January 14, 2016 | By ਸਿੱਖ ਸਿਆਸਤ ਬਿਊਰੋ
ਪ੍ਰੈਸ ਨੂੰ ਭਾਈ ਹਵਾਰਾ ਵਲੋਂ ਕੋਈ ਵੀ ਬਿਆਨ ਦੇਣ ਦੇ ਹੱਕ ਸਿਰਫ਼ ਸੀਨੀ. ਐਡਵੋਕੇਟ ਅਮਰ ਸਿੰਘ ਚਹਿਲ ਨੂੰ
ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਮਾਮਲੇ ਵਿਚ ਤਿਹਾੜ੍ਹ ਜ਼ੇਲ੍ਹ ਦੀ ਚੱਕੀ ’ਚ ਨਜਰਬੰਦ ਤੇ ਸਰਬਤ ਖਾਲਸਾ ਵਲੋਂ ਥਾਪੇ ਗਏ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਤਿਹਾੜ੍ਹ ਜ਼ੇਲ੍ਹ ਅਧਿਕਾਰੀਆਂ ਵਲੋਂ ਮਾਨਸਿਕ ਤੇ ਸ਼ਰੀਰਕ ਤੋਰ ’ਤੇ ਤੰਗ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਵੀਰਵਾਰ ਨੂੰ ਚੰਡੀਗੜ੍ਹ ਦੇ ਇਕ ਹੋਟਲ ਵਿਚ ਪਤੱਰਕਾਰਾਂ ਨੂੰ ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਜਥੇਦਾਰ ਭਾਈ ਹਵਾਰਾ ਦੇ ਵਕੀਲ ਅਮਰ ਸਿੰਘ ਚਹਿਲ, ਭਾਈ ਗੁਰਚਰਨ ਸਿੰਘ ਅਤੇ ਬਾਈ ਕਮਿੱਕਰ ਸਿੰਘ ਮੁਕੰਦਪੁਰ ਨੇ ਦਿਤੀ।
ਐਡਵੋਕੇਟ ਅਮਰ ਸਿੰਘ ਚਹਿਲ ਨੇ ਦਸਿਆ ਕਿ ਸਰਬਤ ਖਾਲਸਾ ਵਲੋਂ ਅਕਾਲ ਤਖ਼ਤ ਸਾਹਿਬ ਦੇ ਥਾਪੇ ਗਏ ਜਥੇਦਾਰ ਭਾਈ ਜਗਤਾਰ ਸਿੰਘ ਨੇ ਇਕ ਲਿਖਤੀ ਪ੍ਰੈਸ ਨੋਟ ਰਾਹੀਂ ਦਸਿਆ ਹੈ ਕਿ ਮੇਰੇ (ਭਾਈ ਹਵਾਰਾ) ਤੇ ਦਿੱਲੀ ਜ਼ੇਲ੍ਹ ਪ੍ਰਸ਼ਾਸ਼ਨ ਅਤੇ ਦਿੱਲੀ ਪੁਲਿਸ ਨੇ ਬਹੁਤ ਹੀ ਜ਼ਿਆਦਾ ਸਖ਼ਤਾਈਆਂ ਕਰ ਦਿਤੀਆਂ ਹਨ। ਇਨ੍ਹਾਂ ਸਖ਼ਤਾਈਆਂ ਦੌਰਾਨ ਮੇਰੇ ਨਾਲ ਮੁਲਾਕਾਤ ਕਰਨ ਵਾਲਿਆਂ ਨੂੰ ਪੁਲਿਸ ਵਲੋਂ ਚੁੱਕ ਕੇ ਮਾਨਸਿਕ ਟਾਰਚਰ ਕਰਨਾ, ਕੋਈ ਲੈਟਰ ਨਾ ਦੇਣਾ, ਮੈਡੀਕਲ ਸਹੂਲਤਾਂ ਨਾ ਦੇਣੀਆਂ, ਜ਼ਿਆਦਾਤਰ ਤਰੀਕ ਤੇ ਨਾ ਪੇਸ਼ ਕਰਨਾ, ਜ਼ੇਲ੍ਹ ਵਿਚ ਮਿਲਣ ਆਏ ਮੇਰੇ ਵਕੀਲਾਂ ਨੂੰ ਨਾ ਮਿਲਣ ਦੇਣਾ, ਮੁਲਾਕਾਤੀਆਂ ਵਿਚੋਂ ਬਿਨਾ ਵਜ਼੍ਹਾ ਨਾਂਅ ਕਟੱਣਾ, ਜ਼ੇਲ੍ਹ ਵਿਚ ਮੈਨੂੰ ਫ਼ਤਿਹ ਬਲਾਉਣ ਵਾਲਿਆਂ ਨੂੰ ਧਮਕਾਉਣਾ ਅਤੇ ਮੇਰਾ ਕਿਸੇ ਪ੍ਰਕਾਰ ਦਾ ਵੀ ਕੋਈ ਲੈਟਰ ਜਾਂ ਕਾਗਜ਼ ਬਾਹਰ ਜਾਣ ਤੇ ਪਾਬੰਦੀ ਲਾਉਣਾ ਆਦਿ ਸ਼ਾਮਿਲ ਹਨ। ਜਿਸ ਕਰਕੇ ਦਾਸ ਸਮੇਂ ਦੇ ਅਨੁਕੂਲ ਆਪਣੇ ਵਿਚਾਰ ਸਿੱਖ ਸੰਗਤਾਂ ਅੱਗੇ ਨਹੀਂ ਰੱਖ ਸਕਿਆ ਜਿਸਦਾ ਮੈਨੂੰ ਦਿਲੋਂ ਅਫ਼ਸੋਸ ਹੈ।
ਭਾਈ ਹਵਾਰਾ ਨੇ ਆਪਣੇ ਪ੍ਰੈਸ ਨੋਟ ਵਿਚ ਇਹ ਵੀ ਲਿਖਿਆ ਹੈ ਕਿ ਪੰਜਾਂ ਪਿਆਰਿਆਂ ਦੀ ਬਰਖਾਸਤੀ ਦਸਮੇਂ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਥਾਪਿਤ ਸਿਧਾਂਤਾਂ ਅਤੇ ਸਿੱਖ ਪ੍ਰੰਪਰਾ ਦੇ ਵਿਰੁੱਧ ਹੈ। ਉਨ੍ਹਾਂ ਲਿਖਿਆ ਕਿ ਬਾਦਲਾਂ ਦੀ ਟੀਮ ਦੇ ਇਸ ਫੈਸਲੇ ਨੇ ਪੂਰੀ ਸਿੱਖ ਕੌਮ ਨੂੰ ਝੰਜੋੜ ਕੇ ਰੱਖ ਦਿਤਾ ਹੈ , ਅਸੀਂ ਪੰਜਾਂ ਪਿਆਰਿਆਂ ਵਲੋਂ ਲਏ ਫੈਸਲਿਆਂ ਦਾ ਸਮਰਥਨ ਕਰਦੇ ਹਾਂ। ਭਾਈ ਹਵਾਰਾ ਨੇ 2016 ਦੀ ਵਿਸਾਖੀ ਤੇ ਬੁਲਾਏ ਜਾਣ ਵਾਲੇ ਸਰਬੱਤ ਖਾਲਸਾ ਦੀ ਅਗਵਾਈ ਕਰਨ ਲਈ ਪੰਜਾਂ ਪਿਆਰਿਆਂ ਨੂੰ ਬੇਨਤੀ ਕੀਤੀ ਹੈ। ਉਨ੍ਹਾਂ ਲਿਖਿਆ ਕਿ 2016 ਵਿਸਾਖੀ ਤੇ ਸਰਬਤ ਖਾਲਸਾ ਬੁਲਾਏ ਜਾਣ ਤੋਂ ਪਹਿਲਾਂ ਇਕ ਕਾਰਜਕਾਰਨੀ ਕਮੇਟੀ ਬਣਾਈ ਜਾਵੇਗੀ। ਇਸ ਕਮੇਟੀ ਵਿਚ ਦੇਸ਼-ਵਿਦੇਸ਼ ਦੀਆਂ ਸਾਰੀਆਂ ਸੰਘਰਸ਼ਸ਼ੀਲ ਪੰਥਕ ਧਿਰਾਂ ਦਾ ਇਕ-ਇਕ ਮੈਂਬਰ ਜਰੂਰ ਲਿਆ ਜਾਵੇਗਾ। ਇਹ ਕਾਰਜਕਾਰਨੀ ਹੀ ਸਰਬੱਤ ਖਾਲਸਾ ਦੀ ਬਣਤਰ ਕਾਰਜ ਪ੍ਰਣਾਲੀ ਅਤੇ ਵਿਧੀ ਵਿਧਾਨ ਬਣਾਵੇਗੀ।
ਐਡਵੋਕੇਟ ਚਹਿਲ ਨੇ ਕਿਹਾ ਕਿ ਭਾਈ ਜਗਤਾਰ ਸਿੰਘ ਹਵਾਰਾ ਨੇ ਆਪਣੇ ਉਦੇਸ਼ ਨੂੰ ਸਪਸ਼ਟ ਕਰਦਿਆਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਸਮੁੱਚੀ ਪੰਥਕ ਲੀਡਰਸ਼ਿਪ ਇਕ ਮੰਚ ਉੱਤੇ ਇਕੱਠੀ ਹੋਵੇ। ਇਸ ਉਦੇਸ਼ ਨੂੰ ਪੂਰਾ ਕਰਨ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮੁੱਖ ਸੇਵਾਦਾਰੀ ਦਾ ਪਦ ਪ੍ਰਵਾਨ ਕੀਤਾ ਸੀ। ਉਨ੍ਹਾਂ ਕਿਹਾ ਭਾਈ ਹਵਾਰਾ ਨੇ ਇਹ ਕਿਹਾ ਕਿ ਅੱਜ ਇਸ ਗੱਲ ਦੀ ਲੋੜ ਹੈ ਕਿ ਗੁਰਬਾਣੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਨੰਗਾ ਕੀਤਾ ਜਾਵੇ, ਨੋਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਗੁਰਦੁਆਰਿਆਂ ਉੱਤੇ ਕਾਬਜ ਬਾਦਲਾਂ ਦੇ ਨਿਜਾਮ ਨੂੰ ਬਦਲਣ ਲਈ ਕੋਈ ਜਥੇਬੰਦਕ ਸੰਘਰਸ਼ ਕੀਤਾ ਜਾਵੇ। ਇਸ ਦੇ ਨਾਲ ਹੀ ਭਾਈ ਹਵਾਰਾ ਨੇ ਬੁੱਧੀ-ਜੀਵੀਆਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰਾਂ ਦੇ ਪੰਥ ਦੇ ਉਹ ਵਿਵਾਦ ਗ੍ਰਸਤ ਮਸਲਿਆਂ ਬਾਰੇ ਕੁੱਝ ਵੀ ਕਹਿਣ ਤੋਂ ਗੁਰੇਜ਼ ਕਰਨ ਕਿਉਂਕਿ ਅਜਿਹੇ ਮਸਲੇ ਛੁਹਣ ਨਾਲ ਸਿੱਖ ਕੌਮ ਦੀ ਤਾਕਤ ਖਿੱਲਰ ਜਾਂਦੀ ਹੈ।
ਇਸ ਦੇ ਨਾਲ ਹੀ ਭਾਈ ਜਗਤਾਰ ਸਿੰਘ ਹਵਾਰਾ ਨੇ ਇਹ ਵੀ ਕਿਹਾ ਹੈ ਕਿ ਪ੍ਰੈਸ ਨੂੰ ਉਨ੍ਹਾਂ (ਭਾਈ ਹਵਾਰਾ) ਵਲੋਂ ਦਿਤੀ ਜਾਣ ਵਾਲੀ ਜਾਣਕਾਰੀ ਲਈ ਸਿਰਫ਼ ਚੰਡੀਗੜ੍ਹ ਦੇ ਸੀਨੀਅਰ ਐਡਵੋਕੇਟ ਅਮਰ ਸਿੰਘ ਚਹਿਲ ਨੂੰ ਹੀ ਅਧਿਕਾਰ ਹੋਵੇਗਾ। ਇਸ ਤੋਂ ਇਲਾਵਾ ਕਿਸੇ ਵੀ ਜਥੇਬੰਦੀ ਦੇ ਨੁਮਾਇੰਦੇ ਜਾਂ ਕਿਸੇ ਹੋਰ ਵਿਅਕਤੀ ਨੂੰ ਇਹ ਅਧਿਕਾਰ ਨਹੀਂ ਹੈ। ਜੇ ਕਰ ਕੋਈ ਹੋਰ ਵਿਅਕਤੀ ਉਨ੍ਹਾਂ(ਭਾਈ ਹਵਾਰਾ) ਵਲੋਂ ਕੋਈ ਬਿਆਨ ਦਿੰਦਾ ਹੈ ਤਾਂ ਉਸ ਨੂੰ ਨਜ਼ਰ ਅੰਦਾਜ ਕੀਤਾ ਜਾਵੇ, ਉਸ ਬਿਆਨ ਨਾਲ ਭਾਈ ਹਵਾਰਾ ਦਾ ਕੋਈ ਸਬੰਧ ਨਹੀਂ ਹੋਵੇਗਾ।
Related Topics: Advocate Amar Singh Chahal, Bhai Jagtar Singh Hawara