ਸਿਆਸੀ ਖਬਰਾਂ » ਸਿੱਖ ਖਬਰਾਂ

ਭਾਰਤੀ ਰਾਸ਼ਟਰਪਤੀ ਵੱਲੋਂ ਸ਼੍ਰੀ ਦਰਬਾਰ ਸਾਹਿਬ ‘ਤੇ ਹਮਲੇ ਸਬੰਧੀ ਪ੍ਰਗਟਾਏ ਵਿਚਾਰ ਸਚਾਈ ਤੋਂ ਕੋਹਾਂ ਦੂਰ ਹਨ: ਦਲ ਖਾਲਸਾ

January 29, 2016 | By

ਅੰਮ੍ਰਿਤਸਰ ( 29 ਜਨਵਰੀ, 2016):  ਦਲ ਖਾਲਸਾ ਨੇ ਕਿਹਾ ਕਿ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੇ ਆਪਣੀ ਜੀਵਨੀ ਵਿੱਚ ਜੋ ਦਰਬਾਰ ਸਾਹਿਬ ਹਮਲੇ ਸਬੰਧੀ ਵਿਚਾਰ ਪ੍ਰਗਟਾਏ ਹਨ, ਉਹ ਸਚਾਈ ਤੋਂ ਦੂਰ ਹਨ। ਪਾਰਟੀ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਸ਼੍ਰੀ ਮੁਖਰਜੀ ਵਲੋਂ ਇਹ ਕਹਿਣਾ ਕਿ ਫੌਜੀ ਹਮਲਾ ਟਾਲਿਆ ਨਹੀਂ ਜਾ ਸਕਦਾ ਸੀ ਕਿਉਕਿ ਹਾਲਾਤ ਕਾਬੂ ਤੋਂ ਬਾਹਰ ਹੋ ਗਏ ਸਨ, ਕੋਰਾ ਝੂਠ ਹੈ। ਉਹਨਾਂ ਕਿਹਾ ਕਿ ਇਹ ਗੱਲ ਉਜਾਗਰ ਹੋ ਚੁੱਕੀ ਹੈ ਕਿ ਫਰਵਰੀ 1984 ਵਿੱਚ ਭਾਰਤ ਸਰਕਾਰ ਨੇ ਬ੍ਰਿਟਿਸ਼ ਸਰਕਾਰ ਪਾਸੋਂ ਦਰਬਾਰ ਸਾਹਿਬ ਉਤੇ ਹਮਲੇ ਲਈ ਸੁਝਾਅ ਤੇ ਮਦਦ ਮੰਗੀ ਸੀ।

ਦਲ ਖਾਲਸਾ ਦੇ ਬੁਲਾਰੇ ਭਾਈ ਕੰਵਰਪਾਲ ਸਿੰਘ

ਦਲ ਖਾਲਸਾ ਦੇ ਬੁਲਾਰੇ ਭਾਈ ਕੰਵਰਪਾਲ ਸਿੰਘ

ਉਹਨਾਂ ਕਿਹਾ ਕਿ ਪਹਿਲੀ ਵਾਰ ਭਾਰਤ ਦੇ ਸੱਭ ਤੋਂ ਵੱਡੇ ਸੰਵਿਧਾਨਕ ਅਹੁਦੇ ਉਤੇ ਬੈਠੈ ਵਿਅਕਤੀ ਨੇ ਮੰਨਿਆ ਹੈ ਕਿ ਇਸ ਹਮਲੇ ਦੀ ਯੋਜਨਾ ਨੂੰ ਕੇਂਦਰ ਦੀ ਰਾਜਨੀਤੀਕ ਮਾਮਲੇ ਦੀ ਕਮੇਟੀ ਦੀ ਮੀਟਿੰਗ ਵਿੱਚ ਪ੍ਰਵਾਨਗੀ ਦਿੱਤੀ ਗਈ ਸੀ ਜਿਸ ਵਿੱਚ ਉਹ ਖੁਦ, ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਡਿਫੈਂਸ ਮੰਤਰੀ ਅਤੇ ਊਰਜਾ ਮੰਤਰੀ ਸ਼ਾਮਿਲ ਸਨ। ਉਹਨਾਂ ਕਿਹਾ ਕਿ ਸ਼੍ਰੀ ਮੁਖਰਜੀ ਅਨੁਸਾਰ ਇਹ ਹਮਲਾ ਜਰੂਰੀ ਹੋ ਗਿਆ ਸੀ ਅਤੇ ਉਹਨਾਂ ਦੀ ਨਿਗਾਹ ਵਿੱਚ ਇਹ ਅੱਜ ਵੀ ਜਾਇਜ਼ ਹੈ।

ਉਹਨਾਂ ਕਿਹਾ ਕਿ ਸ਼੍ਰੀ ਮੁਖਰਜੀ ਦੇ ਪ੍ਰਗਟਾਵੇ ਨੇ ਉਹਨਾਂ ਪ੍ਰਚਲਿਤ ਗੱਲਾਂ ਅਤੇ ਦਾਅਵਿਆਂ ਨੂੰ ਖੋਖਲਾ ਸਿੱਧ ਕਰ ਦਿਤਾ ਹੈ ਕਿ ਕਾਂਗਰਸ ਸਮੇਤ ਭਾਰਤੀ ਲੀਡਰਸ਼ਿਪ ਨੂੰ ਇਸ ਫੌਜੀ ਹਮਲੇ ਉਤੇ “ਅਫਸੋਸ” ਹੈ। ਉਹਨਾਂ ਕਿਹਾ ਕਿ ਦਰਬਾਰ ਸਾਹਿਬ ਹਮਲੇ ਤੋਂ ਬਾਅਦ ਵਾਪਰੀਆਂ ਘਟਨਾਵਾਂ ਨੇ ਸਪਸ਼ਟ ਕਰ ਦਿੱਤਾ ਸੀ ਕਿ ਇਹ ਹਮਲਾ ਖਾੜਕੂਆਂ ਨੂੰ ਦਰਬਾਰ ਸਾਹਿਬ ਵਿਚੋਂ ਕੱਢਣ ਲਈ ਨਹੀਂ ਸਗੋਂ ਸਿੱਖਾਂ ਨੂੰ ਸਬਕ ਸਿਖਾਉਣ ਲਈ ਕੀਤਾ ਗਿਆ ਸੀ ਕਿਉਕਿ ਸਿੱਖਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਅਗਵਾਈ ਹੇਠ  ਭਾਰਤੀ ਸਰਕਾਰ ਨੂੰ ਉਸ ਦੀਆਂ ਸਿੱਖ-ਵਿਰੋਧੀ ਨੀਤੀਆਂ ਕਾਰਨ ਵੰਗਾਰਿਆ ਸੀ।

ਉਹਨਾਂ ਕਿਹਾ ਕਿ ਇਹ ਸਪਸ਼ਟ ਹੈ ਕਿ ਹਮਲਾ ਭਾਰਤੀ ਨਿਜ਼ਾਮ ਵਲੋਂ ਉਲੀਕਿਆ ਗਿਆ ਸੀ ਅਤੇ ਅੱਜ ਵੀ ਕਿਸੇ ਵੀ ਭਾਰਤੀ ਧਿਰ ਚਾਹੇ ਉਹ ਕਾਂਗਰਸ ਹੋਵੇ ਜਾਂ ਭਾਜਪਾ, ਨੂੰ ਇਸ ਦਾ ਕੋਈ ਅਫਸੋਸ ਨਹੀਂ ਹੈ। ਦਲ ਖਾਲਸਾ ਆਗੂ ਨੇ ਕਿਹਾ ਕਿ ਰਾਸ਼ਟਰਪਤੀ ਮੁਖਰਜੀ ਨੂੰ ਆਨੰਦਪੁਰ ਸਾਹਿਬ ਮਤੇ ਬਾਰੇ ਵੀ ਕਈ ਭੁਲੇਖੇ ਹਨ ਅਤੇ ਉਹਨਾਂ ਦੀ ਜਾਣਕਾਰੀ ਅਧੂਰੀ ਹੈ। ਉਹਨਾਂ ਕਿਹਾ ਕਿ ਆਨੰਦਪੁਰ ਸਾਹਿਬ ਮਤਾ 1973 ਵਾਲਾ ਹੀ ਹੈ ਅਤੇ ਇਸ ਵਿੱਚ ਕੋਈ ਵੀ ਮੱਦ ਖਾਲਿਸਤਾਨ ਦੀ ਮੰਗ ਨਹੀਂ ਕਰਦੀ ਅਤੇ ਨਾ ਹੀ ਇਸ ਅਧੀਨ ਰੱਖੀਆਂ ਗਈਆਂ ਮੰਗਾਂ ਦਾ ਹੱਲ ਭਾਰਤੀ ਸੰਵਿਧਾਨ ਦੇ ਘੇਰੇ ਤੋਂ ਬਾਹਰ ਸੀ।

ਦਲ ਖਾਲਸਾ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਕਿਰਦਾਰ ਇਸ ਮਾਮਲੇ ਵਿੱਚ ਮੁੱਢ ਤੋਂ ਹੀ ਸ਼ੱਕੀ ਰਿਹਾ ਹੈ। ਉਹਨਾਂ ਕਿਹਾ ਕਿ 32 ਸਾਲ ਬੀਤਣ ਤੋਂ ਬਾਅਦ ਵੀ ਬਾਦਲ ਸਾਹਿਬ ਨੇ ਕੌਮ ਨੂੰ ਜੁਆਬ ਨਹੀਂ ਦਿੱਤਾ ਕਿ ਉਹਨਾਂ ਨੂੰ 28 ਮਾਰਚ ਨੂੰ ਇੱਕਲੇ ਅਤੇ ਚੁੱਪ-ਚਪੀਤੇ ਦਿੱਲੀ ਕਿਉਂ ਸੱਦਿਆ ਗਿਆ ਸੀ ਅਤੇ ਉਥੇ ਕੇਂਦਰ ਸਰਕਾਰ ਨਾਲ ਉਹਨਾਂ ਦੀ ਕੀ ਗਲਬਾਤ ਹੋਈ। ਉਹਨਾਂ ਕਿਹਾ ਕਿ ਬਾਦਲ ਸਾਹਿਬ ਚਾਹੁਣ ਤਾਂ ਉਹ ਹੁਣ ਵੀ ਸੱਚਾਈ ਤੋਂ ਪਰਦਾ ਚੁੱਕ ਸੱਕਦੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,