ਖਾਸ ਖਬਰਾਂ » ਪੰਜਾਬ ਦੀ ਰਾਜਨੀਤੀ » ਵਿਦੇਸ਼ » ਸਿੱਖ ਖਬਰਾਂ

ਪੰਜਾਬ ਵਿਚ ਗ੍ਰਿਫਤਾਰੀਆਂ ਦਾ ਸਿਲਸਿਲਾ ਜ਼ਾਰੀ, ਬਟਾਲਾ ਪੁਲਿਸ ਨੇ ਦੋ ਹੋਰ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ; ਸਿਖਸ ਫਾਰ ਜਸਟਿਸ ਨਾਲ ਦੱਸਿਆ ਸੰਬੰਧ

June 3, 2018 | By

ਚੰਡੀਗੜ੍ਹ: ਪੰਜਾਬ ਸਰਕਾਰ ਵਲੋਂ ਜਾਰੀ ਇਕ ਪ੍ਰੈਸ ਬਿਆਨ ਵਿਚ ਵੱਡੇ ਦਾਅਵੇ ਕਰਦਿਆਂ 21 ਅਤੇ 26 ਸਾਲਾ ਉਮਰ ਦੇ ਦੋ ਨੌਜਵਾਨਾਂ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਗਈ ਹੈ। ਸਰਕਾਰੀ ਪ੍ਰੈਸ ਬਿਆਨ ਅਨੁਸਾਰ ਬਟਾਲਾ ਪੁਲਿਸ ਨੇ ਧਰਮਿੰਦਰ ਸਿੰਘ (21) ਅਤੇ ਕ੍ਰਿਪਾਲ ਸਿੰਘ (26) ਨੂੰ ਐਫਆਈਆਰ ਨੰ: 46, ਮਿਤੀ 31.05.2018 ਨੂੰ ਧਾਰਾ 307,438,427,148,149 ਆਈਪੀਸੀ ਅਧੀਨ ਥਾਨਾ ਰੰਗਰ ਨੰਗਲ, ਜ਼ਿਲ੍ਹਾ ਬਟਾਲਾ ਤੋਂ ਗ੍ਰਿਫਤਾਰ ਕੀਤਾ ਗਿਆ ।

ਪੁਲਿਸ ਵਲੋਂ ਦਿਖਾਈ ਗਈ ਬਰਾਮਦਗੀ (ਖੱਬੇ); ਗ੍ਰਿਫਤਾਰ ਕੀਤੇ ਗਏ ਨੌਜਵਾਨ (ਸੱਜੇ)

ਪ੍ਰੈਸ ਬਿਆਨ ਅਨੁਸਾਰ ਇਹਨਾਂ ਦੋ ਨੌਜਵਾਨਾਂ ਤੋਂ ਇਲਾਵਾ ਇਕ ਹੋਰ ਨੌਜਵਾਨ ਰਵਿੰਦਰ ਸਿੰਘ ਉਰਫ ਰਾਜਾ ਪੁੱਤਰ ਸਾਧੂ ਸਿੰਘ ਵਾਸੀ ਦੌਲਤਪੁਰਾ, ਪੁਲਿਸ ਥਾਣਾ ਕਾਦੀਆਂ ਨੂੰ ਵੀ ਧਰਮਿੰਦਰ ਸਿੰਘ ਦੇ ਬਿਆਨਾਂ ਦੇ ਅਧਾਰ ‘ਤੇ ਗ੍ਰਿਫਤਾਰ ਕੀਤਾ ਗਿਆ ਹੈ।

ਇਸ ਕੇਸ ਵਿਚ ਵੀ ਪੁਲਿਸ ਨੇ ਉਹ ਹੀ ਦਾਅਵਾ ਕੀਤੇ ਹਨ ਜੋ ਹੁਣ ਹੲ ਗ੍ਰਿਪਤਾਰੀ ਵੇਲੇ ਲਗਭਗ ਇਕੋ ਜਿਹੇ ਹੁੰਦੇ ਹਨ ਜਿਵੇਂ ਗ੍ਰਿਪਤਾਰ ਨੌਜਵਾਨਾਂ ਕੋਲੋਂ ਖਾਲਿਸਤਾਨ ਸਬੰਧੀ ਲਿਖਤ ਸਮਗਰੀ ਮਿਲਣੀ, ਸਪਰੇਅ ਮਿਲਣੀ ਅਤੇ ਨਫਰਤੀ ਹਿੰਸਾ ਭੜਕਾਉਣ ਦੇ ਯਤਨ ਕਰਨੇ।

ਪ੍ਰੈਸ ਬਿਆਨ ਅਨੁਸਾਰ, “ਇਨਾਂ ਦੋਵਾਂ ਨੂੰ ਹੋਰ ਵਿਦੇਸ਼ੀ ਤਾਕਤਾਂ ਤੋਂ ਬਿਨਾਂ ਗੁਰਪਤਵੰਤ ਸਿੰਘ ਪੰਨੂ , ਕਾਨੂੰਨੀ ਸਲਾਹਕਾਰ, ਸਿਖਜ਼ ਫਾਰ ਜਸਟਿਸ ਵੱਲੋਂ ਸਿਖਲਾਈ ਤੇ ਵਿੱਤੀ ਸਹਾਇਤਾ ਦਿੱਤੀ ਜਾਂਦੀ ਸੀ।”

ਪੰਜਾਬ ਪੁਲਿਸ ਦੇ ਦਾਅਵੇ ਅਨੁਸਾਰ ਪ੍ਰੈਸ ਬਿਆਨ ਵਿਚ ਕਿਹਾ ਗਿਆ ਹੈ ਕਿ, “ਪੁਲਿਸ ਨੇ ਜਾਮਾ ਤਲਾਸ਼ੀ ਦੌਰਾਨ ਧਰਮਿੰਦਰ ਸਿੰਘ ਕੋਲੋਂ 32 ਕੈਲੀਬਰ ਰਿਵਾਲਵਰ ਬਰਾਮਦ ਕੀਤਾ। ਜਦਕਿ ਕਿਰਪਾਲ ਸਿੰਘ ਦੇ ਘਰ ਦੀ ਤਲਾਸ਼ੀ ਦੌਰਾਨ ਪੁਲਿਸ ਨੂੰ ਇੱਕ .30 ਕੈਲੀਬਰ ਪਿਸਟਲ, ਸਿੱਖ ਰਿਫਰੈਂਡਮ-2020 ਸਬੰਧੀ ਪੋਸਟਰ, ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਤੇ ਰਿਫਰੈਂਡਮ-2020 ਦਾ ਸਟੈਂਸਲ ਅਤੇ ਸਪ੍ਰੇਅ ਪੇਂਟ ਦੀ ਬੋਤਲਾਂ ਹੱਥ ਲਗੀਆਂ।

ਜਿਕਰਯੋਗ ਹੈ ਕਿ ਪੁਲਿਸ ਦੇ ਦਾਅਵੇ ਅਨੁਸਾਰ ਹਥਿਆਰ ਬਰਾਮਦਗੀ ਹੋਣ ਦੀ ਗੱਲ ਕਹੀ ਗਈ ਹੈ ਪਰ ਗ੍ਰਿਫਤਾਰ ਨੌਜਵਾਨਾਂ ‘ਤੇ ਪਾਏ ਗਏ ਕੇਸ ਵਿਚ ਅਸਲਾ ਐਕਟ ਦੀ ਕਿਸੇ ਧਾਰਾ ਦਾ ਜ਼ਿਕਰ ਨਹੀਂ ਹੈ। ਐਫਆਈਆਰ ਅਨੁਸਾਰ ਧਾਰਾ 307 ਲਾਈ ਗਈ ਹੈ ਪਰ ਸਰਕਾਰੀ ਪ੍ਰੈਸ ਬਿਆਨ ਵਿਚ ਕਿਸੇ ਇਰਾਦਾ ਕਤਲ ਦਾ ਜ਼ਿਕਰ ਨਹੀਂ ਕੀਤਾ ਗਿਆ।

ਪ੍ਰੈਸ ਬਿਆਨ ਵਿਚ ਗੁਰਪਤਵੰਤ ਸਿੰਘ ਪਨੂੰ ਵਲੋਂ ਟਵੀਟ ਕੀਤੀ ਗਈ ਇਕ ਵੀਡੀਓ ਦਾ ਵੀ ਜ਼ਿਕਰ ਕੀਤਾ ਗਿਆ ਹੈ ਜਿਸ ਵਿਚ ਸਿੱਖਸ ਫਾਰ ਜਸਟਿਸ ਨਾਲ ਸਬੰਧਿਤ ਕੁਝ ਸੰਗਠਨਾਂ ਵਲੋਂ ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਧਮਕੀ ਦਿੱਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਹਲਾਂਕਿ ਬਿਆਨ ਵਿਚ ਇਹ ਸਾਫ ਨਹੀਂ ਹੈ ਕਿ ਇਹਨਾਂ ਗ੍ਰਿਫਤਾਰੀਆਂ ਅਤੇ ਉਸ ਵੀਡੀਓ ਵਿਚ ਕੋਈ ਸਬੰਧ ਹੈ ਜਾ ਨਹੀਂ?

ਪ੍ਰੈਸ ਬਿਆਨ ਵਿਚ ਪਨੂੰ ਤੋਂ ਇਲਾਵਾ ਪਰਮਜੀਤ ਸਿੰਘ ਪੰਮਾ (ਯੂਕੇ), ਮਾਨ ਸਿੰਘ (ਯੂਕੇ) ਅਤੇ ਦੀਪ ਕੌਰ (ਮਲੇਸ਼ੀਆ) ਦਾ ਵੀ ਜ਼ਿਕਰ ਹੈ। ਪ੍ਰੈਸ ਬਿਆਨ ਵਿਚ ਕਿਹਾ ਗਿਆ ਹੈ ਕਿ, “ਇਹਨਾਂ ਨੌਜਵਾਨਾਂ ਨੂੰ ਪੰਨੂ ਵੱਲੋਂ ਵਿੱਤੀ ਸਹਾਇਤਾ ਤੇ ਭੜਕਾਇਆ ਜਾ ਰਿਹਾ ਸੀ ਅਤੇ ਇਸ ਤੋਂ ਬਿਨਾਂ ਉਹ ਪਰਮਜੀਤ ਸਿੰਘ ਪੰਮਾ(ਯੂ.ਕੇ ),ਮਾਨ ਸਿੰਘ(ਯੂ.ਕੇ ), ਦੀਪ ਕੌਰ (ਮਲੇਸ਼ੀਆ ) ਦੇ ਵੀ ਸੰਪਰਕ ਵਿੱਚ ਸਨ ਤਾਂ ਜੋ ਹਿੰਸਕ ਗਤਿਵਿਧੀਆਂ ਨੂੰ ਅੰਜਾਮ ਦਿੱਤਾ ਜਾ ਸਕੇ ਅਤੇ ਆਈ.ਐਸ.ਆਈ ਦੇ ਸਹਿਯੋਗ ਨਾਲ ਵਿੱਢੀ ‘ ਲਿਬ੍ਰੇਸ਼ਨ ਆਫ ਪੰਜਾਬ ‘ਨਾਂ ਦੀ ਵੱਖਵਾਦੀ ਲਹਿਰ ਨੂੰ ਭਾਰਤ ਵਿੱਚ ਹੋਰ ਹੁਲਾਰਾ ਮਿਲ ਸਕੇ।”

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,