ਸਿਆਸੀ ਖਬਰਾਂ

‘ਇਕ ਬੂੰਦ ਪਾਣੀ ਨਾ ਦੇਣ’ ਦੇ ਬਿਆਨ ਵਾਲਿਆਂ ਨੂੰ ਆਪਣੀ ਧਰਤੀ ’ਤੇ ਕਦਮ ਨਹੀਂ ਰੱਖਣ ਦਿਆਂਗੇ: ਚੌਟਾਲਾ

February 24, 2017 | By

ਪਟਿਆਲਾ: ਐਸਵਾਈਐਲ ਨਹਿਰ ਦੀ ਮੁੜ ਪੁਟਾਈ ਕਰਨ ਦੇ ਐਲਾਨ ਤਹਿਤ ਕੱਲ੍ਹ 23 ਫਰਵਰੀ ਨੂੰ ਸ਼ੰਭੂ ਬਾਰਡਰ ਰਾਹੀਂ ਪੰਜਾਬ ਵਿਚ ਦਾਖ਼ਲ ਹੋਏ ਇਨੈਲੋ ਆਗੂ ਅਤੇ ਬਾਦਲ ਪਰਿਵਾਰ ਦੇ ਨਜ਼ੀਦੀਕੀ ਦੋਸਤ ਅਭੈ ਚੌਟਾਲਾ ਸਮੇਤ ਸੌ ਦੇ ਕਰੀਬ ਪਾਰਟੀ ਆਗੂਆਂ ਨੂੰ ਗ੍ਰਿਫ਼ਤਾਰ ਕਰ ਕੇ ਪਟਿਆਲ਼ਾ ਪੁਲਿਸ ਨੇ ਪਟਿਆਲਾ ਜੇਲ੍ਹ ਵਿਚ ਬੰਦ ਕਰ ਦਿੱਤਾ ਹੈ। ਗ੍ਰਿਫ਼ਤਾਰ ਕੀਤੇ ਗਏ ਆਗੂਆਂ ਵਿਚ ਇਨੈਲੋ ਦੇ ਦੋ ਐਮਪੀ, ਦਰਜਨ ਭਰ ਵਿਧਾਇਕਾਂ ਸਮੇਤ ਕੁੱਲ 73 ਜਣੇ ਸ਼ਾਮਲ ਹਨ।

ਇਨੈਲੋ ਵਰਕਰ ਸ਼ੰਭੂ ਬੈਰੀਅਰ ’ਤੇ ਹਰਿਆਣਾ ਵਾਲੇ ਪਾਸੇ ਐਸਵਾਈਐਲ ਨਹਿਰ ਦੀ ਖੁਦਾਈ ਕਰਦੇ ਹੋਏ

ਇਨੈਲੋ ਵਰਕਰ ਸ਼ੰਭੂ ਬੈਰੀਅਰ ’ਤੇ ਹਰਿਆਣਾ ਵਾਲੇ ਪਾਸੇ ਐਸਵਾਈਐਲ ਨਹਿਰ ਦੀ ਖੁਦਾਈ ਕਰਦੇ ਹੋਏ

ਜ਼ਿਕਰਯੋਗ ਹੈ ਕਿ ਹਰਿਆਣਾ ਦੀ ਵਿਰੋਧੀ ਪਾਰਟੀ ਇਨੈਲੋ ਨੇ ਪੰਜਾਬ ਵਿਚ ਕੁਝ ਥਾਵਾਂ ’ਤੇ ਬੰਦ ਕੀਤੀ ਗਈ ਐਸਵਾਈਐਲ ਨਹਿਰ ਦੀ ਪੰਜਾਬ ਆ ਕੇ ਮੁੜ ਤੋਂ ਪੁਟਾਈ ਕਰਨ ਦਾ ਐਲਾਨ ਕੀਤਾ ਸੀ। ਇਸ ਕਾਰਨ ਸ਼ੰਭੂ ਬੈਰੀਅਰ ਅਤੇ ਕਪੂਰੀ ਆਦਿ ਥਾਵਾਂ ’ਤੇ ਕੇਂਦਰੀ ਸੁਰੱਖਿਆ ਬਲਾਂ ਦੀਆਂ ਦਸ ਕੰਪਨੀਆਂ ਸਮੇਤ ਛੇ ਹਜ਼ਾਰ ਦੇ ਕਰੀਬ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਮੀਡੀਆ ਦੀਆਂ ਖ਼ਬਰਾਂ ਮੁਤਾਬਕ 1982 ਵਿਚ ਵਿਵਾਵਦ ਐਸਵਾਈਐਲ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਇਸ ਖੇਤਰ ਵਿਚ ਇਸ ਕਦਰ ਪੁਲਿਸ ਦੀ ਇਹ ਪਹਿਲੀ ਤਾਇਨਾਤੀ ਮੰਨੀ ਜਾ ਰਹੀ ਹੈ। ਇਸ ਦੌਰਾਨ ਦੋ ਆਈਜੀ, ਡੀਆਈਜੀ, ਢਾਈ ਸੌ ਦੇ ਕਰੀਬ ਐਸਪੀ ਤੇ ਡੀਐਸਪੀ ਵੀ ਤਾਇਨਾਤ ਰਹੇ। ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਖੁਦ ਵੀ ਹਵਾਈ ਜਹਾਜ਼ ਰਾਹੀਂ ਸੁਰੱਖਿਆ ਪ੍ਰਬੰਧਾਂ ’ਤੇ ਨਿਗਾਹ ਰੱਖ ਰਹੇ ਸਨ।

ਸਬੰਧਤ ਖ਼ਬਰ:

ਐਸ.ਵਾਈ.ਐਲ: ਪੰਜਾਬ ਦੇ ਪਾਣੀਆਂ ਦੇ ਹੱਕ ‘ਚ (ਦੇਵੀਗੜ੍ਹ) ਪਟਿਆਲਾ ਤੋਂ ਕੱਢਿਆ ਗਿਆ ਮਾਰਚ …

ਪੁਲਿਸ ਭਾਵੇਂ ਸਵੇਰ ਤੋਂ ਹੀ ਤਾਇਨਾਤ ਸੀ, ਪਰ ਇਨੈਲੋ ਵਰਕਰ ਚੌਟਾਲਾ ਦੀ ਅਗਵਾਈ ਹੇਠ ਸ਼ਾਮੀ ਪੌਣੇ ਚਾਰ ਵਜੇ ਜਬਰੀ ਪੰਜਾਬ ਦੇ ਇਲਾਕੇ ਵਿਚ ਦਾਖ਼ਲ ਹੋਏ ਤੇ ਉਨ੍ਹਾਂ ਇਥੇ ਸ਼ੰਭੂ ਬਾਰਡਰ ਨੇੜੇ ਪਟਿਆਲਾ ਪੁਲਿਸ ਵੱਲੋਂ ਲਾਏ ਜ਼ਬਰਦਸਤ ਨਾਕੇ ਕੋਲ਼ ਕਹੀਆਂ ਨਾਲ਼ ਸੰਕੇਤਕ ਰੂਪ ਵਿਚ ਮਿੱਟੀ ਪੁੱਟਣੀ ਸ਼ੁਰੂ ਕਰ ਦਿੱਤੀ। ਇਸ ਮੌਕੇ ਲਾਊਡ ਸਪੀਕਰ ਰਾਹੀਂ ਏਐਸਆਈ ਕੁਲਵਿੰਦਰ ਸਿੰਘ ਵੱਲੋਂ ਕਈ ਵਾਰ ਚੇਤਾਵਨੀ ਦੇ ਬਾਵਜੂਦ ਜਦੋਂ ਉਹ ਨਾ ਹਟੇ ਤਾਂ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਏਡੀਜੀਪੀ ਹਰਦੀਪ ਸਿੰਘ ਢਿੱਲੋਂ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਹਦਾਇਤ ਦਿੱਤੀ। ਇਸ ’ਤੇ ਡੀਆਈਜੀ ਆਸ਼ੀਸ ਚੌਧਰੀ ਦੀ ਅਗਵਾਈ ਹੇਠਾਂ ਅੱਗੇ ਵਧੀ ਟੁਕੜੀ ਨੇ ਅਭੈ ਚੌਟਾਲਾ ਸਮੇਤ 74 ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਬਾਕੀ ਇਨੈਲੋ ਵਰਕਰ ਵਾਪਸ ਚਲੇ ਗਏ। ਉਨ੍ਹਾਂ ਖ਼ਿਲਾਫ਼ ਥਾਣਾ ਸ਼ੰਭੂ ਦੇ ਮੁਖੀ ਵਜੋਂ ਇੰਸਪੈਕਟਰ ਗੁਰਚਰਨ ਸਿੰਘ ਵੜੈਚ ਨੇ ਧਾਰਾ 188 ਅਤੇ 107/151 ਦੇ ਅਧੀਨ ਕੇਸ ਦਰਜ ਕੀਤਾ ਤੇ ਐਸਡੀਐਮ ਰਾਜਪੁਰਾ ਦੀ ਅਦਾਲਤ ਵਿਚ ਪੇਸ਼ ਕਰਨ ਪਿੱਛੋਂ ਉਨ੍ਹਾਂ ਨੂੰ ਕੇਂਦਰੀ ਜੇਲ੍ਹ ਪਟਿਆਲਾ ਵਿਖੇ ਭੇਜ ਦਿੱਤਾ ਗਿਆ।

ਸਬੰਧਤ ਖ਼ਬਰ:

ਇਨੈਲੋ ਦੀ ਧਮਕੀ ਤੋਂ ਬਾਅਦ ਬੈਂਸ ਭਰਾ ਆਪਣੇ ਸਮਰਥਕਾਂ ਨਾਲ ਕਪੂਰੀ ਵੱਲ ਰਵਾਨਾ ਹੋਏ, ਪੁਲਿਸ ਨੇ ਰੋਕਿਆ

ਗ੍ਰਿਫ਼ਤਾਰ ਕੀਤੇ ਗਏ ਆਗੂਆਂ ਵਿਚ ਅਭੈ ਚੌਟਾਲਾ, ਅਰਜੁਨ ਚੌਟਾਲਾ, ਅਸ਼ੋਕ ਅਰੋੜਾ, ਪਰਦੀਪ ਦੇਸਵਾਲ, ਐਮਪੀ ਰਣਜੀਤ ਅਰੋੜਾ, ਰਾਜ ਸਭਾ ਮੈਂਬਰ ਰਾਜ ਕੁਮਾਰ ਕਸ਼ਿਅਪ ਸਮੇਤ ਪਦਮ ਦਹੀਆ, ਵੇਦ ਨਰੰਗ, ਮੁਹੰਮਦ ਇਜਲਾਸ, ਸੁਨੀਲ ਲਾਂਬਾ, ਓਮ ਪ੍ਰਕਾਸ਼, ਰਾਮ ਬਾਂਦਰਾ, ਰਾਜਦੀਪ ਸਿੰਘ, ਅਨੂਪ ਫੋਗਟ, ਅਨੂਪ ਧਾਣਕ, ਅਮੀਮ ਅਹਿਮਦ, ਪਰਮਿੰਦਰ ਢੋਲ, ਰਣਬੀਰ ਗੰਗੂਆ, ਜਸਵਿੰਦਰ ਸਿੰਘ ਸੰਧੂ ਪਿਹੋਵਾ, ਕਪੂਰ ਸਿੰਘ ਨਾਰਨੌਲ ਅਤੇ ਸਤੀਸ਼ ਨੰਦਲ ਆਦਿ ਮੌਜੂਦਾ ਅਤੇ ਸਾਬਕਾ ਵਿਧਾਇਕ ਸ਼ਾਮਲ ਹਨ।

ਸਬੰਧਤ ਖ਼ਬਰ:

ਐਸਵਾਈਐਲ ਬਣਾਉਣ ਬਾਰੇ ਭਾਰਤੀ ਸੁਪਰੀਮ ਕੋਰਟ ਦੇ ਜੱਜਾਂ ਦੀ ਟਿੱਪਣੀ ਤੋਂ ਪਰਗਟ ਹੁੰਦੀ ਮਾਨਸਿਕਤਾ ਬਾਰੇ …

ਰਾਜਸੀ ਧਿਰਾਂ ਨੇ ਇਸ ਨੂੰ ਮਹਿਜ਼ ਬਾਦਲ ਅਤੇ ਚੌਟਾਲਾ ਪਰਿਵਾਰਾਂ ਦਾ ਸਿਆਸੀ ਡਰਾਮਾ ਕਰਾਰ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਇੰਡੀਅਨ ਨੈਸ਼ਨਲ ਲੋਕ ਦਲ ਵਲੋਂ ਡੇਢ ਮਹੀਨੇ ਤੋਂ ਪ੍ਰਚਾਰਿਆ ਜਾ ਰਿਹਾ ‘ਜਲ ਯੁੱਧ ਅੰਦੋਲਨ’ ਇਨੈਲੋ ਦੇ ਕੁਝ ਆਗੂਆਂ ਦੀਆਂ ਸੀਮਤ ਗ੍ਰਿਫਤਾਰੀਆਂ ਨਾਲ ਸਮਾਪਤ ਹੋ ਗਿਆ। ਹਰਿਆਣਾ ਪੁਲਿਸ ਨੇ ਇਨੈਲੋ ਵਰਕਰਾਂ ਨੂੰ ਸ਼ੰਭੂ (ਪੰਜਾਬ) ਵੱਲ ਨੂੰ ਵਧਣ ਤੋਂ ਰੋਕਣ ਲਈ ਤਿੰਨ ਬੈਰੀਕੇਡ ਲਾਏ ਹੋਏ ਸਨ ਪਰ ਹਕੀਕਤ ਵਿੱਚ ਪੁਲਿਸ ਨੇ ਆਗੂਆਂ ਨੂੰ ਪੰਜਾਬ ਜਾਣ ਤੋਂ ਰੋਕਣ ਲਈ ਕੋਈ ਤਰੱਦਦ ਨਹੀਂ ਕੀਤਾ। ਮਾਹਰਾਂ ਦਾ ਕਹਿਣਾ ਹੈ ਕਿ ਹਰਿਆਣਾ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਪੁਲਿਸ ਨੂੰ ਪ੍ਰਦਰਸ਼ਨਕਾਰੀਆਂ ਬਾਰੇ ਕੋਈ ਖਾਸ ਹਦਾਇਤਾਂ ਸਨ। ਡਿਊਟੀ ’ਤੇ ਤਾਇਨਾਤ ਅਧਿਕਾਰੀਆਂ ਨੇ ਕਿਹਾ ਕਿ ਉਹ ਨਾ ਗ੍ਰਿਫ਼ਤਾਰੀਆਂ ਕਰਨਗੇ ਅਤੇ ਨਾ ਪੰਜਾਬ ਵੱਲ ਜਾਣ ਵਾਲੇ ਲੋਕਾਂ ਨੂੰ ਰੋਕਣਗੇ। ਦੂਜੇ ਪਾਸੇ ਪੰਜਾਬ ਨੇ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਸਨ। ਕੈਪਟਨ ਦੇ ਇਸ ਬਿਆਨ ਕਿ ਇਨੈਲੋ ਦੇ ਜਲ ਅੰਦੋਲਨ ਨਾਲ ਪੰਜਾਬ ਵਿਚ ਮੁੜ “ਦਹਿਸ਼ਤਗਰਦੀ” ਪੈਦਾ ਹੋ ਸਕਦੀ ਹੈ, ਨੂੰ ਰੱਦ ਕਰਦਿਆਂ ਅਭੈ ਚੌਟਾਲਾ ਨੇ ਕਿਹਾ ਕਿ ਹਰਿਆਣਾ ਤਾਂ ਆਪਣਾ ਹੱਕ ਮੰਗ ਰਿਹਾ ਹੈ। ਚੌਟਾਲਾ ਨੇ ਧਮਕੀ ਦਿੰਦਿਆਂ ਕਿਹਾ ਕਿ ਕੈਪਟਨ ਤੇ ਪੰਜਾਬ ਦੇ ਕਈ ਹੋਰ ਆਗੂ ਹਰਿਆਣਾ ਨੂੰ ‘ਇਕ ਬੂੰਦ ਪਾਣੀ ਨਾ ਦੇਣ’ ਦਾ ਐਲਾਨ ਕਰਕੇ ਗਲਤ ਪ੍ਰਭਾਵ ਪੈਦਾ ਕਰਨ ਦਾ ਯਤਨ ਕਰ ਰਹੇ ਹਨ। ਉਨ੍ਹਾਂ ਐਲਾਨ ਕੀਤਾ ਕਿ ਅਜਿਹਾ ਕਹਿਣ ਵਾਲੇ ਕੈਪਟਨ ਅਤੇ ਪੰਜਾਬ ਦੇ ਹੋਰ ਆਗੂਆਂ ਨੂੰ ਹਰਿਆਣਾ ਦੀ ਧਰਤੀ ’ਤੇ ਕਦਮ ਨਹੀਂ ਰੱਖਣ ਦਿਆਂਗੇ।

ਸਬੰਧਤ ਖ਼ਬਰ:

ਬਾਦਲ ਪਰਿਵਾਰ ਦੇ ਦੋਸਤ ਅਭੈ ਚੌਟਾਲਾ ਦਾ ਐਲਾਨ; ਹਰ ਹਾਲ ‘ਚ 23 ਨੂੰ ਨਹਿਰ ਪੁੱਟਾਂਗੇ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,