਗਏ ਹੋਣ। ਇਨ੍ਹਾਂ ਘਟਨਾਵਾਂ ਤੋਂ ਬਾਅਦ ਪਹਿਲੀ ਵਾਰ ਸਿੱਖਾਂ ਨੇ ਇਕਜੁੱਟ ਹੋ ਕੇ ਇਕ ਕੌਮ ਵਜੋਂ ਸੋਚਣਾ ਆਰੰਭ ਕੀਤਾ ਸੀ। ਭਾਵੇਂ ਉਹ ਕਿਸੇ ਵੀ ਰਾਜਨੀਤਕ ਜਾਂ ਧਾਰਮਿਕ ਧਾਰਾ ਦਾ ਸਿੱਖ ਸੀ, ਇਨ੍ਹਾਂ ਦੋ ਘਟਨਾਵਾਂ ਨੇ ਸਿੱਖ ਕੌਮ ਦੀ ਮਾਨਸਿਕਤਾ `ਤੇ ਬਹੁਤ ਗਹਿਰੇ ਫੱਟ ਲਾ ਦਿੱਤੇ ਸਨ। ਇਨ੍ਹਾਂ ਘਟਨਾਵਾਂ ਤੋਂ ਪਹਿਲਾਂ ਜਿਹੜੇ ਸਿੱਖ ਆਪਣੇ ਆਪ ਨੂੰ ਵਡੇਰੀ ਭਾਰਤੀ ਕੌਮ ਦਾ ਹਿੱਸਾ ਸਮਝਕੇ ਵਿਚਰ ਰਹੇ ਸਨ, ਪਹਿਲੀ ਵਾਰ ਇਸ ਕਥਿਤ ਕੌਮੀ ਸੰਕਲਪ ਤੋਂ ਆਪਣਾ ਪਿੱਛਾ ਛਡਾਉਂਦੇ ਪ੍ਰਤੀਤ ਹੋਣ ਲੱਗੇ।

ਸ. ਅਜਮੇਰ ਸਿੰਘ ਦੀਆਂ ਲਿਿਖਆਂ ਕਿਤਾਬਾਂ:( ਵੀਹਵੀਂ ਸਦੀ ਦੀ ਸਿੱਖ ਰਾਜਨੀਤੀ, ਕਿਸ ਬਿਧ ਰੁਲੀ ਪਾਤਿਸ਼ਾਹੀ, 1984: ਅਣਚਿਤਵਿਆ ਕਹਿਰ, ਸਿੱਖਾਂ ਦੀ ਸਿਧਾਂਤਕ ਘੇਰਾਬੰਦੀ, ਗਦਰੀ ਬਾਬੇ ਕੌਣ ਸਨ?, ਸ਼ਹੀਦ ਕਰਤਾਰ ਸਿੰਘ ਸਰਾਭਾ) ਮੰਗਵਾਉਣ ਲਈ ਇਹ ਪੰਨਾ ਖੋਲੋ।

ਸਿੱਖ ਇਤਿਹਾਸ ਦੇ ਇਹ ਅਜਿਹੇ ਪਲ ਸਨ, ਜਿਨ੍ਹਾਂ ਨੂੰ ਇਕ ਸੱਚੇ ਸਿੱਖ ਵਜੋਂ ਦੇਖਣ ਅਤੇ ਸਮਝਣ ਦੀ ਲੋੜ ਸੀ। ਇਤਿਹਾਸ ਦੇ ਸਿੱਖ ਵਿਦਿਆਰਥੀਆਂ ਲਈ ਇਹ ਪਲ ਬਹੁਤ ਚੁਣੌਤੀ ਭਰਪੂਰ ਅਤੇ ਬੇਦਰਦ ਹੋਣ ਦੇ ਨਾਲ ਨਾਲ ਵੱਡੇ ਸਬਕਾਂ ਨਾਲ ਭਰੇ ਪਏ ਸਨ। ਇਨ੍ਹਾਂ ਪਲਾਂ ਨੇ ਸਿੱਖ ਕੌਮ ਲਈ ਬਹੁਤ ਸਾਰੇ ਗੂੰਜਵੇਂ ਹੋਕੇ ਦਿੱਤੇ ਸਨ, ਜਿਨ੍ਹਾਂ ਨੂੰ ਸਮਝਣਾ ਅਤੇ ਭਵਿੱਖ ਦੀਆਂ ਸਿੱਖ ਪੀੜ੍ਹੀਆਂ ਲਈ ਸੰਭਾਲਣਾ ਸੁਚੇਤ ਇਤਿਹਾਸਕਾਰਾਂ ਦੀ ਜਿੰਮੇਵਾਰੀ ਸੀ। 1984 ਦੇ ਸਮੁੱਚੇ ਵਰਤਾਰੇ ਦਾ ਪਿਛੋਕੜ ਕੀ ਸੀ, ਸਿੱਖ ਪੰਥ ਦੀ ਆਪਣੇ ਸਭ ਤੋਂ ਮੁਕੱਦਸ ਅਸਥਾਨ ਸੀ੍ਰ ਹਰਿਮੰਦਰ ਸਾਹਿਬ ਪ੍ਰਤੀ ਕਿਹੋ ਜਿਹੀ ਸੀ ਅਤੇ ਉਸ ਮੁਕੱਦਸ ਅਸਥਾਨ ਦੀ ਪਵਿੱਤਰਤਾ ਲਈ ਸਿੱਖਾਂ ਦੇ ਮਨ ਵਿਚ ਕਿਹੋ ਜਿਹਾ ਜਜ਼ਬਾ ਅਤੇ ਸ਼ਹਾਦਤਾਂ ਦਾ ਚਾਓ ਪੈਦਾ ਹੁੰਦਾ ਹੈ। ਇਹ ਸਭ ਕੁਝ ਕੌਮ ਦੇ ਇਤਿਹਾਸਕ ਜਜ਼ਬਿਆਂ ਦੀ ਸਿਧਾਂਤਕ ਵਿਆਖਿਆ ਹੀ ਮੰਗ ਕਰਦਾ ਸੀ। ਇਨ੍ਹਾਂ ਲਹੂ ਨਾਲ ਭਿੱਜੇ ਸਾਕਿਆਂ ਨੂੰ 20ਵੀਂ ਸਦੀ ਵਿਚ ਵਰਤਾਉਣ ਦਾ ਕਾਰਨ ਕੀ ਸਨ? ਇਨ੍ਹਾਂ ਦੇ ਸਿੱਖ ਪੰਥ ਦੀ ਮਾਨਸਿਕਤਾ ਤੇ ਕਿਹੋ ਜਿਹੇ ਅਸਰ ਹੋਏ ਅਤੇ ਸਿੱਖ ਪੰਥ ਨੇ ਉਨ੍ਹਾਂ ਖੂਨੀ ਕਾਰਿਆਂ ਤੋਂ ਬਾਅਦ ਜੋ ਰਾਹ ਅਖਤਿਆਰ ਕੀਤਾ, ਉਸ ਦੇ ਸਿਧਾਂਤਕ ਕਾਰਨ ਕੀ ਸਨ। ਅਜਿਹੇ ਬਹੁਤ ਸਾਰੇ ਸਵਾਲ ਸਨ, ਜਿਨ੍ਹਾਂ ਦੀ 25 ਸਾਲਾਂ ਤੱਕ ਵੀ ਕੋਈ ਜਚਵੀ, ਦਲੇਰ ਅਤੇ ਸਿਧਾਂਤਕ ਵਿਆਖਿਆ ਕੌਮ ਦੇ ਵਿਦਵਾਨਾਂ ਤੋਂ ਪੇਸ਼ ਨਹੀਂ ਸੀ ਹੋਈ।

ਜੂਨ 1984 ਦੇ ਦੋਵਾਂ ਘੱਲੂਘਾਰਿਆਂ ਨੇ ਹਰ ਸ਼ਰਧਾਵਾਨ ਸਿੱਖ ਦੇ ਹਿਰਦੇ ਨੂੰ ਵਲੂੰਧਰ ਕੇ ਰੱਖ ਦਿੱਤਾ ਸੀ। ਇੰਦਰਾ ਭਗਤ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਖੁਸ਼ਵੰਤ ਸਿੰਘ ਵਰਗੇ ਸਿੱਖ ਨੇ ਉਸ ਦੀ ਪੀੜ ਨੂੰ ਮਹਿਸੂਸ ਕੀਤਾ। ਅਜਿਹੇ ਸਿੱਖਾਂ ਨੇ ਆਪਣੇ ਵਿੱਤ ਮੁਤਾਬਕ ਆਪਣਾ ਵਿਰੋਧ ਸਰਕਾਰ ਦੇ ਕਾਰਿਆਂ ਵਿਰੁੱਧ ਪ੍ਰਗਟਾਇਆ। ਪਰ ਬਹੁਤ ਸਾਰੇ ਅਜਿਹੇ ਸਿੱਖ ਸਨ, ਜਿਨ੍ਹਾਂ ਨੇ ਮਹਿਜ ਬਿਆਨ ਨਹੀਂ ਦਿੱਤੇ ਬਲਕਿ ਸਿੱਖ ਇਤਿਹਾਸ ਤੋਂ ਪ੍ਰੇਰਨਾ ਲੈ ਕੇ ਹਥਿਆਰਾਂ ਨੂੰ ਹੱਥ ਪਾ ਲਿਆ ਸੀ। ਖਾੜਕੂ ਸਿੱਖ ਲਹਿਰ ਦੇ ਆਗੂਆਂ ਲਈ ਭਾਈ ਦਲਜੀਤ ਸਿੰਘ, ਭਾਈ ਗੁਰਸ਼ਰਨ ਸਿੰਘ ਗਾਮਾ ਅਤੇ ਉਨ੍ਹਾਂ ਵਰਗੇ ਹਜ਼ਾਰਾਂ ਸਿੱਖਾਂ ਨੇ ਅਜਿਹੇ ਸਾਕਿਆਂ ਨੂੰ ਇਕ ਚੁਣੌਤੀ ਵਜੋਂ ਲਿਆ। ਭਾਈ ਦਲਜੀਤ ਸਿੰਘ ਅਨੁਸਾਰ ਇਨ੍ਹਾਂ ਘਟਨਾਵਾਂ ਨੇ ਸਾਡੇ ਵਜੂਦ ਦੇ ਨਾਲ ਨਾਲ ਸਾਡੀ ਰੂਹ ਨੂੰ ਵੀ ਛਿੱਲ ਕੇ ਰੱਖ ਦਿੱਤਾ ਸੀ। ਭਾਈ ਗੁਰਸ਼ਰਨ ਸਿੰਘ ਗਾਮਾ ਨੇ 1984 ਦੇ ਵਰਤਾਰੇ ਬਾਰੇ ਗੱਲ ਕਰਦਿਆਂ ਆਖਿਆ, ਇਸ ਤਰ੍ਹਾਂ ਲਗਦਾ ਸੀ ਜਿਵੇਂ ਦੁਸ਼ਮਣ ਸਾਡੇ ਦਰਵਾਜ਼ੇ `ਤੇ ਆ ਕੇ ਲਲਕਾਰ ਰਿਹਾ ਹੋਵੇ।

ਕੌਣ ਸੀ ਉਹ ਦੁਸ਼ਮਣ ਜੋ ਸਿੱਖ ਪੰਥ ਦੇ ਦਰਵਾਜ਼ੇ `ਤੇ ਆ ਕੇ ਖੂਨੀ ਲਲਕਾਰੇ ਮਾਰਨ ਲੱਗ ਪਿਆ ਸੀ ਅਤੇ ਇਤਿਹਾਸ ਦੀ ਉਹ ਕਿਹੜੀ ਰਵਾਇਤ ਸੀ ਜਿਸ ਤੋਂ ਪ੍ਰੇਰਨਾ ਲੈ ਕੇ ਪੰਥ ਨੇ ਉਸ ਦੁਸ਼ਮਣ ਨਾਲ ਟੱਕਰਨ ਦੀ ਠਾਣ ਲਈ ਸੀ? ਬੇਸ਼ੱਕ ਦੇਖਣ ਨੂੰ ਇਹ ਇਕ ਸਵਾਲ ਹੋ ਸਕਦਾ ਹੈ ਪਰ ਇਸ ਸਵਾਲ ਦੇ ਪਿੱਛੇ ਏਨਾ ਵੱਡਾ ਇਤਿਹਾਸ ਖੜ੍ਹਾ ਹੈ ਜਿਸ ਦੀ ਵਿਆਖਿਆ ਕਰਨ ਲਈ ਰਵਾਇਤੀ ਇਤਿਹਾਸਕਾਰੀਆਂ ਦੀਆਂ ਸਾਰੀਆਂ ਹੱਦਾਂ ਨੂੰ ਟੱਪਣ ਦੀ ਲੋੜ ਸੀ। ਸਿੱਖਾਂ ਦੇ ਦਰਵਾਜ਼ੇ `ਤੇ ਖੌਰੂ ਪਾ ਰਹੇ ਦੁਸ਼ਮਣ ਦਾ ਖੁਰਾ ਇਤਿਹਾਸ ਵਿਚੋਂ ਨੱਪਣ ਲਈ ਜਿਥੇ ਇਤਿਹਾਸਕਾਰ ਨੂੰ ਰੂਹਾਨੀ ਪੱਧਰ `ਤੇ ਸਿੱਖੀ ਦੇ ਧਾਰਮਿਕ ਜ਼ਜਬੇ ਨਾਲ ਇਕਮਿਕ ਹੋਣਾ ਪੈਣਾ ਸੀ, ਉਥੇ ਇਤਿਹਾਸ ਨੂੰ ਸਮਝਣ ਲਈ ਨਵੇਂ ਇਤਿਹਾਸ ਦੀ ਸੱਚੀ ਅਤੇ ਸੁੱਚੀ ਪਿਊਂਦ ਵੀ ਲਾਉਣੀ ਪੈਣੀ ਸੀ। ਰਵਾਇਤੀ ਇਤਿਹਾਸਕਾਰੀ ਇਸ ਵਰਤਾਰੇ ਦਾ ਭਾਰ ਝੱਲਣ ਦੇ ਯੋਗ ਨਹੀਂ ਸੀ। ਰਵਾਇਤੀ ਇਤਿਹਾਸਕਾਰ ਇਕ ਅਜਿਹੇ ਭੈਅ ਵਿਚ ਵਿਚਰ ਰਹੇ ਸਨ ਜਿਸ ਦੀ ਕੋਈ ਵਿਆਖਿਆ ਨਹੀਂ ਸੀ। ਭਾਰਤੀ ਸਟੇਟ ਦਾ ਭੈਅ ਜੋ ਲਗਾਤਾਰ ਉਨ੍ਹਾਂ ਦੇ ਜਜ਼ਬਿਆਂ ਅਤੇ ਦਲੀਲਾਂ ਦੇ ਸਾਹਮਣੇ ਲੋਹੇ ਦੀ ਕੰਧ ਵਾਂਗ ਆ ਖੜ੍ਹਾ ਹੁੰਦਾ ਸੀ। 1984 ਦੇ ਵਰਤਾਰੇ ਦੀ ਵਿਆਖਿਆ ਕਰਨ ਲਈ ਦੇਸ਼ ਭਗਤੀ ਦੇ ਗ੍ਰਹਿਣ ਤੋਂ ਛੁਟਕਾਰਾ ਪਾਉਣ ਅਤੇ ਅਣਦਿਸਦੇ ਭੈਅ ਨੂੰ ਸੱਚੇ ਸਿੱਖ ਵਾਂਗ ਟੱਕਰਨ ਦੀ ਲੋੜ ਸੀ।

ਸ. ਅਜਮੇਰ ਸਿੰਘ ਨੇ ਇਨ੍ਹਾਂ ਦੋਵਾਂ ਰਵਾਇਤੀ ਕਮਜ਼ੋਰੀਆਂ `ਤੇ ਕਾਬੂ ਪਾ ਕੇ ਅਤੇ ਇਕ ਸੱਚੇ ਸਿੱਖ ਵਾਂਗ ਸਿੱਖ ਇਤਿਹਾਸਕਾਰੀ ਦੇ ਰਾਹ ਵਿਚ ਆਉਣ ਵਾਲੀਆਂ ਬਰੂਦੀ ਪਹਾੜੀਆਂ ਨਾਲ ਟੱਕਰਨ ਦਾ ਪਹਿਲੀ ਵਾਰ ਜਿਗਰਾ ਕੀਤਾ ਹੈ। ਸਿਰਫ਼ ਇਸ ਕਿਤਾਬ ਰਾਹੀਂ ਹੀ ਨਹੀਂ ਬਲਕਿ ਆਪਣੀਆਂ ਪਹਿਲੀਆਂ ਦੋ ਕਿਤਾਬਾਂ (‘ਵੀਹਵੀਂ ਸਦੀ ਦੀ ਸਿੱਖ ਰਾਜਨੀਤੀ- ਇੱਕ ਗੁਲਾਮੀ ਤੋਂ ਦੂਜੀ ਗੁਲਾਮੀ ਤੱਕ’ ਅਤੇ ‘ਕਿਸ ਬਿਧੁ ਰੁਲੀ ਪਾਤਸ਼ਾਹੀ’) ਰਾਹੀਂ ਵੀ ਉਨ੍ਹਾਂ ਜਿਸ ਵਿਚ ਸਪੱਸ਼ਟਤਾ ਨਾਲ ਸਿੱਖ ਰਾਸ਼ਟਰਵਾਦ ਨੂੰ ਉਭਾਰ ਕੇ ਸਿੱਖਾਂ ਨੂੰ ਭਾਰਤੀ ਸਟੇਟ ਜਾਂ ਹਿੰਦੂਵਾਦ ਦੀ ਮਾਨਸਿਕ ਗੁਲਾਮੀ ਵਿਚੋਂ ਬਾਹਰ ਆਉਣ ਦਾ ਰਾਹ ਵਿਖਾਇਆ ਹੈ, ਉਹ ਆਪਣੇ ਆਪ ਵਿਚ ਹੀ ਇਕ ਮਿਸਾਲ ਹੈ।

ਸਿੱਖਾਂ ਦੇ ਖਿਲਾਫ਼ ਖੂਨੀ ਜੰਗ ਲੜਨ ਵਾਲਾ ਦੁਸ਼ਮਣ ਕੌਣ ਸੀ? ਖਾਲਸਾ ਪੰਥ ਕਿਸ ਭਾਵਨਾ ਨਾਲ ਉਸ ਦੁਸ਼ਮਣ ਦੇ ਖਿਲਾਫ਼ ਇਕ ਲੰਬੀ ਖੂਨੀ ਲੜਾਈ ਲੜਨ ਲਈ ਤਿਆਰ ਹੋ ਗਿਆ? ਅਜਿਹੇ ਬਹੁਤ ਸਾਰੇ ਸਵਾਲ ਖਾਲਸਾ ਪੰਥ ਦੇ ਮਨ ਵਿਚ ਲਗਾਤਾਰ ਉਸਲਵੱਟੇ ਲੈ ਰਹੇ ਸਨ। ਸਿੱਖਾਂ ਤੇ ਭਾਰਤੀ ਸਟੇਟ ਦਾ ਕਹਿਰ ਕਿਉਂ ਵਾਪਰਿਆ? ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਹਰਿਮੰਦਰ ਸਾਹਿਬ ਹਮੇਸ਼ਾ ਹੀ ਹਾਕਮਾਂ ਦੇ ਕਹਿਰ ਦਾ ਨਿਸ਼ਾਨਾ ਕਿਉਂ ਰਹੇ ਹਨ? ਕੀ ਸਿੱਖਾਂ ਖਿਲਾਫ਼ ਲੜੀ ਗਈ ਖੂਨੀ ਜੰਗ ਇਕ ਗੁਮਾਨੀ ਔਰਤ (ਇੰਦਰਾ ਗਾਂਧੀ)ਦੇ ਨਿੱਜੀ ਕਰੋਧ ਦਾ ਸਿੱਟਾ ਸੀ ਜਾਂ ਇਸ ਪਿੱਛੇ ਕੋਈ ਹੋਰ ਵੀ ਕਾਰਨ ਸਨ? ਸਿੱਖਾਂ ਖਿਲਾਫ਼ ਭਾਰਤੀ ਸਟੇਟ ਵੱਲੋਂ ਲੜੀ ਗਈ ਅਤੇ ਲੜੀ ਜਾ ਰਹੀ ਜੰਗ ਦੀਆਂ ਏਨੀਆਂ ਪਰਤਾਂ ਹਨ ਕਿ ਇਸ ਸਮੁੱਚੇ ਵਰਤਾਰੇ ਨੂੰ ਸਮਝਣ ਲਈ ਬਹੁਤ ਹੀ ਗਹਿਰ ਗੰਭੀਰ ਵਿਸ਼ਲੇਸ਼ਣ ਅਤੇ ਉਲਾਰਤਾ ਰਹਿਤ ਵਿਆਖਿਆ ਦੀ ਲੋੜ ਸੀ ਜੋ ਸਿੱਖ ਦੁਸ਼ਮਣ ਤਾਕਤਾਂ ਦੀ ਪੰਥ ਵਿਰੋਧੀ ਕੁਲਹਿਣੀ ਖੇਡ ਨੂੰ ਬੇਪਰਦ ਕਰ ਸਕੇ।

ਸ. ਅਜਮੇਰ ਸਿੰਘ ਨੇ ਪਹਿਲੀ ਵਾਰ ਸਿੱਖ ਵਿਰੋਧੀ ਭਾਰਤੀ ਜੰਗ ਦੇ ਇਸ ਇਤਿਹਾਸਕ ਵਰਤਾਰੇ ਨੂੰ ‘ਲੋਕਾਂ ਦਾ ਇਤਿਹਾਸਕਾਰ` ਬਣ ਕੇ ਸਮਝਣ ਅਤੇ ਪੇਸ਼ ਕਰਨ ਦਾ ਕਾਰਜ ਕੀਤਾ ਹੈ। ਭਾਰਤ ਦੇ ਸਮੁੱਚੇ ਇਤਿਹਾਸਕਾਰਾਂ, ਕਾਲਮਨਵੀਸਾਂ ਅਤੇ ਉਸ ਖੂਨੀ ਵਰਤਾਰੇ ਨਾਲ ਜੁੜੇ ਰਹੇ ਅਫ਼ਸਰਾਂ ਵੱਲੋਂ ਉਨ੍ਹਾਂ ਇਤਿਹਾਸਕ ਘਟਨਾਵਾਂ ਦੀ ਜੋ ਵਿਆਖਿਆ ਕੀਤੀ ਗਈ ਹੈ, ਉਸ ਵਿਚ ਭਾਰਤ ਸਰਕਾਰ ਦੇ ਸਿਰ `ਤੇ ਹੀ ਗੁੱਡੇ ਬੰਨ੍ਹੇ ਗਏ ਹਨ। ਇਕ ਸੱਚੇ ਸਿੱਖ ਵਾਂਗ ਕਿਸੇ ਨੇ ਵੀ ਸਿੱਖਾਂ ਦੇ ਦਰਦ ਅਤੇ ਵਲਵਲਿਆਂ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਕੋਈ ਵੀ ਇਤਿਹਾਸਕਾਰ ਭਾਰਤੀ ਸਟੇਟ ਦੀ ਲਛਮਣ ਰੇਖਾ ਨੂੰ ਲੰਘਣ ਦਾ ਜਿਗਰਾ ਨਹੀਂ ਕਰ ਸਕਿਆ। 1984 ਦੇ ਵਰਤਾਰੇ ਬਾਰੇ ਲਿਖੀਆਂ ਗਈਆਂ ਬਹੁਤੀਆਂ ਕਿਤਾਬਾਂ ਵਿਚੋਂ ਸਿੱਖ ਨੁਕਤਾ ਨਿਗਾਹ ਪੂਰੀ ਤਰ੍ਹਾਂ ਗਾਇਬ ਹੈ। ਹਰ ਇਤਿਹਾਸਕਾਰ ਲਈ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਇਕ ‘ਅੱਤਵਾਦੀ ਨੇਤਾ` ਹੀ ਰਹੇ ਹਨ। ਉਨ੍ਹਾਂ ਨੂੰ ਗੁਰੂ ਦੇ ਸੱਚੇ ਸਿੱਖ ਵਾਂਗ ਸਮਝਣ ਅਤੇ ਉਨ੍ਹਾਂ ਦੀ ਸਮੁੱਚੀ ਵਿਚਾਰਧਾਰਾ ਦੀ ਸਿਧਾਂਤਕ ਵਿਆਖਿਆ ਕਰਨ ਦਾ ਕਦੇ ਵੀ ਕੋਈ ਗੰਭੀਰ ਕਾਰਜ ਨਹੀਂ ਹੋਇਆ, ਕਿਉਂਕਿ ਸਰਕਾਰ ਨਾਲ ਦੁਸ਼ਮਣੀ ਮੁੱਲ ਲੈਣ ਦਾ ਕੋਈ ਵੀ ਜਿਗਰਾ ਨਹੀਂ ਕਰਨਾ ਚਾਹੁੰਦਾ। ਸ. ਅਜਮੇਰ ਸਿੰਘ ਨੇ ਆਪਣੀਆਂ ਪਹਿਲੀਆਂ ਕਿਤਾਬਾਂ ਵਾਂਗ ਇਸ ਤੀਜੀ ਕਿਤਾਬ ਵਿਚ ਵੀ 1984 ਦੇ ਇਤਿਹਾਸ ਦੀ ਸਿੱਖ ਵਿਆਖਿਆ ਪੇਸ਼ ਕਰਨ ਦਾ ਯਤਨ ਕੀਤਾ ਹੈ। ਲੀਕ ਤੋਂ ਹਟਵੀਂ ਵਿਆਖਿਆ ਪੇਸ਼ ਕਰਨ ਲਈ ਜਿਥੇ ਇਤਿਹਾਸਕਾਰ ਕੋਲ ਸੋਚ ਦੇ ਡੂੰਘੇ ਸਮੁੰਦਰਾਂ ਵਿਚ ਉਤਰਨ ਦੀ ਸਮਰਥਾ ਹੋਣੀ ਚਾਹੀਦੀ ਹੈ, ਉਥੇ ਆਪਣੇ ਲਿਖੇ ਹੋਏ ਸ਼ਬਦਾਂ `ਤੇ ਪਹਿਰਾ ਦੇਣ ਅਤੇ ਉਨ੍ਹਾਂ ਸ਼ਬਦਾਂ `ਤੇ ਪਹਿਰਾ ਦੇਂਦਿਆਂ ਹਰ ਕਿਸਮ ਦੇ ਕਹਿਰ ਦਾ ਸਾਹਮਣਾ ਕਰਨ ਦਾ ਜਿਗਰਾ ਹੋਣਾ ਚਾਹੀਦਾ ਹੈ। ਭਾਰਤ ਵਰਗੇ ਤੰਗ ਨਜ਼ਰ ਸਮਾਜ ਵਿਚ ਸਿੱਖਾਂ ਦਾ ਇਤਿਹਾਸਕਾਰ ਬਣ ਕੇ ਜੀਣਾ ਅਤੇ ਵਿਚਰਨਾ ਵੱਡੇ ਖਤਰੇ ਦਾ ਸਾਹਮਣਾ ਕਰਨ ਵਾਲੀ ਗੱਲ ਹੈ , ਪਰ ਸ.ਅਜਮੇਰ ਸਿੰਘ ਨੇ ਇਸ ਕਿਤਾਬ ਰਾਹੀਂ ਭਾਰਤੀ ਜਮਹੂਰੀਅਤ ਦੀਆਂ ਵਜੂਦ ਸਮੋਈਆਂ ਕਮਜ਼ੋਰੀਆਂ ਦੀ ਵਿਆਖਿਆ ਦੇ ਨਾਲ ਨਾਲ ਭਾਰਤੀ ਸਮਾਜ ਦੀ ਰਗ ਰਗ ਵਿਚ ਵਸੀ ਹੋਈ ਸਿੱਖ ਦੁਸ਼ਮਣੀ ਨੂੰ ਬਹੁਤ ਦਲੇਰੀ ਨਾਲ ਬੇਪਰਦ ਕੀਤਾ ਹੈ।

ਸੰਸਾਰ ਪ੍ਰਸਿੱਧ ਇਤਿਹਾਸਕਾਰ ਐਰਿਕ ਹੋਬਸਮ ਆਪਣੀ ਕਿਤਾਬ ‘ਇਤਿਹਾਸ ਬਾਰੇ` ਦੀ ਭੂਮਿਕਾ ਵਿਚ ਰਵਾਇਤੀ ਇਤਿਹਾਸਕਾਰਾਂ ਬਾਰੇ ਲਿਖਦੇ ਹੋਏ ਆਖਦੇ ਹਨ ਕਿ ਰਵਾਇਤੀ ਇਤਿਹਾਸਕਾਰ ਤਾਂ ਅਜਿਹੇ ਵੱਗ ਵਰਗੇ ਹੁੰਦੇ ਹਨ ਜੋ ਕਿਸੇ ਹੋਰ ਵੱਲੋਂ ਚਰੇ ਪੱਠਿਆਂ `ਤੇ ਹੀ ਮੂੰਹ ਮਾਰਦੇ ਰਹਿੰਦੇ ਹਨ।`

ਨਿਰਸੰਦੇਹ ਸ. ਅਜਮੇਰ ਸਿੰਘ ਨੇ ਕਿਸੇ ਵੱਲੋਂ ਚਰੇ ਹੋਏ ਪੱਠਿਆਂ `ਤੇ ਦੇ ਇਤਿਹਾਸ `ਤੇ ਬਿਲਕੁਲ ਵੀ ਮੂੰਹ ਨਹੀਂ ਮਾਰਿਆ। ਬਲਕਿ ਪੰਜਾਬ ਅਤੇ ਸਿੱਖਾਂ ਦੇ ਇਤਿਹਾਸ ਨੂੰ ਇਸ ਢੰਗ ਨਾਲ ਪੇਸ਼ ਕੀਤਾ ਹੈ ਕਿ ਸਾਨੂੰ ਇਤਿਹਾਸ ਦੀ ਸਮਝ ਆਉਣ ਲੱਗ ਪਈ ਹੈ। ਆਪਣੀਆਂ ਤਿੰਨੇ ਕਿਤਾਬਾਂ ਰਾਹੀਂ ਉਨ੍ਹਾਂ ਸਿੱਖਾਂ ਨੂੰ ‘ਇਤਿਹਾਸ ਦੀ ਸਮਝ` ਸਿਖਾਈ ਹੈ। ਇਤਿਹਾਸ ਹੁੰਦਾ ਕੀ ਹੈ? ਅਤੇ ਸਿਆਸੀ ਦਾਬੇ ਹੇਠ ਰਹਿ ਰਹੀ ਕੌਮ ਦੇ ਇਤਿਹਾਸ ਨਾਲ ਕਿਵੇਂ ਖਿਲਵਾੜ ਕਰ ਦਿੱਤਾ ਜਾਦਾ ਹੈ, ਉਨ੍ਹਾਂ ਇਸ ਰੂਝਾਨ ਦੀ ਨਿਡਰਤਾ ਨਾਲ ਪੇਸ਼ਕਾਰੀ ਕੀਤੀ ਹੈ।

ਆਖਿਆ ਜਾਂਦਾ ਹੈ ਕਿ ਜੇ ਇਤਿਹਾਸ ਦੇ ਅਧਿਐਨ ਦੀ ਲੋਅ ਕੌਮ ਦੇ ਭਵਿੱਖ ਨੂੰ ਸੰਵਾਰਨ ਦਾ ਰਾਹ ਦਰਸਾਵਾ ਨਹੀਂ ਬਣਦੀ ਤਾਂ ਅਜਿਹੇ ਇਤਿਹਾਸਕ ਅਧਿਐਨ ਦੀ ਕੋਈ ਲੋੜ ਨਹੀਂ ਹੈ। ਭਾਰਤੀ (ਹਿੰਦੂ) ਸਟੇਟ ਦੀ ਸਿੱਖਾਂ ਨਾਲ ਇਸ ਵੱਡੀ ਜੰਗ ਦੇ ਵਿਚਾਰਧਾਰਕ ਅਤੇ ਸਿੱਧਾਂਤਕ ਪਹਿਲੂ ਬਹੁਤ ਵਸੀਹ ਹਨ। ਜਿਨ੍ਹਾਂ ਦੀ ਬਹੁਤ ਹੀ ਸਪੱਸ਼ਟ ਅਤੇ ਵਿਚਾਰਧਾਰਕ ਵਿਆਖਿਆ ਦੀ ਲੋੜ ਹਮੇਸ਼ਾ ਹੀ ਮਹਿਸੂਸ ਹੁੰਦੀ ਰਹੀ ਹੈ। ਇਸ ਵਿਆਖਿਆ ਨੂੰ ਇਤਿਹਾਸਕ ਅਮਲ ਦੇ ਡੂੰਘੇ ਪਾਣੀਆਂ ਵਿਚ ਉਤਰਕੇ ਹੀ ਬੁਝਿਆ ਜਾ ਸਕਦਾ ਹੈ। ਹਿੰਦੂ ਸਟੇਟ ਦੀ ਸਿੱਖ ਦੁਸ਼ਮਣੀ ਦੀ ਵਜ੍ਹਾ ਦਾ ਗਿਆਨ ਸਿੱਖ ਪਾਠਕਾਂ ਤੱਕ ਪਹੁੰਚਾਉਣ ਲਈ ਬਹੁਤ ਕਰੜੀ ਮਿਹਨਤ ਦੀ ਲੋੜ ਸੀ, ਕਿਉਂਕਿ ਇਤਿਹਾਸਕ ਅਮਲ ਦੀਆਂ ਤੰਦਾਂ ਏਨੀਆਂ ਗੁੰਝਲਦਾਰ ਅਤੇ ਪੇਚੀਦਾ ਹਨ ਕਿ ਉਨ੍ਹਾਂ ਨੂੰ ਸਹਿਜੇ ਕੀਤਿਆਂ ਸੁਲਝਾ ਕੇ ਸਿੱਖ ਨੁਕਤਾ ਨਿਗਾਹ ਨੂੰ ਸਪੱਸ਼ਟ ਕਰਨਾ ਬਹੁਤ ਕਠਿਨ ਕਾਰਜ ਹੈ। 1984 ਅਤੇ ਉਸ ਤੋਂ ਬਾਅਦ ਵਾਪਰੇ ਘਟਨਾਕ੍ਰਮ ਦਾ ਕੇਂਦਰੀ ਨੁਕਤਾ ਸਿੱਖਾਂ ਨੂੰ ਕੌਮੀਅਤ ਦਾ ਅਹਿਸਾਸ ਕਰਵਾਉਣ ਦਾ ਸੀ। ਜਦੋਂ ਤੱਕ ਹਿੰਦੂ ਨੈਸ਼ਨਲਇਜ਼ਮ ਦੀ ਨੋਕ ਹੇਠ ਰਹਿ ਰਹੀ ਕੌਮ ਵਿਚ ਮਾਨਸਿਕ ਤੌਰ `ਤੇ ਸਿੱਖ ਨੈਸ਼ਨਲਇਜ਼ਮ ਦੀ ਚਿਣਗ ਨਹੀਂ ਜਾਗਦੀ, ਉਸ ਵੇਲੇ ਤੱਕ 20ਵੀਂ ਸਦੀ ਦੇ ਲਹੂ ਨਾਲ ਭਿੱਜੇ ਇਸ ਇਤਿਹਾਸਕ ਅਮਲ ਨੂੰ ਸਮਝਣਾ ਅਤੇ ਬੁਝਣਾ ਬਹੁਤ ਕਠਿਨ ਹੈ। ਸਿੱਖ ਨੈਸ਼ਨਲਇਜ਼ਮ ਦੇ ਵਿਚਾਰ ਦੀ ਪਕਿਆਈ ਤੋਂ ਬਗੈਰ ਲੰਘ ਚੁੱਕੇ ਇਤਿਹਾਸ ਦੀ ਰੌਸ਼ਨੀ ਵਿਚ ਸਿੱਖ ਕੌਮ ਦੇ ਭਵਿੱਖ ਨੂੰ ਤਰਾਸ਼ਣ ਦਾ ਕੰਮ ਹੋ ਹੀ ਨਹੀਂ ਸਕਦਾ। ਸ. ਅਜਮੇਰ ਸਿੰਘ ਨੇ ਆਪਣੀਆਂ ਤਿੰਨੇ ਕਿਤਾਬਾਂ ਰਾਹੀਂ ਬਿਨਾ ਕਿਸੇ ਉਲਾਰ ਭਾਵਨਾ ਦੇ ਅਤੇ ਬਹੁਤ ਹੀ ਇਮਾਨਦਾਰੀ ਨਾਲ ਸਿੱਖਾਂ ਵਿੱਚ ਕੌਮਵਾਦ ਦੀ ਰੁਚੀ ਨੂੰ ਅਤੇ ਇਸ ਦੇ ਸਿਧਾਂਤਿਕ ਪਹਿਲੂਆਂ ਨੂੰ ਸਪਸ਼ਟ ਕਰਨ ਦਾ ਵੱਡਾ ਯਤਨ ਕੀਤਾ ਹੈ। ਸ਼ਾਇਦ ਸਿੱਖ ਇਤਿਹਸਾਕਾਰੀ ਵਿੱਚ ਇਹ ਪਹਿਲਾ ਵੱਡਾ ਯਤਨ ਹੈ ਜਿਸ ਰਾਹੀਂ ਸਿੱਖ ਕੌਮਵਾਦ ਦੇ ਟੁੱਟਵੇਂ ਇਕਹਿਰੇ ਯਤਨਾਂ ਨੂੰ ਸੰਪੂਰਨ ਤੌਰ ਤੇ ਇਕਮਿਕ ਕਰਨ ਅਤੇ ਇਸ ਦੇ ਨਾਲ ਹੀ ਸਿੱਖ ਕੌਮਵਾਦ ਦੀਆਂ ਜੜ੍ਹਾਂ ਨੂੰ ਪੱਕੀਆਂ ਕਰਨ ਦਾ ਯਤਨ ਕੀਤਾ ਗਿਆ ਹੈ। ਲੇਖਕ ਦੀਆਂ ਪਹਿਲੀਆਂ ਦੋ ਕਿਤਾਬਾਂ ਵਾਂਗ ਹੀ ਇਹ ਤੀਜੀ ਕਿਤਾਬ ਵੀ ਪੈਰ ਪੈਰ ਤੇ ਸਿੱਖਾਂ ਵਿਚ ਉਨ੍ਹਾਂ ਦੀ ਵੱਖਰੀ ਕੌਮੀ ਪਹਿਚਾਣ ਨੂੰ ਪੱਕਾ ਕਰਨ ਦਾ ਇੱਕ ਨਿਮਾਣਾ ਜਿਹਾ ਪਰ ਬਹੁਤ ਗੰਭੀਰ ਯਤਨ ਹੀ ਹੈ।

ਹਿੰਦੂਆਂ ਨਾਲੋਂ ਵੱਖਰੀ ਕੌਮੀ ਹਸਤੀ ਦੇ ਮਾਲਕ ਸਿੱਖਾਂ ਦੀ ਹਿੰਦੂ ਸਟੇਟ ਨਾਲ ਵਿਚਾਰਧਾਰਕ ਅਤੇ ਸਿਆਸੀ ਜੰਗ ਦੇ ਘਟਨਾਕ੍ਰਮ ਨੁੰ ਇਸੇ ਸੰਦਰਭ ਤੋਂ ਪਰਿਭਾਸ਼ਿਤ ਕੀਤਾ ਗਿਆ ਹੈ। ਅਜਿਹਾ ਕਰਦਿਆਂ ਇਤਿਹਾਸਕਾਰ ਲਗਾਤਾਰ ਪੁਰਾਤਨ ਸਿੱਖ ਇਤਿਹਾਸ ਨਾਲ ਇਕਮਿਕ ਹੁੰਦਾ ਹੋਇਆ ਅੱਗੇ ਵਧਦਾ ਹੈ। ਉਸ ਦਾ ਆਪਣਾ ਵੀ ਕਥਨ ਹੈ ਕਿ ਇਸ ਗੁੰਝਲਦਾਰ ਇਤਿਹਾਸਕ ਅਮਲ ਦੀ ਪੈੜ ਨੱਪਣ ਲਈ ਲਗਾਤਾਰ ਪਿੱਛੇ ਜਾ ਕੇ ਅੱਗੇ ਵਧਣ ਦ ੇਅਮਲ ਦੌਰਾਨ ਉਹ ਆਪਣੇ ਕੇਂਦਰੀ ਧੁਰੇ ਤੋਂ ਜਾਂ ਕਮਜ਼ੋਰ ਹੋ ਜਾਣ ਦੀ ਰੁਚੀ ਆਪਣੇ ਤੇ ਭਾਰੂ ਹੋਣ ਦਿੱਤੀ ਹੈ।

ਸਮੁੱਚੇ ਥੀਸਸ ਨੂੰ ਪੇਸ਼ ਕਰਦਿਆਂ ਲੇਖਕ ਲਗਾਤਾਰ ਇਕੋ ਲੈਅ ਵਿਚ ਅੱਗੇ ਵਧਿਆ ਹੈ। ਹਿੰਦੂਆਂ ਨਾਲ ਸਿੱਖਾਂ ਦੇ ਇਤਿਹਾਸਕ ਵਖਰੇਵੇਂ ਨੂੰ ਸਪਸ਼ਟ ਕਰਕੇ ਹੀ ਉਸ ਨੇ ‘ਸ੍ਰੀ ਹਰਿਮੰਦਰ ਸਾਹਿਬ ਦੇ ਨਿਆਰੇ ਮਹੱਤਵ` ਨੂੰ ਚਿਤਰਿਆ ਹੈ ਅਤੇ ਇਸ ਮੁਕੱਦਸ ਅਸਥਾਨ ਦੀ ਪਵਿੱਤਰਤਾ ਲਈਜਿਸ ਚਾਅ ਨਾਲ ਸਿੱਖਾਂ ਨੇ ਅਤੀਤ ਵਿਚ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ ਉਸ ਦਾ ਵਰਨਣ ਕਰਦਾ ਹੋਇਆ ਲੇਖਕ ਸਿੱਖਾਂ ਦੇ ਅਤੀਤ ਨੂੰ ਵਰਤਮਾਨ ਨਾਲ ਜੋੜਦਾ ਹੈ ਅਤੇ ਹੁਣ ਤੱਕ 1984 ਵਿੱਚ ਸ੍ਰੀ ਹਰਿਮੰਦਰ ਸਾਹਿਬ ਉੱਤੇ ਹੋਏ ਭਾਰਤੀ ਹਮਲੇ ਦੀ ਚਲੀ ਆਉਂਦੀ ਰਵਾਇਤੀ ਵਿਆਖਿਆ ਦੇ ਉਸ ਨੇ ਸਿੱਖ ਇਤਿਹਾਸ ਦੀ ਰੌਸ਼ਨੀ ਵਿੱਚ ਪਰਖਚੇ ਉਡਾ ਦਿੱਤੇ ਹਨ। ਸਿਰਫ ਡੇਢ ਸੌ ਸਿੱਖਾਂ ਦੀ ਲਾਸਾਨੀ ਕੁਰਬਾਨੀ ਦੇ ਇਤਿਹਾਸਕ ਮਹੱਤਵ ਨੂੰ ਪਹਿਲੀ ਵਾਰ ਡੂੰਘੇ ਅਧਿਐਨ ਦਾ ਵਿਸ਼ਾ ਬਣਾ ਕੇ ਸ. ਅਜਮੇਰ ਸਿੰਘ ਨੇ ਅਤੀਤ ਦੇ ਸਿੱਖ ਇਤਿਹਾਸ ਦੀ ਵਿਆਖਿਆ ਵਰਤਮਾਨ ਦੀ ਰੌਸ਼ਨੀ ਵਿੱਚ ਕੀਤੀ ਹੈ ਅਤੇ ਵਰਤਮਾਨ ਨੂੰ ਅਤੀਤ ਨਾਲ ਮੇਲਕੇ ਪਰਿਭਾਸ਼ਿਤ ਕੀਤਾ ਹੈ।

1984 ਦੇ ਘੱਲੂਘਾਰੇ ਦੇ ਵਿਚਾਰਧਾਰਕ ਕਾਰਨਾਂ ਨੂੰ ਸਪਸ਼ਟ ਕਰਦਿਆਂ ਲੇਖਕ ਨੇ ਉਨ੍ਹਾਂ ਸਾਰੀਆਂ ਤਾਕਤਾਂ ਅਤੇ ਸ਼ਖਸ਼ੀਅਤਾਂ ਦੇ ਚਿਹਰੇ ਤੋਂ ਨਕਾਬ ਲਾਹੇ ਹਨ ਜੋ ਪਰਦੇ ਪਿੱਛੇ ਰਹਿਕੇ ਸਿੱਖਾਂ ਖਿਲਾਫ਼ ਇਕ ਅਣ ਐਲਾਨੀ ਜੰਗ ਲੜ ਰਹੀਆਂ ਹਨ। ਇਸ ਯਤਨ ਦੌਰਾਨ ਉਨ੍ਹਾਂ ਨੇ ਉਚ ਜਾਤੀ ਹਿੰਦੂ ਦੀ ਮਾਨਸਿਕਤਾ ਦਾ ਗੰਭੀਰ ਅਧਿਐਨ ਕੀਤਾ ਹੈ ਅਤੇ ਸਿੱਖਾਂ ਦੇ ਖਿਲਾਫ ਪੂਰੇ ਹਿੰਦੁਸਤਾਨ ਵਿੱਚ ਪੈਦਾ ਹੋਈ ਆਮ ਸਹਿਮਤੀ ਨੂੰ ਪਹਿਲੀ ਵਾਰ ਉਭਾਰਿਆ ਹੈ। ਇਸ ਤੋਂ ਪਹਿਲਾਂ ਤਾਂ ਇਹੀ ਆਖਿਆ ਜਾ ਰਿਹਾ ਸੀ ਕਿ ਸਿੱਖਾਂ ਖਿਲਾਫ ਜੰਗ ਸੀ, ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਇਸ ਨੂੰ ਸਿਰਫ ਕਾਂਗਰਸ ਪਾਰਟੀ ਦੀ ਸਿੱਖ ਵਿਰੋਧੀ ਜੰਗ ਬਣਾ ਦਿੱਤਾ ਹੈ। ਉਸੇ ਤਰਜ਼ ਤੇ ਚਲਦਿਆਂ ਲਗਭਗ ਸਾਰੇ ਇਤਿਹਸਕਾਰਾਂ ਨੇ ਬਾਕੀ ਦੇ ਹਿੰਦੂ ਭਾਈਚਾਰੇ ਅਤੇ ਬਾਕੀ ਦੀਆਂ ਹਿੰਦੂ ਪਾਰਟੀਆਂ ਨੂੰ ਪੂਰੀ ਤਰ੍ਹਾਂ ਬਚਾ ਹੀ ਲਿਆ ਹੈ। ਆਮ ਤੌਰ ਤੇ ਤਾਂ ਇਹੋ ਹੀ ਗੱਲ ਪ੍ਰਚਲਿਤ ਕਰ ਦਿੱਤੀ ਗਈ ਹੈ ਕਿ ਆਮ ਹਿੰਦੂ ਦੀ ਸਿੱਖਾਂ ਨਾਲ ਕੋਈ ਦੁਸ਼ਮਣੀ ਨਹੀਂ ਸੀ ਅਤੇ ਕਿ ਬਹੁਤ ਸਾਰੇ ਹਿੰਦੂ ਤਾਂ ਸਿੱਖਾਂ ਨਾਲ ਹਮਦਰਦੀ ਕਰਦੇ ਸਨ ਪਰ ਉਸ ਘੱਲੂਘਾਰੇ ਦੇ 25 ਸਾਲ ਬਾਅਦ ਪੰਜਾਬ ਵਿਚ ਹੋਏ ਕਤਲੇਆਮ ਜਾਂ ਦਿੱਲੀ ਵਿਚ ਹੋਏ ਸਿੱਖਾਂ ਦੇ ਕਤਲੇਆਮ ਦਾ ਇਕ ਵੀ ਗੈਰ ਸਿੱਖ ਗਵਾਹ ਅੱਗੇ ਨਹੀਂ ਆਇਆ।

ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਤਬਾਹ ਕਰਕੇ ਅਤੇ ਹਜ਼ਾਰਾਂ ਸਿੱਖਾਂ ਨੂੰ ਕਤਲ ਕਰਕੇ ਵੀ ਹਿੰਦੂ ਮਨ ਦੀ ਪਿਆਸ ਨਹੀਂ ਸੀ ਬੁਝੀ ਕਿ ਉਸ ਨੇ ‘ਅਪ੍ਰੇਸ਼ਨ ਵੁਡਰੋਜ਼’ ਰਾਹੀਂ ਪੰਜਾਬ ਵਿਚ ਸਿੱਖਾਂ ਦੇ ਕਤਲੇਆਮ ਦੀ ਮੁਹਿੰਮ ਚਲਾ ਦਿੱਤੀ। ਸਿੱਖਾਂ ਨੂੰ ਦਹਿਸ਼ਤਗਰਦ ਗਰਦਾਨ ਕੇ ਕਾਤਲ ਕਾਨੂੰਨਾਂ ਦੀ ਆੜ ਵਿੱਚ ਜਿਵੇਂ ਸਿੱਖ ਕਤਲੇਆਮ ਦਾ ਰਾਹ ਪੱਧਰਾ ਕੀਤਾ ਗਿਆ ਅਤੇ ਸਿੱਖਾਂ ਨੇ ਕੇਸਾਧਾਰੀ ਸਿੱਖ ਹੋਣ ਦੇ ਨਾਤੇ ਉਸ ਵੇਲੇ ਜਿਹੋ ਜਿਹੇ ਜ਼ਖ਼ਮ ਆਪਣੀ ਜ਼ਮੀਰ ਤੇ ਸਹੇ ਉਸ ਅਣਕਹੇ ਇਤਿਹਾਸ ਦੀ ਵਾਰਤਾ ਲੇਖਕ ਨੇ ਪੂਰੇ ਜਬਤ ਵਿੱਚ ਰਹਿਕੇ ਅਤੇ ਸਿੱਖ ਹਿਰਦੇ ਵਿੱਚ ਡੂੰਘਾ ਉਤਰਕੇ ਲਿਖੀ ਹੈ।

ਸ. ਅਜਮੇਰ ਸਿੰਘ ਨੇ ਨਵੰਬਰ 1984 ਵਿੱਚ ਹੋਈਆਂ ਆਮ ਚੋਣਾਂ ਦੌਰਾਨ ਹਿੰਦੂ ਭਾਈਚਾਰੇ ਵੱਲੋਂ ਰਾਜੀਵ ਗਾਂਧੀ ਦੇ ਹੱਕ ਵਿੱਚ ਪਈਆਂ ਬੇਸ਼ੁਮਾਰ ਵੋਟਾਂ ਦੀ ਮਿਸਾਲ ਦੇ ਕੇ ਅਤੇ ਸਮੁੱਚੇ ਭਾਰਤੀ ਮੀਡੀਆ ਦੀ ਸਿੱਖ ਜੰਗ ਵਿੱਚ ਭਾਰਤ ਸਰਕਾਰ ਨਾਲ ਖੜ੍ਹਨ ਦੀ ਕਵਾਇਦ ਤੋਂ ਸਹੀ ਸਿੱਟੇ ਕੱਢਦਿਆਂ ਸਪਸ਼ਟ ਕੀਤਾ ਹੈ ਕਿ ਭਾਰਤੀ ਸਟੇਟ ਦੀ ਸਿੱਖਾਂ ਖਿਲਾਫ ਜੰਗ ਦੌਰਾਨ ਸਮੁੱਚੇ ਹਿੰਦੂ ਭਾਈਚਾਰੇ ਵਿੱਚ ਆਮ ਸਹਿਮਤੀ ਸੀ ਅਤੇ ਹਰ ਰੰਗ ਦਾ ਹਿੰਦੂ ਆਪਣੇ ਸਾਰੇ ਸਿਆਸੀ ਮੱਤਭੇਦ ਭੁੱਲ ਕੇ ਸਿੱਖਾਂ ਖਿਲਾਫ ਡੱਟਕੇ ਲੜਿਆ ਭਾਵੇਂ ਉਹ ਲੜਾਈ ਵਿਚਾਰਾਂ ਦੀ ਪੱਧਰ ਤੇ ਹੀ ਕਿਉਂ ਨਹੀਂ ਸੀ।

ਨਵੰਬਰ 1984 ਵਿੱਚ ਹੋਏ ਸਿੱਖ ਕਤਲੇਆਮ ਬਾਰੇ ਵੀ ਰਵਾਇਤੀ ਤੌਰ ਤੇ ਇਹ ਗੱਲ ਪ੍ਰਚੱਲਤ ਕੀਤੀ ਗਈ ਹੈ ਕਿ ਉਹ ਲੋਕਾਂ ਦਾ ਆਪ ਮੁਹਾਰਾ ਪ੍ਰਤੀਕਰਮ ਸੀ ਪਰ ਸ. ਅਜਮੇਰ ਸਿੰਘ ਨੇ ਪਹਿਲੀ ਵਾਰ ਇਕ ਇਕ ਪਲ ਦੀ ਜਾਣਕਾਰੀ ਇਕੱਠੀ ਕਰਕੇ ਇਹ ਸਪਸ਼ਟ ਕੀਤਾ ਹੈ ਕਿ ਨਵੰਬਰ 1984 ਦਾ ਕਤਲੇਆਮ ਆਪ ਮੁਹਾਰਾ ਨਹੀਂ ਸੀ ਬਲਕਿ ਯੋਜਨਾਬੱਧ ਸੀ। 31 ਅਕਤੂਬਰ ਨੂੰ ਸਿੱਖਾਂ ਖਿਲਾਫ ਜੋ ਆਪ ਮੁਹਾਰਾ ਪ੍ਰਤੀਕਰਮ ਹੋਇਆ ਉਸ ਵਿਚ ਕਿਸੇ ਵੀ ਸਿੱਖ ਨੂੰ ਕਤਲ ਨਹੀਂ ਕੀਤਾ ਗਿਆ ਬਲਕਿ 1 ਨਵੰਬਰ ਤੋਂ ਪੂਰੀ ਯੋਜਨਾਬੰਦੀ ਨਾਲ ਇਹ ਕਤਲੇਆਮ ਅਤੇ ਜਲਾਲਤ ਦਾ ਧੰਦਾ ਆਰੰਭ ਕੀਤਾ ਗਿਆ। ਉਸ ਕਤਲੇਆਮ ਦੌਰਾਨ ਸਿੱਖਾਂ ਨੂੰ ਸਪਸ਼ਟ ਰੂਪ ਵਿੱਚ ਦੇਸ਼ ਦੇ ਦੁਸ਼ਮਣ ਮਿਥਕੇ ਨਿਸ਼ਾਨਾ ਬਣਾਇਆ ਗਿਆ। ਸਿੱਖ ਮਰਦਾਂ ਦੇ ਕਤਲੇਆਮ ਦੇ ਦਰਦਨਾਕ ਵਾਕਿਆਤ ਦੇ ਨਾਲ ਹੀ ਸਿੱਖ ਬੀਬੀਆਂ ਦੀ ਬੇਪਤੀ ਦਾ ਜੋ ਮਾਨਸਿਕ ਹੱਲਾ ਸਿੱਖਾਂ ਤੇ ਕੀਤਾ ਗਿਆ ਉਸ ਦੇ ਡੂੰਘੇ ਇਤਿਹਾਸਕ ਪਹਿਲੂਆਂ ਨੂੰ ਵੀ ਲੇਖਕ ਨੇ ਸਿੱਖ ਕੌਮਵਾਦ ਦੇ ਸੰਦਰਭ ਤੋਂ ਪਰਿਭਾਸ਼ਤ ਕੀਤਾ ਹੈ। ਰਾਜੀਵ ਗਾਂਧੀ ਅਤੇ ਇੰਦਰਾ ਗਾਂਧੀ ਦੇ ਖਾਸਮ ਖਾਸ ਅਰੁਣ ਨਹਿਰੂ ਦੀ ਸਿੱਖ ਕਤਲੇਆਮ ਵਿੱਚ ਭੂਮਿਕਾ ਦੇ ਨਾਲ ਹੀ ਵਿਦਵਾਨ ਲੇਖਕ ਨੇ ਭਾਰਤੀ ਅਦਾਲਤੀ ਢਾਂਚੇ ਦੇ ਨੰਗ ਨੂੰ ਵੀ ਸਾਹਮਣੇ ਲਿਆਂਦਾ ਹੈ। ਰੰਗਨਾਥ ਮਿਸ਼ਰਾ ਕਮਿਸ਼ਨ ਦੇ ਨਾਂ ਥੱਲੇ ਚੱਲੇ ਡਰਾਮੇ ਦੀ ਅਸਲੀਅਤ, ਰੰਗਨਾਥ ਮਿਸ਼ਰਾ ਦੇ ਆਪਣੇ ਕਿਰਦਾਰ ਦੇ ਨਾਲ ਨਾਲ ਲੇਖਕ ਨੇ 1984 ਦੇ ਕਤਲੇਆਮ ਦੀ ਨਿਰਪੱਖ ਸੁਣਵਾਈ ਰੋਕਣ ਲਈ ਰਾਤੋ ਰਾਤ ਬਦਲੇ ਗਏ ਜੱਜਾਂ ਦੀ ਅਸਲੀਅਤ ਬਿਆਨ ਕਰਕੇ ਹਿੰਦੂ ਸਟੇਟ ਦੇ ਸਿੱਖ ਵਿਰੋਧੀ ਮਨਸ਼ਿਆਂ ਨੂੰ ਬਾਖੂਬੀ ਸਪਸ਼ਟ ਕੀਤਾ ਹੈ।

1971 ਦੀ ਜੰਗ ਤੋਂ ਬਾਅਦ ਜਦੋਂ ਭਾਰਤ ਵਿਚ ਪਾਕਿਸਤਾਨ ਦੇ ਖਿਲਾਫ ਨਫ਼ਰਤ ਦਾ ਗਰੂਰ ਸਿਖਰਾਂ ਤੇ ਸੀ ਉਸ ਵੇਲੇ ਕਾਂਗਰਸ ਪਾਰਟੀ ਨੇ ਆਮ ਚੋਣਾਂ ਵਿਚ 352 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਸੀ ਪਰ 1984 ਵਿੱਚ ਸਿੱਖਾਂ ਖਿਲਾਫ ਜੰਗ ਲੜਨ ਤੋਂ ਬਾਅਦ ਕਾਂਗਰਸ ਪਾਰਟੀ ਨੂੰ ਭਾਰਤੀ ਲੋਕਾਂ ਨੇ 401 ਸੀਟਾਂ ਤੇ ਜਿੱਤ ਦਿਵਾ ਕੇ ਆਪਣੇ ਸਿੱਖ ਵਿਰੋਧੀ ਇਰਾਦਿਆਂ ਨੂੰ ਸਪਸ਼ਟ ਕਰ ਦਿੱਤਾ ਸੀ। ਆਮ ਹਿੰਦੂ ਦੀ ਇਹ ਸਿੱਖ ਵਿਰੋਧੀ ਮਾਨਸਿਕਤਾ ਸਿੱਖਾਂ ਲਈ ਕੀ ਸੰਦੇਸ਼ ਦੇਂਦੀ ਹੈ ਸ਼ਾਇਦ ਇਸ ਦੀ ਵਿਆਖਿਆ ਕਰਨ ਦੀ ਲੋੜ ਨਹੀਂ ਹੈ। ਇਸੇ ਤਰ੍ਹਾਂ ਜੂੰਅ ਦੀ ਚਾਲੇ ਚੱਲ ਰਹੀ ਇਨਸਾਫ ਦੀ ਚਾਲ ਅਤੇ ਅਦਾਲਤੀ ਪ੍ਰਕਿਰਿਆ ਸਿੱਖਾਂ ਨੂੰ ਕੀ ਸੰਦੇਸ਼ ਦੇਂਦੀ ਹੈ। ਇਸ ਦੀ ਵੀ ਸ਼ਾਇਦ ਹੁਣ ਵਿਆਖਿਆ ਕਰਨ ਦੀ ਲੋੜ ਨਹੀਂ ਰਹੀ ਸਿੱਖਾਂ ਨੂੰ ਇਹ ਗੱਲ ਆਪ ਹੀ ਸਮਝ ਲੈਣੀ ਚਾਹੀਦੀ ਹੈ ਕਿ ਉਨ੍ਹਾਂ ਦੀ ਮੁਲਕ ਵਿੱਚ ਕੀ ਵੁੱਕਤ ਹੈ।

ਸਦੀਆਂ ਤੋਂ ਮਨਾਇਆ ਜਾਂਦਾ ਦੀਵਾਲੀ ਦਾ ਤਿਉਹਾਰ 1984 ਵਿੱਚ ਪਹਿਲੀ ਵਾਰ ਸਿੱਖਾਂ ਅਤੇ ਹਿੰਦੂਆਂ ਲਈ ਵੱਖੋ ਵੱਖਰੇ ਅਰਥ ਲੈ ਕੇ ਆਇਆ ਸੀ। 1984 ਦੀ ਦੀਵਾਲੀ ਨੂੰ ਜਿਥੇ ਸਿੱਖਾਂ ਦੇ ਬਹੁਤੇ ਘਰਾਂ ਵਿਚ ਇਕ ਵੀ ਦੀਵਾ ਨਾ ਜਗਿਆ ਉਥੇ ਹਿੰਦੂਆਂ ਨੇ ਇੱਕ ਜੇਤੂ ਕੌਮ ਦੇ ਗਰੂਰ ਨਾਲ ਦੀਵਾਲੀ ਮਨਾਈ। ਉਨ੍ਹਾਂ ਦੇ ਮਨ ਵਿੱਚ ਪਲ ਪਲ ਦੁਖ ਸਹਿ ਰਹੀ ਸਿੱਖ ਕੌਮ ਦੀ ਵੇਦਨਾ ਨੂੰ ਮਹਿਸੂਸ ਕਰਨ ਦਾ ਰੱਤੀ ਭਰ ਵੀ ਮਾਦਾ ਨਹੀਂ ਸੀ ਬਚਿਆ। ਸਿੱਖ ਜਿੱਥੇ ਉਸ ਦਿਨ ਖਾਮੋਸ਼ ਬੈਠੇ ਸਨ ਉੱਥੇ ਹਿੰਦੂਆਂ ਦੇ ਘਰਾਂ ਵਿੱਚ ਦੇਸੀ ਘਿਓ ਦੇ ਦੀਵੇ ਜਗ ਰਹੇ ਸਨ।

ਇਹੋ ਹੀ ਉਹ ਫਰਕ ਸੀ ਜਿਸ ਨੂੰ ਸੰਤ ਜਰਨੈਲ ਸਿੰਘ ਜੀ ਦੀ ਰੂਹਾਨੀ ਨਜ਼ਰ ਨੇ ਬਹੁਤ ਚਿਰ ਪਹਿਲਾਂ ਪਹਿਚਾਣ ਲਿਆ ਸੀ ਅਤੇ ਜਿਸ ਸੱਚ ਦਾ ਪਾਰ ਪਾਕੇ ਹੀ ਉਨ੍ਹਾਂ ਸਿੱਖਾਂ ਨੂੰ ਜਾਗਰਿਤ ਕਰਨ ਦੀ ਆਪਣੀ ਨੈਤਿਕ ਜ਼ਿੰਮੇਵਾਰੀ ਨਿਭਾਉਣ ਦਾ ਨਿਮਾਣਾਂ ਜਿਹਾ ਯਤਨ ਕੀਤਾ ਸੀ। ਸੰਤ ਜਰਨੈਲ ਸਿੰਘ ਜੀ ਦੀ ਜਿਸ ਰੂਹਾਨੀ ਨਜ਼ਰ ਨੇ ਸਿੱਖਾਂ ਨਾਲ ਭਵਿੱਖ ਵਿੱਚ ਹੋਣ ਵਾਲੀ ਅਣਹੋਣੀ ਨੂੰ ਪਹਿਚਾਣ ਕੇ ਧਰਮਯੁੱਧ ਆਰੰਭ ਕੀਤਾ ਸੀ ਸ.ਅਜਮੇਰ ਸਿੰਘ ਨੇ ਉਸੇ ਹੀ ਵਿਚਾਰ ਦੀ ਸਿਧਾਂਤਿਕ ਵਿਆਖਿਆ ਕਰਨ ਦਾ ਯਤਨ ਕੀਤਾ ਹੈ। ਸੰਤ ਜਰਨੈਲ ਸਿੰਘ ਨੇ ਜਿਸ ਸੱਚ ਨੂੰ ਬੁੱਝਿਆ ਸੀ ਸ੍ਰ ਅਜਮੇਰ ਸਿੰਘ ਨੇ ਉਸ ਸੱਚ ਨੂੰ ਪਰਿਭਾਸ਼ਤ ਕੀਤਾ ਹੈ। ਸਿੱਖ ਇਤਿਹਾਸ ਦੇ ਅਮਲ ਨੂੰ ਕਲਮਬੱਧ ਕਰਦਿਆਂ ਸ. ਅਜਮੇਰ ਸਿੰਘ ਨੇ ਰਵਾਇਤੀ ਇਤਿਹਾਸਕਾਰਾਂ ਦੇ ਵੱਗ ਦਾ ਹਿੱਸਾ ਬਣਨ ਨੂੰ ਤਰਜੀਹ ਨਹੀ ਦਿੱਤੀ ਬਲਕਿ ਸਿੱਖ ਇਤਿਹਾਸ ਨੂੰ ਇੱਕ ਬਿਲਕੁਲ ਹੀ ਵੱਖਰੇ ਮੁਕਾਮ ਤੋਂ ਪੇਸ਼ ਕੀਤਾ ਹੈ। ਉਨ੍ਹਾਂ ਮਹਿਜ਼ ਇਤਿਹਾਸਕਾਰੀ ਨਹੀ ਕੀਤੀ ਬਲਕਿ ਇਤਿਹਾਸ ਦੇ ਫਲਸਫੇ ਨੂੰ ਚਿਤਰਿਆ ਹੈ। ਨਿਰਸੰਦੇਹ ਸ. ਅਜਮੇਰ ਸਿੰਘ ਨੇ ਆਪਣੀਆਂ ਤਿੰਨੇ ਕਿਤਾਬਾਂ ਨਾਲ ਸਿੱਖ ਇਤਿਹਾਸ ਦੇ ਬਿਲਕੁਲ ਹੀ ਨਿਆਰੇ ਅਤੇ ਪਵਿੱਤਰ ਰਾਹ ਨੂੰ ਪੇਸ਼ ਕੀਤਾ ਹੈ ਇਸ ਇਤਿਹਾਸ ਦੀ ਵਿਚਾਰਧਾਰਾ ਦਾ ਹਿੰਦੂਆਂ ਨਾਲ ਕੋਈ ਵੀ ਲਾਗਾਦੇਗਾ ਨਹੀ ਹੈ। ਇਹ ਪੂਰਨ ਰੂਪ ਵਿੱਚ ਖਾਲਸਾ ਪੰਥ ਦਾ ਇਤਿਹਾਸ ਹੈ। ਇਹ ਇਤਿਹਾਸ ਏਨਾ ਖਰਾ ਅਤੇ ਨਿਡਰ ਹੈ ਕਿ ਇਸ ਉੱਤੇ ਕਿਸੇ ਵੀ ਸਟੇਟ ਦੀ ਧੌਂਸ ਜਾਂ ਸਵੈਸਿਰਜੀ ਸੈਂਸਰਸ਼ਿੱਪ ਨਜ਼ਰ ਨਹੀ ਆਉਂਦੀ। ਆਪਣੇ ਹੁਣ ਤੱਕ ਦੇ ਕਾਰਜ ਨਾਲ ਵਿਦਵਾਨ ਲੇਖਕ ਨੇ ‘ਸਕੂਲ ਆਫ ਰੈਡੀਕਲ ਸਿੱਖ ਬਾਟ` ਦੀ ਨੀਹ ਰੱਖ ਦਿੱਤੀ ਹੈ। ਭਵਿੱਖ ਦੇ ਸਿੱਖ ਇਤਿਹਾਸਕਾਰਾਂ ਲਈ ਆਪ ਨੇ ਪੈੜ ਸਿੱਧੀ ਕਰ ਦਿੱਤੀ ਹੈ। ਅਗਲੀ ਜਿੰਮੇਵਾਰੀ ਭਵਿੱਖ ਦੇ ਇਤਿਹਾਸਕਾਰਾਂ ਸਿਰ ਆਉਂਦੀ ਹੈ ਕਿ ਉਨ੍ਹਾਂ ਨੇ ਇਸ ਸੋਚ ਦੀਆਂ ਜੜ੍ਹਾਂ ਕਿੰਨੀਆਂ ਮਜਬੂਤ ਕਰਨੀਆਂ ਹਨ।

ਲੇਖਕ ਨੇ ਸਿਰਫ਼ ਇਤਿਹਾਸ ਦੇ ਗੁੰਝਲਦਾਰ ਵਰਤਾਰੇ ਦੀਆਂ ਤਣੀਆਂ ਹੀ ਸਿੱਧੀਆਂ ਨਹੀ ਕੀਤੀਆਂ ਬਲਕਿ ਸਮੁੱਚੇ ਇਤਿਹਾਸ ਨੂੰ ਪੇਸ਼ ਕਰਨ ਦੀ ਸ਼ੈਲੀ ਅਤੇ ਵਰਤੀ ਗਈ ਭਾਸ਼ਾ ਵਿੱਚ ਵੀ ਉਨ੍ਹਾਂ ਦਾ ਕੋਈ ਸਾਨੀ ਨਹੀ ਹੈ। ਭਾਸ਼ਾ ਦੀ ਰਵਾਨਗੀ ਏਨੀ ਸਾਵੀਂ ਹੈ ਕਿ ਕਿਤੇ ਵੀ ਪਾਠਕ ਆਪਣੇ ਧੁਰੇ ਤੋਂ ਟੁੱਟਦਾ ਮਹਿਸੂਸ ਨਹੀ ਹੁੰਦਾ।

ਲੇਖਕ ਦੀ ਇਸ ਤੀਜੀ ਕਿਤਾਬ ਨੂੰ ਪੜ੍ਹਨ ਤੋਂ ਬਾਅਦ ਇਹ ਆਖਿਆ ਜਾ ਸਕਦਾ ਹੈ ਕਿ ਉਹ ਇੱਕ ਸ਼ਾਂਤ ਵਗਦੇ ਦਰਿਆ ਵਰਗਾ ਹੈ, ਜੋ ਨਾ ਤਾਂ ਕਿਧਰੇ ਵੀ ਖੌਰੂ ਪਾਊਂਦਾ ਹੈ ਅਤੇ ਨਾ ਹੀ ਆਪਣੀ ਮਤਵਾਲੀ ਚਾਲ ਨੂੰ ਛੱਡਦਾ ਹੈ। ਸੱਚਮੁੱਚ ਕਿਸੇ ਵੀ ਕੌਮ ਲਈ ਅਜਿਹੇ ਇਤਿਹਾਸਕਾਰ ਬਹੁਮੁੱਲਾ ਸਰਮਾਇਆ ਹੋਇਆ ਕਰਦੇ ਹਨ ਜਿਨ੍ਹਾਂ ਦੇ ਬੌਧਿਕ ਕਾਰਜ ਦੀ ਸੰਭਾਲ ਕਰਨ ਦੀ ਜਿੰਮੇਵਾਰੀ ਕੌਮ ਦੇ ਚੇਤੰਨ ਹਿੱਸਿਆਂ ਸਿਰ ਆਉਂਦੀ ਹੈ। ਜਿਹੜੇ ਚਿਰਾਗ ਹਵਾਵਾਂ ਦੇ ਖੌਫ ਤੋਂ ਘਬਰਾਉਂਦੇ ਨਹੀ ਉਨ੍ਹਾਂ ਨੂੰ ਸੰਭਾਲਣ ਦੀ ਜਿੰਮੇਵਾਰੀ ਉਨ੍ਹਾਂ ਲੋਕਾਂ ਦੀ ਹੁੰਦੀ ਹੈ ਜਿਨ੍ਹਾਂ ਦੇ ਮਨ ਮਸਤਕ ਵਿੱਚ ਗਿਆਨ ਅਤੇ ਨਿਰਭੈਤਾ ਦੇ ਦੀਵੇ ਬਲਦੇ ਹਨ।

ਨਿਰਸੰਦੇਹ ਸ.ਅਜਮੇਰ ਸਿੰਘ ਨੇ ਸਿੱਖ ਇਤਿਹਾਸ ਦੀ ਇਸ ਵਿਲੱਖਣ ਪੇਸ਼ਕਾਰੀ ਨਾਲ ਸਿੱਖਾਂ ਦੇ ਭਵਿੱਖ ਦੀ ਰਣਨੀਤੀ ਦੇ ਨੈਣ-ਨਕਸ਼ ਉਘਾੜ ਦਿੱਤੇ ਹਨ। ਸਿੱਖ ਸੰਘਰਸ਼ ਦੀ ਸਮੁੱਚੀ ਰੂਪਰੇਖਾ ਇਸ ਦੀਵੇ ਦੀ ਲੋਅ ਤੋਂ ਸੇਧ ਲੈਕੇ ਹੀ ਉਲੀਕਣੀ ਚਾਹੀਦੀ ਹੈ। ਆਪ ਨੇ ਕਰੜੀ ਮਿਹਨਤ ਨਾਲ ਸਿੱਖਾਂ ਅਤੇ ਹਿੰਦੂਆਂ ਦਰਮਿਆਨ ਜੋ ਵਿਚਾਰਧਾਰਕ ਫਰਕ ਹਨ ਉਨ੍ਹਾਂ ਦੀ ਸਪਸ਼ਟ ਲਕੀਰਬੰਦੀ ਕਰ ਦਿੱਤੀ ਹੈ। ਹਿੰਦੂ ਮਨ ਦੀ ਕਮੀਨਗੀ ਨੂੰ ਆਪ ਨੇ ਬੇਪਰਦ ਕਰ ਦਿੱਤਾ ਹੈ। ਇਸ ਵੱਡੀ ਦਰਾੜ ਦੇ ਅਰਥਾਂ ਨੂੰ ਸਮਝਕੇ ਹੀ ਸਿੱਖ ਲੀਡਰਸ਼ਿੱਪ ਨੂੰ ਅਤੇ ਸੁਚੇਤ ਸਿੱਖਾਂ ਨੂੰ ਆਪਣੀਆਂ ਰਣਨੀਤਿਕ ਤਰਜੀਹਾਂ ਦੀ ਨਿਸ਼ਾਨਦੇਹੀ ਕਰਨੀ ਚਾਹੀਦੀ ਹੈ।

ਉਮੀਦ ਕਰਦੇ ਹਾਂ ਕਿ ਸ.ਅਜਮੇਰ ਸਿੰਘ ਆਪਣੀ ਉੱਚ ਪਾਏ ਦੀ ਬੌਧਿਕਤਾ ਨਾਲ ਹਮੇਸ਼ਾ ਹੀ ਸਿੱਖ ਕੌਮ ਦੀ ਵਿਚਾਰਧਾਰਕ ਅਗਵਾਈ ਕਰਦੇ ਰਹਿਣਗੇ।

– ਅਵਤਾਰ ਸਿੰਘ (ਯੂ. ਕੇ.)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,