ਖਾਸ ਖਬਰਾਂ » ਸਿੱਖ ਖਬਰਾਂ

ਪਿੰਡ ਬੱਗੂ ਵਾਲੀ ਦੇ ਨੌਜਵਾਨਾਂ ਨੇ ਗੁਰੂਘਰ ਨਾਲ ਜੁੜ ਕੀਤੀ ਨਸ਼ਿਆਂ ਤੋਂ ਤੌਬਾ

May 5, 2018 | By

ਸੰਘਾ: ਨਸ਼ਾਖੋਰੀ ਅਤੇ ਤਸਕਰੀ ਤੋਂ ਤੌਬਾ ਕਰ ਕੇ ਨੌਜਵਾਨਾਂ ਨੇ ਆਪਣੇ ਪਿੰਡ ਬੱਗੂ ਵਾਲੀ ਨੂੰ ਨਾ ਕੇਵਲ ਨਸ਼ਾ ਮੁਕਤ ਬਣਾਇਆ ਬਲਕਿ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰੀਬ ਦੋ ਕਰੋੜ ਦੀ ਲਾਗਤ ਨਾਲ ਕਰੀਬ ਡੇਢ ਏਕੜ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਗੁਰਦੁਆਰੇ ਦਾ ਨਿਰਮਾਣ ਕੀਤਾ।

ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ

ਬੱਗੂ ਵਾਲੀ ਗੁਰਦੁਆਰੇ ਵਿੱਚ ਧਾਰਮਿਕ ਸਮਾਗਮ ਤੋਂ ਬਿਨਾਂ ਹੁਣ ਕਈ ਖੇਡ ਮੁਕਾਬਲੇ ਕਰਵਾਏ ਜਾਂਦੇ ਹਨ ਜਿਸ ਵਿੱਚ ਸਾਰੇ ਪਿੰਡ ਵਾਸੀਆਂ ਦਾ ਯੋਗਦਾਨ ਹੁੰਦਾ ਹੈ। ਬੱਗੂ ਵਾਲੀ ਵਿੱਚ ਹੋਣ ਵਾਲੇ ਕਬੱਡੀ ਮੁਕਾਬਲੇ ਹਰਿਆਣਾ ਤੋਂ ਇਲਾਵਾ ਪੰਜਾਬ ਅਤੇ ਰਾਜਸਥਾਨ ਵਿੱਚ ਵੀ ਪ੍ਰਸਿੱਧ ਹਨ ਜਿਨ੍ਹਾਂ ਵਿੱਚ ਤਿੰਨਾਂ ਰਾਜਾਂ ਦੇ ਖਿਡਾਰੀ ਭਾਗ ਲੈ ਕੇ ਆਪਣੇ ਜੋਹਰ ਦਿਖਾਉਂਦੇ ਹਨ। ਇਹ ਪਿੰਡ ਹੋਰ ਕਈ ਪਿੰਡਾਂ ਲਈ ਪ੍ਰੇਰਨਾਸਰੋਤ ਬਣ ਚੁੱਕਿਆ ਹੈ ਕਿਉਂਕਿ ਕਰੀਬ ਗਿਆਰਾਂ ਸਾਲ ਪਹਿਲਾਂ ਪਿੰਡ ਬੱਗੂ ਵਾਲੀ ਨਸ਼ਿਆਂ ਤੇ ਤਸਕਰੀ ਲਈ ਜਾਣਿਆ ਜਾਂਦਾ ਸੀ ਪਰ ਹੁਣ ਸਾਰੇ ਪਿੰਡ ਵਾਸੀਆਂ ਨੇ ਮਿਲ ਕੇ ਪਿੰਡ ਤੇ ਲੱਗੇ ਦਾਗ ਨੂੰ ਧੋ ਦਿੱਤਾ ਅਤੇ ਹੁਣ ਪਿੰਡ ਦੀ ਪਹਿਚਾਣ ਹੀ ਪਿੰਡ ਦਾ ਗੁਰੂ ਤੇਗ ਬਹਾਦਰ ਸਾਹਿਬ ਗੁਰਦੁਆਰਾ ਹੈ।

ਬੱਗੂ ਵਾਲੀ ਪਿੰਡ ਦੇ ਗੁਰੂ ਤੇਗ ਬਹਾਦਰ ਗੁਰਦੁਆਰੇ ਵਿੱਚ ਹੁਣ ਸਾਲ ਭਰ ਧਾਰਮਿਕ ਪ੍ਰੋਗਰਾਮ ਕਰਵਾਏ ਜਾਂਦੇ ਹਨ। ਇਸ ਤਹਿਤ ਗੁਰੂ ਨਾਨਕ ਦੇਵ, ਗੁਰੂ ਗੋਬਿੰਦ ਸਿੰਘ, ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਤੋਂ ਇਲਾਵਾ ਸ਼ਹੀਦ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਜੋੜ ਮੇਲਾ ਵੀ ਮਨਾਇਆ ਜਾਂਦਾ ਹੈ।

ਬੱਗੂ ਵਾਲੀ ਪਿੰਡ ਪ੍ਰੇਰਨਾਸ੍ਰੋਤ ਬਣਿਆ: ਚਹਿਲ
ਸ਼ਹੀਦ ਭਗਤ ਸਿੰਘ ਨੌਜਵਾਨ ਸਪੋਰਟਸ ਕਲੱਬ ਦੇ ਪ੍ਰਧਾਨ ਅਮਰੀਕ ਸਿੰਘ ਚਹਿਲ ਨੇ ਕਿਹਾ ਕਿ ਸਾਰੇ ਪਿੰਡ ਵਾਸੀਆਂ ਦੀ ਮਿਹਨਤ ਰੰਗ ਲਿਆਈ ਹੈ। ਹੁਣ ਪਿੰਡ ਦੇ ਸਾਰੇ ਪਿੰਡ ਵਾਸੀ ਨਸ਼ੇ ਤਿਆਗ ਕੇ ਧਾਰਮਿਕ ਪ੍ਰੋਗਰਾਮਾਂ ਵਿੱਚ ਜਾਣ ਲੱਗ ਪਏ ਹਨ ਤਾਂ ਜੋ ਨੌਜਵਾਨਾਂ ਦੇ ਚੰਗੇ ਭਵਿੱਖ ਦਾ ਨਿਰਮਾਣ ਹੋ ਸਕੇ। ਉਨ੍ਹਾਂ ਕਿਹਾ ਕਿ ਬੱਗੂ ਵਾਲੀ ਪਿੰਡ ਹੁਣ ਹੋਰਨਾਂ ਪਿੰਡਾਂ ਵਾਸਤੇ ਪ੍ਰੇਰਨਾਸਰੋਤ ਹੈ ਕਿਉਂਕਿ ਨੌਜਵਾਨਾਂ ਨੇ ਬੀੜਾ ਚੁੱਕ ਕੇ ਪਿੰਡ ਨੂੰ ਨਸ਼ਾ ਮੁਕਤ ਬਣਾ ਦਿੱਤਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: