ਸਿਆਸੀ ਖਬਰਾਂ » ਸਿੱਖ ਖਬਰਾਂ

ਬਾਦਲ ਦਲ ਦੀ ਕੋਰ ਕਮੇਟੀ ਦੀ ਹੋਈ ਮੀਟਿੰਗ, ਪੁਲਿਸ ਨੂੰ ਤਕੜਾ ਕਰਨ ਦੀ ਸਰਕਾਰ ਨੂੰ ਦਿੱਤੀ ਸਲਾਹ

November 13, 2015 | By

ਚੰਡੀਗੜ੍ਹ (12 ਨਵੰਬਰ, 2015): 11 ਨਵੰਬਰ ਦੇ ਸਰਬੱਤ ਖਾਲਸਾ ਦੇ ਇਕੱਠ ਅਤੇ ਉਸਤੋਂ ਬਾਅਦ ਪੈਦਾ ਹੋਏ ਹਾਲਾਤ ‘ਤੇ ਵਿਚਾਰ  ਕਰਨ ਲਈ ਪੰਜਾਬ ਦੀ ਸਤਾਧਾਰੀ ਧਿਰ ਬਾਦਲ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ ‘ਤੇ ਹੋਈ।

ਪੰਜਾਬੀ ਅਖਬਾਰ ਅਜੀਤ ਵਿੱਚ ਛਪੀ ਖਬਰ ਅਨੁਸਾਰ ਮੁੱਖ ਮੰਤਰੀ ਨਿਵਾਸ ‘ਤੇ ਸਵੇਰੇ ਸਾਢੇ 10 ਵਜੇ ਤੋਂ ਸ਼ਾਮ ਕੋਈ ਸਾਢੇ 4 ਵਜੇ ਤੱਕ ਚੱਲੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਸਭ ਤੋਂ ਲੰਬੀ ਮੀਟਿੰਗ ਵੱਲੋਂ ਸਰਬੱਤ ਖਾਲਸਾ ਤੇ ਉਸ ਤੋਂ ਪਹਿਲਾਂ ਰਾਜ ਵਿਚ ਵਾਪਰੀਆਂ ਘਟਨਾਵਾਂ ਦੀ ਵਿਸਥਾਰ ‘ਚ ਘੋਖ ਕਰਨ ਤੋਂ ਬਾਅਦ ਰਾਜ ਸਰਕਾਰ ਨੂੰ ਰਾਏ ਦਿੱਤੀ ਕਿ ਸਰਕਾਰ ਅਮਨ ਕਾਨੂੰਨ ਦੇ ਮਸਲਿਆਂ ‘ਤੇ ਸਖ਼ਤੀ ਨਾਲ ਪੇਸ਼ ਆਵੇ ਤੇ ਰਾਜ ਵਿਚ ਸੜਕਾਂ ਤੇ ਰੇਲਾਂ ਨੂੰ ਬਿਨਾਂ ਰੋਕ ਟੋਕ ਬੰਦ ਕਰਨ ਦੀ ਇਜਾਜ਼ਤ ਦੇ ਕੇ ਆਮ ਜਨਜੀਵਨ ਨੂੰ ਪ੍ਰਭਾਵਿਤ ਨਾ ਹੋਣ ਦੇਵੇ ਤੇ ਰਾਜ ਵਿਚ ਅਜਿਹੀਆਂ ਕਾਰਵਾਈਆਂ ਦੀ ਕਿਸੇ ਕੀਮਤ ‘ਤੇ ਵੀ ਇਜਾਜ਼ਤ ਨਾ ਦਿੱਤੀ ਜਾਵੇ, ਜਿਸ ਨਾਲ ਸੂਬੇ ਦੀ ਅਮਨ ਸ਼ਾਂਤੀ ਭੰਗ ਹੋ ਸਕਦੀ ਹੋਵੇ ਜਾਂ ਲੋਕਾਂ ‘ਚ ਡਰ ਅਤੇ ਸਹਿਮ ਪੈਦਾ ਹੋਵੇ ।

ਬਾਦਲ ਦਲ ਦੀ ਕੋਰ ਕਮੇਟੀ ਦੇ ਮੈਂਬਰ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ (ਫਾਈਲ ਫੋਟੋ)

ਬਾਦਲ ਦਲ ਦੀ ਕੋਰ ਕਮੇਟੀ ਦੇ ਮੈਂਬਰ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ (ਫਾਈਲ ਫੋਟੋ)

ਕੁਝ ਮੈਂਬਰਾਂ ਦਾ ਇਹ ਵੀ ਕਹਿਣਾ ਸੀ ਕਿ ਪੁਲਿਸ ਨੂੰ ਮੌਜੂਦਾ ਸਮੇਂ ਵਿਚ ਤਕੜਾ ਕਰਨ ਦੀ ਲੋੜ ਹੈ ਤੇ ਪੁਲਿਸ ਵਿਚ ਅਜਿਹੀ ਡਰ ਦੀ ਭਾਵਨਾ ਨਾ ਆਉਣ ਦਿੱਤੀ ਜਾਵੇ ਕਿ ਉਨ੍ਹਾਂ ਵੱਲੋਂ ਹਾਲਾਤ ਨਾਲ ਨਿਪਟਣ ਲਈ ਲਏ ਜਾਣ ਵਾਲੇ ਫੈਸਲੇ ਉਨ੍ਹਾਂ ਲਈ ਬਾਅਦ ‘ਚ ਮੁਸ਼ਕਿਲਾਂ ਵੀ ਪੈਦਾ ਕਰ ਸਕਦੇ ਹਨ ।

ਮੀਟਿੰਗ ਦੌਰਾਨ ਕੁਝ ਮੈਂਬਰਾਂ ਵੱਲੋਂ ਦੋਸ਼ ਲਾਇਆ ਗਿਆ ਕਿ ਸਰਬੱਤ ਖਾਲਸਾ ਦੇ ਪ੍ਰਬੰਧਕਾਂ ਵੱਲੋਂ ਖਾੜਕੂਵਾਦੀ ਏਜੰਡਾ ਦੁਬਾਰਾ ਵਾਪਸ ਲਿਆਂਦਾ ਹੈ ਤੇ ਅਜਿਹੇ ਆਗੂਆਂ ਵਿਰੁੱਧ ਦੇਸ਼ ਵਿਰੁੱਧ ਬਗਾਵਤ ਅਤੇ ਫਿਰਕੂ ਇਕਤਲਾਫ਼ ਪੈਦਾ ਕਰਨ ਵਰਗੀਆਂ ਧਾਰਾਵਾਂ 124-ਏ ਅਤੇ 153 ਆਈ.ਪੀ.ਸੀ. ਦੀ ਵਰਤੋਂ ਕੀਤੀ ਜਾਵੇ ਤਾਂ ਜੋ ਅਜਿਹੇ ਲੋਕਾਂ ਨੂੰ ਛੇਤੀ ਜ਼ਮਾਨਤਾਂ ਨਾ ਮਿਲ ਸਕਣ । ਲੇਕਿਨ ਕਾਨੂੰਨੀ ਰਾਏ ਅਜਿਹੀਆਂ ਧਾਰਾਵਾਂ ਲਾਉਣ ਦੇ ਉਲਟ ਹੋਣ ਕਾਰਨ ਫਿਲਹਾਲ ਸਰਬੱਤ ਖਾਲਸਾ ਦੇ ਆਗੂਆਂ ਵਿਰੁੱਧ ਧਾਰਾ 107, 151 ਦੀ ਵਰਤੋਂ ਸਬੰਧੀ ਹੀ ਸਹਿਮਤੀ ਬਣ ਸਕੀ ।

ਮੈਂਬਰਾਂ ਦਾ ਕਹਿਣਾ ਸੀ ਕਿ ਮੁੱਖ ਤੌਰ ‘ਤੇ ਅਕਾਲੀ ਦਲ ਮਾਨ ਤੇ ਸਤਿਕਾਰ ਕਮੇਟੀ ਤੇ ਪੁਲਿਸ ਵਿਭਾਗ ਨੂੰ ਕਰੜੀ ਨਜ਼ਰ ਰੱਖਣ ਲਈ ਕਿਹਾ ਜਾਵੇ ।ਕੁਝ ਮੈਂਬਰਾਂ ਇਹ ਵੀ ਰਾਏ ਦਿੱਤੀ ਕਿ ਸਧਾਰਨ ਨਾਗਰਿਕ ਜਿਨ੍ਹਾਂ ਕਾਰਨਾਂ ਕਰਕੇ ਸਰਕਾਰ ਤੋਂ ਨਾਰਾਜ਼ ਹਨ ਉਨ੍ਹਾਂ ਦਾ ਪਤਾ ਲਾ ਕੇ ਅਜਿਹੇ ਕਾਰਨਾਂ ਨੂੰ ਤੁਰੰਤ ਦੂਰ ਕੀਤਾ ਜਾਵੇ ।

ਮੀਟਿੰਗ ਦੌਰਾਨ ਇਹ ਵੀ ਦੱਸਿਆ ਗਿਆ ਕਿ ਸਰਕਾਰ ਵੱਲੋਂ ਕੁਝ ਇੱਕ ਪੈਨਸ਼ਨਾਂ ਵਧਾਉਣ ਤੇ ਕੁਝ ਪੈਨਸ਼ਨਾਂ ਨਵੀਆਂ ਲਾਉਣ ਦਾ ਮੁੱਦਾ ਵੀ ਵਿਚਾਰਿਆ ਜਾ ਰਿਹਾ ਹੈ, ਜਦੋਂਕਿ ਦਿਹਾਤੀ ਵਿਕਾਸ ਲਈ ਵੀ ਵੱਡੇ ਪੱਧਰ ‘ਤੇ ਫੰਡ ਜਾਰੀ ਕੀਤੇ ਜਾ ਰਹੇ ਹਨ ।

ਪਾਰਟੀ ਵੱਲੋਂ ਜਨਸੰਪਰਕ ਪ੍ਰੋਗਰਾਮ ਵਜੋਂ ਸਦਭਾਵਨਾ ਰੈਲੀਆਂ ਦੇ ਪ੍ਰੋਗਰਾਮ ਸਬੰਧੀ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਕਿ 23 ਨਵੰਬਰ ਨੂੰ ਬਠਿੰਡਾ ਵਿਖੇ ਹੋਣ ਵਾਲੀ ਪਹਿਲੀ ਰੈਲੀ ਲਈ ਇੱਕ ਲੱਖ ਤੋਂ ਵੱਧ ਇਕੱਠ ਕੀਤਾ ਜਾਵੇਗਾ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,