ਵਿਦੇਸ਼ » ਸਿਆਸੀ ਖਬਰਾਂ » ਸਿੱਖ ਖਬਰਾਂ

ਕੈਨੇਡਾ ਵਿੱਚ 7 ਫਰਵਰੀ ਨੂੰ ਹੋਵੇਗੀ ਵਿਸ਼ਵ ਸਿੱਖ ਕਨਵੈਂਸ਼ਨ, ਜਸਟਿਸ ਮਾਰਕੰਡੇ ਕਾਟਜੂ ਹੋਣਗੇ ਮੁੱਖ ਬੁਲਾਰੇ

January 13, 2016 | By

ਕੈਨੇਡਾ (13 ਜਨਵਰੀ, 2015): ਭਾਰਤ ਵਿੱਚ ਸਿੱਖਾਂ ਦੇ ਮਨੁੱਖੀ ਹੱਕਾਂ ਦੇ ਹੋਏ ਘਾਣ ਅਤੇ ਭਾਰਤ ਵਿੱਚ ਸਿੱਖਾਂ ਦੀ ਸਥਿਤੀ ਅਤੇ ਸਿੱਖ ਅਜ਼ਾਦੀ ਆਦਿ ਵਿਸ਼ਿਆਂ ‘ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਵੱਲੋਂ ਕਰਵਾਈ ਜਾ ਰਹੀ ਵਿਸ਼ਵ ਸਿੱਖ ਕਨਵੈਂਸ਼ਨ ਵਿੱਚ ਭਾਰਤੀ ਸਪੁਰੀਮ ਕੋਰਟ ਦੇ ਸੇਵਾ ਮੁਕਤ ਮੁੱਖ ਜੱਜ ਮਾਰਕੰਡੇ ਕਾਟਜੂ ਮੁੱਖ ਬੁਲਾਰੇ ਹੋਣਗੇ।

 ਸਾਬਕਾ ਜੱਜ (ਸੇਵਾ ਮੁਕਤ) ਮਾਰਕੰਡੇ ਕਾਟਜੂ

ਸਾਬਕਾ ਜੱਜ (ਸੇਵਾ ਮੁਕਤ) ਮਾਰਕੰਡੇ ਕਾਟਜੂ

ਇਹ ਕੰਨਵੈਂਸ਼ਨ ਸਮੂਹ ਪੰਥਕ ਦਰਦੀਆਂ ਅਤੇ ਪੰਥਕ ਸੰਸਥਾਵਾਂ ਦੇ ਸਹਿਯੋਗ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਕੈਨੇਡਾ) ਵਲੋਂ 7 ਫਰਵਰੀ ਦਿਨ ਐਤਵਾਰ ਨੂੰ ਬਰੈਂਪਟਨ ਵਿੱਚ ਕਰਵਾਈ ਜਾ ਰਹੀ ਹੈ। ਇਸ ਕੰਨਵੈਂਸ਼ਨ ਵਿੱਚ ਸਿੱਖਾਂ ਦੇ ਮਨੁੱਖੀ ਅਧਿਕਾਰ ਅਤੇ ਸਿੱਖਾਂ ਦੀ ਆਜ਼ਾਦੀ ਦੇ ਪ੍ਰਸਤਾਵਾਂ ਤੇ ਪ੍ਰਸਿੱਧ ਬੁਧੀਜੀਵੀਆਂ ਵਲੋਂ ਆਪਣੇ ਵਿਚਾਰ ਪੇਸ਼ ਕੀਤੇ ਜਾਣਗੇ।

ਟਰਾਂਟੋ ਵਿੱਚ ਇਸ ਪੱਧਰ ਤੇ ਇਨ੍ਹਾਂ ਮੂੱਦਿਆਂ ਨੂੰ ਛੂਹਣ ਲਈ ਹੋ ਰਹੀ ਕੰਨਵੈਂਸ਼ਨ ਨੂੰ ਪੂਰੀ ਤਨਦੇਹੀ ਨਾਲ ਕਾਮਯਾਬ ਕਰਨ ਲਈ ਤਿਆਰੀਆਂ ਵਿੱਢੀਆਂ ਜਾ ਚੁੱਕੀਆਂ ਹਨ। ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੈਨੇਡਾ ਈਸਟ ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ ਨੇ ਕਿਹਾ ਕਿ ਸੰਸਥਾ ਵਲੋਂ ਸਮੂਹ ਪੰਥਕ ਦਰਦੀਆਂ ਦੇ ਸਹਿਯੋਗ ਨਾਲ ਹੀ ਇਹ ਐਡਾ ਵੱਡਾ ਕਾਰਜ ਵਿੱਢਿਆ ਗਿਆ ਹੈ ਜਿਸ ਵਿੱਚ ਕੌਮ ਦੇ ਮੁੱਦਿਆਂ ਨੂੰ ਸਿਰਫ ਛੂਹਿਆ ਹੀ ਨਹੀਂ, ਸਗੋਂ ਆ ਰਹੀਆਂ ਕੌਮੀ ਮੁਸ਼ਕਲਾਂ ਦੇ ਹੱਲ ਬਾਰੇ ਵੀ ਵਿਚਾਰਾਂ ਕੀਤੀਆਂ ਜਾਣਗੀਆਂ।

ਅਕਾਲੀ ਦਲ (ਅ) ਕੈਨੇਡਾ, ਉਨਟਾਰੀਓ ਦੇ ਪ੍ਰਧਾਨ ਕਰਨੈਲ ਸਿੰਘ ਫਤਿਹਗੜ ਸਾਹਿਬ ਨੇ ਕਿਹਾ ਕਿ ਇਸ ਕੰਨਵੈਂਸ਼ਨ ਵਿੱਚ ਆ ਰਹੇ ਬੁੱਧੀਜੀਵੀ ਜਿੰਨ੍ਹਾਂ ਵਿੱਚ ਲੰਡਨ ਇੰਗਲੈਂਡ ਤੋਂ ਪ੍ਰਸਿੱਧ ਬੁਲਾਰੇ ਡਾ ਇਕਤਦਾਰ ਕਰਾਮਤ ਚੀਮਾ, ਜਿੰਨ੍ਹਾਂ ਨੇ ਕਈ ਕਿਤਾਬਾਂ ਲਿਖੀਆਂ ਅਤੇ ਰੀਸਰਚ ਪੇਪਰ ਲਿਖ ਕੇ ਇੰਗਲੈਂਡ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਵਿੱਚ ਲੈਕਚਰ ਦਿੱਤੇ ਹਨ, ਵਲੋਂ ਸਿੱਖਾਂ ਕੌਮ ਦੇ ਆਜ਼ਾਦੀ ਦੇ ਪ੍ਰਸਤਾਵ ਨੂੰ ਇਤਹਾਸ ਦੇ ਝਰੋਖੇ ਚੋਂ ਛੂਹਿਆ ਜਾਵੇਗਾ। ਬੁੱਧੀ ਬਲ ਨਾਲ ਲੈਸ ਡਾ ਚੀਮਾ ਸਿੱਖ ਇਤਿਹਾਸ ਅਤੇ ਸਿੱਖ ਸਮੱਸਿਆ ਦੇ ਪੱਛਮੀ ਰਾਜਨੀਤੀ ਦੇ ਝਰੋਖੇ ਚੋਂ ਹੱਲ ਕਰਨ ਤੇ ਵਿਚਾਰਾਂ ਪੇਸ਼ ਕਰਨਗੇ।

ਸਿੱਖੀ ਦ੍ਰਿਸ਼ਟੀਕੋਣ ਤੋਂ ਸਰਬੱਤ ਖਾਲਸਾ ਅਤੇ ਸਿੱਖ ਕੌਮ ਦੇ ਅਜੋਕੇ ਹਾਲਾਤਾਂ ਨੂੰ ਸਮਝਦਿਆਂ ਇਸ ਉਪਰ ਬੁੱਧੀਮਾਨ ਵਿਚਾਰ ਪੇਸ਼ ਕਰਨ ਲਈ ਪੀ ਐਚ ਡੀ ਵਿਦਿਆਰਥੀ ਪ੍ਰਭਸ਼ਰਨਬੀਰ ਸਿੰਘ ਪਹੁੰਚ ਰਹੇ ਹਨ।  ਬੁੱਧੀਜੀਵੀਆਂ ਦਾ ਇਹ ਗੁਲਦਸਤਾ, ਇੱਕੋ ਸਟੇਜ ਤੇ 3 ਕੁ ਘੰਟਿਆਂ ਦੀ ਕਨਵੈਂਸ਼ਨ ਦੌਰਾਨ ਸਿੱਖ ਕੌਮ ਅਤੇ ਹੋਰਨਾਂ ਘੱਟ ਗਿਣਤੀ ਕੌਮਾਂ ਦੀ ਤਿੰਨ ਦਹਾਕਿਆਂ ਦੇ ਦਰਦ ਦੀ ਕਹਾਣੀ ਬਿਆਨਣਗੇ।

ਹੰਸਰਾ ਨੇ ਦੱਸਿਆ ਕਿ ਇਨ੍ਹਾਂ ਬੁੱਧੀਜੀਵੀਆਂ ਤੋਂ ਇਲਾਵਾ ਅਮਰੀਕਾ ਅਤੇ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਤੋਂ ਪੰਥ ਦਰਦੀਆਂ ਪੁੱਜ ਰਹੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,