ਸਿੱਖ ਖਬਰਾਂ

ਮੈਲਬੋਰਨ ਸੈਮੀਨਰ ਵਿਚ ਕੌਮੀ ਅਜ਼ਾਦੀ ਦੇ ਵੱਖ- ਵੱਖ ਸੰਕਲਪ ਪੇਸ਼ ਕਰਨ ਨਾਲ ਸਿੱਖ ਕੌਮ ਵਿੱਚ ਦੁਬਿਧਾ ਦਾ ਮਾਹੌਲ ਪੈਦਾ ਹੋਇਆ: ਅਕਾਲੀ ਦਲ ਅੰਮ੍ਰਿਤਸਰ

March 13, 2016 | By

ਫ਼ਤਹਿਗੜ੍ਹ ਸਾਹਿਬ (12 ਮਾਰਚ, 2016): ਮੈਲਬੋਰਨ (ਆਸਟ੍ਰੇਲੀਆ) ਵਿਖੇ ਸਿੱਖ ਕੌਮ ਦੀ ਸੰਪੂਰਨ ਪ੍ਰਭੂਸਤਾ ਸਿੱਖ ਰਾਜ ਦੇ ਵਿਸ਼ੇ ਉਤੇ ਕੌਮਾਂਤਰੀ ਪੱਧਰ ਦੀਆਂ ਸਖਸ਼ੀਅਤਾਂ, ਵਿਦਵਾਨਾਂ ਅਤੇ ਕੌਮਾਂਤਰੀ ਸਿਆਸਤ ਦੀ ਡੂੰਘੀ ਜਾਣਕਾਰੀ ਰੱਖਣ ਵਾਲੇ ਸਿੱਖ ਸਿਆਸਤਦਾਨਾਂ ਵੱਲੋਂ ਸੈਮੀਨਾਰ ਦੌਰਾਨ ਭਾਰਤ ਦੇ ਅੰਦਰ ਰਹਿਕੇ ਹੀ ਆਜ਼ਾਦ ਸਿੱਖ ਸਟੇਟ ਕਾਇਮ ਕਰਨ ਅਤੇ “ਸੰਪੂਰਨ ਬਾਦਸ਼ਾਹੀ ਸਿੱਖ ਰਾਜ” ਦੇ ਵੱਖ- ਵੱਖ ਸੰਕਲਪ ਪੇਸ਼ ਕਰਨ ਨਾਲ ਸਿੱਖ ਕੌਮ ਵਿੱਚ ਦੁਬਿਧਾ ਦਾ ਮਾਹੌਲ ਪੈਦਾ ਹੋਇਆ ਹੈ, ਇਨਾਂ ਵਿਚਾਰਾਂ ਦਾ ਪ੍ਰਗਟਾਵਾ ਅੰਮ੍ਰਿਤਸਰ ਅਕਾਲੀ ਦਲ ਦੇ ਆਗੂਆਂ ਨੇ ਭੇਜੇ ਪ੍ਰੈਸ ਬਿਆਨ ਵਿੱਚ ਕੀਤਾ ।

ਅੱਜ ਇਥੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਗ੍ਰਹਿ ਵਿਖੇ ਸ. ਮਾਨ ਨਾਲ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ, ਪ੍ਰੋ. ਮਹਿੰਦਰਪਾਲ ਸਿੰਘ ਨੇ ਕਿਹਾ ਕਿ ਇਸ ਸੈਮੀਨਰ ਵਿਚ ਅਮਰੀਕਾ, ਕੈਨੇਡਾ, ਬਰਤਾਨੀਆ, ਫ਼ਰਾਂਸ, ਜਰਮਨ, ਆਸਟ੍ਰੇਲੀਆ, ਨਿਊਜੀਲੈਡ ਆਦਿ ਯੂਰਪਿੰਨ ਅਤੇ ਹੋਰ ਮੁਲਕਾਂ ਵਿਚੋ ਪਹੁੰਚੇ ਸਿੱਖ ਵਿਦਵਾਨਾਂ ਅਤੇ ਇਤਿਹਾਸਕਾਰਾਂ ਵੱਲੋਂ “ਸੰਪੂਰਨ ਬਾਦਸ਼ਾਹੀ ਸਿੱਖ ਰਾਜ” ਜੋ ਕਿ ਭਾਰਤ ਦੀ ਗੁਲਾਮੀ ਤੋਂ ਮੁਕਤ ਵੱਖਰਾ ਮੁਲਕ ਕਾਇਮ ਕਰਨ ਦਾ ਮਤਾ ਬਹੁਸੰਮਤੀ ਨਾਲ ਪਾਸ ਹੋਇਆ ਹੈ, ਉਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਰਬੱਤ ਖ਼ਾਲਸਾ ਜਥੇਬੰਦੀਆਂ ਵੱਲੋਂ ਉਚੇਚਾ ਧੰਨਵਾਦ ਕੀਤਾ ਜਾਂਦਾ ਹੈ।

ਅਕਾਲੀ ਦਲ ਅੰਮ੍ਰਿਤਸਰ

ਅਕਾਲੀ ਦਲ ਅੰਮ੍ਰਿਤਸਰ

ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਨੇ ਪੰਜਾਬ (ਭਾਰਤ) ਤੋਂ ਗਏ ਵਿਦਵਾਨਾਂ ਸ. ਗੁਰਤੇਜ ਸਿੰਘ ਆਈ. ਏ.ਐਸ, ਡਾ. ਗੁਰਦਰਸ਼ਨ ਸਿੰਘ ਢਿੱਲੋਂ, ਗਿਆਨੀ ਕੇਵਲ ਸਿੰਘ, ਸ. ਹਰਿੰਦਰ ਸਿੰਘ ਖ਼ਾਲਸਾ ਆਦਿ ਵੱਲੋਂ ਭਾਰਤ ਦੇ ਅੰਦਰ ਰਹਿਕੇ ਹੀ ਆਜ਼ਾਦ ਸਿੱਖ ਸਟੇਟ ਕਾਇਮ ਕਰਨ ਦੀ ਗੱਲ ਕਰਕੇ “ਪ੍ਰਭੂਸਤਾ” ਦੇ ਅਰਥਾਂ ਅਤੇ ਆਜ਼ਾਦ ਸਟੇਟ ਕਾਇਮ ਕਰਨ ਦੇ ਅਮਲਾਂ ਸੰਬੰਧੀ ਭੰਬਲਭੂਸਾ ਪਾਉਣ ਦੀ ਕੋਸਿ਼ਸ਼ ਕਰਨ ਦਾ ਦੋਸ਼ ਲਾਇਆ।

ਉਨ੍ਹਾਂ ਕਿਹਾ ਸ. ਰੇਸ਼ਮ ਸਿੰਘ ਤੇ ਸ. ਸਿਮਰਨਜੀਤ ਸਿੰਘ ਐਡਵੋਕੇਟ ਨੇ ਇਸ ਸੈਮੀਨਰ ਵਿਚ ਆਪਣੇ ਵਿਚਾਰਾਂ ਰਾਹੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਰਬੱਤ ਖ਼ਾਲਸਾ ਜਥੇਬੰਦੀਆਂ ਦੀ ਸੋਚ ਨੂੰ ਦ੍ਰਿੜਤਾ ਨਾਲ ਉਠਾਉਦੇ ਹੋਏ ਇਸ ਸੈਮੀਨਰ ਦੇ ਮਾਹੌਲ ਨੂੰ ਕੌਮ ਪੱਖੀ ਬਣਾਇਆ ਹੈ, ਉਸ ਲਈ ਵੀ ਉਹਨਾਂ ਦਾ ਧੰਨਵਾਦ ਕਰਦੇ ਹਾਂ । ਕਿਉਂਕਿ ਇਹਨਾਂ ਸਭ ਬੁਲਾਰਿਆ ਤੇ ਵਿਦਵਾਨਾਂ ਨੇ ਸਿੱਖ ਕੌਮ ਦੀਆਂ ਭਾਵਨਾਵਾਂ ਤੋਂ ਹਿੰਦੂਤਵ ਹੁਕਮਰਾਨਾਂ, ਯੂਰਪਿੰਨ ਮੁਲਕਾਂ ਅਤੇ ਸਿੱਖ ਕੌਮ ਨੂੰ ਸਹੀ ਦਿਸ਼ਾ ਵੱਲ ਜਾਣਕਾਰੀ ਦੇਣ ਵਿਚ ਭੂਮਿਕਾ ਨਿਭਾਈ ਹੈ ।”

ਸੈਮੀਨਰ ਵਿਚ ਪਹੁੰਚੇ ਵੱਖ-ਵੱਖ ਮੁਲਕਾਂ ਦੇ ਵਿਦਵਾਨਾਂ ਵੱਲੋਂ ਸਹੀ ਦਿਸ਼ਾ ਵੱਲ ਕੀਤੇ ਗਏ ਫੈਸਲੇ ਦਾ ਸਵਾਗਤ ਕਰਦੇ ਹੋਏ ਅਤੇ “ਪ੍ਰਭੂਸਤਾ” ਸੰਬੰਧੀ ਇਸ ਸੈਮੀਨਰ ਵਿਚ ਉਤਪੰਨ ਹੋਈਆਂ ਦੋ ਪ੍ਰੀਭਾਸ਼ਾਵਾਂ ਦਾ ਨਿਖੇੜਾ ਕਰਨ ਦੇ ਕੌਮ ਪੱਖੀ ਉਦਮ ਦੀ ਭਰਪੂਰ ਪ੍ਰਸੰਸ਼ਾਂ ਕਰਦੇ ਹੋਏ ਪ੍ਰਗਟ ਕੀਤੇ ।

ਆਗੂਆਂ ਨੇ ਕਿਹਾ ਕਿ ਪ੍ਰਭੂਸਤਾ ਦੇ ਆਪਣੇ-ਆਪ ਵਿਚ ਸੰਪੂਰਨ ਆਜ਼ਾਦੀ ਪ੍ਰਗਟਾਉਣ ਵਾਲੇ ਸ਼ਬਦ ਲਈ ਕਿਸੇ ਮੁਲਕ ਦੀ ਗੁਲਾਮੀ ਨੂੰ ਪ੍ਰਵਾਨ ਕਰਕੇ ਕਿਸੇ ਤਰ੍ਹਾਂ ਦਾ ਸਟੇਟ ਕਾਇਮ ਕਰਨ ਦੀ ਗੱਲ ਕਰਨਾ “ਦੁਬਿਧਾ” ਵਾਲੀ ਸੋਚ ਨੂੰ ਹੀ ਜ਼ਾਹਰ ਕਰਦਾ ਹੈ । ਜਦੋਕਿ ਪ੍ਰਭੂਸਤਾ ਦਾ ਅਰਥ ਤਾਂ ਇਕੋ-ਇਕ ਹੈ “ਸੰਪੂਰਨ ਤੌਰ ਤੇ ਆਜ਼ਾਦ ਸਿੱਖ ਰਾਜ”, ਜਿਸਦਾ ਸੈਮੀਨਰ ਦੀ ਬਹੁਗਿਣਤੀ ਨੇ ਫੈਸਲਾ ਕੀਤਾ ਹੈ।

ਆਗੂਆਂ ਨੇ ਕਿਹਾ ਕਿ ਜੇਕਰ ਭਾਰਤ ਤੋ ਗਏ ਉਪਰੋਕਤ ਚਾਰ ਵਿਦਵਾਨਾਂ ਦੀ ਰਾਏ ਤੇ ਨਜ਼ਰ ਮਾਰੀ ਜਾਵੇ ਤਾਂ 1947 ਤੋਂ ਲੈਕੇ ਅੱਜ ਤੱਕ ਇਹਨਾਂ ਮਕਾਰਤਾ ਨਾਲ ਭਰੇ ਹੋਏ ਹਿੰਦੂਤਵ ਹੁਕਮਰਾਨਾਂ ਨੇ ਸਿੱਖ ਕੌਮ ਨੂੰ ਹਰ ਵਾਰ ਡੂੰਘੇ ਜਖ਼ਮ, ਕਤਲੇਆਮ, ਨਸ਼ਲਕੁਸੀ, ਵਿਤਕਰੇ ਦੇਣ ਅਤੇ ਪੰਜਾਬ ਦੇ ਕੀਮਤੀ ਪਾਣੀਆਂ, ਹੈੱਡਵਰਕਸ, ਪੰਜਾਬੀ ਬੋਲਦੇ ਇਲਾਕੇ ਜ਼ਬਰੀ ਗੈਰ-ਕਾਨੂੰਨੀ ਤਰੀਕੇ ਖੋਹਣ ਅਤੇ ਸਿੱਖ ਕੌਮ ਦੇ ਕਾਤਲਾਂ ਨੂੰ ਸਜ਼ਾਵਾਂ ਨਾ ਦੇਣ, ਬੰਦੀ ਸਿੱਖ ਨੌਜ਼ਵਾਨਾਂ ਨੂੰ ਰਿਹਾਅ ਨਾ ਕਰਨ ਤੋ ਇਲਾਵਾਂ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਕੀ ਦਿੱਤਾ ਹੈ ?

ਫਿਰ ਇਹਨਾਂ ਹਿੰਦੂਤਵ ਹੁਕਮਰਾਨਾਂ ਦੇ ਅਧੀਨ ਭਾਰਤ ਦੇ ਅੰਦਰ ਹੀ ਆਜ਼ਾਦ ਸਿੱਖ ਸਟੇਟ ਕਾਇਮ ਕਰਨ ਦੀ ਗੱਲ ਵਿਚ ਕਿਹੜੀ ਦਲੀਲ ਰਹਿ ਗਈ ਹੈ ? ਅਜਿਹੀ ਗੱਲ ਕਰਨ ਵਾਲੇ ਤਾਂ ਪਹਿਲੋ ਹੀ ਅਨੇਕਾ ਵਿਵਾਦਾਂ ਅਤੇ ਦੁਬਿਧਾ ਵਿਚ ਘਿਰੀ ਸਿੱਖ ਕੌਮ ਨੂੰ ਹੋਰ ਦੁਬਿਧਾ ਵਿਚ ਲਿਜਾਣ ਦਾ ਹੀ ਕੰਮ ਕਰ ਰਹੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,