May 2, 2011 | By ਸਿੱਖ ਸਿਆਸਤ ਬਿਊਰੋ
ਲੁਧਿਆਣਾ (30 ਅਪ੍ਰੈਲ, 2011): ਆਰ. ਐਸ. ਐਸ. ਦੇ ਲਿਖਤੀ ਬੁਲਾਰੇ “ਆਰਗੇਨਾਈਜ਼ਰ” ਦੇ ਮਈ 8, 2011 ਤੱਕ ਵਾਲੇ ਅੰਕ ਵਿਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਹਿੰਦੂ ਸੰਗਠਨਾਂ ਨੇ ਅਧੋਦਿਆ ਵਿਚ ਮਸਜ਼ਿਦ ਵਾਲੀ ਥਾਂ ਉੱਤੇ ਰਾਮ ਦਾ ਮੰਦਰ ਉਸਾਰਨ ਲਈ ਅਧੁਧਿਆ ਵਿਚ ਰਾਸ਼ਟਰੀ ਸਿੱਖ ਸੰਗਤ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ 25 ਤੋਂ 27 ਅਪ੍ਰੈਲ, 2011 ਤੱਕ ਕਰਵਾਇਆ ਹੈ। ਇਸ ਮਾਮਲੇ ਵਿਚ ਸਿੱਖ ਜਥੇਬੰਦਆਂ ਵਿਰੋਧ ਜਤਾ ਰਹੀਆਂ ਹਨ ਕਿ ਅਜਿਹੀ ਕਾਰਵਾਈ ਨਾ ਸਿਰਫ ਸਿੱਖੀ ਸਿਧਾਂਤਾਂ ਦੇ ਉਲਟ ਹੈ ਸਗੋਂ ਸਿੱਖਾਂ ਤੇ ਮੁਸਲਮਾਨਾਂ ਵਿਚ ਨਵਾਂ ਬਖੇੜਾਂ ਖੜ੍ਹਾ ਕਰਨ ਦੀ ਸਾਜਿਸ਼ ਹੈ।
ਵਿਸਵ ਹਿੰਦੂ ਪਰੀਸਦ ਵਲੋਂ ਅਯੁੱਧਿਆ ਵਿਖੇ ਹਿੰਦੂ-ਮੁਸਲਮਾਨਾਂ ਵਿਚਕਾਰ ਮਸਜਿਦ-ਮੰਦਰ ਵਾਰੇ ਚਲ ਰਹੇ ਵਿਵਾਦ ਵਿਚ ਆਪਣੇ ਸੌੜੇ ਫਿਰਕੂ ਮੰਤਵਾਂ ਦੀ ਪੂਰਤੀ ਲਈ ਇਕ ਸਾਜਿਸ ਅਧੀਨ ਗੁਰੂ ਗ੍ਰੰਥ ਸਾਹਿਬਾਨ ਜੀ ਦਾ ਪ੍ਰਕਾਸ਼ ਕਰਕੇ ਸਿੱਖਾਂ ਨੂੰ ਇਸ ਮਸਲੇ ਵਿਚ ਘਸੀਟਣ ਤੇ ਗੁਮਰਾਹ ਕਰਨ ਦੀ ਕੋਝੀ ਚਾਲ ਦੀ ਸਖਤ ਨਿੰਦਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਨੇ ਕਿਹਾ ਕਿ ਸਿੱਖ ਧਰਮ ਇਹ ਕਤਈ ਹੀ ਇਜਾਜਤ ਨਹੀਂ ਦਿੰਦਾ ਕਿ ਹਕੂਮਤੀ ਜੋਰ ਜਬਰ ਰਾਂਹੀ ਇਕ ਘੱਟ ਗਿਣਤੀ ਫਿਰਕੇ ਦੇ ਧਾਰਮਿਕ ਅਸਥਾਨ ਨੂੰ ਢਾਹਕੇ ਉਸ ਥਾਂ ਤੇ ਦੂਜੇ ਧਰਮ ਦਾ ਮੰਦਰ ਉਸਾਰਿਆ ਜਾਵੇ।
ਪਾਰਟੀ ਦੇ ਪ੍ਰਬੰਧਕੀ ਦਫਤਰ ਲੁਧਿਆਣਾ ਤੋਂ ਜਾਰੀ ਇਕ ਪ੍ਰੈਸ ਬਿਆਨ ਵਿਚ ਪਾਰਟੀ ਦੇ ਕੌਮੀ ਪੰਚ ਕਮਿੱਕਰ ਸਿੰਘ ਮੁਕੰਦਪੁਰ, ਕੁਲਬੀਰ ਸਿੰਘ ਬੜ੍ਹਾਪਿੰਡ, ਜਨਰਲ ਸਕੱਤਰ ਅਮਰੀਕ ਸਿੰਘ ਈਸੜੂ ਤੇ ਜਥੇਬੰਧਕ ਸਕੱਤਰ ਜਸਵੀਰ ਸਿੰਘ ਖੰਡੂਰ ਨੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਸਿੱਖ ਧਰਮ ਦੂਜੇ ਧਰਮਾਂ ਦੁਆਰੇ ਫੈਲਾਏ ਜਾਂ ਰਹੇ ਝੂਠੇ ਤੇ ਗੁਮਰਾਹਕੁੰਨ ਕਰਮਾਂ-ਕਾਂਡਾਂ ਦਾ ਖੰਡਨ ਕਰਦਾ ਹੈ ਪਰ ਸਿੱਖ ਧਰਮ ਦੇ ਬਾਨੀ ਗੁਰੁ ਨਾਨਕ ਜੀ ਤੋਂ ਲੈਕੇ ਅੱਜ ਤਕ ਸਿੱਖਾਂ ਨੇ ਕਦੇ ਵੀ ਕਿਸੇ ਦੂਜੇ ਧਰਮ ਜਾਂ ਫਿਰਕੇ ਦੇ ਧਰਮ ਅਸਥਾਨ ਨੂੰ ਢਹਿ ਢੇਰੀ ਜਾਂ ਬੇਰੁਮਤੀ ਕਰਕੇ ਗੁਰਦੁਆਰਿਆਂ ਦੀ ਉਸਾਰੀ ਨਹੀਂ ਕੀਤੀ ਅਤੇ ਨਾਂਹ ਹੀ ਕਿਸੇ ਉਪਰ ਸਿੱਖ ਸਿਧਾਂਤਾਂ ਨੂੰ ਜੋਰ ਜਬਰੀ ਲਾਗੂ ਕੀਤਾ । ਸਗੋਂ ਇਸਦੇ ਉਲਟ ਜਿਸ ਕਿਸੇ ਉਪਰ ਵੀ ਜਬਰ ਜੁਲਮ ਹੋਏ ਬਿੰਨ੍ਹਾਂ ਕਿਸੇ ਧਾਰਮਿਕ,ਜਾਤੀ ਜਾਂ ਊਚ-ਨੀਚ ਦੇ ਭੇਦ-ਭਾਵ ਦੇ ਉਨ੍ਹਾਂ ਦਾ ਸਾਥ ਦਿੱਤਾ ਅਤੇ ਅਜਿਹਾ ਕਰਦੇ ਬੇਮਿਸਾਲ ਕੁਰਬਾਨੀਆਂ ਦਿੱਤੀਆ।
ਉਨ੍ਹਾਂ ਕਿਹਾ ਕਿ ਵਿਸਵ ਹਿੰਦੂ ਪਰੀਸਦ ਦੇ ਮੁਖੀ ਅਸੋਕ ਸਿੰਗਲ ਵਲੋਂ ਦਿੱਤਾ ਬਿਆਨ ਬਹੁਤ ਹੀ ਸ਼ਰਾਰਤ ਪੂਰਣ ਹੈ ਜਿਸਦਾ ਮੂਲ ਮਕਸਦ –ਸਿੱਖਾਂ ਤੇ ਮੁਸਲਮਾਨਾਂ ਵਿਚ ਫਿਰਕੂ ਤਨਾਅ ਤੇ ਨਫਰਤ ਪੈਦਾ ਕਰਨਾ ਹੈ।ਉਨ੍ਹਾਂ ਯਾਦ ਕਰਵਾਇਆ ਕਿ ਜੇ ਗੁਰੁ ਸਾਹਿਬਾਨ ਨੇ ਦਿੱਲੀ ਦੇ ਚਾਂਦਨੀ ਚੌਕ ਵਿਚ ਹਿੰਦੂਆਂ ਦੇ ਧਰਮ ਦੀ ਰਾਖੀ ਲਈ ਸੀਸ ਦਿੱਤਾ ਉਥੇ ਗੁਰੁ ਸਾਹਿਬਾਨ ਨੇ ਪਹਾੜੀ ਹਿੰਦੂਆਂ ਰਾਜਿਆਂ ਨਾਲ ਕਈ ਲੜਾਈਆਂ ਵੀ ਲੜੀਆ ਅਤੇ ਜਬਰ ਜੁਲਮ ਵਿਰੁੱਧ ਇੰਨ੍ਹਾਂ ਲੜਾਈਆਂ ਤੇ ਸੰਘਰਸ ਵਿਚ ਬਹੁਤ ਸਾਰੇ ਮੁਸਲਮਾਨਾਂ ਨੇ ਗੁਰੂ ਸਾਹਿਬਾਨ ਦਾ ਸਾਥ ਹੀ ਨਹੀਂ ਸਗੋਂ ਬੇਮਿਸਾਲ ਕੁਰਬਾਨੀਆਂ ਵੀ ਕੀਤੀਆਂ ਕਿਉਂਕਿ ਗੁਰੁ ਸਾਹਿਬਾਨ ਦੀ ਸੋਚ, ਸਿਧਾਂਤ ਤੇ ਸਖਿਆਵਾਂ ਅਨੁਸਾਰ ਜਬਰ ਜੁਲਮ ਕਰਨ ਵਾਲੇ ਸ਼ਾਸਕਾਂ ਦਾ ਕੋਈ ਧਰਮ ਨਹੀਂ ਹੁੰਦਾ ਅਤੇ ਮਜਲੂਮਾਂ ਦੀ ਉਨ੍ਹਾਂ ਤੋਂ ਰੱਖਿਆ ਕਰਨੀ ਇਨਸਾਨੀ ਫਰਜ ਹੈ।
ਉਨ੍ਹਾਂ ਅਗੇ ਕਿਹਾ ਕਿ ਵਿਸਵ ਹਿੰਦੂ ਪਰੀਸਦ, ਇਸਦੇ ਮੁਖੀ ਅਸੋਕ ਸਿੰਘਲ ਤੇ ਇਸ ਨਾਲ ਸਬੰਧਤ ਸਿਆਸੀ ਪਾਰਟੀਆਂ ਤੇ ਜਥੇਬੰਦੀਆਂ ਨੇ 1992 ਵਿਚ ਸਰਕਾਰੀ ਸਹਿ ਤੇ ਸਹਿਯੋਗ ਨਾਲ ਬਾਬਰੀ ਮਸਜਿਦ ਦਾ ਕਤਲ ਕਰਕੇ ਦੁਨੀਆ ਭਰ ਦੇ ਮੁਸਲਮਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ । ਇਸ ਲਈ ਅਸੋਕ ਸਿੰਘਲ ਨੂੰ ਆਪਣੇ ਕੀਤੇ ਤੇ ਪਛਤਾਵਾ ਕਰਨ ਲਈ ਸਭ ਤੋਂ ਪਹਿਲਾਂ ਆਪਣੀ ਗਲਤੀ ਦਾ ਅਹਿਸਾਸ ਕਰਦੇ ਹੋਏ ਮੁਸਲਮਾਨਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ ਤੇ ਉਪਰੰਤ ਪਛਚਾਤਾਪ ਵਜੋਂ ਉਸੇ ਸਥਾਨ ਉਪਰ ਬਾਬਰੀ ਮਸਜਿਦ ਉਸਾਰਣ ਲਈ ਘੱਟ ਗਿਣਤੀ ਫਿਰਕੇ ਨੂੰ ਸਹਿਯੋਗ ਦੇਣਾ ਚਾਹੀਦਾ ਹੈ । ਅਜਿਹਾ ਕਰਕੇ ਉਹ ਆਪਣੇ ਅਤੇ ਹਿੰਦੁਸਤਾਨ ਦੇ ਮੱਥੇ ਤੇ ਲੱਗੇ ਫਿਰਕੂ ਕਲੰਕ ਨੂੰ ਧੋ ਸਕਣਗੇ। ਜਿਥੋਂ ਤਕ ਸਿੱਖਾਂ ਦਾ ਸਵਾਲ ਹੈ ਉਹ ਸਿੰਘਲ ਜਾਂ ਉਸਦੀ ਜਥੇਬੰਦੀ ਦੀ ਫਿਰਕੂ ਤੇ ਨਫਰਤ ਭਰੀ ਸੋਚ ਦੇ ਨਾਂਹ ਹੀ ਸਮਰਥਕ ਰਹੇ ਹਨ ਤੇ ਨਾਂਹ ਹੋਣਗੇ ਅਤੇ ਹਮੇਸਾਂ ਹੱਕ ਸੱਚ ਦੀ ਲੜਾਈ ਲੜਣ ਵਾਲੀਆਂ ਧਿਰਾਂ ਨਾਲ ਹੀ ਖੜਣਗੇ ਕਿਉਂਕਿ ਸਿੱਖ ਸਿਧਾਂਤ ਅਜਿਹੀ ਹੀ ਸਿੱਖਿਆ ਤੇ ਪ੍ਰੇਰਨਾ ਦਿੰਦੇ ਹਨ।ਉਨ੍ਹਾਂ ਕਿਹਾ ਕਿ ਸਿੱਖ ਧਾਰਮਿਕ ਲੀਡਰਸਿਪ ਨੂੰ ਫਿਰਕੂ ਜਨੂੰਨੀਆਂ ਵਲੋਂ ਸਿੱਖਾਂ ਨੂੰ ਗੁਮਰਾਹ ਕਰਨ ਲਈ ਸ਼ੁਰੂ ਕੀਤੀ ਇਸ ਮੁਹਿੰਮ ਦਾ ਨੋਟਿਸ ਲੈਣਾ ਚਾਹੀਦਾ ਹੈ ਅਤੇ ਸਿੱਖ ਸੰਗਤ ਨੂੰ ਸੁਚੇਤ ਰਹਿੰਦੇ ਹੋਏ ਅਜਿਹੀਆਂ ਕੋਝੀਆਂ ਚਾਲਾਂ ਨੂੰ ਮਾਤ ਦੇਣੀ ਚਾਹੀਦੀ ਹੈ।
Related Topics: Akali Dal Panch Pardhani