ਖਾਸ ਖਬਰਾਂ » ਚੋਣਵੀਆਂ ਲਿਖਤਾਂ » ਲੇਖ

ਸਿੱਖਾਂ ਦੇ ਧਾਰਮਿਕ ਤੇ ਸਿਆਸੀ ਆਗੂ ਆਪਸੀ ਕਲੇਸ਼ ਵਿਚ ਉਲਝੇ ਪਰ ਆਮ ਸਿੱਖ ਦੇ ਕਰਮ ਦੀ ਜੱਗ ਚ ਸੋਭਾ ਹੋ ਰਹੀ ਹੈ

March 19, 2020 | By

ਹੇਠਲੀ ਲਿਖਤ ਟਾਈਮਜ ਆਫ ਇੰਡੀਆ ਵਿਚ ਛਪੇ ਇਕ ਲੇਖੇ ਦਾ ਪੰਜਾਬੀ ਉਲੱਥਾ ਹੈ। ਮੂਲ ਛਾਪਕ (ਟਾਈਮਜ ਆਫ ਇੰਡੀਆ) ਅਤੇ ਲੇਖਕ (ਆਈ. ਪੀ. ਸਿੰਘ) ਦੇ ਹਾਰਦਿਕ ਧੰਨਵਾਦ ਸਹਿਤ ਇਹ ਲਿਖਤ ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਛਾਪੀ ਜਾ ਰਹੀ ਹੈ — ਸੰਪਾਦਕ।

ਇਹ ਸਭ ਤੋਂ ਵਧੀਆ ਸਮਾਂ ਸੀ, ਇਹ ਸਭ ਤੋਂ ਮਾੜਾ ਸਮਾਂ ਸੀ, ਇਹ ਸਿਆਣਪ ਦਾ ਦੌਰ ਸੀ, ਇਹ ਮੂਰਖਤਾ ਦਾ ਦੌਰ ਸੀ … ਚਾਰਲਸ ਡਿਕਨਸ ਦੀ ਸ਼ਾਹਕਾਰ ਰਚਨਾ ‘ਏ ਟੇਲ ਆਫ ਟੂ ਸਿਟੀਜ਼’ ਦੀਆਂ ਇਹ ਸ਼ੁਰੂਆਤੀ ਸਤਰਾਂ ਸਿੱਖਾਂ ਦੇ ਮੌਜੂਦਾ ਹਾਲਾਤ ਉੱਤੇ ਇੰਨ ਬਿੰਨ ਢੁਕਦੀਆਂ ਨਜਰ ਆਉਂਦੀਆਂ ਹਨ। 

ਜਿੱਥੇ ਇੱਕ ਬੰਨੇ ਆਮ ਸਿੱਖਾਂ ਵੱਲੋਂ ਲਿਤਾੜੇ ਗਏ ਲੋਕਾਂ ਨਾਲ ਉਨ੍ਹਾਂ ਦੇ ਔਖੇ ਵੇਲੇ ਵਿੱਚ ਖੜ੍ਹਨ ਅਤੇ ਉਚੇਰੀਆਂ ਨੈਤਿਕ ਕਦਰਾਂ ਕੀਮਤਾਂ ਦਾ ਪ੍ਰਗਟਾਵਾ ਕਰਨ ਦੇ ਕਰਮ ਨਾਲ ਸਮੁੱਚੇ ਸਿੱਖ ਭਾਈਚਾਰੇ ਨੂੰ ਸੰਸਾਰ ਭਰ ’ਚੋਂ ਜਸ ਅਤੇ ਸੋਭਾ ਮਿਲ ਰਹੀ ਹੈ, ਉੱਥੇ ਦੂਜੇ ਪਾਸੇ ਸਿੱਖਾਂ ਦੇ ਧਾਰਮਿਕ ਅਤੇ ਸਿਆਸੀ ਆਗੂਆਂ ਨੇ ਅਜਿਹੀ ਕਾਵਾਂ ਰੌਲੀ ਪਾਈ ਹੋਈ ਹੈ ਜਿਸ ਨਾਲ ਕੇ ਸਿੱਖਾਂ ਦੀ ਹੇਠੀ ਹੋ ਰਹੀ ਹੈ।

ਹਾਲੀਆ ਸਮੇਂ ਵਿੱਚ ਦਿੱਲੀ ਤੋਂ ਸਰਦਾਰ ਮਹਿੰਦਰ ਸਿੰਘ ਤੇ ਉਸਦੇ ਸਪੁੱਤਰ ਇੰਦਰਜੀਤ ਸਿੰਘ, ਅਤੇ ਸਰਦਾਰ ਜਿੰਦਰ ਸਿੰਘ ਸਿੱਧੂ ਜਿਹੇ ਆਮ ਸਿੱਖਾਂ ਦੀਆਂ ਕਾਰਵਾਈਆਂ ਦੀ ਹਰ ਪਾਸਿਓਂ ਸੋਭਾ ਹੋਈ ਹੈ ਜਿਹਨਾਂ ਨੇ ਦਿੱਲੀ ਹਿੰਸਾ ਦੌਰਾਨ ਕਾਤਲ ਭੀੜਾਂ ਕੋਲੋਂ ਨਿਰਦੋਸ਼ ਲੋਕਾਂ ਦੀ ਜਾਨ ਬਚਾਈ ਸੀ। ਬਾਅਦ ਵਿੱਚ ਗੁਰਦੁਆਰਾ ਸਾਹਿਬਾਨ ਵੱਲੋਂ ਅਹਿਮ ਫੈਸਲਾ ਕਰਦਿਆਂ ਬਿਨਾਂ ਕਿਸੇ ਧਾਰਮਿਕ ਭੇਦ-ਭਾਵ ਦੇ ਹਿੰਸਾ ਦੇ ਪੀੜਤ ਲੋਕਾਂ ਨੂੰ ਸ਼ਰਨ, ਸੁਰੱਖਿਆ ਅਤੇ ਲੰਗਰ ਮੁਹੱਈਆ ਕਰਵਾਇਆ ਗਿਆ। ਬਹਾਦਰੀ ਅਤੇ ਭਲਾਈ ਭਾਵ ਦੇ ਅਜਿਹੇ ਕਿੱਸੇ ਪਹਿਲਾਂ ਵੀ ਕਈ ਮੌਕਿਆਂ ਉੱਪਰ ਸਾਹਮਣੇ ਆਉਂਦੇ ਰਹੇ ਹਨ।

ਸਰਦਾਰ ਮਹਿੰਦਰ ਸਿੰਘ

ਇਨ੍ਹਾਂ ਕਰਮਾਂ ਕਰਕੇ ਸਿੱਖ ਭਾਈਚਾਰੇ ਦੀ ਹੋਰਨਾਂ ਭਾਈਚਾਰਿਆਂ ਵੱਲੋਂ ਸਿਫਤ ਕੀਤੀ ਜਾ ਰਹੀ ਹੈ ਅਤੇ ਫੇਸਬੁੱਕ ਤੇ ਟਵਿੱਟਰ ਉੱਤੇ ਉਨ੍ਹਾਂ ਦਾ ਧੰਨਵਾਦ ਕੀਤਾ ਜਾ ਰਿਹਾ ਹੈ। 

ਉੱਤਰ-ਪੂਰਬੀ ਦਿੱਲੀ ਵਿੱਚ ਹੋਈ ਹਿੰਸਾ ਦੌਰਾਨ ਸਿੱਖਾਂ ਵੱਲੋਂ ਪੀੜਤਾਂ ਦੀ ਕੀਤੀ ਗਈ ਮਦਦ ਤੋਂ ਬਾਅਦ ਸਹਾਰਨਪੁਰ ਦੇ ਮੁਸਲਮਾਨ ਭਾਈਚਾਰੇ ਨੇ ਝਗੜੇ ਵਾਲੀ ਇੱਕ ਥਾਂ, ਜਿਸ ਕਰਕੇ ਕਈ ਵਾਰ ਲੜਾਈ-ਫਸਾਦ ਵੀ ਹੋਏ ਸਨ, ਧੰਨਵਾਦ ਵਜੋਂ ਸਿੱਖਾਂ ਨੂੰ ਭੇਟ ਕਰ ਦਿੱਤੀ। ਅਜਿਹੀ ਹੀ ਸ਼ੁਕਰਗੁਜਾਰੀ ਕਸ਼ਮੀਰੀਆਂ ਵੱਲੋਂ ਵੀ ਪ੍ਰਗਟ ਕੀਤੀ ਗਈ ਸੀ ਜਦੋਂ ਕਿ ਆਮ ਸਿੱਖਾਂ ਨੇ ਪੁਲਵਾਮਾ ਹਮਲੇ ਤੋਂ ਬਾਅਦ ਕਸ਼ਮੀਰੀਆਂ ਖਿਲਾਫ ਉਸਾਰੇ ਗਏ ਨਫਰਤ ਦੇ ਮਾਹੌਲ ਵਿੱਚ ਨਾ ਸਿਰਫ ਕਸ਼ਮੀਰੀਆਂ ਨੂੰ ਬਚਾਇਆ ਸੀ ਬਲਕਿ ਉਨ੍ਹਾਂ ਨੂੰ ਸੁਰੱਖਿਅਤ ਉਨ੍ਹਾਂ ਦੇ ਘਰਾਂ ਤੱਕ ਵੀ ਪਹੁੰਚਾਇਆ ਸੀ।

ਜੰਮੂ ਵਿੱਚ ਫੈਲੀ ਹਿੰਸਾ ਦੌਰਾਨ ਜੰਮੂ ਦੇ ਸਿੱਖਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਕਸ਼ਮੀਰੀਆਂ ਦੀ ਰਾਖੀ ਕੀਤੀ ਗਈ। ਪੰਜਾਬ ਵਿੱਚ ਕਈ ਕਸ਼ਮੀਰੀ ਵਿਦਿਆਰਥੀਆਂ ਨੇ ਗੁਰਦੁਆਰਾ ਸਿੰਘ ਸ਼ਹੀਦਾਂ (ਸੋਹਾਣਾ) ਅਤੇ ਗੁਰਦੁਆਰਾ ਸਾਚਾ ਧਨ (ਮੁਹਾਲੀ) ਵਿਖੇ ਸ਼ਰਨ ਲਈ ਸੀ ਜਿੱਥੇ ਸਥਾਨਕ ਸਿੱਖਾਂ ਵੱਲੋਂ ਉਨ੍ਹਾਂ ਦੀ ਰਾਖੀ ਕੀਤੀ ਗਈ ਅਤੇ ਲੰਗਰ ਪ੍ਰਸ਼ਾਦਾ ਛਕਾਇਆ ਗਿਆ। ਸਥਾਨਕ ਸਿੱਖਾਂ ਵੱਲੋਂ ਇਨ੍ਹਾਂ ਵਿਦਿਆਰਥੀਆਂ ਨੂੰ ਸੁਰੱਖਿਅਤ ਉਨ੍ਹਾਂ ਦੇ ਟਿਕਾਣਿਆਂ ਉੱਤੇ ਵੀ ਪਹੁੰਚਾਇਆ ਗਿਆ। ਧਾਰਾ 370 ਰੱਦ ਕੀਤੇ ਜਾਣ ਤੋਂ ਬਾਅਦ ਦਿੱਲੀ ਦੇ ਕੁਝ ਸਿੱਖਾਂ ਵੱਲੋਂ ਪੂਨੇ ਵਿੱਚ ਫਸੀਆਂ ਕਸ਼ਮੀਰੀ ਵਿਦਿਆਰਥਣਾਂ ਨੂੰ ਆਪਣੇ ਖਰਚੇ ਉੱਪਰ ਹਵਾਈ ਜਹਾਜ ਰਾਹੀਂ ਵਾਪਸ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਇਆ ਗਿਆ।

ਗੁਰਦੁਆਰਾ ਸਿੰਘ ਸ਼ਹੀਦਾਂ (ਸੋਹਾਣਾ)

ਤ੍ਰਾਸਦੀ ਦੀ ਗੱਲ ਹੈ ਕਿ ਠੀਕ ਇਸੇ ਮੌਕੇ ਸਿੱਖਾਂ ਦੇ ਧਾਰਮਿਕ ਅਤੇ ਸਿਆਸੀ ਆਗੂ ਅੰਦਰੂਨੀ ਲੜਾਈਆਂ ਵਿੱਚ ਬੁਰੀ ਤਰ੍ਹਾਂ ਉਲਝੇ ਹੋਏ ਹਨ ਅਤੇ ਸੁਹਿਰਦ ਅਗਵਾਈ ਦੀ ਮੁਕੰਮਲ ਘਾਟ ਰੜਕ ਰਹੀ ਹੈ। 

ਸਿੱਖ ਲੇਖਕ ਅਤੇ ਸਾਬਕਾ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਨੇ ਕਿਹਾ ਕਿ ਸਿਰਫ ਸਿਆਸੀ ਸਿੱਖ ਆਗੂ ਹੀ ਨਹੀਂ ਬਲਕਿ ਹੁਣ ਤਾਂ ਧਾਰਮਿਕ ਪ੍ਰਚਾਰਕ ਵੀ ਆਪਸੀ ਧੜਿਆਂ ਦੀ ਲੜਾਈ ਲੜ ਰਹੇ ਹਨ ਅਤੇ ਹਾਲ ਵਿੱਚ ਹੀ ਦੋ ਪ੍ਰਚਾਰਕ ਧੜਿਆਂ ਦਰਮਿਆਨ ਸ਼ੁਰੂ ਹੋਈ ਲੜਾਈ ਬਹੁਤ ਭੱਦਾ ਰੂਪ ਅਖਤਿਆਰ ਕਰ ਰਹੀ ਹੈ ਜਿਸ ਨਾਲ ਕਿ ਸਿੱਖ ਭਾਈਚਾਰਾ ਹੀ ਅੰਦਰੂਨੀ ਤੌਰ ਉੱਤੇ ਪਾਟੋ-ਧਾੜ ਹੋ ਰਿਹਾ ਹੈ।

ਸ. ਜਸਪਾਲ ਸਿੰਘ ਸਿੱਧੂ

ਜਿੱਥੇ ਇੱਕ ਪਾਸੇ ਆਪਣੀਆਂ ਖਾਮੀਆਂ ਅਤੇ ਨਾਕਾਮੀਆਂ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਖਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਦੂਜੇ ਬੰਨੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੀ ਆਪਣੇ ਅੰਦਰੂਨੀ ਝਗੜਿਆਂ ਵਿੱਚ ਉਲਝੀ ਪਈ ਹੈ।

ਸ਼੍ਰੋ.ਗੁ.ਪ੍ਰ.ਕ. ਦੀ ਸਾਬਕਾ ਜਨਰਲ ਸਕੱਤਰ ਬੀਬੀ ਕਿਰਨਜੋਤ ਕੌਰ ਨੇ ਕਿਹਾ ਕਿ ਆਮ ਸਿੱਖਾਂ ਵੱਲੋਂ ਸਿੱਖੀ ਕਦਰਾਂ ਕੀਮਤਾਂ ਉੱਪਰ ਦਿੱਤੇ ਜਾ ਰਹੇ ਪਹਿਰੇ ਅਤੇ ਸਿਆਸੀ ਆਗੂਆਂ ਵੱਲੋਂ ਇਸ ਮਾਮਲੇ ਵਿਚ ਮੁਕੰਮਲ ਤੌਰ ਉੱਤੇ ਨਾਕਾਮ ਰਹਿਣ ਦਾ ਅਮਲ ਸਾਫ ਨਜਰ ਆ ਰਿਹਾ ਹੈ। ਲੱਗਦਾ ਹੈ ਕਿ ਆਗੂ ਆਪਣੀਆਂ ਨਿੱਜੀ ਗਰਜਾਂ ਅਤੇ ਮੁਫਾਦਾਂ ਵਿੱਚ ਹੀ ਉਲਝੇ ਪਏ ਹਨ।

ਬੀਬੀ ਕਿਰਨਜੋਤ ਕੌਰ

ਸਿੱਖ ਲੇਖਕ ਗੁਰਬਚਨ ਸਿੰਘ ਨੇ ਕਿਹਾ ਕਿ ਸਾਧਾਰਨ ਸਿੱਖ ਆਪਣੇ ਅਮਲਾਂ ਦੀ ਅਗਵਾਈ ਗੁਰੂ ਸਾਹਿਬ ਵੱਲੋਂ ਬਖਸ਼ੇ ਸਿਧਾਂਤਾਂ ਤੋਂ ਲੈ ਰਹੇ ਹਨ ਜਦਕਿ ਸਿੱਖਾਂ ਦੇ ਆਗੂ, ਸਮੇਤ ਧਾਰਮਿਕ ਆਗੂਆਂ ਦੇ, ਰੋਜਮੱਰਾ ਦੀ ਸਿਆਸਤ ਨੂੰ ਮੁੱਖ ਰੱਖ ਕੇ ਚੱਲ ਰਹੇ ਹਨ। ਇਹੀ ਕਾਰਨ ਹੈ ਕਿ ਹਾਲਤ ਤ੍ਰਾਸਦਿਕ ਬਣੀ ਹੋਈ ਹੈ।

ਸਿੱਖ ਵਿਚਾਰਕ ਤੇ ਸਾਬਕਾ ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਨੇ ਕਿਹਾ ਕਿ ਔਖੇ ਹਾਲਾਤ ਵਿੱਚ ਸਿੱਖਾਂ ਦਾ ਸਮੂਹਿਕ ਮਨ ਅਚੇਤ ਰੂਪ ਵਿੱਚ ਹੀ ਸਿੱਖ ਸਿਧਾਂਤਾਂ ਤੋਂ ਸੇਧ ਲੈਂਦਾ ਹੈ ਜਦ ਕਿ ਦੂਸਰੇ ਬੰਨੇ ਧਾਰਮਿਕ ਅਤੇ ਸਿਆਸੀ ਆਗੂ ਮੌਜੂਦਾ ਹਾਲਾਤਾਂ ਵਿੱਚ ਇਨ੍ਹਾਂ ਸਿਧਾਂਤਾਂ ਤੋਂ ਦੂਰ ਜਾ ਚੁੱਕੇ ਹਨ।

ਕਰਮਜੀਤ ਸਿੰਘ; ਸੀਨੀਅਰ ਪੱਤਰਕਾਰ

ਅਗਵਾਈ ਦੇ ਪੱਧਰ ਦੀਆਂ ਨਾਕਾਮੀਆਂ ਦੇ ਬਾਵਜੂਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲੀ ਅਜਿਹੀ ਧਾਰਮਿਕ ਸੰਸਥਾ ਸੀ ਜਿਸ ਨੇ ਹਾਲ ਵਿਚ ਹੀ ਦਿੱਲੀ ਵਿਚ ਵਾਪਰੀ ਹਿੰਸਾ ਵੇਲੇ ਜਖਮੀਆਂ ਅਤੇ ਲੋੜਵੰਦਾਂ ਲਈ ਗੁਰੂ ਤੇਗ ਬਹਾਦਰ ਹਸਪਤਾਲ ਵਿਖੇ ਲੰਗਰ ਲਗਾਇਆ।

ਦਿੱਲੀ ਘਟਨਾਕ੍ਰਮ ਮੌਕੇ ਅਕਾਲ ਤਖਤ ਸਾਹਿਬ ਵੱਲੋਂ ਵੀ ਸਿੱਖਾਂ ਨੂੰ ਹਿੰਸਾ ਦੀ ਲਪੇਟ ਵਿਚ ਆਏ ਸਰਬੱਤ ਮਾਈ-ਭਾਈ ਦੀ ਮਦਦ ਕਰਨ ਦਾ ਸੁਨੇਹਾ ਦਿੱਤਾ ਗਿਆ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,