ਖਾਸ ਖਬਰਾਂ

ਫਾਜ਼ਿਲਕਾ ਦੇ ਪਿੰਡਾਂ ‘ਚ ਪਹੁੰਚਿਆ ਦੂਸ਼ਿਤ ਦਰਿਆਈ ਪਾਣੀ

July 13, 2018 | By

ਫਾਜ਼ਿਲਕਾ: ਜ਼ਹਿਰੀਲੇ ਮਾਦਿਆਂ ਤੇ ਫੈਕਟਰੀਆਂ ਦੀ ਰਹਿੰਦ ਖੂੰਹਦ ਕਾਰਨ ਸਿਆਹ ਹੋਇਆ ਦਰਿਆਈ ਪਾਣੀ ਹੁਣ ਸਰਹੱਦੀ ਖੇਤਰ ਦੇ ਪੈਂਦੇ ਪਿੰਡਾਂ ਵਿੱਚ ਪਹੁੰਚ ਗਿਆ ਹੈ ਤੇ ਇਸ ਦੀ ਬਦਬੂ ਦੂਰ ਤੱਕ ਫੈਲ ਰਹੀ ਹੈ। ਦੂਸ਼ਿਤ ਹੋਏ ਦਰਿਆ ਦੇ ਪਾਣੀ ਦੇ ਨਾਲ ਨਾਲ ਮਰੀਆਂ ਹੋਈਆਂ ਮੱਛੀਆਂ ਦੇ ਢੇਰ ਕੰਢਿਆਂ ਨਾਲ ਲੱਗ ਗਏ ਹਨ। ਦੋ ਮਹੀਨੇ ਪਹਿਲਾਂ ਜਦੋਂ ਦਰਿਆ ਵਿੱਚ ਚੱਢਾ ਸ਼ੂਗਰ ਮਿੱਲ ਦੇ ਮਣਾਂ-ਮੂੰਹੀਂ ਸੀਰੇ ਦਾ ਨਿਕਾਸ ਹੋਇਆ ਸੀ ਤਾਂ ਉਦੋਂ ਦਰਿਆ ਵਿੱਚ ਵੱਡੀ ਗਿਣਤੀ ਮੱਛੀਆਂ ਤੇ ਦੁਰਲੱਭ ਜੀਵਾਂ ਦੀ ਮੌਤ ਤੋਂ ਬਾਅਦ ਵਿਵਾਦ ਛਿੜ ਪਿਆ ਸੀ। ਫ਼ਾਜ਼ਿਲਕਾ ਜ਼ਿਲੇ ਦੇ ਕਰੀਬ ਇਕ ਦਰਜਨ ਪਿੰਡਾਂ ਦੇ ਇੱਕ ਬੰਨੇ ਕੌਮਾਂਤਰੀ ਸਰਹੱਦ ਲਗਦੀ ਹੈ ਤੇ ਦੂਜੇ ਬੰਨੇ ਸਤਲੁਜ ਦਰਿਆ ਵਗਦਾ ਹੈ। ਇਸ ਇਲਾਕੇ ਵਿੱਚ ਦਰਿਆ ਵਿੱਚ ਹੀ ਮਰੀਆਂ ਮੱਛੀਆਂ ਪੁੱਜ ਗਈਆਂ ਹਨ ਅਤੇ ਕਾਲੇ ਰੰਗ ਵਾਲਾ ਪਾਣੀ ਸੜ੍ਹਾਂਦ ਛੱਡ ਰਿਹਾ ਹੈ।

ਪਿੰਡ ਝੰਗੜ ਭੈਣੀ ਦੀ ਮਹਿਲਾ ਸਰਪੰਚ ਦੇ ਪਤੀ ਸਤਪਾਲ ਸਿੰਘ ਨੇ ਦੱਸਿਆ ਕਿ ਦੋ ਦਿਨਾਂ ਤੋਂ ਸਤਲੁਜ ਦਰਿਆ ਵਿੱਚ ਸਿਆਹ ਪਾਣੀ ਆ ਰਿਹਾ ਹੈ ਅਤੇ ਪਾਣੀ ਵਿਚ ਮਰੀਆਂ ਮੱਛੀਆਂ ਆ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਇਸ ਪਾਸੇ ਧਿਆਨ ਦੇਵੇ।

ਵਧੀਕ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਇੱਕ ਟੀਮ ਨੇ ਵੀ ਦਰਿਆ ਤੋਂ ਪਾਰ ਪੈਂਦੇ ਪਿੰਡਾਂ ਦਾ ਦੌਰਾ ਕਰ ਕੇ ਹੜ੍ਹ ਰੋਕੂ ਪ੍ਰਬੰਧਾਂ ਦਾ ਜਾਇਜ਼ਾ ਲਿਆ। ਟੀਮ ਦੇ ਇੱਕ ਮੈਂਬਰ ਦਾ ਕਹਿਣਾ ਸੀ ਕਿ ਉਹ ਸਤਲੁਜ ਦੇ ਪੁਲ ’ਤੇ ਵੀ ਗਏ ਸਨ ਪਰ ਉਨ੍ਹਾਂ ਨੂੰ ਕਿਧਰੇ ਵੀ ਮਰੀਆਂ ਮੱਛੀਆਂ ਨਜ਼ਰ ਨਹੀਂ ਪਈਆਂ। ਪਿੰਡ ਰਾਮ ਸਿੰਘ ਭੈਣੀ ਦੇ ਸਤਨਾਮ ਸਿੰਘ ਨੇ ਦੱਸਿਆ ਕਿ ਦਰਿਆ ਵਿੱਚ ਪਾਣੀ ਕਾਫ਼ੀ ਘੱਟ ਹੈ ਪਰ ਇਸ ਦੋ ਦਿਨਾਂ ਤੋਂ ਇਸ ਵਿੱਚੋਂ ਸੜ੍ਹਾਂਦ ਆ ਰਹੀ ਹੈ। ਦੋਨਾ ਨਾਨਕਾ ਦੇ ਸੋਨਾ ਸਿੰਘ ਨੇ ਵੀ ਇਹ ਗੱਲ ਦੁਹਰਾਈ। ਕੌਮੀ ਜਲ ਕਮਿਸ਼ਨ ਨੇ ਚੱਢਾ ਸ਼ੂਗਰ ਮਿੱਲ ਦੇ ਸੀਰੇ ਦੀ ਨਿਕਾਸੀ ਮਗਰੋਂ ਸਤਲੁਜ ਦਰਿਆ ’ਚੋਂ ਪਾਣੀ ਦੇ ਨਮੂਨੇ ਭਰੇ ਸਨ। ਕੁੱਝ ਦਿਨ ਪਹਿਲਾਂ ਇਨ੍ਹਾਂ ਦੇ ਨਤੀਜੇ ਆ ਗਏ ਹਨ। ਕਮਿਸ਼ਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਦਰਿਆ ਦੇ ਕਾਲੇ ਪਾਣੀ ਵਿਚ ਕੁੱਝ ਵੀ ਖ਼ਤਰਨਾਕ ਨਹੀਂ ਮਿਲਿਆ ਹੈ ਅਤੇ ਨਾ ਹੀ ਕੋਈ ਕੀਟਨਾਸ਼ਕ ਤੱਤ ਮਿਲੇ ਹਨ।

ਬਿਆਸ ਦਾ ਦੂਸ਼ਿਤ ਹੋਇਆ ਪਾਣੀ ਪੁੱਜਿਆ: ਧਾਲੀਵਾਲ
ਸਿੰਜਾਈ ਮਹਿਕਮੇ ਦੇ ਐਕਸੀਅਨ ਡੀ.ਐਸ. ਧਾਲੀਵਾਲ ਨੇ ਕਿਹਾ ਕਿ ਅਸਲ ਵਿੱਚ ਜਦੋਂ ਸਤਲੁਜ ’ਚੋਂ ਕਾਲਾ ਪਾਣੀ ਨਹਿਰਾਂ ਵਿੱਚ ਪੈਣ ਲੱਗਿਆ ਸੀ ਤਾਂ ਉਦੋਂ ਨਹਿਰਾਂ ਦੀ ਥਾਂ ਇਹ ਪਾਣੀ ਪਹਿਲਾਂ ਹਰੀਕੇ ਪੱਤਣ ਝੀਲ ’ਤੇ ਫਿਰ ਹੁਸੈਨੀਵਾਲਾ ਤੋਂ ਸਤਲੁਜ ਦੇ ਹੇਠਲੇ ਪਾਸੇ ਵੱਲ ਛੱਡ ਦਿੱਤਾ ਸੀ ਅਤੇ ਉਹੀ ਪਾਣੀ ਹੁਣ ਅੱਗੇ ਪੁੱਜਾ ਹੋਵੇਗਾ। ਨਹਿਰਾਂ ਵਿਚ ਨਵਾਂ ਪਾਣੀ ਬਿਲਕੁਲ ਸਾਫ਼ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਆਸ ਦਰਿਆ ਵਿੱਚ ਮਰੀਆਂ ਮੱਛੀਆਂ ਹੀ ਅੱਗੇ ਪੁੱਜ ਗਈਆਂ ਹੋਣਗੀਆਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: