November 17, 2017 | By ਸਿੱਖ ਸਿਆਸਤ ਬਿਊਰੋ
ਵਾਸ਼ਿੰਗਟਨ: ਧੁਆਂਖੀ ਧੁੰਦ ਨਾਲ ਭਰੇ ਉੱਤਰੀ ਭਾਰਤੀ ਮਹਾਂਦੀਪ ਦੇ ਉੱਤਰੀ ਹਿੱਸੇ ਵਿਚ ਹਵਾ ਪ੍ਰਦੂਸ਼ਣ ਦਾ ਪੱਧਰ ਅਗਲੇ ਕੁਝ ਮਹੀਨਿਆਂ ਤਕ ਖ਼ਤਰਨਾਕ ਹੱਦ ਤਕ ਬਣਿਆ ਰਹੇਗਾ ਅਤੇ ਸਮੁੱਚੇ ਖੇਤਰ ਵਿਚ ਧੁੰਦ ਪੈਣੀ ਸ਼ੁਰੂ ਹੋ ਗਈ ਹੈ। ਇਹ ਦਾਅਵਾ ਮੌਸਮ ‘ਤੇ ਨਜ਼ਰ ਰੱਖਣ ਵਾਲੀ ਇਕ ਚੋਟੀ ਦੇ ਅਮਰੀਕੀ ਸੰਸਥਾ ਨੇ ਕੀਤਾ ਹੈ ਅਤੇ ਉਸ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਇਲਾਕਾ ਖ਼ਤਰਨਾਕ ‘ਬਰਫ ਦੇ ਗੋਲਿਆਂ’ (ਸਨੋਅ ਗਲੋਬਸ) ਵਿਚ ਬਦਲ ਸਕਦਾ ਹੈ।
ਨੈਸ਼ਨਲ ਓਸੀਅਨ ਅਤੇ ਅਟਮਸਫੈਰਿਕ ਐਡਮਨਿਸਟਰੇਸ਼ਨ (ਐਨ. ਓ. ਏ. ਏ.) ਨੇ ਕਿਹਾ ਕਿ ਭਾਰਤੀ ਮਹਾਂਦੀਪ ਦੇ ਉੱਤਰੀ ਇਲਾਕੇ (ਦਿੱਲੀ, ਹਰਿਆਣਾ, ਚੜ੍ਹਦਾ ਪੰਜਾਬ, ਲਹਿੰਦਾ ਪੰਜਾਬ ਆਦਿ) ਦੇ ਕਈ ਸ਼ਹਿਰਾਂ ਨੂੰ ਪਿਛਲੇ ਇਕ ਹਫਤੇ ਤੋਂ ਵੀ ਵੱਧ ਸਮੇਂ ਤੋਂ ਆਪਣੀ ਲਪੇਟ ਵਿਚ ਲਿਆ ਹੋਇਆ ਹੈ ਜਿਸ ਕਾਰਨ ਅਧਿਕਾਰੀਆਂ ਨੂੰ ਉਸਾਰੀ ਸਰਗਰਮੀਆਂ ਅਤੇ ਇੱਟਾਂ ਦੇ ਭੱਠਿਆਂ ਦੇ ਚੱਲਣ ‘ਤੇ ਪਾਬੰਦੀ ਲਾਉਣ ਵਰਗੇ ਕਦਮ ਚੁੱਕਣ ਲਈ ਮਜਬੂਰ ਹੋਣਾ ਪਿਆ ਹੈ। ਪਾਕਿਸਤਾਨ ਦੇ ਵੀ ਕਈ ਸ਼ਹਿਰ ਧੁਆਂਖੀ ਧੁੰਦ ਦੀ ਲਪੇਟ ਵਿਚ ਆਏ ਹੋਏ ਹਨ ਜਿਸ ਨਾਲ ਇਸ ਮਹੀਨੇ 600 ਦੇ ਲਗਭਗ ਉਡਾਣਾਂ ਵਿਚ ਰੁਕਾਵਟ ਪਈ ਹੈ।
ਇਸ ਨੇ ਇਕ ਬਿਆਨ ਵਿਚ ਕਿਹਾ ਕਿ ਉੱਤਰੀ ਭਾਰਤ ਅਤੇ ਪਾਕਿਸਤਾਨ ਵਿਚ ਧੁਆਂਖੀ ਧੁੰਦ ਦਾ ਮੌਸਮ ਅਜੇ ਸ਼ੁਰੂ ਹੋਇਆ ਹੈ ਕਿਉਂਕਿ ਬਾਰਿਸ਼ ਸਰਦੀਆਂ ਦੇ ਅਖੀਰ ਵਿਚ ਪੈਂਦੀ ਹੈ। ਇਸ ਨੇ ਉਪਗ੍ਰਹਿ ਤੋਂ ਮਿਲੀਆਂ ਤਸਵੀਰਾਂ ਜਾਰੀ ਕਰਕੇ ਉੱਤਰੀ ਭਾਰਤ ਅਤੇ ਪਾਕਿਸਤਾਨ ਦੇ ਬਹੁਤੇ ਹਿੱਸਿਆਂ ਵਿਚ ਪ੍ਰਦੂਸ਼ਣ ਵਾਤਾਵਰਨ ਦੇ ਕਾਰਨਾਂ ਬਾਰੇ ਦੱਸਿਆ ਹੈ। ਇਹ ਪ੍ਰਦੂਸ਼ਣ ਤੇਲ ਬਾਲਣ, ਫਸਲਾਂ ਦੇ ਰਹਿੰਦ ਖੂੰਹਦ ਨੂੰ ਸਾੜਨ ਅਤੇ ਦੂਸਰੀਆਂ ਚੀਜ਼ਾਂ ਜਲਾਉਣ ਕਾਰਨ ਪੈਦਾ ਹੋਇਆ ਹੈ।
Related Topics: Air Pollution in Delhi, Air Pollution in Punjab, ਖੇਤੀਬਾੜੀ ਸੰਕਟ Agriculture Crisis