ਚੋਣਵੀਆਂ ਲਿਖਤਾਂ » ਲੇਖ » ਸਿੱਖ ਖਬਰਾਂ

ਬੇ-ਅਦਬੀ ਘਟਨਾਵਾਂ ਦੇ ਅਸਲ ਦੋਸ਼ੀ ਕੌਣ?

July 21, 2016 | By

ਲੇਖਕ: ਜਸਪਾਲ ਸਿੰਘ ਮੰਝਪੁਰ

ਲੇਖਕ: ਜਸਪਾਲ ਸਿੰਘ ਮੰਝਪੁਰ

ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰਬਾਣੀ ਪੋਥੀਆਂ ਦੀਆਂ ਬੇਅਦਬੀ ਦੀਆਂ ਘਟਨਾਵਾਂ ਪਿਛਲੇ ਕਰੀਬ ਇਕ ਸਾਲ ਤੋਂ ਵੀ ਵੱਧ ਸਮੇਂ ਤੋਂ ਹੋ ਰਹੀਆਂ ਹਨ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਬੁਰਜ ਜਵਾਹਰ ਸਿੰਘ ਵਾਲਾ ਤੋਂ ਚੋਰੀ ਕੀਤੇ ਗਏ ਸਰੂਪ ਬਾਰੇ ਵੀ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ। ਪੁਲਿਸ, ਸੀ.ਬੀ.ਆਈ ਦੀ ਜਾਂਚ ਚੱਲ ਰਹੀ ਹੈ, ਸਰਕਾਰੀ, ਪ੍ਰਾਈਵੇਟ ਕਮਿਸ਼ਨਾਂ ਨੇ ਵੀ ਆਪਣੀਆਂ-ਆਪਣੀਆਂ ਰਿਪੋਰਟਾਂ ਦੇ ਦਿੱਤੀਆਂ ਹਨ ਪਰ ਅਜੇ ਤੱਕ ਅਸਲ ਦੋਸ਼ੀ ਗ੍ਰਿਫਤ ਤੋਂ ਬਾਹਰ ਕਿਉਂ ਹਨ ? ਕਿਉਂ ਨਹੀਂ ਸਰਕਾਰ, ਪੁਲਿਸ ਜਾਂ ਕੋਈ ਹੋਰ ਉਹਨਾਂ ਤੱਕ ਪਹੁੰਚ ਨਹੀਂ ਸਕਿਆ। ਸਾਰੀ ਕੌੰਮ ਨਿਰਾਸ਼ਾ ਦੇ ਆਲਮ ਵਿਚ ਧਰਨੇ-ਮੁਜ਼ਾਹਰਿਆਂ ਤੇ ਨਾਹਰੇ ਲਾਉਂਣ ਵਿਚ ਹੀ ਸੀਮਤ ਹੋ ਗਈ ਹੈ ਅਤੇ ਕੋਈ ਨਿੱਘਰ ਪ੍ਰੋਗਰਾਮ ਜਾਂ ਸਿੱਟਾ ਨਿਕਲਦਾ ਨਜ਼ਰੀ ਨਹੀਂ ਆਉਂਦਾ?

ਕਿਸੇ ਮਸਲੇ ਜਾਂ ਕੇਸ ਨੂੰ ਸੁਲਝਾਉਂਣ ਲਈ ਜਰੂਰੀ ਨਹੀਂ ਕਿ ਉਸ ਦੇ ਦੋਸ਼ੀਆਂ ਨੂੰ ਕਿਸੇ ਨੇ ਜ਼ੁਰਮ ਕਰਦਿਆਂ ਦੇਖਿਆਂ ਹੋਵੇ ਜਾਂ ਉਸ ਕੋਲੋਂ ਜ਼ੁਰਮ ਨਾਲ ਸਬੰਧਤ ਕਿਸੇ ਵਸਤ ਦੀ ਬਰਾਮਦਗੀ ਹੋਵੇ। ਚੱਲਦੇ ਹਲਾਤਾਂ ਵਿਚ ਨੁਕਤਿਆਂ ਨੂੰ ਫੜ੍ਹ ਕੇ, ਪੜਚੋਲ ਕੇ ਵੀ ਕਿਸੇ ਦੇ ਦੋਸ਼ੀ ਹੋਣ ਜਾਂ ਨਾ ਹੋਣ ਬਾਰੇ ਨਿਰਣਾ ਲਿਆ ਜਾ ਸਕਦਾ ਹੈ। ਆਓ! ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਤੇ ਚੱਲ ਰਹੇ ਹਲਾਤਾਂ ਨੂੰ ਵਿਚਾਰ ਕੇ ਦੋਸ਼ੀਆਂ ਦੀ ਸਨਾਖਤ ਕਰਨ ਦਾ ਯਤਨ ਕਰੀਏ।
ਬੇਅਦਬੀ ਘਟਨਾਵਾਂ ਦੇ ਜਿੰਮੇਵਾਰਾਂ ਦੀ ਸਨਾਖਤ ਲਈ ਪਹਿਲਾਂ ਕਈ ਗੱਲਾਂ ਨੂੰ ਆਧਾਰ ਬਣਾਉਂਣਾ ਪੈਣਾ ਹੈ, ਜਿਵੇਂ ਕਿ ਇਹਨਾਂ ਘਟਨਾਵਾਂ ਦਾ ਫਾਇਦਾ ਜਾਂ ਨੁਕਸਾਨ ਕਿਸਨੂੰ ਹੈ? ਅਜਿਹੀਆਂ ਘਟਨਾਵਾਂ ਨੂੰ ਪਹਿਲਾਂ ਵੀ ਕਿਸੇ ਨੀਤੀ ਤਹਿਤ ਅੰਜ਼ਾਮ ਦੇਣ ਵਾਲੇ ਲੋਕ ਕੌਣ ਰਹੇ ਹਨ? ਪੰਜਾਬ ਵਿਚ ਹਲਾਤ ਕੀ ਚੱਲ ਰਹੇ ਹਨ? ਜਾਂ ਪੰਜਾਬ ਵਿਧਾਨ ਸਭਾ-2017 ਦੀਆਂ ਚੋਣਾਂ ਦੇ ਮੱਦੇਨਜ਼ਰ ?

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿਰੁਧ ਰੋਹ ਵਿਖਾਵਾ ਕਰਦੇ ਹੋਈ ਸਿੱਖ ਸੰਗਤ (ਪੁਰਾਣੀ ਤਸਵੀਰ)

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿਰੁਧ ਰੋਹ ਵਿਖਾਵਾ ਕਰਦੇ ਹੋਈ ਸਿੱਖ ਸੰਗਤ (ਪੁਰਾਣੀ ਤਸਵੀਰ)

ਕੀ ਇਹ ਸਭ ਕੁਝ ਪੰਜਾਬ ਵਿਧਾਨ ਸਭਾ-2017 ਦੀਆਂ ਚੋਣਾਂ ਦੇ ਮੱਦੇਨਜ਼ਰ ਕੀਤਾ ਜਾ ਰਿਹਾ ਹੈ ? ਇਸ ਸਵਾਲ ਦਾ ਜਵਾਬ ਹਰ ਸੂਝਵਾਨ ਹਾਂ ਵਿਚ ਹੀ ਦਿੰਦਾ ਹੈ ਕਿਉਂਕਿ ਘਟਨਾਵਾਂ ਦੀ ਲਗਾਤਾਰਤਾ ਤੇ ਸਮਾਨਤਾ ਇਸ ਪਿੱਛੇ ਕੋਈ ਡੂੰਘੀ ਸਾਜ਼ਿਸ਼ ਵੱਲ ਇਸ਼ਾਰਾ ਕਰਦੀ ਹੈ ਅਤੇ ਕੋਈ ਅਜਿਹਾ ਵੀ ਹੈ ਜੋ ਅਜਿਹੀਆਂ ਘਟਨਾਵਾਂ ਨੂੰ ਪਹਿਲਾਂ ਵੀ ਅੰਜ਼ਾਮ ਦਿੰਦਾ ਰਿਹਾ ਹੈ ਅਤੇ ਇਹਨਾਂ ਰਾਹੀਂ ਸੱਤਾ ਦੀ ਅਸੀਮ ਭੱੁਖ ਨੂੰ ਤ੍ਰਿਪਤ ਕਰਨ ਦਾ ਯਤਨ ਕਰਦਾ ਹੈ।

ਸਿੱਖਾਂ ਨੂੰ ਆਪਣੇ ਗੁਰੂ ਸਾਹਿਬਾਨ ਵਲੋਂ ਦਰਸਾਏ ਸਿਧਾਤਾਂ ਉਪਰ ਮਾਣ ਹੈ ਕਿ ਉਹਨਾਂ ਨੇ ਇਹਨਾਂ ਘਟਨਾਵਾਂ ਵਿਚੋਂ ਉਪਜੇ ਰੋਸ ਨੂੰ ਗਲਤ ਰਾਹੇ ਪੈ ਕੇ ਉਪੱਦਰ ਨਹੀਂ ਕੀਤਾ।1978-84 ਤੋਂ ਲੈ ਕੇ ਹੁਣ ਤੱਕ ਸਿੱਖਾਂ ਨੇ ਪੰਜਾਬ ਜਾਂ ਭਾਰਤ ਵਿਚ ਸਿੱਖਾਂ ਖਿਲਾਫ ਕੀਤੀਆਂ ਗਈਆਂ ਸਰਕਾਰੀ ਜਾਂ ਗੈਰ-ਸਰਕਾਰੀ ਕਾਰਵਾਈਆਂ ਦੇ ਵਿਰੋਧ ਵਿਚ ਕਦੇ ਵੀ ਕਿਸੇ ਇਕ ਫਿਰਕੇ ਦੇ ਲੋਕਾਂ ਨੂੰ ਨਾ ਨਿਸ਼ਾਨਾ ਬਣਾਇਆ ਤੇ ਨਾ ਕਿਸੇ ਨੂੰ ਬਣਨ ਦਿੱਤਾ ਹੈ ਅਤੇ ਅਜਿਹਾ ਕਰਕੇ ਦੁਸ਼ਮਣ ਤਾਕਤਾਂ ਦੀਆਂ ਚਾਲਾਂ ਨੂੰ ਅਸਫਲ ਹੀ ਕੀਤਾ ਹੈ ਜਿਹਾ ਕਿ ਇਹਨਾਂ ਬੇਅਦਬੀ ਦੀਆਂ ਘਟਨਾਵਾਂ ਸਮੇਂ ਹੋਇਆ।

ਜੇ ਬੀਤੇ ਵਿਚ ਦੇਖੀਏ ਤਾਂ ਅਜਿਹੀਆਂ ਘਟਨਾਵਾਂ ਪਿੱਛੇ ਗਾਹੇ-ਬਗਾਹੇ ਆਰ.ਐੱਸ.ਐੱਸ/ਭਾਜਪਾ ਨਾਲ ਸਬੰਧਤ ਜਥੇਬੰਦੀਆਂ ਦਾ ਹੱਥ ਰਿਹਾ ਹੈ। ਕਿਉਂਕਿ ਭਾਜਪਾ ਨੇ 2002 ਦੇ ਗੁਜਰਾਤ ਮੁਸਲਿਮ ਕਤਲੇਆਮ ਤੋਂ ਬਾਅਦ ਮਿਲੀ ਸਫਲਤਾ ਤੋਂ ਪਰੇਰਨਾ ਲੈ ਕੇ ਗੁਜਰਾਤ ਕਤਲੇਆਮ ਦੇ ਮੱੁਖ ਦੋਸ਼ੀ ਨ:ਮੋ: ਨਾਮੀ ਵਿਅਕਤੀ ਨੂੰ ਕੇਂਦਰੀ ਲੀਡਰ ਬਣਾ ਕੇ ਸਾਰੇ ਮੁਲਕ ਵਿਚ ਪੇਸ਼ ਕੀਤਾ ਜਿਸਦਾ ਸਾਥ ਕਾਰਪੋਰੇਟ ਘਰਾਣਿਆਂ ਨੇ ਆਪਣੀ ਨਿੱਜੀ ਮੁਨਾਫੇ ਤੇ ਵਪਾਰਕ ਹਿੱਤਾਂ ਦੀ ਪੂਰਤੀ ਲਈ ਦਿੱਤਾ ਗਿਆ ਅਤੇ ਨ:ਮੋ: ਨੇ ਇਹ ਪ੍ਰਚਾਰਿਆ ਕਿ ਗੁਜਰਾਤ ਮਾਡਲ ਸਾਰੇ ਮੁਲਕ ਵਿਚ ਲਾਗੂ ਕਰਾਂਗੇ ਜਿਸ ਤੋਂ ਬਹੁਗਿਣਤੀ ਫਿਰਕੂ ਹਿੰਦੂ ਖੁਸ਼ ਹੋ ਕੇ ਸਿੱਧੇ ਰੂਪ ਵਿਚ ਭਾਜਪਾ ਨਾਲ ਜਾ ਖੜਿਆ ਪਰ ਕੇਵਲ ਸਿੱਖ ਪੰਜਾਬ ਨੇ ਉਸ ਦੇ ਅਸ਼ਵਮੇਧ ਯੱਗ ਦੇ ਘੋੜੇ ਨੂੰ ਫੜਿਆ।

ਆਰ.ਐੱਸ.ਐੱਸ/ਭਾਜਪਾ ਵਲੋਂ ਹਜ਼ਾਰਾਂ ਦੀ ਗਿਣਤੀ ਵਿਚ ਹਿੰਦੂ-ਮੁਸਲਿਮ ਜਾਂ ਹਿੰਦੂ-ਇਸਾਈ ਦੰਗੇ ਮੁਲਕ ਦੇ ਕਈ ਹਿੱਸਿਆ ਵਿਚ ਕਰਵਾਏ ਅਤੇ ਬਹੁਗਿਣਤੀ ਹਿੰਦੂਆਂ ਦਾ ਧਰੁਵੀਕਰਨ ਕਰਕੇ ਵੋਟਾਂ ਵਿਚ ਨੂੰ ਪ੍ਰਭਾਵਿਤ ਕੀਤਾ।

ਆਰ.ਐੱਸ.ਐੱਸ/ਭਾਜਪਾ ਵਲੋਂ ਮੁਲਕ ਭਰ ਵਿਚ ਫੈਲਾਏ ਜਾ ਰਹੇ ਅੱਤਵਾਦ ਦਾ ਭਾਂਡਾ ਮਹਾਂਰਾਸ਼ਟਰ ਦੇ ਸਾਬਕਾ ਪੁਲਿਸ ਆਈ.ਜੀ ਮੁਸ਼ਰਿਫ ਵਲੋਂ ਲਿਖੀ ਕਿਤਾਬ ਵਿਚ ਬਾਖੂਬੀ ਚੌਰਾਹੇ ਵਿਚ ਭੰਨਿਆ ਹੈ ਅਤੇ ਉਸ ਕਿਤਾਬ ਨੂੰ ਪੜ੍ਹਣ ਤੋਂ ਬਾਅਦ ਹਰ ਕੋਈ ਇਹ ਵੀ ਸਮਝ ਸਕਦਾ ਹੈ ਕਿ ਅਜਿਹੀ ਨੀਤੀਆਂ ਕਿਸ ਦੀਆਂ ਰਹੀਆਂ ਹਨ ਅਤੇ ਉਸ ਦੀ ਰੋਸ਼ਨੀ ਵਿਚ ਹੀ ਮੌਜੂਦਾ ਬੇਅਦਬੀ ਦੀਆਂ ਘਟਨਾਵਾਂ ਨੂੰ ਵੀ ਸਮਝਿਆ ਜਾ ਸਕਦਾ ਹੈ।

ਅਕਾਲੀ-ਭਾਜਪਾ ਦੇ ਰਿਸ਼ਤਿਆਂ ਵਿਚ ਚੱਲ ਰਹੀ ਖਟਾਸ ਦੇ ਮੱਦੇਨਜ਼ਰ ਵੀ ਇਹਨਾਂ ਘਟਨਾਵਾਂ ਨੂੰ ਸਮਝਣਾ ਬਣਦਾ ਹੈ ਕਿ ਆਰ.ਐੱਸ.ਐੱਸ/ਭਾਜਪਾ ਦੀਆਂ ਭਰਾਤਰੀ ਜਥੇਬੰਦੀਆਂ ਵਲੋਂ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਕੇ ਇਕ ਤੀਰ ਨਾਲ ਕਈ ਨਿਸ਼ਾਨੇ ਫੁੰਡਣ ਦੀਆਂ ਤਿਆਰੀਆਂ ਸਨ, ਇਕ ਤਾਂ ਪਹਿਲਾਂ ਹੀ ਬਦਨਾਮ ਅਕਾਲੀ ਸਰਕਾਰ ਨੂੰ ਹੋਰ ਬਦਨਾਮ ਹੋਣ ਦੇਣਾ ਅਤੇ ਨਾਲ ਦੀ ਨਾਲ ਅਕਾਲੀ ਦਲ ਬਾਦਲ ਦੇ ਬਦਲ ਦੇ ਰੂਪ ਵਿਚ ਕੋਈ ਨਵਾਂ ਸਿੱਧੇ ਜਾਂ ਅਸਿੱਧੇ ਰੂਪ ਵਿਚ ਆਪਣਾ ਹੀ ਪਲੇਟਫਾਰਮ ਤਿਆਰ ਕਰਨਾ ਜਿਸ ਵਾਸਤੇ ਭਾਜਪਾ ਲੀਡਰਾਂ ਵਲੋਂ ਕਈ ਅਕਾਲੀਆਂ ਜਾਂ ਹੋਰਨਾਂ ਨਾਲ ਕੀਤੀਆਂ ਮੀਟਿੰਗਾਂ ਦੇ ਵੇਰਵੇ ਵੀ ਜੱਗ-ਜ਼ਾਹਰ ਹੋ ਚੁੱਕੇ ਹਨ ਅਤੇ ਇਸ ਤੋਂ ਵੀ ਅੱਗੇ ਜੇਕਰ ਇਹਨਾਂ ਘਟਨਾਵਾਂ ਵਿਚੋਂ ਦੰਗੇ ਨਿਕਲ ਆਉਂਦੇ ਤਾਂ ਵੰਡੀ ਹੋਈ ਸਿੱਖ ਵੋਟ ਦੇ ਮੁਕਾਬਲੇ ਹਿੰਦੂ ਵੋਟਾਂ ਦਾ ਧਰੁਵੀਕਰਨ ਸਿੱਖਾਂ ਨੂੰ ਅੱਤਵਾਦੀ ਗਰਦਾਨ ਕੇ ਤੇ ਦੇਸ਼ ਦੀ ਏਕਤਾ-ਅਖੰਡਤਾ ਦਾ ਰੋਣਾ ਰੋ ਕੇ ਕੀਤਾ ਜਾਣ ਸੀ।

ਆਪਣੀਆਂ ਚਾਲਾਂ ਸਫਲੀਆਂ ਨਾ ਹੁੰਦੀਆਂ ਦੇਖ ਉਹਨਾਂ ਸ਼ਕਤੀਆਂ ਨੇ ਦੁਬਾਰਾ ਇਕ ਪੈਂਤੜਾ ਖੇਡਿਆ ਕਿ ਸਿੱਖ ਤਾਂ ਫਿਰਕੂ ਦੰਗਿਆਂ ਲਈ ਉਕਸਾਹਟ ਵਿਚ ਨਹੀਂ ਆ ਰਹੇ, ਚਲੋਂ! ਜਿਵੇਂ ਬਾਕੀ ਮੁਲਕ ਵਿਚ ਮੁਸਲਮਾਨਾਂ ਨਾਲ ਖੇਡ ਖੇਡੀ ਗਈ ਉਸ ਦਾ ਇਕ ਪਾਸਾ ਪੰਜਾਬ ਵਿਚ ਵੀ ਸਿੱਟਿਆ ਜਾਵੇ ਅਤੇ ਆਉਂਦੇ ਸਮੇਂ ਵਿਚ ਯੂ.ਪੀ. ਵਿਧਾਨ ਸਭਾ ਚੋਣਾਂ ਵਿਚ ਵੀ ਫਾਇਦਾ ਲੈਣ ਲਈ ਕੰਮ ਕੀਤਾ ਜਾਵੇ ਤਾਂ ਉਹਨਾਂ ਸ਼ਕਤੀਆਂ 24 ਜੂਨ ਨੂੰ ਰਮਜ਼ਾਨ ਦੇ ਦਿਨਾਂ ਦੌਰਾਨ ਮਲੇਰਕੋਟਲਾ ਵਿਚ ਪਾਕ-ਕੁਰਾਨ ਦੀ ਬੇਅਦਬੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਅਤੇ ਉਹ ਕੁਝ ਹੱਦ ਤੱਕ ਸਫਲ ਵੀ ਹੋ ਗਏ ਪਰ ਪੰਜਾਬ ਦੇ ਮੁਸਲਮਾਨ ਉਪਰ ਸਿੱਖ ਗੁਰੂਆਂ ਦੇ ਸਿਧਾਂਤਾਂ ਦਾ ਕੁਝ ਅਸਰ ਹੈ ਕਿ ਇੱਥੇ ਵੀ ਉਹਨਾਂ ਸ਼ਕਤੀਆਂ ਨੂੰ ਉਸ ਤਰ੍ਹਾਂ ਦੀ ਸਫਲਤਾ ਨਹੀਂ ਮਿਲੀ ਜਿਹੋ ਜਿਹੀ ਉਹਨਾਂ ਨੂੰ ਹੋਰਨਾਂ ਰਾਜਾਂ ਵਿਚ ਮਿਲਦੀ ਹੈ। ਕਮਾਲ ਦੀ ਗੱਲ ਇਹ ਹੋ ਗਈ ਕਿ ਉਹਨਾਂ ਸ਼ਕਤੀਆਂ ਦਾ ਇਕ ਅਹਿਮ ਪਿਆਦਾ ਤੇ ਪਾਕ-ਕੁਰਾਨ ਦੀ ਹੱਥੀਂ ਬੇਅਦਬੀ ਕਰਨ ਵਾਲਾ ਵਿਜੇ ਕੁਮਾਰ ਗਰਗ ਇਸ ਕੇਸ ਵਿਚ ਫੜਿਆ ਗਿਆ ਅਤੇ ਉਸ ਦੇ ਦੋ ਹੋਰ ਸਹਾਇਕ ਪਿਓ-ਪੁਤਰ ਨੰਦ ਕਿਸ਼ੋਰ ਤੇ ਗੌਰਵ ਵੀ ਇਸ ਘਟਨਾ ਲਈ ਸਹਿ-ਦੋਸ਼ੀ ਵਜੋਂ ਗ੍ਰਿਫਤਾਰ ਹੋਏ।

24 ਜੂਨ ਦੀ ਘਟਨਾ ਤੇ 27 ਜੂਨ ਨੂੰ ਤਿੰਨ ਅਸਲ ਦੋਸ਼ੀਆਂ ਦੀ ਗ੍ਰਿਫਤਾਰੀ ਅਹਿਸਾਸ ਕਰਾਉਂਦੀ ਹੈ ਕਿ ਪੁਲਿਸ ਦੀ ਮੁਸਤੈਦੀ ਨਾਲ ਹਰ ਘਟਨਾ ਦੇ ਅਸਲ ਦੋਸ਼ੀਆਂ ਨੂੰ ਫੜਿਆ ਜਾ ਸਕਦਾ ਹੈ ਬਸ਼ਰਤੇ ਪੁਲਿਸ ਨਿਰਪੱਖ ਹੋ ਕੇ ਬਿਨਾਂ ਕਿਸੇ ਦਬਾਅ ਜਾਂ ਦਖਲਅੰਦਾਜ਼ੀ ਨਾਲ ਕੰਮ ਕਰੇ ਪਰ ਇਸ ਕੇਸ ਵਿਚ ਵੀ ਲੱਗਦਾ ਹੈ ਕਿ ਘਟਨਾ ਦੀ ਜਾਂਚ ਵਿਜੇ ਕੁਮਾਰ ਗਰਗ ਜਾਂ ਨੰਦ ਕਿਸ਼ੋਰ ਦੇ “ਪਿੱਛੇ ਕੌਣ ਸਨ” ਵੱਲ ਨੂੰ ਨਹੀਂ ਜਾਵੇਗੀ ਕਿਉਂਕਿ ਵਿਜੇ ਕੁਮਾਰ ਗਰਗ ਦਾ ਪਿਛੋਕੜ ਸਾਹਮਣੇ ਆਉਂਣ ਤੋਂ ਬਾਅਦ ਇਸ ਗੱਲ ਪ੍ਰਤੀ ਕੋਈ ਸ਼ੱਕ ਰਹਿ ਹੀ ਨਹੀਂ ਜਾਂਦਾ ਕਿ ਇਸ ਸਾਰੀ ਸਾਜ਼ਿਸ ਪਿੱਛੇ ਕੌਣ ਹੈ।ਇਸ ਨਾਲ ਆਰ.ਐੱਸ.ਐੱਸ/ਭਾਜਪਾ ਦੇ ਅਸਲ ਮਨਸ਼ਿਆਂ ਦੀ ਬਦਬੋ ਬਾਹਰ ਆ ਜਾਵੇਗੀ।ਤੇ ਜੇਕਰ ਕੋਈ ਹਿੰਮਤ ਕਰਕਰੇ ਵਰਗਾ ਬਹਾਦਰ ਪੁਲਿਸ ਅਫਸਰ ਅਜਿਹੀ ਕਰ ਗਿਆ ਤਾਂ ਉਸਨੂੰ ਵੀ ਸ਼ਾਇਦ ਦੇਸ਼ ਦਾ ਸ਼ਹੀਦ ਬਣਾਉਂਦਿਆਂ ਦਰ ਨਹੀਂ ਲੱਗਣੀ।

ਤਿੰਨੋਂ ਦੋਸ਼ੀ 2006 ਤੋਂ ਇਕ ਦੂਜੇ ਦੇ ਵਾਕਫਕਾਰ ਸਨ।ਦੋਸ਼ੀ ਵਿਜੇ ਕੁਮਾਰ ਗਰਗ ਤੋਂ ਪਹਿਲਾਂ ਨੰਦ ਕਿਸ਼ੋਰ ਦੀ ਗੱਲ ਕਰੀਏ ਤਾਂ ਉਹ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਪੰਜਾਬ ਦਾ ਸਕੱਤਰ ਹੈ ਅਤੇ ਇਸ ਸਬੰਧੀ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪੰਜਾਬ ਪ੍ਰਧਾਨ ਦਵਿੰਦਰ ਕੁਮਾਰ ਨੇ ਪ੍ਰੈਸ ਕਾਨਫਰੰਸ ਕਰਕੇ ਗੱਲ ਮੰਨੀ ਕਿ ਉਹ ਨੰਦ ਕਿਸ਼ੋਰ ਨੂੰ 15 ਸਾਲ ਤੋਂ ਨਿੱਜੀ ਤੌਰ ‘ਤੇ ਜਾਣਦਾ ਹੈ ਅਤੇ ਨੰਦ ਕਿਸ਼ੋਰ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਮੇਰੇ ਤੋਂ ਬਾਅਦ ਬਣਿਆ ਸਕੱਤਰ ਹੈ ਅਤੇ ਇਸਦਾ ਲੜਕਾ ਗੌਰਵ ਵਿਜੇ ਕੁਮਾਰ ਗਰਗ ਦਾ ਮੁਲਾਜ਼ਮ ਸੀ।ਨੰਦ ਕਿਸ਼ੋਰ ਗੁਰਦਾਸਪੁਰ ਜਿਲ੍ਹੇ ਦੇ ਪਿੰਡ ਪੰਡੋਰੀ ਵਿਚ 5000 ਏਕੜ ਵਿਚ ਬਣੇ ਦੇਹਧਾਰੀ ਗੁਰੂ-ਡੰਮ 15ਵੀਂ ਸਦੀ ਵੈਸ਼ਨਵ ਦਰਬਾਰ ਪੰਡੋਰੀ ਧਾਮ ਦਾ ਖਾਸਮ-ਖਾਸ ਸੀ।

ਜੇਕਰ ਮੁੱਖ ਦੋਸ਼ੀ ਵਜੋਂ ਫੜੇ ਗਏ 46 ਸਾਲਾ ਛੜੇ ਵਿਜੇ ਕੁਮਾਰ ਗਰਗ ਦਾ ਇਤਿਹਾਸ ਫਰੋਲੀਏ ਤਾਂ ਪਤਾ ਲੱਗਦਾ ਹੈ ਕਿ ਉਹ ਪੇਸ਼ੇ ਵਜੋਂ ਵਪਾਰੀ ਹੈ ਜੋ ਜੀਂਦ ਹਰਿਆਣਾ ਦੇ ਪਿਛੋਕੜ ਅਤੇ ਮੌਜੂਦਾ ਸਮੇਂ ਪਾਲਮ ਕਲੋਨੀ ਦਿੱਲੀ ਦਾ ਰਹਿਣ ਵਾਲਾ ਹੈ।ਉਹ 2008 ਤੋਂ 2010 ਤੱਕ ਅਮਰੀਕਾ ਰਿਹਾ ਅਤੇ ਫਿਰ 2010 ਤੋਂ 2014 ਤੱਕ ਕੈਨੇਡਾ ਵਿਚ ਤੇ 2014 ਵਿਚ ਉਹ ਭਾਰਤ ਵਾਪਸ ਆ ਗਿਆ ਤੇ ਪਹਿਲਾਂ ਮੁੰਬਈ ਤੇ ਫਿਰ ਦਿੱਲੀ ਵਿਚ ਸੈੱਟ ਹੋ ਗਿਆ। ਉਸਦੇ ਹਰਿਆਣਾ, ਚੰਡੀਗੜ੍ਹ, ਦਿੱਲੀ ਇਲਾਕਿਆਂ ਵਿਚ ਕਈ ਕੋਠੀਆਂ ਅਤੇ ਫਲੈਟ ਹਨ।ਉਸਦੀ ਬਾਇਓ-ਖਾਦ ਫਰਮ ਦੀਆਂ ਪੰਜਾਬ ਹਰਿਆਣਾ ਵਿਚ ਕਰੀਬ 150 ਏਜੰਸੀਆਂ ਹਨ ਜਿਸ ਵਿਚ ਉਸਨੇ ਕਈਆਂ ਨਾਲ ਠੱਗੀ ਵੀ ਕੀਤੀ ਤੇ ਉਸ ਖਿਲਾਫ ਦੀਨਾਨਗਰ ਵਿਚ ਠੱਗੀ ਦਾ ਕੇਸ ਵੀ ਦਰਜ਼ ਹੈ ਅਤੇ ਇਸ ਸਮੇਂ ਦੌਰਾਨ ਹੀ ਵਿਜੇ ਕੁਮਾਰ ਗਰਗ ਦੀ ਨੰਦ ਕਿਸ਼ੋਰ ਤੇ ਗੌਰਵਾ ਨਾਲ ਜਾਣ-ਪਹਿਚਾਣ ਹੋਈ ਸੀ। ਜਿਕਰਯੋਗ ਹੈ ਕਿ ਗਾਜ਼ੀਆਬਾਦ (ਯੂ.ਪੀ.) ਵਿਚ ਹੋਏ ਫਿਰਕੂ ਦੰਗਿਆ ਵਿਚ ਵੀ ਉਹ ਸ਼ਾਮਲ ਸੀ। ਉਹ ਮੂਲ ਰੂਪ ਵਿਚ ਮੁਸਲਮਾਨ ਵਿਰੋਧੀ ਹੈ।ਉਹ ਛੋਟੀਆਂ ਡਾਕੂਮੈਂਟਰੀ ਫਿਲਮਾਂ ਵੀ ਬਣਾਉਂਦਾ ਹੈ।ਛੇ ਸਾਲ ਪਹਿਲਾਂ ਜਦੋਂ ਉਹ ਅਮਰੀਕਾ ਵਿਚ ਗਿਆ ਸੀ ਤਾਂ ਉਸ ਕੋਲ ਫਿਰਕੂ ਦਸਤਾਵੇਜ਼ ਹੋਣ ਕਾਰਨ ਉਸਨੂੰ ਗ੍ਰਿਫਤਾਰ ਕੀਤਾ ਗਿਆ ਸੀ। ਮਲੇਰਕੋਟਲਾ ਘਟਨਾ ਨੂੰ ਅੰਜ਼ਾਮ ਦੇਣ ਲਈ ਉਸਨੇ ਅੰਬਾਲਾ ਵਾਸੀ ਸੰਜੇ ਕੁਮਾਰ ਸ਼ਰਮਾ ਨਾਮੀ ਵਿਅਕਤੀ ਦੇ ਨਾਮ ‘ਤੇ ਨਵੀਂ ਗੱਡੀ ਮਹਿੰਦਰਾ ਥਾਰ ਖਰੀਦੀ ਜਦ ਕਿ ਉਸ ਕੋਲ ਪਹਿਲਾਂ ਹੀ ਕਈ ਗੱਡੀਆਂ ਸਨ।ਉਸਨੇ ਜ਼ੁਰਮ ਵਿਚ ਨਾਮ ਆਉਂਣ ਤੋਂ ਬਚਣ ਲਈ ਸਰਜੀਕਲ ਦਸਤਾਨੇ ਪਾ ਕੇ ਪਾਕ-ਕੁਰਾਨ ਦੀ ਬੇਅਦਬੀ ਕੀਤੀ ਤਾਂ ਜੋ ਉਸਦੇ ਹੱਥਾਂ ਦੇ ਨਿਸ਼ਾਨ ਪੰਨਿਆਂ ਉਪਰ ਨਾ ਆਉਂਣ।ਉਸਨੇ ਦਿੱਲੀ ਦੀ ਜਾਮਾ ਮਸਜਿਦ ਦੇ ਬਾਹਰੋਂ ਦੁਕਾਨ ਨੰਬਰ 3 ਤੋਂ ਪਾਕ-ਕੁਰਾਨ ਦੀਆਂ ਚਾਰ ਕਾਪੀਆਂ ਖਰੀਦੀਆਂ ਸਨ। ਗ੍ਰਿਫਤਾਰੀ ਤੋਂ ਬਾਅਦ ਜਦੋਂ ਪੁਲਿਸ ਨੇ ਉਸਦੀ ਦਿੱਲੀ ਸਥਿਤ ਪਾਲਮ ਕਲੋਨੀ ਰਿਹਾਇਸ਼ ਵਿਚ ਛਾਪਾ ਮਾਰਿਆ ਤਾਂ ਉਸਦੀ ਔਡੀ ਗੱਡੀ ਵਿਚੋਂ ਵੀ ਪਾਕ-ਕੁਰਾਨ ਦੇ ਪੱਤਰੇ ਮਿਲੇ। ਉਸੇ ਬੈਂਕ ਲਾਕਰਾਂ ਵਿਚੋਂ ਵੀ ਕਈ ਦਸਤਾਵੇਜ਼ ਜਬਤ ਕੀਤੇ ਗਏ ਹਨ।

ਸਾਰੀ ਸਜ਼ਿਸ ਦਾ ਕਰਤਾ-ਧਰਤਾ ਵਿਜੇ ਕੁਮਾਰ ਗਰਗ ਕੋਈ ਆਮ ਵਿਅਕਤੀ ਨਹੀਂ ਸਗੋਂ ਇਸਦੇ ਭਾਰਤ ਦੀਆਂ ਏਜੰਸੀਆਂ ਦੇ ਉੱਚ ਅਫਸਰਾਂ ਨਾਲ ਸਿੱਧੇ ਸੰਪਰਕ ਹਨ ਜਿਹਾ ਕਿ ਉਸਨੇ 2014 ਵਿਚ ਭਾਰਤੀ ਸਿਟੀਜਨ ਸੁਰੱਖਿਆ ਕੌਂਸਲ ਅਤੇ ਅਕਤੂਬਰ 2015 ਵਿਚ ਸ਼ਿਵਾ ਬਲਿਸ਼ ਫਾਊਡੇਸ਼ਨ ਨਾਮੀ ਜਥੇਬੰਦੀਆਂ ਦਾ ਵੀ ਗਠਨ ਕੀਤਾ ਸੀ ਅਤੇ ਇਸ ਸਬੰਧੀ ਉਹ ਸਾਬਕਾ ਡੀ.ਜੀ ਪੁਲਿਸ ਟੀ.ਸੀ. ਨਾਥ, ਆਰ.ਕੇ. ਓਹਰੀ, ਕੇ.ਪੀ.ਐੱਸ. ਗਿੱਲ, ਪਰਕਾਸ ਸਿੰਘ, ਐੱਸ.ਐੱਸ ਵਿਰਕ ਆਦਿ ਕਈ ਸਾਬਕਾ ਅਤੇ ਮੌਜੂਦਾ ਅਫਸਰਾਂ ਦੇ ਸੰਪਰਕ ਵਿਚ ਸੀ।

ਸਭ ਤੋਂ ਵੱਡੀ ਗੱਲ ਕਿ ਉਸਦਾ ਮੁੱਢ ਆਰ.ਐੱਸ.ਐੱਸ ਨਾਲ ਜੁੜਦਾ ਹੈ ਕਿਉਂਕਿ ਉਹ 1983 ਤੋਂ 1991 ਤੱਕ ਆਰ.ਐੱਸ.ਐੱਸ ਦੀ ਸ਼ਾਖਾ ਲਗਾਉਂਦਾ ਰਿਹਾ ਹੈ ਅਤੇ ਬਾਅਦ ਵਿਚ 1991 ਤੋਂ 2001 ਤੱਕ ਉਸਨੇ ਆਰ.ਐੱਸ.ਐੱਸ ਦੇ ਪਰਚਾਰਕ ਵਜੋਂ ਵੀ ਕੰਮ ਕੀਤਾ ਹੈ। ਸਭ ਤੋਂ ਅਹਿਮ ਗੱਲ ਕਿ ਉਸਨੇ ਆਰ.ਐੱਸ.ਐੱਸ ਵਿਚ ਹੋਲ-ਟਾਈਮ ਵਰਕਰ ਵਜੋਂ ਕੰਮ ਕਰਦਿਆ ਵਿਆਹ ਵੀ ਨਹੀਂ ਕਰਵਾਇਆ।

ਵਿਜੇ ਕੁਮਾਰ ਗਰਗ ਵਲੋਂ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਵਿਧਾਇਕ ਨਰੇਸ਼ ਯਾਦਵ ਦਾ ਨਾਮ ਲੈ ਕੇ ਇਸ ਸਾਰੇ ਘਟਨਾਕ੍ਰਮ ਨੂੰ ਇਕ ਵੱਖਰੀ ਕਿਸਮ ਦਾ ਮੋੜ ਦੇ ਦਿੱਤਾ ਗਿਆ। ਇਹ ਗੱਲ ਸਾਬਤ ਹੈ ਕਿ ਵਿਜੇ ਕੁਮਾਰ ਗਰਗ ਦੇ ਵਿਧਾਇਕ ਨਰੇਸ਼ ਯਾਦਵ ਨਾਲ ਸਬੰਧ ਸਨ ਅਤੇ ਇਸ ਗੱਲ ਵਿਚ ਵੀ ਕਿਸੇ ਨੂੰ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਆਮ ਆਦਮੀ ਪਾਰਟੀ ਵਿਚ ਵੀ ਆਰ.ਐੱਸ.ਐੱਸ ਨਾਲ ਸਬੰਧਤ ਬੰਦੇ ਹਨ ਜੋ ਆਪਣੀ ਸੋਚ ਨੂੰ ਆਮ ਆਦਮੀ ਪਾਰਟੀ ਰਾਹੀਂ ਵੀ ਲਾਗੂ ਕਰਵਾ ਰਹੇ ਹਨ ਅਤੇ ਅਗਾਂਹ ਨੂੰ ਪੰਜਾਬ ਵਿਚ ਵੀ ਕਰਾਉਂਣ ਲਈ ਤਰਲੋ-ਮੱਛੀ ਹਨ। ਇਹ ਗੱਲ ਵੀ ਸਾਬਤ ਹੋ ਚੁੱਕੀ ਹੈ ਕਿ 24 ਜੂਨ ਨੂੰ ਮਲੇਰਕੋਟਲਾ ਦੀ ਘਟਨਾ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਵਿਜੇ ਕੁਮਾਰ ਗਰਗ ਤੇ ਉਸਦੇ ਸਾਥੀ ਵਿਧਾਇਕ ਨਰੇਸ਼ ਯਾਦਵ ਨੂੰ ਮਿਲੇ ਸਨ ਅਤੇ ਉਸਨੂੰ ਮਿਲਣ ਤੋਂ ਬਾਅਦ ਦੋਸ਼ੀਆਂ ਨੇ ਸਿੱਧਾ ਪੰਜਾਬ ਵੱਲ ਘਟਨਾ ਨੂੰ ਅੰਜ਼ਾਮ ਦੇਣ ਲਈ ਹੀ ਚਾਲੇ ਪਾਏ ਸਨ।ਦੋਸ਼ੀਆਂ ਦੀ ਵਿਧਾਇਕ ਨਾਲ ਹੋਈ ਗੱਲਬਾਤ ਬਾਰੇ ਦੋਸ਼ੀ ਤਾਂ ਦੱਸ ਰਹੇ ਹਨ ਕਿ ਉਸਨੇ ਹੀ ਸਾਨੂੰ ਘਟਨਾ ਨੂੰ ਅੰਜ਼ਾਮ ਦੇਣ ਲਈ ਕਿਹਾ ਸੀ ਕਿ ਪੰਜਾਬ ਵਿਚ ਸਰਕਾਰ ਬਣਾਉਂਣ ਨਾਲ ਹੀ ਆਮ ਆਦਮੀ ਪਾਰਟੀ ਬਚਦੀ ਹੈ ਅਤੇ ਇਸ ਵਾਸਤੇ ਅਜਿਹਾ ਕੁਝ ਵਾਪਰਨ ਨਾਲ ਲੋਕ ਸਰਕਾਰ ਵਿਰੁੱਧ ਹੋ ਜਾਣਗੇ ਅਤੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਦੇਣਗੇ। ਇਸ ਗੱਲਬਾਤ ਵਿਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਦੀਆਂ ਟਿਕਟਾਂ ਦੀ ਵੇਚ-ਖਰੀਦ ਬਾਰੇ ਸੌਦੇ ਹੋਣ ਦੇ ਇੰਕਸਾਫ ਵੀ ਸਾਹਮਣੇ ਆਏ ਹਨ ਪਰ ਵਿਧਾਇਕ ਨਰੇਸ਼ ਯਾਦਵ ਅਜੇ ਇਸ ਗੱਲ ਤੋਂ ਇਨਕਾਰੀ ਹੈ ਜਦਕਿ ਉਹ ਮੁੱਖ ਦੋਸ਼ੀ ਵਿਜੇ ਕੁਮਾਰ ਗਰਗ ਨਾਲ ਆਪਣੇ ਨਿੱਜੀ ਸਬੰਧ 2006 ਤੋਂ ਦਰਸਾ ਰਿਹਾ ਹੈ ਅਤੇ ਵਿਜੇ ਕੁਮਾਰ ਗਰਗ ਵਲੋਂ ਦਰਸਾਈ ਜਾ ਰਹੀ ਗੱਲਬਾਤ ਦੀ ਮਿਤੀ ਤੋਂ ਵੀ ਇਨਕਾਰੀ ਨਹੀਂ ਹੈ ਪਰ ਗੱਲਬਾਤ ਦੇ ਵਿਸ਼ਾ-ਵਸਤੂ ਤੋਂ ਇਨਕਾਰੀ ਜਰੂਰ ਹੈ।ਦੇਖਣ ਵਾਲੀ ਗੱਲ ਇਹ ਵੀ ਹੈ ਕਿ ਇਹਨਾਂ ਬੇਅਦਬੀ ਦੀਆਂ ਘਟਨਾਵਾਂ ਨੇ ਸਿਆਸੀ ਤੌਰ ‘ਤੇ ਬਾਦਲ ਪਾਰਟੀ ਦਾ ਗ੍ਰਾਫ ਹੇਠਾਂ ਕੀਤਾ ਹੈ ਅਤੇ ਆਮ ਆਦਮੀ ਪਾਰਟੀ ਦਾ ਗ੍ਰਾਫ ਵਧਿਆ ਹੈ ਭਾਵ ਕਿ ਇਹਨਾਂ ਬੇਅਦਬੀ ਦੀਆਂ ਘਟਨਾਵਾਂ ਦਾ ਸਿਆਸੀ ਲਾਹਾ ਆਮ ਆਦਮੀ ਪਾਰਟੀ ਨੂੰ ਹੀ ਹੋਇਆ ਹੈ।ਦੂਜੀਆਂ ਪੰਥਕ ਧਿਰਾਂ ਉਪਰ ਵਕਤੀ ਜਬਰ ਕਰਕੇ ਅਤੇ ਉਹਨਾਂ ਦੇ ਜਜਬਾਤਾਂ ਨੂੰ ਭੜਕਾ ਕੇ ਬਾਦਲ ਪਾਰਟੀ ਆਪਣੀ ਵਿਰੋਧੀ ਵੋਟ ਨੂੰ ਵੰਡ ਹੀ ਰਹੀ ਹੈ।

ਮਲੇਰਕੋਟਲਾ ਵਾਲੀ ਘਟਨਾ ਦੀ ਜਾਂਚ ਸਮੇਂ ਪੁਲਿਸ ਵਲੋਂ ਬਰਗਾੜੀ ਤੇ ਬੁਰਜ ਜਵਾਹਰ ਸਿੰਘ ਵਾਲਾ ਵਿਚ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਵੀ ਇਹਨਾਂ ਦੋਸ਼ੀਆਂ ਨਾਲ ਜੋੜ ਕੇ ਜਾਂਚ ਕਰਨ ਦੀ ਗੱਲ ਆਖੀ ਗਈ ਪਰ ਅਜੇ ਤੱਕ ਇਸ ਸਬੰਧੀ ਕੋਈ ਤੱਥ ਸਾਹਮਣੇ ਨਹੀਂ ਆਏ ਜਿਸ ਵਾਸਤੇ ਜਰੂਰੀ ਸੀ ਕਿ ਵਿਜੇ ਕੁਮਾਰ ਗਰਗ ਤੇ ਵਿਧਾਇਕ ਨਰੇਸ਼ ਯਾਦਵ ਦਾ ਪੋਲੀਗ੍ਰਾਫੀ ਟੈਸਟ ਹੁੰਦਾ ਪਰ ਉਹ ਵੀ ਹਾਲ ਦੀ ਘੜੀ ਤਾਂ ਟਾਲ ਦਿੱਤਾ ਗਿਆ ਹੈ ਅਤੇ ਕਿਉਂਕਿ ਬਾਦਲ ਸਰਕਾਰ ਦੀ ਧਾਰਾ 295 ਵਿਚ ਕੀਤੀ ਸੋਧ ਦਾ ਅਜੇ ਤੱਕ ਨੋਟੀਫਿਕੇਸ਼ਨ ਨਾ ਹੋਣ ਕਰਕੇ ਇਸ ਸਾਰੇ ਕੇਸ ਉਸ ਨਵੀਂ ਤਜ਼ਵੀਜ਼ਸ਼ੁਦਾ ਸਜ਼ਾ ਤੋਂ ਬਾਹਰ ਹੀ ਰਹਿਣਗੇ ਅਤੇ ਇਸ ਹਿਸਾਬ ਨਾਲ ਦੋਸ਼ੀਆਂ ਦੀ ਛੇਤੀ ਜਮਾਨਤ ਹੋ ਜਾਵੇਗੀ ਅਤੇ ਉਸ ਤੋਂ ਬਾਅਦ ਪੋਲੀਗ੍ਰਾਫੀ ਟੈਸਟ ਕਰਨ ਦਾ ਕੋਈ ਖਾਸ ਫਾਇਦਾ ਸਾਹਮਣੇ ਆਉਂਣ ਦੀ ਉਮੀਦ ਘੱਟ ਹੀ ਹੈ।ਮਲੇਰਕੋਟਲਾ ਵਿਚ ਪਾਕ-ਕੁਰਾਨ ਦੀ ਬੇਅਦਬੀ ਦੇ ਅਸਲ ਸਾਜ਼ਿਸਕਰਤਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਦੋਸ਼ੀਆਂ ਸਮੇਤ ਸਜ਼ਿਸਕਰਤਾ ਉੱਤੇ ਵੀ ਪਰਦਾ ਪਿਆ ਹੀ ਰਹੇਗਾ।

ਜਿਕਰਯੋਗ ਹੈ ਕਿ ਇਸ ਸਾਰੇ ਘਟਨਾਕ੍ਰਮ ਨੂੰ ਸਮਝਣ ਵਾਲੇ ਵੀ ਤੇ ਨਾ-ਸਮਝਣ ਵਾਲੇ ਵੀ ਇਸ ਸਬੰਧੀ ਸਾਜ਼ਿਸੀ ਚੁੱਪ ਵਰਤਾ ਕੇ ਬੈਠੇ ਹਨ ਅਤੇ ਪਿਛਲੇ ਸਮੇਂ ਦੌਰਾਨ ਹੋਈਆਂ ਬੇਅਦਬੀਆਂ ਦੀ ਇਸ ਪੱਖ ਤੋਂ ਜਾਂਚ ਕਰਨ ਲਈ ਕੋਈ ਪੁਖਤਾ ਪ੍ਰੋਗਰਾਮ ਦੇਣ ਜਾਂ ਕਾਨੂੰਨੀ ਚਾਰਾਜੋਈ ਕਰਨ ਦੀ ਥਾਂ ਵੋਟ ਰਾਜਨੀਤੀ ਤਹਿਤ ਸਰਕਾਰ ਨੂੰ ਭੰਡ ਕੇ ਆਪਣਾ ਹਲਵਾ-ਮਾਂਡਾ ਬਣਾਈ ਰੱਖਣ ਦੀਆਂ ਕਾਰਵਾਈਆਂ ਕਰ ਰਹੇ ਹਨ।

2006-2007-2008 ਵਿਚ ਭਾਰਤ ਭਰ ਵਿਚ ਅਨੇਕਾ ਥਾਵਾਂ ਉਪਰ ਬੰਬ ਧਮਾਕੇ ਹੋਏ ਅਤੇ ਉਹਨਾਂ ਦੇ ਦੋਸ਼ਾਂ ਤਹਿਤ ਬੇਕਸੂਰ ਮੁਸਲਮਾਨ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਵਿਚ ਧੱਕ ਦਿੱਤਾ ਪਰ ਜਦੋਂ ਐਂਟੀ ਟੈਰੋਰਿਸਟ ਸਕੁਐਡ ਦੀ ਕਮਾਨ ਹਿੰਮਤ ਕਰਕਰੇ ਨਾਮੀ ਇਮਾਨਦਾਰ ਪੁਲਿਸ ਅਫਸਰ ਹੱਥ ਆਈ ਤਾਂ ਉਸਨੇ ਆਰ.ਐੱਸ.ਐੱਸ ਨਾਲ ਸਬੰਧਤ ਜਥੇਬੰਦੀਆਂ ਦਾ ਇਹਨਾਂ ਬੰਬ ਧਮਾਕਿਆਂ ਵਿਚ ਅਸਲ ਹੱਥ ਹੋਣਾ ਸਾਬਤ ਕੀਤਾ ਅਤੇ ਬ੍ਰਾਹਮਣਵਾਦੀ ਅੱਤਵਾਦੀਆਂ ਨੂੰ ਜੇਲ੍ਹਾਂ ਵਿਚ ਡੱਕਿਆ ਪਰ ਸਰਕਾਰਾਂ ਤੇ ਏਜੰਸੀਆਂ ਨੇ ਬੰਬੇ ਹਮਲਿਆਂ ਦੀ ਆੜ ਹੇਠ ਉਸ ਬਹਾਦਰ ਅਫਸਰ ਹਿੰਮਤ ਕਰਕਰੇ ਦੀ ਬਲੀ ਲੈ ਲਈ ਅਤੇ ਉਸਦੀ ਥਾਂ ਆਰ.ਐੱਸ.ਐੱਸ ਨਾਲ ਹੀ ਸਬੰਧਤ ਬਦਨਾਮ ਪੁਲਿਸ ਅਫਸਰ ਨੂੰ ਉਸਦੀ ਥਾਂ ਤੇ ਐਂਟੀ ਟੈਰੋਰਿਸਟ ਸਕੁਐਡ ਦਾ ਮੁਖੀ ਨਿਯੁਕਤ ਕਰ ਦਿੱਤਾ ਅਤੇ ਹਿੰਮਤ ਕਰਕਰੇ ਵਲੋਂ ਕੀਤੀ ਜਾਂਚ ਉੱਥੇ ਹੀ ਰੁਕ ਗਈ ਅਤੇ ਉਸ ਵਲੋਂ ਗ੍ਰਿਫਤਾਰ ਕੀਤੇ ਬ੍ਰਾਹਮਣਵਾਦੀ ਅੱਤਵਾਦੀਆਂ ਉਪਰ ਦਰਜ਼ ਕੇਸ ਵੀ ਅਦਾਲਤਾਂ ਵਿਚੋਂ ਹੌਲੀ-ਹੌਲੀ ਕਿਰਨੇ ਸ਼ੁਰੂ ਹੋ ਗਏ।

ਗੱਲ ਸਪੱਸ਼ਟ ਹੈ ਕਿ ਵਿਜੇ ਕੁਮਾਰ ਗਰਗ ਦੀ ਗ੍ਰਿਫਤਾਰੀ ਬੇਅਦਬੀ ਕੇਸਾਂ ਦੀ ਰਚੀ ਗਈ ਸਾਜ਼ਿਸ਼ ਦੀ ਅਹਿਮ ਕੜੀ ਹੈ ਤੇ ਇਸ ਸਬੰਧੀ ਸਾਰੀ ਜਾਂਚ ਨਿਰਪੱਖ ਤੇ ਇਮਾਨਦਾਰ ਪੁਲਿਸ ਅਫਸਰਾਂ ਪਾਸੋਂ ਹਾਈ ਕੋਰਟ ਦੇ ਕਿਸੇ ਇਮਾਨਦਾਰ ਮੌਜੂਦਾ ਜੱਜ ਦੀ ਦੇਖ-ਰੇਖ ਅਧੀਨ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਵਿਜੇ ਕੁਮਾਰ ਗਰਗ ਤੇ ਭਾਜਪਾ/ਆਰ.ਐੱਸ.ਐੱਸ ਦੀ ਇਹਨਾਂ ਸਾਰੇ ਬੇਅਦਬੀ ਕਾਂਡਾਂ ਦੀ ਰਚੀ ਸਾਜ਼ਿਸ ਉਘੜ ਕੇ ਲੋਕਾਂ ਸਾਹਮਣੇ ਆਵੇ ਪਰ ਇਸ ਸਬੰਧੀ ਕੀਤੀ ਜਾ ਰਹੀ ਦੇਰੀ ਸਿੱਧ ਕਰਦੀ ਹੈ ਕਿ ਵਿਜੇ ਕੁਮਾਰ ਗਰਗ ਛੇਤੀ ਜੇਲ੍ਹ ‘ਚੋ ਬਾਹਰ ਆ ਜਾਵੇਗਾ ਅਤੇ ਖਦਸ਼ਾ ਹੈ ਕਿ ਸਾਰੀ ਸਜ਼ਿਸ਼ ਉੱਤੇ ਪਰਦਾ ਪਾਈ ਰੱਖਣ ਲਈ ਭਾਰਤ ਭਰ ਵਿਚ ਬ੍ਰਾਹਮਣਵਾਦੀ ਅੱਤਵਾਦ ਦੇ ਚਿਹਰੇ ਅਨਿਲ ਜੋਸ਼ੀ ਵਾਂਗ ਵਿਜੇ ਕੁਮਾਰ ਗਰਗ ਨੂੰ ਵੀ ਗਾਇਬ ਕਰ ਦਿੱਤਾ ਜਾਵੇਗਾ।

ਸੋ ਲੋੜ ਹੈ ਕਿ ਸਾਰੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਇਕ ਲੜੀ ਤਹਿਤ ਸਮਝਣ ਦੀ ਅਤੇ ਇਸ ਗੱਲ ਦਾ ਮੁਤਾਲਿਆ ਕਰਨ ਦੀ ਕਿ ਕੇਵਲ ਆਰ.ਐੱਸ.ਐੱਸ/ਭਾਜਪਾ ਹੀ ਹੈ ਜੋ ਇਸ ਤਰ੍ਹਾਂ ਦੀ ਰਾਜਨੀਤੀ ਪਿਛਲੇ ਲੰਮੇ ਸਮੇਂ ਤੋਂ ਭਾਰਤ ਭਰ ਵਿਚ ਕਰ ਰਹੀ ਹੈ ਅਤੇ ਬੇਸਮਝ ਅਕਾਲੀ ਆਪਣੀ ਨਿਗੂਣੀ ਸੱਤਾ ਸ਼ਕਤੀ ਲਈ ਇਹਨਾਂ ਪਿੱਛਲੱਗ ਬਣਕੇ ਜਿੱਥੇ ਆਪਣੇ ਗੁਰੂ ਦੀ ਬੇਅਦਬੀ ਦੇ ਭਾਗੀਦਾਰ ਬਣ ਰਹੇ ਹਨ ਉੱਥੇ ਅਕਾਲੀ ਦਲ ਦੀ ਹੋਂਦ-ਹਸਤੀ ਤੇ ਵੱਕਰ ਨੂੰ ਦਾਅ ਉਪਰ ਲਾ ਰਹੇ ਹਨ। ਇਹ ਗੱਲ ਵੱਧ ਸਮਝਣ ਦੀ ਹੈ ਕਿ ਬ੍ਰਾਹਮਣ ਵਾਦੀ ਸੋਚ ਕਿਸੇ ਇਕ ਨਾਮ ਆਰ.ਐੱਸ.ਐੱਸ/ਭਾਜਪਾ ਰਾਹੀਂ ਹੀ ਪ੍ਰਵਾਹਤ ਨਹੀਂ ਹੁੰਦੀ ਜਾਂ ਉਹਨਾਂ ਲਈ ਪੰਜਾਬ ਵਿਚ ਸੱਤਾ ਵਿਚ ਭਾਗੀਦਾਰੀ ਕੇਵਲ ਬਾਦਲ ਦਲ ਰਾਹੀਂ ਹੀ ਨਹੀਂ ਮਿਲਣੀ ਸਗੋਂ ਇਸ ਸੋਚ ਦੇ ਵਿਅਕਤੀ ਕਾਂਗਰਸ, ਅਕਾਲੀ ਦਲ , ਆਮ ਆਦਮੀ ਪਾਰਟੀ, ਪੁਲਿਸ, ਫੌਜ, ਪ੍ਰਸਾਸ਼ਕੀ ਅਹੁਦਿਆਂ ਜਾਂ ਕਿਸੇ ਹੋਰ ਸਿੱਖ ਸੰਸਥਾ ਵਿਚ ਵੀ ਬੈਠੇ ਆਪਣਾ ਗਲਬਾ ਸਮੁੱਚ ਉੱਤੇ ਪਾਉਂਣ ਲਈ ਤਿਆਰ-ਬਰ-ਤਿਆਰ ਰਹਿੰਦੇ ਹਨ ਜਿਹਨਾਂ ਦਾ ਮੁਕਾਬਲਾ ਕੇਵਲ ਨਾਅਰਿਆਂ ਜਾਂ ਧਰਨਿਆਂ ਨਹੀਂ ਕੀਤਾ ਜਾ ਸਕਦਾ।

ਅਕਾਲ ਪੁਰਖ ਪਰਮਾਤਮਾ ਅੱਗੇ ਅਰਦਾਸ ਹੈ ਕਿ ਉਹ ਸਾਨੂੰ ਬਾਣੀ-ਬਾਣੇ ਦੇ ਪਿਆਰ ਤੇ ਵਿਚਾਰ ਨਾਲ ਸੁਚੱਜੀ ਜੀਵਨ-ਜਾਚ ਬਖਸ਼ੇ ਜਿਸ ਰਾਹੀਂ ਅਸੀਂ ਬੇਅਦਬੀ ਦੇ ਅਸਲ ਦੋਸ਼ੀਆਂ ਨੂੰ ਉਘਾੜ ਕੇ ਸਰਬਤ ਦੇ ਭਲੇ ਵਾਲਾ ਪਰਬੰਧ ਰਾਜ ਕਰੇਗਾ ਖਾਲਸਾ ਪਰਗਟ ਕਰ ਸਕੀਏ।

– 0 –

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,