April 17, 2016 | By ਸਿੱਖ ਸਿਆਸਤ ਬਿਊਰੋ
ਸਿੰਘ ਸਭਾ ਦੀ ਚੋਣ ਸੈਮੀਫਾਈਨਲ ਸਿੱਧ ਹੋਵੇਗੀ- ਸਰਨਾ
ਨਵੀ ਦਿੱਲੀ: ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਦਿੱਲੀ ਵਿਚਲੀ ਸ੍ਰੋਮਣੀ ਅਕਾਲੀ ਦਲ ਬਾਦਲ ਦੀ ਇਕਾਈ ਨੂੰ ਇੱਕ ਹੋਰ ਝਟਕਾ ਦਿੰਦਿਆ ਪੱਛਮ ਵਿਹਾਰ ਗੁਰੂਦੁਆਰਾ ਸਿੰਘ ਸਭਾ ਦੀ ਚੋਣ ਜਿੱਤਣ ਉਪਰੰਤ ਰਣਜੀਤ ਵਿਹਾਰ ( ਚੰਦਰ ਵਿਹਾਰ) ਗੁਰੂਦੁਆਰਾ ਸਿੰਘ ਸਭਾ ਦੀ ਚੋਣ ਵੀ ਜਿੱਤ ਲਈ ਹੈ, ਜਿਥੇ ਸ਼ਰੋਮਣੀ ਅਕਾਲੀ ਦਲ ਦਿੱਲੀ ਦੇ ਉਮੀਦਵਾਰ ਕੇਵਲ ਸਿੰਘ ਨੇ ਬਾਦਲ ਦਲ ਦੇ ਅਨੂਪ ਸਿੰਘ ਘੁੰਮਣ ਨੂੰ 44 ਵੋਟਾਂ ਦੇ ਫਰਕ ਨਾਲ ਹਰਾ ਕੇ ਪ੍ਰਧਾਨਗੀ ਦੀ ਸੇਵਾ ਸੰਭਾਲੀ ਹੈ।
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਚੰਦਰ ਵਿਹਾਰ ਯੂਥ ਵਿੰਗ ਇਕਾਈ ਦੇ ਬੁਲਾਰੇ ਸੁਖਜੀਤ ਸਿੰਘ ਪੱਪੂ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਰਣਜੀਤ ਵਿਹਾਰ (ਚੰਦਰ ਵਿਹਾਰ) ਸਿੰਘ ਸਭਾ ‘ਤੇ ਪਿਛਲੇ ਅੱਠ ਸਾਲਾ ਤੋ ਕਬਜ਼ਾ ਜਮਾਇਆ ਹੋਇਆ ਸੀ ਤੇ ਬਾਹੂਬਲੀਆ ਤੇ ਸ਼ਾਮ, ਦਾਮ, ਦੰਡ ਆਦਿ ਦੀ ਵਰਤੋ ਕਰਕੇ ਹਮੇਸ਼ਾਂ ਹੀ ਸੰਗਤਾਂ ਨੂੰ ਗੁੰਮਰਾਹ ਕਰਦੇ ਰਹੇ ਹਨ। ਉਹਨਾਂ ਦੱਸਿਆ ਕਿ ਬਾਦਲ ਦਲੀਆ ਨੇ ਜਿਥੇ ਪੰਜਾਬ ਤੋ ਬਾਹੂਬਲੀਏ ਮੰਗਵਾਏ ਹੋਏ ਸਨ ਉਥੇ ਸ਼ਰਾਬ ਦੀ ਵਰਤੋ ਵੀ ਖੁੱਲ ਕੇ ਕੀਤੀ।
ਉਹਨਾਂ ਕਿਹਾ ਕਿ ਦਿੱਲੀ ਕਮੇਟੀ ਦੀਆ ਚੋਣਾਂ ਵਾਂਗ ਬਾਦਲ ਦਲੀਏ ਸਿੰਘ ਸਭਾ ਦੀ ਚੋਣ ਵੀ ਉਸੇ ਤਰ ਹੀ ਹਥਿਆਉਣਾ ਚਾਹੁੰਦੇ ਸਨ ਪਰ ਸੰਗਤਾਂ ਨੇ ਬਾਦਲ ਦਲੀਆ ਦਾ ਮਨਸੂਬਾ ਪੂਰੀ ਤਰਾਂ ਫੇਲ ਕਰ ਦਿੱਤਾ। ਉਹਨਾਂ ਕਿਹਾ ਕਿ ਕੁਲ 1520 ਵੋਟਾਂ ਵਿੱਚੋ 1040 ਵੋਟਾਂ ਮਤਦਾਨ ਡੱਬਿਆ ਵਿੱਚ ਬੰਦ ਹੋਈਆ ਜਿਹਨਾਂ ਵਿੱਚੋ ਕੇਵਲ ਸਿੰਘ ਨੂੰ 528 ਵੋਟਾਂ ਮਿਲੀਆ ਜਦ ਕਿ ਪਿਛਲੇ ਅੱਠ ਸਾਲਾ ਤੋ ਪ੍ਰਧਾਨਗੀ ਦੇ ਆਹੁਦੇ ‘ਤੇ ਕੁੜਕ ਮੱਲ ਕੇ ਬੈਠੇ ਅਨੂਪ ਸਿੰਘ ਘੁੰਮਣ ਨੂੰ 494 ਮਿਲੀਆ ਤੇ ਸੰਗਤਾਂ ਨੇ 44 ਵੋਟਾਂ ਦੇ ਫਰਕ ਨਾਲ ਉਸ ਨੂੰ ਚੋਣ ਪਿੱਚ ਵਿੱਚੋ ਬਾਹਰ ਕਰ ਦਿੱਤਾ।
ਉਹਨਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਤੇ ਸਕੱਤਰ ਜਨਰਲ ਸ ਹਰਵਿੰਦਰ ਸਿੰਘ ਸਰਨਾ ਦੇ ਯਤਨਾਂ ਤੇ ਉਹਨਾਂ ਦੀ ਹੱਲਾਸ਼ੇਰੀ ਸਦਕਾ ਹੀ ਉਹ ਚੋਣ ਜਿੱਤਣ ਵਿੱਚ ਸਫਲ ਹੋਏ ਹਨ।
ਸ੍ਰ ਪਰਮਜੀਤ ਸਿੰਘ ਸਰਨਾ ਨੇ ਵਿਸ਼ੇਸ਼ ਤੌਰ ਤੇ ਪੁੱਜ ਤੇ ਜਿਥੇ ਸ੍ਰ ਕੇਵਲ ਸਿੰਘ ਨੂੰ ਪ੍ਰਧਾਨ ਬਣਨ ਦੀ ਵਧਾਈ ਦਿੱਤੀ ਤੇ ਉਥੇ ਇਹ ਵੀ ਕਿਹਾ ਕਿ ਸੰਗਤਾਂ ਨੇ ਇੱਕ ਅੰਮ੍ਰਿਤਧਾਰੀ ਪਰਿਵਾਰ ਨੂੰ ਸੇਵਾ ਸੋਪ ਕੇ ਪੰਥਕ ਮਰਿਆਦਾ ਤੇ ਸਿਧਾਂਤਾ ‘ਤੇ ਪਹਿਰਾ ਦਿੱਤਾ ਹੈ। ਉਹਨਾਂ ਕਿਹਾ ਕਿ ਦਿੱਲੀ ਵਿੱਚ ਇਸ ਵੇਲੇ ਬਹੁਤ ਸਾਰੀਆ ਸਿੰਘ ਸਭਾਵਾਂ ਦੀ ਚੋਣ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਉਮੀਦਵਾਰ ਜਿੱਤ ਗਏ ਹਨ ਤੇ ਉਹਨਾਂ ਨੂੰ ਇਮਾਨਦਾਰੀ ਅਤੇ ਗੁਰੂ ਭੈ ਵਿੱਚ ਰਹਿ ਕੇ ਸੇਵਾ ਕਰਨ ਦੀ ਨਸੀਹਤ ਕੀਤੀ ਗਈ ਹੈ। ਉਹਨਾਂ ਕਿਹਾ ਕਿ ਸਿੰਘ ਸਭਾਵਾਂ ਦੀ ਚੋਣ ਸੈਮੀਫਾਈਨਲ ਹੈ ਅਤੇ ਦਿੱਲੀ ਕਮੇਟੀ ਦੀਆ ਜਨਵਰੀ 2017 ਵਿੱਚ ਹੋਣ ਵਾਲੀਆ ਚੋਣਾਂ ਵੀ ਅਕਾਲੀ ਦਲ ਦਿੱਲੀ ਹੀ ਜਿੱਤੇਗਾ।
Related Topics: Delhi Sikh Politics, DSGMC, Paramjeet Singh Sarna, Sikhs in Delhi