ਵਿਦੇਸ਼

ਅਮਰੀਕੀ ਅਦਾਲਤ 21 ਸਤੰਬਰ ਨੂੰ ਕਮਲ ਨਾਥ ਨੂੰ ਕੂਟਨੀਤਕ ਛੂਟ ਦਿੱਤੇ ਜਾਣ ਬਾਰੇ ਸੁਣੇਗੀ ਬਹਿਸ

August 20, 2011 | By

ਨਿਊ ਯਾਰਕ (20 ਅਗਸਤ, 2011) ਨਵੰਬਰ 1984 ਵਿਚ ਗੁਰਦੁਆਰਾ ਰਕਾਬ ਗੰਜ ’ਤੇ ਹਮਲੇ ਵਿਚ ਨਿਭਾਈ ਭੂਮਿਕਾ ਲਈ ਕਮਲ ਨਾਥ ਦੇ ਖਿਲਾਫ ਅਮਰੀਕੀ ਸੰਘੀ ਅਦਾਲਤ ਵਿਚ ਚਲ ਰਹੇ ਸਿਖ ਨਸਲਕੁਸ਼ੀ ਕੇਸ ਵਿਚ ਕੂਟਨੀਤਿਕ ਛੋਟ ਹਾਸਿਲ ਕਰਨ ਦੇ ਕਮਲ ਨਾਥ ਦੇ ਯਤਨਾਂ ਪ੍ਰਤੀ ਸਿਖਸ ਫਾਰ ਜਸਟਿਸ ਨੇ 12 ਅਗਸਤ 2011 ਨੂੰ ਜਵਾਬ ਦਾਇਰ ਕੀਤਾ ਸੀ। ਇਸਤਗਾਸਾ ਧਿਰ ਨੇ ਦਾਇਰ ਆਪਣੇ ਜਵਾਬ ਵਿਚ ਕਿਹਾ ਕਿ ਵਿਸ਼ੇਸ਼ ਕੂਟਨੀਤਿਕ ਛੋਟ ਦਾ ਨਾਥ ਦਾ ਦਾਅਵਾ ਆਧਾਰਹੀਣ ਹੈ ਕਿਉਂਕਿ ਉਸ ਨੂੰ ਅਮਰੀਕੀ ਵਿਭਾਗ ਵਲੋਂ ਕੋਈ ਸਮਰਥਨ ਪ੍ਰਾਪਤ ਨਹੀਂ ਹੈ ਤੇ ਨਾਥ ਅਪ੍ਰੈਲ 2010 ਵਿਚ ਅਮਰੀਕੀ ਭਾਰਤੀ ਵਪਾਰਕ ਕੌਂਸਲ ਵਲੋਂ ਕਰਵਾਈ ਕਾਨਫਰੰਸ ਵਿਚ ਸ਼ਾਮਿਲ ਹੋਣ ਲਈ ਆਇਆ ਸੀ ਜਦੋਂ ਉਸ ਨੂੰ ਸੰਮਣ ਸੌਂਪਿਆ ਗਿਆ ਸੀ।

ਹੁਣ ਦੱਖਣੀ ਜ਼ਿਲਾ ਨਿਊਯਾਰਕ ਦੀ ਅਮਰੀਕੀ ਸੰਘੀ ਅਦਾਲਤ ਦੀ ਜੱਜ ਰਾਬਰਟ ਡਬਲਯੂ ਸਵੀਟ 21 ਸਤੰਬਰ ਨੂੰ ਕਾਨੂੰਨੀ ਬਹਿਸ ਦੀ ਵਿਅਕਤੀਗਤ ਸੁਣਵਾਈ ਕਰੇਗੀ ਤੇ ਸਿਖ ਨਸਲਕੁਸ਼ੀ ਕੇਸ ਵਿਚ ਕੂਟਨੀਤਿਕ ਛੋਟ ਦੇ ਨਾਥ ਦੇ ਦਾਅਵੇ ਸਬੰਧੀ ਸਬੂਤਾਂ ਦੀ ਘੋਖ ਕਰੇਗੀ।

ਸਿਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪੰਨੂ ਅਨੁਸਾਰ ਕਮਲ ਨਾਥ ਦਾ ਅਪ੍ਰੈਲ 2010 ਦਾ ਨਿਊਯਾਰਕ ਦਾ ਦੌਰਾ ਅਮਰੀਕੀ ਸਰਕਾਰ ਦੇ ਸੱਦੇ ’ਤੇ ਨਹੀਂ ਸੀ ਸਗੋਂ ਉਹ ਇੱਥੇ 2010 ਗਲੋਬਲ ਕੰਸਟਰਕਸ਼ਨ ਸਮੇਲਨ ਵਿਚ ਸ਼ਾਮਿਲ ਹੋਣ ਲਈ ਆਇਆ ਸੀ ਜਿਸ ਦਾ ਆਯੋਜਨ ਇਕ ਨਿੱਜੀ ਕੰਪਨੀ ਮੈਕਗ੍ਰਾਅ ਹਿਲ ਵਲੋਂ ਕੀਤਾ ਗਿਆ ਸੀ। ਇਸ ਦੇ ਨਾਲ ਹੀ ਨਾਥ ਅਮਰੀਕੀ ਸੰਘੀ ਅਦਾਲਤ ਵਿਚ ਚਲ ਰਹੇ ਮੁਕੱਦਮੇ ਵਿਚ ਕੂਟਨੀਤਿਕ ਛੋਟ ਲਈ ਆਪਣੇ ਸਮਰਥਨ ਵਿਚ ਅਮਰੀਕੀ ਗ੍ਰਹਿ ਵਿਭਾਗ ਤੋਂ ‘ਸਟੇਟਮੈਂਟ ਆਫ ਇੰਟਰੈਸਟ’ ਹਾਸਿਲ ਕਰਨ ਵਿਚ ਨਾਕਾਮ ਰਿਹਾ ਹੈ। ਅਟਾਰਨੀ ਪੰਨੂ ਨੇ ਅੱਗੇ ਕਿਹਾ ਕਿ ਮੰਤਰੀ ਨਾਥ ਨੂੰ ਕੂਟਨੀਤਿਕ ਛੋਟ ਦੇਣੀ ਪ੍ਰਿਵੈਨਸ਼ਨ ਐਂਡ ਪਨਿਸ਼ਮੈਂਟ ਆਫ ਕਰਾਈਮ ਆਫ ਜਿਨੋਸਾਈਡ (1948) ਦੇ ਸੰਯੁਕਤ ਰਾਸ਼ਟਰ ਕਨਵੈਨਸ਼ਨ ਦੀ ਧਾਰਾ 4 ਦੀ ਸਿੱਧੀ ਉਲੰਘਣਾ ਹੋਵੇਗੀ ਜੋ ਨਸਲਕੁਸ਼ੀ ਵਰਗੇ ਅਪਰਾਧ ਲਈ ਬਚਾਅ ਵਜੋਂ ਛੋਟ ਤੋਂ ਸਪਸ਼ਟ ਇਨਕਾਰ ਕਰਦੀ ਹੈ ਤੇ ਮੁਕੱਦਮੇ ਚਲਾਉਣ ਲਾਜ਼ਮੀ ਕਰਾਰ ਦਿੰਦੀ ਹੈ।

ਅਮਰੀਕੀ ਸੰਘੀ ਅਦਾਲਤ ਦੇ ਸੰਮਣਾ ਦੇ ਜਵਾਬ ਵਿਚ ਕਮਲ ਨਾਥ ਨੇ ਕੂਟਨੀਤਿਕ ਛੋਟ ਦਾ ਦਾਅਵਾ ਜਤਾਇਆ ਸੀ ਕਿਉਂਕਿ ਉਸ ਦਾ ਕਹਿਣਾ ਸੀ ਕਿ ਉਹ ਅਪ੍ਰੈਲ 2010 ਵਿਚ ਨਿਊਯਾਰਕ ਦੇ ਵਿਸ਼ੇਸ਼ ਮਿਸ਼ਨ ’ਤੇ ਸੀ ਜਦੋਂ ਉਸ ਨੂੰ ਸੰਮਣ ਸੌਂਪੇ ਗਏ ਸੀ।

1 ਨਵੰਬਰ 1984 ਨੂੰ ਗੁਰਦੁਆਰਾ ਰਕਾਬ ਗੰਜ ’ਤੇ ਹਮਲਾ ਕਰਨ ਤੇ ਸਿਖਾਂ ਦੇ ਕਤਲੇਆਮ ਵਿਚ ਉਸ ਦੀ ਕੋਈ ਭੂਮਿਕਾ ਨਾ ਹੋਣ ਦਾ ਨਾਥ ਦਾ ਦਾਅਵਾ ਸੀਨੀਅਰ ਪੱਤਰਕਾਰ ਮੁਨੀਸ਼ ਸੰਜੇ ਸੂਰੀ ਤੇ ਮੁਖਤਿਆਰ ਸਿੰਘ ਵਲੋਂ ਦਿੱਤੀਆਂ ਗਵਾਹੀਆਂ ਦੇ ਸਰਾਸਰ ਉਲਟ ਹੈ। ਮੁਖਤਿਆਰ ਸਿੰਘ ਜਿਸ ਨੇ ਰਕਾਬ ਗੰਜ ਗੁਰਦੁਆਰਾ ’ਤੇ ਹਮਲੇ ਦੀ ਨਾਥ ਵਲੋਂ ਅਗਵਾਈ ਕਰਨ ਬਾਰੇ ਨਾਨਾਵਤੀ ਕਮਿਸ਼ਨ ਨੂੰ ਹਲਫੀਆ ਬਿਆਨ ਦਿੱਤਾ ਸੀ, ਹੁਣ ਦਿੱਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਲਾਜ਼ਮ ਹੈ।

ਗੁਰਪਤਵੰਤ ਸਿੰਘ ਪੰਨੂ ਅਨੁਸਾਰ ਦਿੱਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਪਰਮਜੀਤ ਸਿੰਘ ਸਰਨਾ ਦਾ ਕਬਜਾ ਹੈ ਜੋ ਕਿ ਕਮਲ ਨਾਥ ਦਾ ਨੇੜਲਾ ਦੋਸਤ ਹੈ ਤੇ ਉਹ ਗੁਰਦੁਆਰਾ ਰਕਾਬ ਗੰਜ ’ਤੇ ਹਮਲੇ ਵਿਚ ਕਮਲ ਨਾਥ ਦੀ ਭੂਮਿਕਾ ਬਾਰੇ ਚੁਪ ਰਹਿਣ ਲਈ ਮੁਖਤਿਆਰ ਸਿੰਘ ’ਤੇ ਦਬਾਅ ਪਾ ਰਿਹਾ ਹੈ। ਅਟਾਰਨੀ ਪੰਨੂ ਨੇ ਅੱਗੇ ਕਿਹਾ ਕਿ ਗੁਰਦੁਆਰਾ ਰਕਾਬ ਗੰਜ ’ਤੇ ਹਮਲਾ ਕਰਨ ਤੇ ਸਿਖ ਦਾ ਕਤਲ ਕਰਨ ਵਾਲੀ ਭੀੜ ਦੀ ਅਗਵਾਈ ਕਰਨ ਵਿਚ ਨਾਥ ਦੀ ਭੂਮਿਕਾ ਨੂੰ ਸਾਬਤ ਕਰਨ ਲਈ ਇਸਤਗਾਸਾ ਧਿਰ ਅਮਰੀਕੀ ਅਦਾਲਤ ਨੂੰ ਕਹੇਗੀ ਕਿ ਇਸ ਮਾਮਲੇ ਵਿਚ ਮੁਖਤਿਆਰ ਸਿੰਘ ਤੇ ਮੁਨੀਸ਼ ਸੰਜੇ ਸੂਰੀ ਨੂੰ ਗਵਾਹ ਵਜੋਂ ਸੱਦਿਆ ਜਾਵੇ।

ਕਮਲ ਨਾਥ ਖਿਲਾਫ ਇਹ ਮੁਕੱਦਮਾ ਅਮਰੀਕਾ ਸਥਿਤ ਮਨੁੱਖੀ ਅਧਿਕਾਰ ਸੰਸਥਾ ਸਿਖਸ ਫਾਰ ਜਸਟਿਸ ਵਲੋਂ ਨਵੰਬਰ 1984 ਵਿਚ ਹੋਏ ਹਮਲਿਆਂ ਦੇ ਪੀੜਤਾਂ ਦੇ ਗਵਾਹਾਂ ਨਾਲ ਮਿਲਕੇ ਦਾਇਰ ਕੀਤਾ ਗਿਆ ਸੀ। ਇਹ ਮੁਕੱਦਮਾ (ਐਸ ਐਫ ਜੇ ਬਨਾਮ ਨਾਥ ਐਸ ਡੀ ਐਨ ਵਾਈ (10 ਸੀ ਵੀ 2940)) ‘ਏਲੀਅਨ ਟੋਰਟ ਕਲੇਮਸ ਐਕਟ (ਏ ਟੀ ਸੀ ਏ) ਅਤੇ ਦੀ ਟਾਰਚਰ ਵਿਕਟਿਮ ਪ੍ਰੋਟੈਕਸ਼ਨ ਐਕਟ (ਟੀ ਵੀ ਪੀ ਏ) ਤਹਿਤ ਦਾਇਰ ਕੀਤਾ ਗਿਆ ਹੈ। ਜਿਸ ਵਿਚ 6 ਅਪ੍ਰੈਲ ਨੂੰ ਕਮਲ ਨਾਥ ਦੇ ਖਿਲਾਫ ਸੰਮਣ ਜਾਰੀ ਕੀਤੇ ਗਏ ਸੀ ਤੇ ਅਮਰੀਕੀ ਅਦਾਲਤ ਨੂੰ ਬੇਨਤੀ ਕੀਤੀ ਗਈ ਹੈ ਕਿ 1 ਨਵੰਬਰ 1984 ਨੂੰ ਦਿੱਲੀ ਦੇ ਗੁਰਦੁਆਰਾ ਰਕਾਬ ਗੰਜ ਸਾਹਿਬ ’ਤੇ ਹਮਲਾ ਕਰਨ ਵਾਲੀ ਹਥਿਆਰਬੰਦ ਭੀੜ ਦੀ

ਅਗਵਾਈ ਕਰਨ ਵਿਚ ਕਮਲ ਨਾਥ ਵਲੋਂ ਨਿਭਾਈ ਭੂਮਿਕਾ ਲਈ ਮੁਆਵਜ਼ਾ ਤੇ ਸਜ਼ਾ ਦਾ ਹੱਕ ਦਿਵਾਇਆ ਜਾਵੇ। ਇਸ ਹਮਲੇ ਵਿਚ ਕਈ ਸਿਖਾਂ ਨੂੰ ਜਿਊਂਦੇ ਸਾੜ ਦਿੱਤਾ ਗਿਆ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,