ਚੋਣਵੀਆਂ ਲਿਖਤਾਂ » ਲੇਖ » ਸਿੱਖ ਖਬਰਾਂ

ਡਾ . ਅੰਬੇਡਕਰ ਸਿੱਖ ਕਿਉਂ ਨ ਬਣ ਸਕੇ? ( ਦੋਸ਼ੀ ਕੋਣ ) – ਦੋ ਸ਼ਬਦ

May 26, 2018 | By

ਸ. ਮੱਲ ਸਿੰਘ ਦੀ ਕਿਤਾਬ “ਡਾ . ਅੰਬੇਡਕਰ ਸਿੱਖ ਕਿਉਂ ਨ ਬਣ ਸਕੇ? ( ਦੋਸ਼ੀ ਕੋਣ )” 26 ਮਈ, 2018 ਨੂੰ ਲੁਧਿਆਣਾ ਵਿਖੇ ਇਕ ਸਮਾਗਮ ਦੌਰਾਨ ਜਾਰੀ ਕਰ ਦਿੱਤੀ ਗਈ। ਅਸੀਂ ਪਾਠਕਾਂ ਨਾਲ ਸਾਬਕਾ ਆਈ. ਏ. ਐਸ. ਸ. ਗੁਰਤੇਜ ਸਿੰਘ ਵੱਲੋਂ ਇਸ ਕਿਤਾਬ ਬਾਰੇ ਲਿਖੇ “ਦੋ ਸ਼ਬਦ” ਹੇਠਾਂ ਸਾਂਝੇ ਕਰ ਰਹੇ ਹਾਂ – ਸੰਪਾਦਕ।

ਸ. ਗੁਰਤੇਜ ਸਿੰਘ

ਸਿਖੀ ਦਾ ਅਧਿਆਤਮਕ ਮਿਸ਼ਨ ਸਾਰੇ ਸੰਸਾਰ ਨੂੰ ਕਲਾਵੇ ਵਿਚ ਲੈਂਦਾ ਹੈ। ਏਸੇ ਲਈ ਗੁਰੂ ਨਾਨਕ ਦਾ ਧਾਰਮਿਕ ਪਿੜ ਵਿਚ ਪਛਾਣ ਸਥਾਪਤ ਕਰਦਾ ਲਕਬ ਜਗਤ ਗੁਰੂ ਹੈ। ਹਿੰਦ ਵਿਚ ਸਿੱਖੀ ਦਾ ਮੁੱਖ ਮੰਤਵ ਏਥੇ ਦੇ ਮੂਲ ਨਿਵਾਸੀ ਬਹੁਜਨ ਸਮਾਜ ਨੂੰ ਗੁਲਾਮੀ ਅਤੇ ਜਲਾਲਤ ਦੀ ਜਿੰਦਗੀ ਵਿਚੋਂ ਕੱਢ ਕੇ ਨਿਰੰਤਰ ਆਰਥਿਕ, ਸਮਾਜਿਕ ਅਤੇ ਅਧਿਆਤਮਕ ਤਰੱਕੀ ਦੇ ਗਾਡੀ ਰਾਹੇ ਪਾਉਣਾ ਸੀ। ਇਹ ਵੱਡੇ ਪੁੰਨ ਦਾ ਕੰਮ ਸਿੱਖੀ ਨੇ ਪੰਜਾਬ ਅਤੇ ਨੇੜੇ ਤੇੜੇ ਦੇ ਇਲਾਕਿਆਂ ਵਿਚ ਖ਼ੂਬ ਨਿਭਾਇਆ। ਹੀਣ- ਭਾਵ ਹੇਠ ਨੱਪੇ ਜਾਤਾਂ ਵਰਨਾਂ ਵਿਚੋਂ ਵੱਡੇ ਵਿਦਵਾਨ, ਯੋਧੋਂ ਅਤੇ ਆਗੂ ਪੈਦਾ ਕੀਤੇ ਜਿਨ੍ਹਾਂ ਦੀ ਲਾਸਾਨੀ ਪੂਤਿਭਾ ਨੂੰ ਸਾਰੇ ਸੰਸਾਰ ਨੇ ਕਬੁਲਿਆ ਅਤੇ ਸਿਰ ਝੁਕਾਇਆ। ਇਹ ਸੰਸਾਰ ਦੇ ਇਤਿਹਾਸ ਵਿਚ ਪਹਿਲੀ ਸਮਾਜਿਕ ਕਰਾਂਤੀ ਸੀ। ਸ਼ਾਕਿਆ ਸਿੰਘ ਸਮੇਂ ਵੇਲਾ ਖੁੰਝਾ ਚੁੱਕੀ ਹਿੰਦ ਲਈ ਇਹ ਦੂਜਾ ਅਤੇ ਹੋਰ ਬਿਹਤਰ ਮੌਕਾ ਸੀ ਜਦੋਂ ਕਿ ਇਹ ਆਪਣੇ ਆਪ ਨੂੰ ਜੁੱਤੀ ਦੀ ਨੋਕ ਤੋਂ ਚੁੱਕ ਕੇ ਸੰਸਾਰ ਦੇ ਸਿਰ ਕਢ ਲੋਕਾਂ ਦੇ ਹਾਣ ਦੀ ਹੋ ਨਿਬੜਨ ਕਾਬਲ ਹੋਈ ਸੀ। ਇਕ ਵੇਲੇ ਹਿੰਦੀ ਸਮਾਜ ਨੇ ਸਿੱਖੀ ਦੇ ਏਸ ਸੁਖਦ ਸੁਨੇਹੇ ਨੂੰ ਬੜੇ ਗੌਰ ਨਾਲ ਸੁਣਿਆ ਪਰ ਸਦੀਵੀ ਮਰੀ ਰੂਪ ਵਿਚ ਪਈ ਵਰਣ ਵਿਵਸਥਾ ਦੇ ਤਾਕਤ ਫੜਨ ਉਤੇ ਵਿਸਾਰ ਦਿਤਾ।

ਜੋ ਲਤਾੜੀਆਂ ਜਾਤਾਂ ਮੌਕਾ ਸੰਭਲ ਗਈਆਂ ਉਹ ਤਰੱਕੀ ਦੇ ਰਾਹ ਪਈਆਂ ਅਤੇ ਅਧਿਆਤਮ ਗੌਰਵ ਦੀਆਂ ਹੱਕਦਾਰ ਬਣੀਆਂ। ਪੰਜਾਬ ਦੇ ਕਈ ਨੀਵੇਂ ਅਖਵਾਉਦੇ ਵਰਗ ਸਦੀਵੀ ਸਰਦਾਰੀਆਂ ਦੇ ਪਾਂਧੀ ਬਣੇ। ਏਸ ਰਾਹੇ ਤੁਰਨਾ ਸਹਿਲ ਨਹੀਂ ਸੀ। ਕੰਡਿਆਲਾ ਰਾਹ ਸ਼ਹਾਦਤਾਂ ਮੰਗਦਾ ਸੀ। ਪਹਿਲੀ ਸੱਟੇ ਹੀ ਕੁਲ ਨਾਸ਼, ਧਰਮ ਨਾਸ਼, ਕਰਮ ਨਾਸ਼, ਭਰਮ ਨਾਸ਼, ਦੀ ਅਹੂਤੀ ਮੰਗਦਾ ਸੀ। ਫੇਰ ਅੰਮ੍ਰਿਤ ਦੀ ਅਗੰਮੀ ਸ਼ਕਤੀ ਦੇ ਸਹਾਰੇ ਜ਼ੁਝਾਰੂ ਬਿਰਤੀ ਧਾਰ ਕੇ, ਆਪਣੇ ਆਪ ਨੂੰ ਅਕਾਲ ਦੀ ਸੱਚੀ ਟਕਸਾਲ ਵਿਚ ਢਾਲਣ ਦੀ ਸਮਰੱਥਾ ਹਾਸਲ ਕਰਨ ਦੀ ਸਾਧਨਾ।

ਇਹ ਕਿਤਾਬ ਅੱਜ ਹੀ ਖਰੀਦੋ:

ਡਾ. ਅੰਬੇਡਕਰ ਸਿੱਖ ਕਿਉਂ ਨਾ ਬਣ ਸਕੇ? (ਦੋਸ਼ੀ ਕੌਣ) ਕਿਤਾਬ ਤੁਸੀਂ ਸਿੱਖ ਸਿਆਸਤ ਰਾਹੀਂ ਦੁਨੀਆ ਭਰ ਵਿੱਚ ਕਿਤੇ ਵੀ ਮੰਗਵਾ ਸਕਦੇ ਹੋ।

ਇਹ ਕਰਮ ਬੁਲੰਦ ਇਰਾਦੇ, ਸਦੀਵੀ ਚੜ੍ਹਦੀ ਕਲਾ ਵਿਚ ਵਿਚਰਨਾ ਅਤੇ ਜ਼ੁਲਮ ਦੇ ਟਾਕਰੇ ਲਈ ਤਿਆਰ ਬਰ ਤਿਆਰ ਰਹਿਣ ਦੀ ਅਜਿਤ ਮਾਨਸਿਕਤਾ ਦਾ ਧਾਰਨੀ ਹੋਣ ਵਾਲੇ ਦਾ ਹੀ ਹੋ ਸਕਦਾ ਸੀ। ਹਿੰਦ ਦੀ ਸਦੀਆਂ ਦੀ ਗੁਲਾਮੀ ਅਤੇ ਜਾਤਪਾਤੀ ਸਮਾਜ ਹਿੰਦ ਵਾਸੀਆਂ ਨੂੰ ਬੁਲੰਦ ਇਰਾਦਿਆਂ ਦੇ ਨੇੜੇ-ਤੇੜੇ ਫਟਕਣ ਦੀ ਵੀ ਇਜਾਜਤ ਨਹੀਂ ਸੀ ਦਿੰਦਾ। ਸਥਾਈ ਸਭਿਆਚਾਰਕ ਬਹੁਗਿਣਤੀ ਨੇ ਆਪਣੇ ਆਪ ਨੂੰ ਸਿੱਖੀ ਦੇ ਸਹਾਰੇ ਆਪਣਾ ਭਵਿਖ ਸਵਾਰਨ ਦੇ ਯੋਗ ਨਾ ਪਾਇਆ। ਸਮੁੱਚੇ ਹਰਿਆਣਾ ਪ੍ਰਾਂਤ ਵਿਚੋਂ ਬੰਦਾ ਬਹਾਦਰ ਦੇ ਸਮੇਂ ਵੀ ਕੇਵਲ 17 ਲੋਕ, ਸਿੰਘ ਸਜੇ। ਹੀਣ ਭਾਵਨਾਂ ਇਕ ਹੋਰ ਵਾਰ ਲੈ ਬੈਠੀ ਅਤੇ ਕੁਲ ਹਿੰਦ, ਸਿਖੀ ਦੀ ਅਦੁਤੀ ਦਾਤ ਮਨੁੱਖੀ ਅਜ਼ਾਦੀ ਤੋਂ ਸਦੀਆਂ ਲਈ ਫੇਰ ਮਹਿਰੂਮ ਹੋ ਗਈ। ਨਤੀਜੇ ਵਜੋਂ ਇਹ ਮਨੁਖੀ ਗਹਿਣਾ ਮਹਿਫ਼ੂਜ਼ ਕਰਨ ਲਈ ਕੇਵਲ ਪੰਜਾਬ ਦੇ ਸਿਖਾਂ ਨੂੰ ਹੀ 1947 ਤੱਕ ਮਣਾਂ ਮੂੰਹੀ ਕੁਰਬਾਨੀਆਂ ਕਰਨੀਆਂ ਪਈਆਂ।

ਡਾ . ਅੰਬੇਡਕਰ ਸਿੱਖ ਕਿਉਂ ਨ ਬਣ ਸਕੇ? ( ਦੋਸ਼ੀ ਕੋਣ ) ਕਿਤਾਬ ਦਾ ਮਗਰਲਾ ਸਰਵਰਕ

ਫਲਸਫੇ ਇਤਿਹਾਸ ਅਤੇ ਮਨੁੱਖੀ ਮਨ ਦੀਆਂ ਪਰਤਾਂ ਨੂੰ ਘੋਖਣ ਪਰਖਣ ਵਾਲੀ ਦਲਿਤ ਵਰਗ ਨੂੰ ਮਨੁਖ ਮਾਤਰ ਦੇ ਬਰਾਬਰ ਖੜਾ ਵੇਖਣ ਵਾਲੀ, ਇਕ ਪਵਿਤਰ ਰੂਹ ਨੇ ਡਾਕਟਰ ਅੰਬੇਡਕਰ ਦੇ ਰੂਪ ਵਿਚ ਜਨਮ ਲਿਆ। ਓਸਨੇ ਦਹਿ-ਸਦੀਆਂ ਦੇ ਇਤਿਹਾਸ ਨੂੰ ਫਰੋਲ ਕੇ ਸਿੱਟਾ ਕਢਿਆ ਕਿ ਦਲਿਤਾਂ ਲਈ ਮਨੁੱਖੀ ਬਰਾਬਰੀ ਦੀ ਟੀਸੀ ਉਤੇ ਪਹੁੰਚਣ ਦਾ ਸਭ ਤੋਂ ਸੌਖਾ ਰਾਹ ਸਿੱਖੀ ਦੇ ਵਿਹੜੇ ਵਿਚੋਂ ਹੋ ਕੇ ਜਾਂਦਾ ਹੈ। ਉਸਨੇ ਪਿਛਲੀ ਸਦੀ ਦੇ ਚੌਥੇ ਦਹਾਕੇ ਵਿਚ ਏਸ ਇਤਿਹਾਸਿਕ ਕਾਰਜ ਨੂੰ ਨੇਪਰੇ ਚਾੜਨ ਲਈ, ਸਾਰੇ ਵਰਗਾਂ ਦੇ ਦੱਬੇ ਕੁਚਲੇ ਲੋਕਾਂ ਨੂੰ ਨਾਲ ਲੈ ਕੇ ਅੰਮ੍ਰਿਤ ਸਰੋਵਰ ਦੇ ਉਦਾਲੇ ਛਾਉਣੀਆਂ ਪਾਉਣ ਦਾ ਸੰਕਲਪ ਲਿਆ। ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਸਮੇਤ ਸਮੇਂ ਦੇ ਸਾਰੇ ਸਿੱਖ ਆਗੁਆਂ ਨੇ ਏਸ ਸੰਕਲਪ ਨੂੰ ਸਿੱਖੀ ਦੇ ਲੋਕ ਕਲਿਆਣ ਦੇ ਬਿਰਦ ਨੂੰ ਰੂਪਮਾਨ ਕਰਨ ਦਾ ਵੱਡਾ ਜ਼ਰੀਆ ਸਮਝ ਕੇ ਗਲ ਨਾਲ ਲਾਇਆ। ਉਨ੍ਹਾਂ ਸਮਝਿਆ ਕਿ ਦਸ਼ਮੇਸ਼ ਪਿਆਰ ਕੇਂ ਛਲਕਦੇ ਅੰਮ੍ਰਿਤ ਦੇ ਬਾਟੇ ਨੂੰ ਤਰਨ ਤਾਰਨ ਬਿਰਦ ਨਿਭਾਉਣ ਦਾ ਸੁਨਿਹਰੀ ਮੌਕਾ ਮਿਲਣ ਜਾ ਰਿਹਾ ਹੈ। ਇਹਨਾਂ ਨੇ ਕਿਰਤੀਆਂ ਦੀਆਂ ਕੀਤੀਆਂ ਕਿਰਸਾਂ ਨਾਲ ਜੁੜੇ ਸਾਰੇ ਖ਼ਜ਼ਾਨੇ ਖਲ੍ਹ ਦਿਤੇ ਅਤੇ ਹਰ ਪੱਖ ਅੰਬੇਡਕਰ ਦੇ ਉਦਮ ਨੂੰ ਜੀ ਆਇਆਂ ਨੂੰ ਆਖਣ ਲਈ ਸੰਸਥਾਵਾਂ ਦੇ ਸੀਮਤ ਜਰੀਆ ਨਾਲ ਵੀ ਵੱਡਾ ਕਰਿਸ਼ਮਾ ਕਰ ਵਿਖਾਇਆ। ਚੰਦ ਮਹੀਨਿਆਂ ਵਿਚ ਬੰਬਈ (ਅੱਜ ਦੀ ਮੁੰਬਈ) ਵਿਚ ਤਿੰਨ ਮੰਜਲੀ ਕਾਲਿਜ ਦੀ ਇਮਾਰਤ ਉਸਰ ਗਈ, ਇਕ ਛਾਪਾ ਖਾਨਾ ਜਰਮਨੀ ਤੋਂ ਵਧੀਆ ਮਸ਼ੀਨਾਂ ਲਿਆ ਕੇ ਸਥਾਪਤ ਕਰ ਦਿਤਾ, ਸਿੱਖ ਮਿਸ਼ਨਰੀ ਕਾਲਿਜ ਸਜ ਗਿਆ। ਅੰਬੇਡਕਰ ਦੇ ਪ੍ਰਮੁਖ ਸਹਿਯੋਗੀ ਓਸਦੇ ਕਰੀਬੀ ਰਿਸ਼ਤੇਦਾਰ ਸਮੇਤ ਅੰਮ੍ਰਿਤ ਦੇ ਬਾਟੇ ਨੂੰ ਥੱਮਣ ਲਈ ਖੁਦ ਅੰਮ੍ਰਿਤ ਛਕ ਕੇ ਤਿਆਰ ਬਰ ਤਿਆਰ ਹੋ ਗਏ।

ਅੰਬੇਡਕਰ ਨੇ ਇਹ ਇਨਕਲਾਬੀ ਕਦਮ ਸਾਰੇ ਹਿੰਦੂ ਸਮਾਜ ਦੇ ਆਗੂਆਂ ਨੂੰ ਭਰੋਸੇ ਵਿੱਚ ਲੈ ਕੇ ਉਹਨਾਂ ਦੀ ਪੂਰੀ ਸਹਿਮਤੀ ਨਾਲ ਹੀ ਚੀਕਆ ਸੀ। ਉਸ ਨੂੰ ਪਤਾ ਨਹੀਂ ਸੀ ਕਿ ਵੱਡੇ ਵੱਡੇ ਆਹੁਦਿਆਂ ਉੱਤੇ ਬੈਠੇ ਪ੍ਰਤਿਸ਼ਠਾ ਵਾਲੇ ਸਫੈਦ ਪੋਸ਼ ਆਪਣੇ ਆਹੁਦਿਆਂ ਦੀਆਂ ਕੁਰਸੀਆਂ ਭਰਨ ਜੋਗੇ ਨਹੀਂ ਸਨ। ਉਨ੍ਹਾਂ ਵਿਚੋਂ ਕਈਆਂ ਦੀ ਕਤਈ ਮਨਸ਼ਾ ਨਹੀਂ ਸੀ ਕਿ ਆਦਿ ਕਾਲ ਤੇ ਚਲੇ ਆਉਦੇ, ਸ਼ੂਦ੍ਰ ਕਹਾਂਉਦੇ ਮੁਫ਼ਤ ਦੇ ਗੁਲਾਮ ਉਹਨਾਂ ਦੀ ਸਦੀਵੀ ਸੇਵਾ ਵਿਚੋਂ ਨਿਕਲ ਕੇ ਉਹਨਾਂ ਦੇ ਬਰਾਬਰ ਵਿਚਰਨ ਦਾ ਹੌਸਲਾ ਧਾਰ ਲੈਣ। ਆਪਣੇ ਇਸ ਕਰੂਰ-ਮਨਸੂਬੇ ਨੂੰ ਉਹਨਾਂ ਆਗੂਆਂ ਨੇ ਐਸੀ ਬੇਰਹਿਮੀ ਨਾਲ ਸਿਰੇ ਚੜਾਇਆ ਕਿ ਜੱਗ ਨੂੰ “ਹਥ ਛੁਰੀ ਜਗਤ ਕਸਾਈਂ” ਜ਼ਨੌਰ ਦੇ ਪ੍ਰਤੱਖ ਦਰਸ਼ਨ ਹੋ ਗਏ। “ਬਨਾਰਸ ਦੇ ਠੱਗ” ਕਿਰਿਆਸ਼ੀਲ ਹੋਏ,ਸਾਜਿਸ਼ਾਂ ਨੇ ਸਰ ਚੁੱਕੇ, ਨਾਗਾਂ ਨੇ ਡੰਗਾਂ ਦੇ ਗੱਫੇ ਵਰਤਾਏ ਅਤੇ ਡਾਕਟਰ ਅੰਬੇਡਕਰ ਦੇ ਸੁਪਨੇ ਪਲੋ-ਪਲੀ ਤਹਿਸ਼-ਨਹਿਸ਼ ਹੋ ਗਏ।

ਜਿਵੇਂ ਆਹਣ ਜਿਥੇ ਰਾਤ ਕੱਟਦੀ ਸੀ ਓਥੇ ਆਪਣਾ ਮਾਰੂ ਬੱਚ ਛੱਡ ਜਾਂਦੀ ਸੀ, ਏਸ ਤਰਜ਼ ਉਤੇ ਇਕ ਖਾਸ ਵਰਗ ਦੇ ਨਕਲੀ ਬੁੱਧੀਜੀਵੀਆਂ ਦੇ ਰੂਪ ਵਿਚ ਇਹ ਜਗਤ ਕਸਾਈ ਟੋਲਾ ਆਪਣਾ ਬੱਚ ਪਿਛੇ ਛੱਡ ਗਿਆ। ਬੁੱਧੀਜੀਵੀਆਂ ਦੇ ਬੁਰਕੇ ਪਾ ਕੇ ਏਹਨਾਂ ਨੇ ਸਿੱਖ ਪੰਥ ਨੂੰ ਬਦਨਾਮ ਕਰਨ ਦਾ ਅਭਿਯਾਨ ਅਰੰਭਿਆ। ਏਸ ਦੀ ਮੁਢਲੀ ਧਾਰਨਾ ਇਹ ਸੀ ਕਿ ਜਾਤਪਾਤ ਵਿਚ ਡੁੱਬੇ ਸਿੱਖਾਂ ਨੇ ਡਾ. ਅੰਬੇਡਕਰ ਨੂੰ ਪੂਰਾ ਯਤਨ ਕਰਕੇ ਸਿੱਖ ਬਣਨ ਤੋਂ ਰੋਕਿਆ। ਇਹਨਾਂ ਦਾ ਧੁਆਂ ਧਾਰ ਕੁ- ਪ੍ਰਚਾਰ ਏਨਾਂ ਕੁਰਾਹੇ ਪਾਊ ਸੀ ਕਿ ਸਿਰਦਾਰ ਕਪੂਰ ਸਿੰਘ ਵਰਗੇ ਵੱਡੇ ਤੱਤਵੇਤਾ ਉੱਤੇ ਵੀ ਏਸ ਦਾ ਡੂੰਘਾ ਅਸਰ ਹੋਇਆ ਜੋ ਇਹਨਾਂ ਦੀ ‘ਸਾਚੀ ਸਾਖੀ, ਤੋਂ ਜ਼ਾਹਰ ਹੈ।

ਸਰਦਾਰ ਨਰਾਇਣ ਸਿੰਘ ਅਤੇ ਸਰਦਾਰ ਆਤਮਾ ਸਿੰਘ ਜੋ ਖਾਲਸਾ ਕਾਲਿਜ ਬੰਬਈ ਦੀ ਇਮਾਰਤ ਤਾਮੀਰ ਕਰਨ ਲਈ ਜਿੰਮੇਵਾਰ ਸਨ, ਤੋਂ ਅਸਲ ਕਹਾਣੀ ਸੁਣਕੇ ਮੈਂ ਦੇ ਦਹਾਕੇ ਪਹਿਲਾਂ ਸਹੀ ਤੱਥ ‘ਪੰਜਾਬੀ ਟ੍ਰਿਬਿਊਨ, ਅਤੇ ‘Dalit Voice’ ਰਾਹੀਂ; ਅਤੇ ਕੁਝ ਸਮਾਂ ਪਹਿਲਾਂ ਫੇਸਬੁੱਕ ਰਾਹੀਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ। ਏਹਨਾਂ ਯਤਨਾਂ ਦਾ ਸੀਮਿਤ ਲਾਭ ਇਹ ਹੋਇਆ ਕਿ ਕੁਝ ਕੁ ਮੁਢਲੀ ਜਾਣਕਾਰੀ ਰੱਖਣ ਵਾਲੇ ਵਿਦਵਾਨਾਂ ਨੇ ਏਸ ਇਤਿਹਾਸ ਨਾਲ ਮੇਲ ਖਾਂਦੀ ਧਾਰਨਾ ਨੂੰ ਸੱਚ ਦੇ ਜਿਆਦਾ ਨੇੜੇ ਪਾਇਆ ਅਤੇ ਸਮੁੱਚੇ ਸੱਚ ਨੂੰ ਜਾਨਣ ਲਈ ਬੌਧਿਕ ਯਤਨ ਆਰੰਭ ਦਿੱਤੇ।

ਹਥਲੀ ਪੁਸਤਕ ਵਿਚ ਸਰਦਾਰ ਮੱਲ ਸਿੰਘ ਨੇ ਮੁਕੰਮਲ ਸੱਚ ਦੀ ਬਾਰੀਕੀ ਨਾਲ ਖੋਜ ਕੀਤੀ ਹੈ। ਡਾਕਟਰ ਮੂੰਜੇ, (ਸੇਠ) ਬਿਰਲਾ, ਅੰਬੇਡਕਰ, ਰਾਜਾ, ਮ. ਕ. ਗਾਂਧੀ ਦੀਆਂ ਪੈੜਾਂ ਨੱਪਦੇ ਇਹ ਸਚਾਈ ਦੀ ਤਹਿ ਤਕ ਪਹੁੰਚ ਸਕੇ ਹਨ। ਹੁਣ ਅਕੱਟ ਪ੍ਰਤੱਖ ਸਬੂਤਾਂ ਨਾਲ ਇਹ ਜੱਗ ਜ਼ਾਹਰ ਹੋ ਚੂਕਿਆ ਹੈ ਕਿ ਡਾਕਟਰ ਅੰਬੇਡਕਰ ਦੇ ਆਪਣੇ ਸਮੁੱਚੇ ਭਾਈਚਾਰੇ ਸਮੇਤ ਸਿੱਖ ਬਣਨ ਦੇ ਇਰਾਦੇ ਨੂੰ ਕਿਨ੍ਹਾਂ ਤਾਕਤਾਂ ਅਤੇ ਮਨੁੱਖਾਂ ਨੇ ਫਲੀਭੂਤ ਨਹੀਂ ਸੀ ਹੋਣ ਦਿਤਾ। ਇਹ ਮਨੁਖੀ ਸਮਾਜ ਦੀ ਵਡੀ ਸੇਵਾ ਹੈ ਜੋ ਗੁਰੂ ਨੇ ਅਪਾਰ ਕਿਰਪਾ ਕਰਕੇ ਮੱਲ ਸਿੰਘ ਕੋਲੋਂ ਲਈ ਹੈ। ਬੜੀ ਮਿਹਨਤ ਨਾਲ ਇਹ ਤੱਥ ਇਕੱਠੇ ਕੀਤੇ ਗਏ ਹਨ ਅਤੇ ਬੜੇ ਸੁਚੱਜੇ ਢੰਗ ਨਾਲ ਹਰ ਇਕ ਦੇ ਸਮਝ ਵਿਚ ਆਉਣ ਵਾਲੀ ਬੋਲੀ ਵਿਚ ਇਹਨਾਂ ਨੂੰ ਪਰੋਸਿਆ ਗਿਆ ਹੈ। ਜਿਥੇ ਮੈਂ, ਮੱਲ ਸਿੰਘ ਦੇ ਏਸ ਕੰਮ ਨੂੰ ਨੇਪਰੇ ਚਾੜ੍ਹਨ ਦੀ ਵਧਾਈ ਦਿੰਦਾ ਹਾਂ ਉਥੇ ਹਰ ਮਨੁੱਖਤਾ ਦਾ ਭਲਾ ਚਾਹੁਣ ਵਾਲੇ ਨੂੰ ਬੇਨਤੀ ਕਰਦਾ ਹਾਂ ਕਿ ਉਹ ਏਸ ਪੁਸਤਕ ਦਾ ਗੰਭੀਰਤਾ ਨਾਲ ਮੁਤਾਲਿਆ ਕਰਕੇ ਪੂਰਾ ਲਾਭ ਲਵੇ।

ਏਸ ਤੋਂ ਅਗਾਂਹ ਪੰਥਕ ਟੀਚਾ ਹੋਣਾ ਚਾਹੀਦਾ ਹੈ ਡਾਕਟਰ ਅੰਬੇਡਕਰ ਦੇ ਅਧੂਰੇ ਛੱਡੇ ਕੰਮ ਨੂੰ ਨੇਪਰੇ ਚਾੜ੍ਹਨ ਲਈ ਸਾਂਝਾ ਵੱਡਾ ਹੰਭਲਾ ਮਾਰਨ ਦਾ। ਦਲਿਤ ਵਰਗ ਵਿਚ ਸਾਰੇ ਜਾਣਦੇ ਹੋਏ ਭੁਲੇਖਾ ਪਾਉਣ ਵਾਲੇ ਬੁੱਧੀਜੀਵੀ ਨਹੀਂ ਜਿਵੇਂ ਸਿੱਖਾਂ ਵਿਚ ਵੀ ਸਭ ਦਾਨਸ਼ਮੰਦ ਭਲੇਖੇ ਦਾ ਸ਼ਿਕਾਰ ਨਹੀਂ। ਸਭ ਨੂੰ ਰਲ ਕੇ ਸਹੀ ਬਿਰਤਾਂਤ ਜਾਣਨ ਦੀ ਲੋੜ ਹੈ ਅਤੇ ਇਕ ਤਰੋਤਾਜਾ ਸੰਵਾਦ ਡਾਕਟਰ ਅੰਬੇਡਕਰ ਦੀ ਅਸਫਲ ਚੇਸ਼ਟਾ ਉਦਾਲੇ ਉਸਾਰਨ ਦੀ ਵੀ ਲੋੜ ਹੈ।

ਦਲਿਤ ਲੋਕਾਂ ਦੇ ਸਿੱਖੀ ਸ਼ਰਣ ਆਉਣ ਵਾਲਾ ਕਰਮ ਮਾਨਵ ਹਿਤੈਸ਼ੀ ਅਤੇ ਸਰਬੱਤ ਦੇ ਭਲੇ ਨੂੰ ਅੰਜ਼ਾਮ ਦੇਣ ਵਿਚ ਵੱਡਾ ਕਦਮ ਸਾਬਤ ਹੋ ਸਕਦਾ ਹੈ। ਮੌਜੂਦਾ ਸੰਬਾਦ ਉਥੋਂ ਸ਼ੁਰੂ ਹੋਣਾ ਚਾਹੀਦਾ ਹੈ ਜਿਥੇ ਕੁ ਡਾਕਟਰ ਅੰਬੇਡਕਰ ਏਸ ਨੂੰ, ਮਜਬੂਰੀ ਵੱਸ ਅੱਧਵਾਟੇ ਛੱਡ ਗਏ ਸਨ। ਬਦਲੇ ਹਾਲਾਤਾਂ ਵਿਚ ਏਸਦੀ ਲੋੜ ਹੋਰ ਵੀ ਤੀਬ੍ਰਤਾ ਨਾਲ ਮਹਿਸੂਸ ਹੈ ਰਹੀ ਹੈ।

ਜ਼ਾਹਰ ਹੈ ਕਿ ਹੁਣ ਕੁਝ ਕੁ ਦਲਿਤ ਹੋਣਗੇ ਜੋ ਬੌਧ ਪੜਾ ਨੂੰ ਅੰਬੇਡਕਰ ਜੀ ਦੀ ਅੰਤਮ ਮੰਜ਼ਲ ਸਮਝਣ ਦੇ ਚਾਹਵਾਨ ਹੋਣਗੇ। ਉਹਨਾਂ ਨੂੰ ਇਮਾਨਦਾਰੀ ਨਾਲ ਮੁਲਾਂਕਣ ਕਰਨ ਵਿਚ ਪਿਛਲੇ 60 ਕੁ ਸਾਲ ਦਾ ਨਵਾਂ ਬੋਧੀ ਇਤਿਹਾਸ ਸਹਾਈ ਹੋਵੇਗਾ। ਉਹ ਆਪਣਾ ਫੈਸਲਾ ਆਪੇ ਕਰ ਲੈਣਗੇ। ਅਸਲ ਸੰਬਾਦ ਤਾਂ ਉਹਨਾਂ ਉਦਾਲੇ ਉਸਾਰਨ ਦੀ ਲੋੜ ਹੈ ਜੋ ਡਾ. ਅੰਬੇਦਕਰ ਨਾਲ ਦੀਕਸ਼ਾ ਭੂਮੀ ਵੀ ਨਾ ਜਾ ਸਕੇ ਤੇ ਜੋ ਉਥੇ ਪਹੁੰਚ ਕੇ ਵੀ ਸਮਾਜਕ ਟੀਚਾ ਸਰ ਹੋਇਆ ਤਸੱਵਰ ਨਹੀਂ ਕਰਦੇ। ਦੀਕਸ਼ਾ ਭੂਮੀ ਤੋਂ ਬਾਹਰ ਰਹਿਣ ਵਾਲੇ ਤਾਂ ਅਜੇ ਵੀ ਸੱਚ ਦੀ ਖੋਜ਼ ਬੜੀ ਸ਼ਿਦਤ ਨਾਲ ਕਰ ਰਹੇ ਹਨ। ਮਸਲਾ ਅਜੇਹੇ ਲੋਕਾਂ ਦੇ ਸਾਹਮਣੇ ਇਕ ਐਸਾ ਵਿਕਲਪ ਰਖਣ ਦਾ ਹੈ ਜਿਸਨੂੰ ਡਾਕਟਰ ਅੰਬੇਡਕਰ, ਬੀ ਐਸ. ਮੂਰਤੀ ਅਤੇ ਸਵਾਮੀ ਧਰਮ ਤੀਰਥ ਸਮੇਤ ਅਨੇਕਾਂ ਸੁਹਿਰਦ ਦਲਿਤ-ਹਮਦਰਦ ਸੁਚੱਜਾ ਸਾਰਥਕ ਰਾਹ ਸਮਝਦੇ ਹਨ।

ਕਿਸੇ ਨੂੰ ਧਰਮ ਪ੍ਰਵਰਤਨ ਲਈ ਤਿਆਰ ਕਰਨਾ ਸਿੱਖ ਕਰਮ ਨਹੀਂ ਪਰ ਸਿੱਖੀ ਦੇ ਕਲਿਆਣਕਾਰੀ ਉਪਦੇਸ਼ਾਂ ਦੀ ਦਲਿਤ ਵਰਗ ਨੂੰ ਲੋੜ ਅਤੇ ਉਨ੍ਹਾਂ ਦੀ ਸਾਰਥਕਤਾ ਬਾਰੇ ਸਪੱਸ਼ਟ ਕਰਨ ਦੀ ਵੀ। ਸਿੱਖੀ ਸਰੋਕਾਰਾਂ ਨੂੰ ਉਜਾਗਰ ਨ ਕਰਨਾਂ ਗੁਰੂ ਨੂੰ ਗੁਪਤ ਰੱਖਣ ਤੁਲ ਹੈ ਜਿਸ ਕੋਤਾਹੀ ਲਈ ਗੁਰਬਾਣੀ ਏਸਦੇ ਜ਼ਿੰਮੇਵਾਰ ਲੋਕਾਂ ਨੂੰ “ਪਾਪੀਂ ਅਤੇ “ਹਤਿਆਰੇ ਦੀ ਸੰਗਿਆ ਨਾਲ ਨਿਵਾਜਦੀ ਹੈ। “ਜਿਨਾ ਗੁਰੂ ਗੋਪਿਆ ਆਪਣਾ ਤੇ ਨਰ ਬੁਰਿਆਰੀ।।” – ਤੀਜੇ ਨਾਨਕ ਦਾ ਰਾਗ ਸੋਰਠਿ ਵਿਚ ਫੁਰਮਾਨ ਹੈ। (ਗੁਰੂ ਗ੍ਰੰਥ ਸਾਹਿਬ- ਪੰਨਾ 651)

ਉਮੀਦ ਹੈ ਕਿ ਆਉਣ ਵਾਲੀ ਗੋਸ਼ਟੀ ਵਿਚ ਸਭ ਸਬੰਧਿਤ ਧਿਰਾਂ ਆਪਣਾ ਆਪਣਾ ਯੋਗਦਾਨ ਨਿਮਰਤਾ, ਦਾਨਾਈ ਅਤੇ ਬੋ-ਬਾਕੀ ਨਾਲ ਪਾਉਣਗੀਆਂ। ਹਿੰਦ ਦਾ ਅਤੇ ਮਨੁਖਤਾ ਦਾ ਭਚਿਖ ਰੋਸ਼ਨ ਕਰਨ ਦਾ ਏਹੋ ਸੌਖਾ ਰਾਹ ਸਾਨੂੰ ਗੁਰੂ ਨੇ ਦਸਿਆ ਹੈ।

– ਗੁਰਤੇਜ ਸਿੰਘ

ਸਤੰਬਰ 25, 2017

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,