ਖਾਸ ਖਬਰਾਂ » ਖਾਸ ਲੇਖੇ/ਰਿਪੋਰਟਾਂ

ਪੰਜਸ਼ੀਰ ਘਾਟੀ ਉੱਤੇ ਤਾਲਿਬਾਨ ਦੇ ਕਬਜ਼ੇ ਪਿੱਛੇ ਕੀ ਕਾਰਨ ਰਹੇ?

September 7, 2021 | By

ਚੰਡੀਗੜ੍ਹ – ਅਫਗਾਨਿਸਤਾਨ ਦੇ ਉੱਤਰੀ ਹਿੱਸਿਆਂ ਵਿੱਚ ਤਾਜ਼ਿਕ ਕਬਾਈਲਾਈ ਅਗਵਾਈ ਵਾਲੇ ‘ਉੱਤਰੀ ਗਠਜੋੜ’ ਦਾ ਹੀ ਦਬਦਬਾ ਰਿਹਾ ਹੈ। ਰੂਸ ਦੀ ਘੁਸਪੈਠ ਵੇਲੇ ਵੀ ਇੱਥੇ ਉੱਤਰੀ ਗਠਜੋੜ ਦਾ ਹੀ ਕਬਜ਼ਾ ਕਾਇਮ ਰਿਹਾ ਸੀ ਅਤੇ ਇਹ ਖੇਤਰ ਲਾਲ ਫੌਜ ਦਾ ਕਬਰਿਸਤਾਨ ਸਾਬਿਤ ਹੋਇਆ ਸੀ। ਤਾਲਿਬਾਨ ਦੇ ਪਿਛਲੇ ਦੌਰ ਵੇਲੇ ਵੀ ਤਾਲਿਬਾਨ ਇਸ ਖੇਤਰ ਦਾ ਕਬਜ਼ਾ ਉੱਤਰੀ ਗਠਜੋੜ ਕੋਲੋਂ ਨਹੀਂ ਸਨ ਖੋਹ ਸਕੇ। ਪਰ, ਇਸ ਵਾਰ ਹਾਲਾਤ ਬਦਲ ਗਏ। ਲੰਘੇ ਮਹੀਨੇ ਅਫਗਾਨਿਸਤਾਨ ਉੱਤੇ ਕਾਬਜ਼ ਹੋਏ ਤਾਲਿਬਾਨ ਵੱਲੋਂ ਪੰਜਸ਼ੀਰ ਘਾਟੀ ਵਿਚੋਂ ਉੱਤਰੀ ਗਠਜੋੜ ਨੂੰ ਖਦੇੜ ਕੇ ਕਾਬਜ਼ ਹੋ ਜਾਣ ਦਾ ਐਲਾਨ ਕੀਤਾ ਜਾ ਚੁੱਕਾ ਹੈ। ਸਵਾਲ ਇਹ ਹੈ ਕਿ ਇਸ ਵਾਰ ਅਜਿਹਾ ਕੀ ਵਾਪਰਿਆ ਕਿ ਉੱਤਰੀ ਖੇਤਰ ਵਿੱਚ ਮਜਬੂਤ ਰਿਹਾ ਇਹ ਗਠਜੋੜ ਤਾਲਿਬਾਨ ਕੋਲੋਂ ਪਛਾੜ ਖਾ ਗਿਆ ?

ਇੱਕ ਤਾਂ ਇਸ ਵਾਰ ਤਾਲਿਬਾਨ ਨੇ ਉੱਤਰੀ ਗਠਜੋੜ ਦਾ ਤਜਾਕਿਸਤਾਨ ਨਾਲੋਂ ਸੰਪਰਕ ਤੋੜਨ ਦੀ ਰਣਨੀਤੀ ਬਣਾਈ ਸੀ, ਜਿਸ ਤਹਿਤ ਤਾਲਿਬਾਨ ਨੇ ਪੰਜਸ਼ੀਰ ਘਾਟੀ ਦੇ ਉੱਤਰੀ ਇਲਾਕਿਆਂ ਉੱਤੇ ਕਬਜ਼ਾ ਕਰਕੇ ਹਥਿਆਰਾਂ, ਅਸਲੇ, ਲੜਾਕਿਆਂ, ਰਸਦ ਅਤੇ ਤੇਲ ਆਦਿ ਦੀ ਉੱਤਰੀ ਗਠਜੋੜ ਤੱਕ ਪਹੁੰਚ ਦੀ ਲੜੀ ਤੋੜ ਦਿੱਤੀ। ਤਾਲਿਬਾਨ ਦੇ ਪੰਜਸ਼ੀਰ ਉੱਤੇ ਕਬਜ਼ੇ ਵਿੱਚ ਇਹ ਰਣਨੀਤੀ ਬਹੁਤ ਕਾਬਯਾਬ ਰਹੀ।

ਦੂਜਾ ਨੁਕਤਾ ਪਾਕਿਸਤਾਨ ਵੱਲੋਂ ਤਾਲਿਬਾਨ ਦੀ ਕੀਤੀ ਗਈ ਹਥਿਆਰਾਂ ਅਤੇ ਅਸਲੇ ਦੀ ਮਦਦ ਦਾ ਹੈ ਜਿਸ ਨਾਲ ਲੜਾਈ ਦਾ ਤਵਾਜ਼ਨ ਤਾਲਿਬਾਨ ਵੱਲ ਝੁਕ ਗਿਆ। ਧਿਆਨ ਰਹੇ ਕਿ ਪਾਕਿਸਤਾਨੀ ਖੂਫੀਆ ਏਜੰਸੀ ਆਈ.ਐੱਸ.ਆਈ. ਦਾ ਮੁਖੀ ਇਸ ਸਮੇਂ ਦੌਰਾਨ ਖੁਦ ਕਾਬੁਲ ਵਿੱਚ ਮੌਜੂਦ ਰਿਹਾ ਹੈ ਜਿਸ ਤੋਂ ਪਾਕਿਸਤਾਨ ਦੀ ਭੂਮਿਕਾ ਬਾਰੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ। 

ਤੀਜਾ, ਅਮਰੀਕਾ ਅਤੇ ਇਸ ਦੇ ਸਹਿਯੋਗੀਆਂ ਨੇ ਉੱਤਰੀ-ਗਠਜੋੜ ਨੂੰ ਬਿਲਕੁਲ ਆਪਣੇ ਆਪ ਉੱਤੇ ਹੀ ਛੱਡ ਦਿੱਤਾ ਅਤੇ ਉਹਨਾਂ ਦੀ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਕੀਤੀ। ਪਿਛਲੇ ਮਹੀਨੇ ਦਾ ਵਾਸ਼ਿੰਗਟਨ ਪੋਸਟ ਵਿੱਚ ਲਿਖੇ ਇੱਕ ਲੇਖ ਵਿੱਚ ਉੱਤਰੀ ਗਠਜੋੜ ਦੇ ਮੁਖੀ ਅਤੇ ਪੰਜਸ਼ੀਰ ਘਾਟੀ ਦੇ ਸ਼ੇਰ ਵੱਜੋਂ ਜਾਣੇ ਜਾਂਦੇ ਅਹਿਮਦ ਸ਼ਾਹ ਮਸੂਦ ਦੇ ਪੁੱਤਰ ਅਹਿਮਦ ਮਸੂਦ ਨੇ ਅਮਰੀਕਾ, ਬਰਤਾਨੀਆ ਅਤੇ ਫਰਾਂਸ ਨੂੰ ਹਥਿਆਰਾਂ ਦੀ ਮਦਦ ਭੇਜਣ ਲਈ ਕਿਹਾ ਸੀ ਪਰ ਉਹਨਾਂ ਵੱਲੋਂ ਅਜਿਹਾ ਨਹੀਂ ਕੀਤਾ ਗਿਆ।

ਚੌਥਾ, ਅਹਿਮਦ ਮਸੂਦ ਦੇ ਪਿਤਾ ਅਹਿਮਦ ਸ਼ਾਹ ਮਸੂਦ ਦੀ ਗਿਣਤੀ ਗੁਰੀਲਾ ਜੰਗ ਦੇ ਸਫਲ ਆਗੂਆਂ ਵਿੱਚ ਹੁੰਦੀ ਸੀ ਪਰ ਅਹਿਮਦ ਮਸੂਦ ਹਾਲੀ ਉਸ ਮੁਕਾਮ ਤੱਕ ਨਹੀਂ ਪਹੁੰਚ ਸਕਿਆ। ਅਹਿਮਦ ਮਸੂਦ ਜੋ ਕਿ ਬਰਤਾਨੀਆ ਦੇ ਕਿੰਗਸ ਕਾਲਜ ਲੰਡਨ ਅਤੇ ਰਾਇਲ ਮਿਲਿੀਟਰੀ ਕਾਲਜ ਵਿੱਚ ਜੰਗ ਦੀ ਪੜ੍ਹਾਈ ਕਰਕੇ 2016 ਵਿੱਚ ਅਫਗਾਨਿਸਤਾਨ ਪਰਤਿਆ ਸੀ, ਬਾਰੇ ਖਬਰਾਂ ਹਨ ਕਿ ਉਹ ਪੰਜਸ਼ੀਰ ਉੱਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਬਚ ਕੇ ਤਜ਼ਾਕਿਸਤਾਨ ਨਿੱਕਲ ਗਿਆ ਹੈ।

ਅਹਿਮਦ ਮਸੂਦ ਨਾਲ ਉੱਤਰੀ ਗਠਜੋੜ ਦੀ ਤਾਲਿਬਾਨ ਵਿਰੁੱਧ ਅਗਵਾਈ ਦਾ ਦੂਜਾ ਨਾਮਵਰ ਆਗੂ ਅਮਰਉੱਲਾ ਸਾਲੇਹ ਸੀ, ਜੋ ਕਿ ਮਸੂਦ ਦੇ ਪਿਤਾ ਦਾ ਸਾਥੀ ਤੇ ਤਾਲਿਬਾਨ ਤੇ ਪਾਕਿਸਤਾਨ ਦਾ ਸਖਤ ਵਿਰੋਧੀ ਹੈ। ਸਾਲੇਹ, ਜਿਸ ਨੇ ਅਸ਼ਰਫ ਗ਼ਨੀ ਦੇ ਅਫਗਾਨਿਸਤਾਨ ਵਿੱਚੋਂ ਨਿੱਕਲ ਜਾਣ ਤੋਂ ਬਾਅਦ ਖੁਦ ਨੂੰ ਕਾਰਜਕਾਰੀ ਰਾਸ਼ਟਰਪਤੀ ਐਲਾਨਿਆ ਸੀ, ਇੱਕ ਸਾਬਕਾ ਜਾਸੂਸ ਮੁਖੀ ਹੈ ਜਿਸ ਦੇ ਸੀ.ਆਈ.ਏ. ਸਮੇਤ ਇਸ ਖੇਤਰ ਵਿੱਚ ਸਰਗਰਮੀ ਦੁਨੀਆ ਭਰ ਦੀਆਂ ਖੂਫੀਆਂ ਏਜੰਸੀਆਂ ਨਾਲ ਸੰਪਰਕ ਹਨ। ਕਈ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਸਾਲੇਹ ਹੀ ਉੱਤਰੀ-ਗਠਜੋੜ ਦਾ ਤਾਲਿਬਾਨ ਵਿਰੁੱਧ ਅਖੀਰ ਤੱਕ ਖੜ੍ਹਾ ਰਹਿਣ ਵਾਲਾ ਆਂਗੂ ਹੈ ਜਿਸ ਨੇ ਵਕਤੀ ਤੌਰ ਉੱਤੇ ਪਿੱਛੇ ਹਟਣ ਦਾ ਫੈਸਲਾ ਇਸ ਕਰਕੇ ਕੀਤਾ ਹੈ ਕਿ ਕਦੇ ਢੁਕਵਾਂ ਸਮਾਂ ਬਣਨ ਉੱਤੇ ਮੁੜ ਤਾਲਿਬਾਨ ਨੂੰ ਚਣੌਤੀ ਦਿੱਤੀ ਜਾ ਸਕੇ।

ਪੰਜਵਾਂ ਨੁਕਤਾ ਇਹ ਹੈ ਕਿ ਇੰਡੀਆ ਉੱਤਰੀ ਗਠਜੋੜ ਦੀ ਪੈਸੇ ਅਤੇ ਸਮਾਨ ਨਾਲ ਮਦਦ ਕਰਦਾ ਰਿਹਾ ਹੈ ਪਰ ਲੱਗਦਾ ਹੈ ਇਸ ਵਾਰ ਅਮਰੀਕਾ ਤੋਂ ਮਿਲੇ ਇਸ਼ਾਰਿਆਂ ਕਰਕੇ ਇੰਡੀਆ ਨੇ ਉੱਤਰੀ ਗਠਜੋੜ ਦੀ ਮਦਦ ਕਰਨ ਤੋਂ ਟਾਲਾ ਵੱਟੀ ਰੱਖਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,