January 24, 2020 | By ਲੇਖਕ - ਨਰਿੰਦਰ ਪਾਲ ਸਿੰਘ
ਲੇਖਕ – ਨਰਿੰਦਰ ਪਾਲ ਸਿੰਘ
ਦਰਪੇਸ਼ ਵੱਖ ਵੱਖ ਕੌਮੀ ਤੇ ਪ੍ਰਬੰਧਕੀ ਮਸਲਿਆਂ ਦੇ ਚਲਦਿਆਂ ਸ਼੍ਰੋਮਣੀ ਕਮੇਟੀ ਦੁਆਰਾ ਧਾਰੀ ਨਿਰੰਤਰ ਚੁੱਪ ਚਰਚਾ ਦਾ ਵਿਸ਼ਾ ਬਣ ਰਹੀ ਹੈ। ਜਿਥੇ ਕਮੇਟੀ ਦੇ ਆਪਣੇ ਖੈਰਖਾਹ ਹੀ ਇਸਨੂੰ ‘ਦੜ ਵੱਟ ਜਮਾਨਾ ਕੱਟ ਭਲੇ ਦਿਨ ਆਵਣਗੇ’ ਦੀ ਕਹਾਵਤ ਤੇ ਪਹਿਰਾ ਦੇਣਾ ਦਸ ਰਹੇ ਹਨ ਉਥੇ ਕਮੇਟੀ ਸਿਆਸਤ ਤੇ ਪੈਨੀ ਨਿਗਾਹ ਰੱਖਣ ਵਾਲੇ ਚਟਖਾਰੇ ਲੈਕੇ ਕਹਿ ਰਹੇ ਹਨ ‘ਰੋਮ ਸੜ ਰਿਹਾ ਸੀ ਤੇ ਨੀਰੌ ਬੰਸਰੀ ਵਜਾ ਰਿਹਾ ਸੀ’ ਹੋਰ ਕਿਸਨੂੰ ਕਹਿੰਦੇ ਹਨ।
ਸਾਲ 2020 ਦੇ ਚੜ੍ਹਦਿਆਂ ਹੀ ਸਾਹਮਣੇ ਆਉਣ ਵਾਲੇ ਕੁਝ ਧਰਮ ਸਿਧਾਤਾਂ ਤੇ ਸਿੱਖ ਸਭਿਆਚਾਰ ਨਾਲ ਜੁੜੇ ਵੱਖ ਵੱਖ ਮੁੱਦਿਆਂ ਤੇ ਨਿਗਾਹ ਮਾਰੀ ਜਾਏ ਤਾਂ ਵੀਹਵੀਂ ਸਦੀ ਦੇ ਦੂਸਰੇ ਦਹਾਕੇ ਦਾ ਸਭਤੋਂ ਅਹਿਮ ਮੁੱਦਾ ਸਾਹਮਣੇ ਆਇਆ ਹੈ ਕਿ ਸਿੱਖ ਸਿਧਾਤਾਂ ਦੀ ਰਾਖੀ ਲਈ ਹੋਂਦ ਵਿੱਚ ਆਈ ਸ਼੍ਰੋਮਣੀ ਕਮੇਟੀ ਨੇ ਵੀਹ ਸਾਲ ਪਹਿਲਾਂ (ਸਤੰਬਰ 2000) ਵਿੱਚ ਚੁੱਪ ਚੁੱਪੀਤੇ ਹੀ ਈ.ਟੀ.ਸੀ.ਨਾਮੀ ਟੀਵੀ ਚੈਨਲ ਨਾਲ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਸਬੰਧੀ ਸਮਝੋਤਾ ਕਰਦਿਆਂ ‘ਏਕਾਅਧਿਕਾਰ’ ਹੀ ਦੇ ਦਿੱਤੇ। ਲੇਕਿਨ ਇਸ ਵਾਰ ਸਮਝੋਤੇ ਵਿੱਚ ਇਹ ਮੱਦ ਦਰਜ ਸੀ ਕਿ ਸਬੰਧਤ ਧਿਰ ,ਕਮੇਟੀ ਤੋਂ ਪੁਛੇ ਬਗੈਰ ਕਿਸੇ ਹੋਰ ਨੂੰ ਇਹ ਅਧਿਕਾਰ ਨਹੀ ਦੇ ਸਕੇਗਾ।
ਸਬੰਧਤ ਚੈਨਲ ਨਾਲ ਇਹ ਸਮਝੋਤਾ 2010 ਵਿੱਚ ਖਤਮ ਹੋਣਾ ਸੀ। ਲੇਕਿਨ ਸਾਲ 2007 ਵਿੱਚ ਜਿਉਂ ਹੀ ਪੰਜਾਬ ਵਿੱਚ ਪਰਕਾਸ਼ ਸਿੰਘ ਬਾਦਲ ਦੀ ਸਰਕਾਰ ਕਾਬਜ ਹੋਈ ਤਾਂ ਸ਼੍ਰੋਮਣੀ ਕਮੇਟੀ ਨੇ ਈ.ਟੀ.ਸੀ. ਚੈਨਲ ਨਾਲ ਅੱਧ ਵਿਚਾਲੇ ਸਮਝੋਤਾ ਖਤਮ ਕਰਦਿਆਂ ਜੀ.ਨੈਕਸਟ ਨਾਮੀ ਮੀਡੀਆ ਕੰਪਨੀ ਨੂੰ ‘ਗੁਰਬਾਣੀ ਪ੍ਰਸਾਰਣ ਦੇ ਏਕਾਅਧਿਕਾਰ’ ਲਿਖ ਦਿੱਤੇ। ਕਮੇਟੀ ਨੇ ਇਸਦੇ ਨਾਲ ਹੀ ਇਹ ਵੀ ਅਹਿਦ ਕਰ ਲਿਆ ਕਿ ਹੁਣ ਸਬੰਧਤ ਧਿਰ ‘ਆਪਣੀ ਮਰਜੀ ਨਾਲ’ ਇਹ ਅਧਿਕਾਰ ਅੱਗੇ ਕਿਸੇ ਹੋਰ ਨੂੰ ਦੇ ਸਕਦੀ ਹੈ। ਕਮੇਟੀ ਦੇ ਅਜੇਹੇ ਫੈਸਲੇ ਪ੍ਰਤੀ ਸਾਲ 2007 ਵਿੱਚ ਚਰਚਾ ਵੀ ਸ਼ੁਰੂ ਹੋਈ ਲੇਕਿਨ ਇਸਨੇ ਬਿਨ੍ਹਾਂ ਕਿਸੇ ਦੀ ਪ੍ਰਵਾਹ ਕੀਤਿਆਂ ਇਸੇ ਮੀਡੀਆ ਕੰਪਨੀ ਨਾਲ ਸਾਲ 2012 ਸਾਲ ਵਿੱਚ ਵੀ ਮੁੜ ਸਮਝੋਤਾ ਕਰ ਲਿਆ।
ਸਾਲ 2015 ਵਿੱਚ ਜਦੋਂ ਸੂਚਨਾ ਦੇ ਅਧਿਕਾਰ ਤਹਿਤ ‘ਗੁਰਬਾਣੀ ਪ੍ਰਸਾਰਣ ਬਾਰੇ ਹੋਏ ਸਮਝੋਤੇ ਤੇ ਸ਼ਰਤਾਂ’ ਦੀ ਜਾਣਕਾਰੀ ਮੰਗੀ ਗਈ ਤਾਂ ਕਮੇਟੀ ਨੇ ਚੁੱਪ ਵੱਟ ਲਈ। ਆਖਿਰ ਸਟੇਟ ਕਮਿਸ਼ਨਰ ਰਾਈਟ ਟੂ ਇਨਫਰਮੇਸ਼ਨ ਦੇ ਹੁਕਮਾਂ ਤੇ ਜੋ ਜਾਣਕਾਰੀ ਮੁਹਈਆ ਕਰਵਾਈ ਗਈ ਉਸ ਤਹਿਤ ਸਾਲ 2007 ਦੇ ਸਮਝੋਤੇ ਦੀ ਨਕਲ ਨਹੀਂ ਦਿੱਤੀ ਗਈ ਬਲਕਿ ਸਾਲ 2000 ਤੇ ਸਾਲ 2012 ਵਾਲੇ ਸਮਝੋਤੇ ਬਾਰੇ ਜਾਣਕਾਰੀ ਹੀ ਦਿੱਤੀ ਗਈ। ਇਹ ਜਰੂਰ ਸਾਫ ਕਰ ਦਿੱਤਾ ਗਿਆ ਕਿ ਚਰਚਾ ਵਿੱਚ ਆਏ ਚੈਨਲ ‘ਪੀ.ਟੀ.ਸੀ. ਨਾਲ ਸਿੱਧਾ ਸਮਝੋਤਾ ਤਾਂ ਕਦੇ ਵੀ ਨਹੀ ਹੋਇਆ। ਗਲ ਖਤਮ ਨਹੀ ਹੋਈ ਬਲਕਿ ਸਬੰਧਤ ਚੈਨਲ ਵਲੋਂ ਜੋ ਫੰਡ ਸ਼੍ਰੋਮਣੀ ਕਮੇਟੀ ਪਾਸ ਜਮਾ ਕਰਵਾਏ ਦੱਸੇ ਗਏ ਉਹ ਸਾਰੇ ਹੀ ਪੀ.ਟੀ.ਸੀ. ਵਲੋਂ ਦਰਸਾਏ ਗਏ ਸਨ।
ਹੁਣ ਜਨਵਰੀ 2020 ਵਿੱਚ ਜਦੋਂ ਪੀ.ਟੀ.ਸੀ. ਚੈਨਲ ਨੇ ਅਚਨਚੇਤ ਹੀ ਇਹ ਮਾਮਲਾ ਸਾਹਮਣੇ ਆਇਆ ਕਿ ਸ਼੍ਰੋਮਣੀ ਕਮੇਟੀ ਦੀ ਅਧਿਕਾਰਤ ਵੈਬਸਾਈਟ ਤੋਂ ਗੁਰਬਾਣੀ ਦੀ ਆਡੀਓ ਰਿਕਾਰਡਿੰਗ ਅੱਗੇ ਸ਼ੇਅਰ ਕਰਨ ਦੇ ਮਾਲਕੀ ਹੱਕਾਂ ਦਾ ਦਾਅਵਾ ਪੀ.ਟੀ.ਸੀ.ਚੈਨਲ ਕਰ ਰਿਹਾ ਹੈ ਤਾਂ ਇਸ ਬਾਰੇ ਲਿਖਤੀ ਸ਼ਿਕਾਇਤਾਂ ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਸਾਹਿਬ ਤੀਕ ਪੁਜ ਗਈਆਂ।ਇਸਦੇ ਨਾਲ ਹੀ ਸ਼੍ਰੋਮਣੀ ਕਮੇਟੀ ਅਧਿਕਾਰੀ ਤੇ ਅਹੁਦੇਦਾਰ ਚੁੱਪ ਧਾਰਨ ਕਰ ਜਾਂਦੇ ਹਨ। ਇਨ੍ਹਾਂ ਦੀ ਬਜਾਏ ਸਪਸ਼ਟੀਕਰਨ ਦੇਣ ਅੱਗੇ ਆਉਂਦੇ ਹਨ ਚਰਚਾ ਵਿੱਚ ਆਏ ਚੈਨਲ ਦੇ ਪ੍ਰਬੰਧਕ ।ਦਾਅਵਾ ਕੀਤਾ ਜਾਂਦਾ ਹੈ ਕਿ ਚੈਨਲ ਪਾਸ 1998 ਵਿੱਚ ਸ਼੍ਰੋਮਣੀ ਕਮੇਟੀ ਦੇ ਤਤਕਾਲੀਨ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੋਹੜਾ ਨੇ ਗੁਰਬਾਣੀ ਪ੍ਰਸਾਰਣ ਲਈ ਗੁਹਾਰ ਲਗਾਈ ਸੀ। ਇਹ ਨਹੀ ਦੱਸਿਆ ਜਾਂਦਾ ਕਿ ਸਮਝੋਤਾ ਤਾਂ ਜੀ.ਨੈਕਸਟ ਕੰਪਨੀ ਨਾਲ ਹੋਇਆ ਸੀ, ਪੀ.ਟੀ.ਸੀ.ਚੈਨਲ ਨੂੰ ਇਹ ਅਧਿਕਾਰ ਕਿਹੜੀਆਂ ਸ਼ਰਤਾਂ ਤਹਿਤ ਦਿੱਤੇ ਗਏ ਤੇ ਕਿਸਨੇ ਦਿੱਤੇ। ਇਹ ਵੀ ਦਾਅਵੇ ਕੀਤੇ ਗਏ ਕਿ ਚੈਨਲ ਨੇ ਹਰ ਸਾਲ 4ਕਰੋੜ ਰੁਪਏ ਦੇ ਕੁਝ ਪ੍ਰੋਜੈਕਟ ਸ਼੍ਰੋਮਣੀ ਕਮੇਟੀ ਲਈ ਤਿਆਰ ਕੀਤੇ ।ਲੇਕਿਨ ਉਨ੍ਹਾਂ ਪ੍ਰੋਜੈਕਟਾਂ ਦਾ ਬਿਊਰਾ ਨਹੀ ਦਿੱਤਾ ਗਿਆ।ਇਧਰ ਸ਼੍ਰੋਮਣੀ ਕਮੇਟੀ ਪ੍ਰਧਾਨ, ਅਹੁਦੇਦਾਰਾਂ ਤੇ ਅਧਿਕਾਰੀਆਂ ਦੀ ਹਾਲਤ ਐਸੀ ਹੈ ਕਿ ‘ਬਸ ਰਹਿਣ ਦੇ ਛੇੜ ਨਾ ਦਰਦਾਂ ਨੂੰ’।
ਦੂਸਰਾ ਅਹਿਮ ਮਸਲਾ ਸਾਹਮਣੇ ਹੈ ਸਾਲ 2016 ਵਿੱਚ ਤਿਆਰ ਕਰਕੇ ਵਿਰਾਸਤੀ ਗਲੀ ‘ਹੈਰੀਟੇਜ ਸਟਰੀਟ’ ਵਿੱਚ ਸਥਾਪਿਤ ਕੀਤੇ ਗਏ ਭੰਗੜੇ ਤੇ ਗਿੱਧੇ ਦੇ ਬੁੱਤਾਂ ਬਾਰੇ ਕੁਝ ਜਥੇਬੰਦੀਆਂ ਦਾ ਕਹਿਣਾ ਹੈ ਕਿ ਸਿੱਖੀ ਦੇ ਧਾਰਮਿਕ ਕੇਂਦਰ ਸ੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲੇ ਇਸ ਮਾਰਗ ਤੇ ਸਿੱਖ ਧਰਮ ਇਤਿਹਾਸ ਨਾਲ ਜੁੜੇ ਸਿੱਖ ਯੋਧਿਆਂ ਦੇ ਬੁੱਤ ਲਗਣੇ ਚਾਹੀਦੇ ਹਨ।
ਸਭਿਆਚਾਰ ਦੇ ਪ੍ਰਗਟਾਵੇ ਦੀ ਛੋਹ ਕਿਤੇ ਹੋਰ ਹੋਣੀ ਚਾਹੀਦੀ ਹੈ। ਅਵਾਜ ਉਠਾਉਣ ਵਾਲੀਆਂ ਇਨ੍ਹਾਂ ਜਥੇਬੰਦੀਆਂ ਦੇ ਕੁਝ ਨੌਜੁਆਨਾਂ ਨੇ ਕੁਝ ਦਿਨ ਪਹਿਲਾਂ ਹੀ ਇਨ੍ਹਾਂ ਬੁੱਤਾਂ ਨੂੰ ਤੋੜਨ ਦੀ ਅਸਫਲ ਕੋਸ਼ਿਸ਼ ਕੀਤੀ ਲੇਕਿਨ ਪੁਲਿਸ ਹਿਰਾਸਤ ਵਿੱਚ ਬੰਦ ਕਰ ਦਿੱਤੇ ਗਏ। ਇਰਾਦਾ ਕਤਲ ਵਰਗੀ ਸਖਤ ਕਾਨੂੰਨ ਦੀ ਧਾਰਾ ਲਗਾ ਦਿੱਤੀ ਗਈ ਇਨ੍ਹਾਂ ਨੌਜੁਆਨਾਂ ਖਿਲਾਫ।ਲੇਕਿਨ ਬਲਿਹਾਰ ਜਾਈਏ ਸ਼੍ਰੋਮਣੀ ਕਮੇਟੀ ਦੇ ਜੇ ਕਿਸੇ ਅਧਿਕਾਰੀ ਨੇ ਕੋਈ ਮਾੜੀ ਮੋਟੀ ਅਵਾਜ ਵੀ ਕੱਢੀ ਹੋਵੇ। ਹਾਲਾਂਕਿ ਤਲਖ ਹਕੀਕਤ ਹੈ ਕਿ ਇਸ ਹੈਰੀਟਜ ਸਟਰੀਟ ਦਾ ਸਾਰਾ ਪਲੈਨ ਸ਼੍ਰੋਮਣੀ ਕਮੇਟੀ ਦੀ ਸਹਿਮਤੀ ਨਾਲ ਹੀ ਉਲੀਕਿਆ ਗਿਆ ਹੈ। ਅਗਰ ਅਜਿਹਾ ਨਹੀ ਹੈ ਤਾਂ ਸ਼੍ਰੋਮਣੀ ਕਮੇਟੀ ਉਸ ਵੇਲੇ ਹੀ ਆਪਣੇ ਸਿਆਸੀ ਆਕਾ ਸੁਖਬੀਰ ਸਿੰਘ ਬਾਦਲ ਨੂੰ ਸੁਝਾਅ ਦੇ ਸਕਦੀ ਸੀ। ਇਹ ਬੁੱਤ ਵੀ ਸੁਖਬੀਰ ਸਿੰਘ ਬਾਦਲ ਦੇ ਡਰੀਮ ਪ੍ਰੋਜੈਕਟ ਹੈਰੀਟੇਜ ਸਟਰੀਟ ਦਾ ਹਿੱਸਾ ਤੇ ਸਾਲ 2016 ਵਿੱਚ ਇਸਦੇ ਉਦਘਾਟਨ ਮੌਕੇ ਸਿੱਖਾਂ ਦੀਆਂ ਉਘੀਆਂ ਧਾਰਮਿਕ ਸੰਸਥਾਵਾਂ ਦੇ ਮੁਖੀ ਵੀ ਮੰਚ ਤੇ ਮੌਜੂਦ ਸਨ। ਔਰ ਇਹ ਸਾਰੇ ਹੀ ਧਾਰਮਿਕ ਆਗੂ ਉਸ ਵੇਲੇ ਸੁਖਬੀਰ ਬਾਦਲ ਦੀ ਇਸ ਦੇਣ ਲਈ ਸਿਫਤਾਂ ਦੇ ਪੁੱਲ ਬੰਨਣ ਵਿੱਚ ਮੋਹਰੀ ਸਨ। ਹੁਣ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਰਾਗੀ ਸਾਹਿਬਾਨ, ਢਾਡੀ-ਕਵੀਸ਼ਰ ਸਾਹਿਬਾਨ ਤੇ ਹੋਰ ਧਾਰਮਿਕ ਸੰਸਥਾਵਾਂ ਵੀ ਨੌਜੁਆਨਾਂ ਦੀ ਪਿੱਠ ਪਿੱਛੇ ਖਲੋ ਗਈਆਂ ਹਨ।
ਤੀਸਰਾ ਅਹਿਮ ਮਸਲਾ ਹੈ ਕੁਝ ਈਸਾਈ ਪ੍ਰਚਾਰਕਾਂ ਵਲੋਂ ਸ਼੍ਰੋਮਣੀ ਕਮੇਟੀ ਦੇ ਹੁਣ ਤੀਕ ਦੇ ਸਭਤੋਂ ਸੀਨੀਅਰ ਤੇ ਬੇਬਾਕ ਕਥਾਵਾਚਕ ਗਿਆਨੀ ਜਸਵੰਤ ਸਿੰਘ ਖਿਲਾਫ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਦੇ ਦੋਸ਼ ਹੇਠ ਪੁਲਿਸ ਕੇਸ ਦਰਜ ਕਰਵਾਉਣ ਦਾ। ਗਿਆਨੀ ਜਸਵੰਤ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਸਿੰਘ ਸਾਹਿਬ (ਗ੍ਰੰਥੀ) ਤੇ ਧਰਮ ਪਰਚਾਰ ਲਹਿਰ ਦੇ ਸਾਬਕਾ ਮੁਖੀ ਹਨ। ਉਨ੍ਹਾਂ ਵਲੋਂ ਹਜ਼ਰਤ ਈਸਾ ਦੇ ਜਨਮ ਬਾਰੇ ਕਹੇ ਕੁਝ ਬੋਲ ਈਸਾਈ ਭਾਈਚਾਰੇ ਨੂੰ ਰੜਕ ਪਏ ਹਨ। ਭਾਈਚਾਰੇ ਵਲੋਂ ਇੱਕ ਸ਼ਿਕਾਇਤ 8 ਜਨਵਰੀ 2019 ਨੂੰ ਸ੍ਰੀ ਅਕਾਲ ਤਖਤ ਸਾਹਿਬ ਸਕਤਰੇਤ ਵਿਖੇ ਵੀ ਪੁੱਜਦੀ ਕੀਤੀ ਗਈ ਹੈ। ਸ਼ਿਕਾਇਤ ਉਪਰ ਦਸਤਖਤ ਕਰਨ ਵਾਲਿਆਂ ਵਿੱਚ ਸੁਰਿੰਦਰ ਸਹੋਤਾ ਅਤੇ ਰੋਬਨ ਮਸੀਹੀ, ਖੁਦ ਨੂੰ ਅਕਾਲੀ ਆਗੂ ਲਿਖ ਰਹੇ। ਹੁਣ ਜਦੋਂ ਗਿਆਨੀ ਜਸਵੰਤ ਸਿੰਘ ਖਿਲਾਫ ਈਸਾਈ ਭਾਈਚਾਰੇ ਵਲੋਂ ਕੀਤੀ ਅਕਾਲ ਤਖਤ ਸਾਹਿਬ ਪਾਸ ਕੀਤੀ ਲਿਖਤੀ ਸ਼ਿਕਾਇਤ ਅਤੇ ਦਰਜ ਕਰਵਾਇਆ ਪੁਲਿਸ ਕੇਸ ਇਸ ਰਾਹ ਟੁਰ ਪਿਆ ਹੈ ਕਿ ਵੱਖ ਵੱਖ ਸਿੱਖ ਜਥੇਬੰਦੀਆਂ ਈਸਾਈ ਪ੍ਰਚਾਰਕਾਂ ਵਲੋਂ ਕਰਵਾਏ ਜਾ ਰਹੇ ਜਬਰੀ ਧਰਮ ਪ੍ਰਚਾਰਣ ਰੋਕਣ ਬਾਰੇ ਅਵਾਜ ਬੁਲੰਦ ਕਰਨ ਲਗ ਪਈਆਂ ਹਨ ਤਾਂ ਫਿਰ ਹਾਲਾਤ ਕਿਸ ਕਰਵਟ ਤੁਰਨਗੇ ਇਹ ਕਿਆਸਣਾ ਕੋਈ ਔਖਾ ਨਹੀ ਹੈ। ਪੰਜਾਬ ਅਜੇਹੀਆਂ ਘਟਨਾਵਾਂ ਨਾਲ ਕਈ ਵਾਰ ਦੋ ਚਾਰ ਹੋ ਚੁੱਕਾ ਹੈ ।
ਪੁਲਿਸ ਤੇ ਪ੍ਰਸ਼ਾਸ਼ਨ ਵੀ ਅਜਿਹੀ ਹਰ ਘਟਨਾ ਨੂੰ ਅਮਨ ਤੇ ਕਾਨੂੰਨ ਨਾਲ ਜੋੜਕੇ ਬੁੱਤਾਂ ਸਾਰ ਦਿੰਦਾ ਹੈ। ਬਸ਼ਰਤੇ ਕਿ ਜਦ ਤੀਕ ਸੇਕ ਉਸਦੇ ਆਪਣੇ ਪੈਰਾਂ ਤੀਕ ਨਹੀ ਪੁਜਦਾ। ਦੁਸਰੇ ਪਾਸੇ ਸਿੱਖ ਧਰਮ ਤੇ ਸਿੱਖਾਂ ਨਾਲ ਜੁੜੀ ਤੇ ਦੇਸ਼ ਵਿੱਦੇਸ਼ ਵਿੱਚ ਵਾਪਰਨ ਵਾਲੀ ਹਰ ਮਾਮੂਲੀ ਘਟਨਾ ਨੂੰ ਲੈ ਕੇ ਸੂਬੇ ਦੇ ਮੁਖ ਮੰਤਰੀ ਤੋਂ ਲੈਕੇ ਅਮਰੀਕਾ ਸਰਕਾਰ ਤੀਕ ਚਿਤਾਵਨੀ ਦੇਣ ਵਾਲੀ ਸ਼੍ਰੋਮਣੀ ਕਮੇਟੀ ਉਪਰੋਕਤ ਮਾਮਲਿਆਂ ਵਿੱਚ ਪੂਰੀ ਤਰ੍ਹਾਂ ਚੁੱਪ ਧਾਰੀ ਬੈਠੀ ਹੈ ।
ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਦੀ ਗਲ ਕੀਤੀ ਜਾਏ ਤਾਂ ਉਹ ਇਸ ਸਭ ਤੋਂ ਅਣਭਿੱਜ, ਢੀਂਡਸਾ ਪਿਉ ਪੁੱਤ ਦੇ ਪਾਰਟੀ ਤੋਂ ਵੱਖ ਹੋਣ ਅਤੇ ਬਾਦਲ ਦਲ ਦੀ ਦਿੱਲੀ ਇਕਾਈ ਵਲੋਂ ਵਿਧਾਨ ਸਭਾ ਚੋਣਾਂ ਨਾ ਲੜਨ ਦੇ ਫੈਸਲੇ ਪ੍ਰਤੀ ਤਾਂ ਆਪਣੀ ਚਿੰਤਾ ਪ੍ਰਗਟਾਵ ਰਹੇ ਹਨ। ਸ਼੍ਰੋਮਣੀ ਕਮੇਟੀ ਵਲੋਂ ਬਾਦਲਾਂ ਦੀ ਸਰਪ੍ਰਸਤੀ ਵਾਲੇ ਚੈਨਲ ਨੂੰ ਦਿੱਤੇ ‘ਗੁਰਬਾਣੀ ਪ੍ਰਸਾਰਣ ਦੇ ਏਕਾ ਅਧਿਕਾਰ’, ਵਿਰਾਸਤੀ ਸਟਰੀਟ ਵਿੱਚ ਸਥਾਪਿਤ ਕੀਤੇ ਬੁੱਤਾਂ ਅਤੇ ਆਪਣੇ ਹੀ ਧਰਮ ਪ੍ਰਚਾਰਕ ਖਿਲਾਫ ਪਾਰਟੀ ਆਗੂਆਂ ਵਲੋਂ ਕੀਤੀਆਂ ਸ਼ਿਕਾਇਤਾਂ ਪ੍ਰਤੀ ਉਨ੍ਹਾਂ ਦੀ ਚੁੱਪ ਜਰੂਰ ਰੜਕ ਰਹੀ ਹੈ। ਆਖਿਰ ਉਹ ਆਪਣੇ ਸਿਆਸੀ ਮਾਲਕਾਂ ਖਿਲਾਫ ਕਿਵੇਂ ਭੁਗਤ ਸਕਦੇ ਹਨ?
Related Topics: Narindrpal Singh, PTC, PTC News, PTC Punjabi Channel, SGPC