ਖੇਤੀਬਾੜੀ

ਕਰਜ਼ਾ ਮੁਆਫ਼ੀ ਸਮਾਗਮ ਵਿੱਚ 7 ਜਨਵਰੀ ਨੂੰ 4 ਹਜ਼ਾਰ ਪੁਲੀਸ ਮੁਲਾਜ਼ਮ ਹਾਜ਼ਰ ਹੋਣਗੇ

January 6, 2018 | By

ਚੰਡੀਗੜ: ਬਠਿੰਡਾ ਜ਼ੋਨ ਦੀ ਪੁਲੀਸ ‘ਕਰਜ਼ਾ ਮੁਆਫ਼ੀ’ ਸਮਾਗਮ ਵਿੱਚ ਚੱਪੇ ਚੱਪੇ ’ਤੇ ਤਾਇਨਾਤ ਰਹੇਗੀ। ਇਸ ਸਮਾਗਮ ਵਿੱਚ ਕਰੀਬ ਚਾਰ ਹਜ਼ਾਰ ਪੁਲੀਸ ਮੁਲਾਜ਼ਮ ਨਿਗਰਾਨੀ ਕਰਨਗੇ। ਮਾਨਸਾ ਵਿੱਚ 7 ਜਨਵਰੀ ਨੂੰ ਹੋ ਰਹੇ ਕਰਜ਼ਾ ਮੁਆਫ਼ੀ ਸਮਾਗਮਾਂ ਵਿੱਚ ਬਠਿੰਡਾ, ਮਾਨਸਾ, ਮੋਗਾ, ਫ਼ਰੀਦਕੋਟ ਤੇ ਮੁਕਤਸਰ ਜ਼ਿਿਲ੍ਹਆਂ ਦੇ ਕਿਸਾਨ ਸ਼ਾਮਲ ਹੋਣਗੇ। ਪੁਲੀਸ ਨੂੰ ਕਿਸਾਨ ਜਥੇਬੰਦੀਆਂ ਦੀਆਂ ਸਰਗਰਮੀਆਂ ਦਾ ਡਰ ਹੈ, ਜਿਸ ਕਾਰਨ ਖੁਫ਼ੀਆ ਵਿੰਗ ਵੱਲੋਂ ਵੀ ਕਿਸਾਨ ਆਗੂਆਂ ਦੀ ਪੈੜ ਨੱਪੀ ਜਾ ਰਹੀ ਹੈ। ਸਮਾਗਮ ਵਿੱਚ ਬਠਿੰਡਾ ਜ਼ੋਨ ਦੇ ਕਰੀਬ ਤਿੰਨ ਹਜ਼ਾਰ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਜਾ ਰਹੀ ਹੈ, ਜਦੋਂਕਿ ਹੋਰ ਕੰਪਨੀਆਂ ਦੇ ਕਰੀਬ ਇੱਕ ਹਜ਼ਾਰ ਮੁਲਾਜ਼ਮ ਪੁੱਜ ਰਹੇ ਹਨ।

ਕਰਜ਼ਾ ਮੁਆਫ਼ੀ ਸਮਾਗਮ ਵਾਲੀ ਥਾਂ ’ਤੇ ਤਾਇਨਾਤ ਪੁਲੀਸ ਮੁਲਾਜ਼ਮ।

ਕਰਜ਼ਾ ਮੁਆਫ਼ੀ ਸਮਾਗਮ ਵਾਲੀ ਥਾਂ ’ਤੇ ਤਾਇਨਾਤ ਪੁਲੀਸ ਮੁਲਾਜ਼ਮ।

ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਸਮਾਗਮਾਂ ਵਿੱਚ ਆਰਮਡ ਪੁਲੀਸ ਦੀਆਂ ਅੱਠ ਕੰਪਨੀਆਂ ਤੋਂ ਇਲਾਵਾ ਦੰਗਾ ਵਿਰੋਧੀ ਦਸਤਿਆਂ ਦੀਆਂ 19 ਕੰਪਨੀਆਂ ਡਿਊਟੀ ਦੇਣਗੀਆਂ। ਬਠਿੰਡਾ ਜ਼ੋਨ ਦੇ ਸੱਤ ਜ਼ਿਿਲ੍ਹਆਂ ’ਚੋਂ ਕਰੀਬ ਤਿੰਨ ਹਜ਼ਾਰ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਜਾ ਰਹੇ ਹਨ। ਚਾਰ ਕਮਾਂਡੈਂਟ ਪੱਧਰ ਦੇ ਅਧਿਕਾਰੀ ਵੀ ਪੁੱਜ ਗਏ ਹਨ ਅਤੇ ਫਿਰੋਜ਼ਪੁਰ ਰੇਂਜ ਦੇ ਡੀਆਈਜੀ ਨੇ ਮਾਨਸਾ ਵਿੱਚ ਡੇਰੇ ਜਮ੍ਹਾਂ ਲਏ ਹਨ, ਜਦੋਂਕਿ ਬਠਿੰਡਾ ਜ਼ੋਨ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ ਨੇ ਅੱਜ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਮਹਿਲਾ ਪੁਲੀਸ ਦੀ ਵੀ ਇੱਕ ਕੰਪਨੀ ਬੁਲਾਈ ਗਈ ਹੈ ਤੇ ਇੱਕ ਮਹਿਲਾ ਐਸਪੀ ਤੋਂ ਇਲਾਵਾ ਦੋ ਮਹਿਲਾ ਡੀਐਸਪੀਜ਼ ਦੀ ਡਿਊਟੀ ਲਾਈ ਗਈ ਹੈ। ਸਮਾਗਮ ਵਾਲੇ ਦਿਨ ਬਠਿੰਡਾ ਜ਼ੋਨ ਦੇ ਸੱਤ ਐਸਐਸਪੀਜ਼ ਡਿਊਟੀ ਨਿਭਾਉਣਗੇ। ਸਮਾਗਮ ਦੇ ਪੰਡਾਲ ਵਿੱਚ ਅੱਠ ਸੈਕਟਰ ਬਣਾਏ ਗਏ ਹਨ ਤੇ ਹਰ ਜ਼ਿਲ੍ਹੇ ਦੇ ਕਿਸਾਨਾਂ ਨੂੰ ਇੱਕ ਸੈਕਟਰ ਵਿੱਚ ਬਿਠਾਇਆ ਜਾਣਾ ਹੈ।

ਪਤਾ ਲੱਗਾ ਹੈ ਕਿ ਡਿਪਟੀ ਕਮਿਸ਼ਨਰਾਂ ਵੱਲੋਂ ਕਿਸਾਨ ਆਗੂਆਂ ਨਾਲ ਤਾਲਮੇਲ ਬਣਾਇਆ ਜਾ ਰਿਹਾ ਹੈ ਤਾਂ ਜੋ ਕਿਸਾਨ ਧਿਰਾਂ ਦੀਆਂ ਸਰਗਰਮੀਆਂ ਨੂੰ ਰੋਕਿਆ ਜਾ ਸਕੇ। ਡਿਪਟੀ ਕਮਿਸ਼ਨਰ ਵੱਲੋਂ ਹਾਈ ਕੋਰਟ ਦੇ ਹੁਕਮਾਂ ਦਾ ਹਵਾਲਾ ਦੇ ਕੇ ਧਾਰਾ 144 ਲਾਉਣ ਬਾਰੇ ਪੱਤਰ ਵੀ ਲਿਿਖਆ ਜਾ ਰਿਹਾ ਹੈ, ਹਾਲਾਂਕਿ ਕਿਸੇ ਕਿਸਾਨ ਧਿਰ ਨੇ ਬਹੁਤੀ ਸਖ਼ਤ ਸਰਗਰਮੀ ਦਾ ਐਲਾਨ ਨਹੀਂ ਕੀਤਾ ਹੈ। ਕਰਜ਼ਾ ਮੁਆਫ਼ੀ ਸਮਾਗਮ ਵਿੱਚ ਕਿਸਾਨਾਂ ਨੂੰ ਲਿਆਉਣ ਲਈ ਬੱਸਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਟਰਾਂਸਪੋਰਟ ਅਫ਼ਸਰਾਂ ਨੇ ਪ੍ਰਾਈਵੇਟ ਬੱਸ ਮਾਲਕਾਂ ਤੋਂ ਬੱਸਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਹਨ। ਕਿਸਾਨਾਂ ਵਾਸਤੇ ਲੰਗਰ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ। ਬਠਿੰਡਾ ਜ਼ੋਨ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ ਦਾ ਕਹਿਣਾ ਸੀ ਕਿ ਕਰਜ਼ਾ ਮੁਆਫ਼ੀ ਸਮਾਗਮ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ। ਬਠਿੰਡਾ ਜ਼ੋਨ ਦੇ ਤਿੰਨ ਹਜ਼ਾਰ ਮੁਲਾਜ਼ਮਾਂ ਤੋਂ ਇਲਾਵਾ ਕਈ ਕੰਪਨੀਆਂ ਦੀ ਤਾਇਨਾਤੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜੇ ਕੋਈ ਕਿਸਾਨ ਆਗੂ ਮੁੱਖ ਮੰਤਰੀ ਨੂੰ ਮੈਮੋਰੰਡਮ ਦੇਣਾ ਚਾਹੁੰਦਾ ਹੈ ਤਾਂ ਪ੍ਰਸ਼ਾਸਨ ਮਦਦ ਕਰੇਗਾ।

ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਅੱਜ ਆਪਣੇ ਦਫ਼ਤਰਾਂ ਦੀ ਥਾਂ ਸਮਾਗਮ ਵਾਲੀ ਜਗ੍ਹਾ ’ਤੇ ਬੈਠ ਕੇ ਕੰਮ-ਕਾਰ ਕੀਤੇ। ਅਧਿਕਾਰੀਆਂ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਕੋਈ ਅਫ਼ਸਰ ਮੌਜੂਦ ਨਹੀਂ ਸੀ ਤੇ ਅਨਾਜ ਮੰਡੀ ਵਿੱਚੋਂ ਹੀ ਸਾਰੀ ਕਾਰਵਾਈ ਕੀਤੀ ਜਾ ਰਹੀ ਸੀ। ਇਸ ਸਮਾਗਮ ਦੀਆਂ ਤਿਆਰੀਆਂ ਸਬੰਧੀ ਅੱਜ ਡਿਪਟੀ ਕਮਿਸ਼ਨਰ ਧਰਮ ਪਾਲ ਗੁਪਤਾ, ਬਠਿੰਡਾ ਜ਼ੋਨ ਤੋਂ ਪੰਜਾਬ ਪੁਲੀਸ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ ਤੇ ਮਾਨਸਾ ਐੱਸਐੱਸਪੀ ਪਰਮਬੀਰ ਸਿੰਘ ਪਰਮਾਰ ਨੇ ਸਮਾਗਮ ਵਾਲੇ ਸਥਾਨ ਤੋਂ ਹੀ ਸਬੰਧਤ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਜਾਰੀ ਕੀਤੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,