ਖਾਸ ਖਬਰਾਂ » ਸਿੱਖ ਖਬਰਾਂ

ਨਵੀਂ ਛਪੀ ਪੁਸਤਕ ‘ਪੰਥਕ ਦਸਤਾਵੇਜ਼’ ਜੁਝਾਰੂ ਲਹਿਰ ਦੀਆਂ ਲਿਖਤੀ ਯਾਦਾਂ ਦਾ ਮੇਲਾ; ਪੁਸਤਕ ਵਿੱਚ 25 ਸਾਲਾਂ ਦੇ ਦਸਤਾਵੇਜ਼ ਜਾਰੀ

April 25, 2012 | By

ਚੰਡੀਗੜ੍ਹ (25 ਅਪ੍ਰੈਲ, 2012): ਸਿੱਖ ਸਿਆਸਤ ਕੋਲ ਮੌਜੂਦ ਜਾਣਕਾਰੀ ਅਨੁਸਾਰ ਖਾੜਕੂ ਸਿੱਖ ਲਹਿਰ ਨਾਲ ਸਬੰਧਿਤ ਅਹਿਮ ਦਸਤਾਵੇਜ਼ਾਂ ਦੀ ਪੁਸਤਕ ਦਾ ਪਹਿਲਾ ਭਾਗ ਛਪ ਕੇ ਪਾਠਕਾਂ ਦੇ ਹੱਥਾਂ ਵਿੱਚ ਪਹੁੰਚ ਰਿਹਾ ਹੈ। ‘ਪੰਥਕ ਦਸਤਾਵੇਜ਼’ ਦੇ ਨਾਂ ਹੇਠ 600 ਤੋਂ ਉਪਰ ਪੰਨਿਆਂ ਵਿੱਚ ਛਪੀ ਇਹ ਵੱਡ ਅਕਾਰੀ ਪੁਸਤਕ ਅਸਲ ਵਿੱਚ ਪੰਜ ਪੁਸਤਕਾਂ ਦਾ ਪਹਿਲਾ ਭਾਗ ਹੈ ਜੋ ਗੁਰਮਤਿ ਪੁਸਤਕ ਭੰਡਾਰ, ਘੰਟਾ ਘਰ ਅੰਮ੍ਰਿਤਸਰ ਵੱਲੋਂ ਛਾਪਿਆ ਜਾ ਰਿਹਾ ਹੈ।

"ਪੰਥਕ ਦਸਤਾਵੇਜ਼" ਪੁਸਤਕ ਦਾ ਸਰਵਰਕ

ਪੰਜਾਬ ਟ੍ਰਿਬਿਊਨ ਦੇ ਸਾਬਕਾ ਸਹਾਇਕ ਸੰਪਾਦਕ ਤੇ ਪ੍ਰਸਿੱਧ ਪੱਤਰਕਾਰ ਸ੍ਰ: ਕਰਮਜੀਤ ਸਿੰਘ ਅਤੇ ਜੁਝਾਰੂ ਲਹਿਰ ਨਾਲ ਸੰਬੰਧਤ ਲੇਖਕ ਸ੍ਰ: ਨਾਰਾਇਣ ਸਿੰਘ ਵੱਲੋਂ ਸੰਪਾਦਤ ਕੀਤੀ ਇਸ ਪੁਸਤਕ ਵਿੱਚ 1973 ਤੋਂ ਲੈ ਕੇ 1995 ਤੱਕ ਜਾਰੀ ਮਹੱਤਵਪੂਰਨ ਦਸਤਾਂਵੇਜ਼ਾਂ ਸ਼ਾਮਿਲ ਹਨ ਜਿਨ੍ਹਾਂ ਵਿਚ ਆਨੰਦਪੁਰ ਸਾਹਿਬ ਦੇ ਮਤੇ ਅਤੇ ਦਰਬਾਰ ਸਾਹਿਬ ਦੇ 1984 ਦੇ ਸਾਕੇ ਤੋਂ ਪਿਛੋਂ ਭਾਰਤ ਸਰਕਾਰ ਵੱਲੋਂ ਜਾਰੀ ਵਾਈਟ ਪੇਪਰ ਵੀ ਸ਼ਾਮਿਲ ਕੀਤਾ ਗਿਆ ਹੈ। ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਨੇ ਇੱਕ ਵਿਸ਼ੇਸ਼ ਮੁਲਾਕਾਤ ਵਿੱਚ ਦੱਸਿਆ ਕਿ ਇਹ ਕਿਤਾਬ ਜੁਝਾਰੂ ਲਹਿਰ ਨਾਲ ਦਸਤਾਵੇਜ਼ਾਂ ਦੇ ਰੂਪ ਵਿੱਚ ਜਾਣ ਪਛਾਣ ਕਰਾਉਣ ਵਾਲੀ ਪਹਿਲੀ ਪੁਸਤਕ ਹੈ ਅਤੇ ਜੁਝਾਰੂ ਲਹਿਰ ਦੀ ਖੋਜ ਕਰਨ ਵਾਲੇ ਵਿਦਿਆਰਥੀਆਂ ਅਤੇ ਲਹਿਰ ਵਿੱਚ ਦਿਲਸਚਪੀ ਰੱਖਣ ਵਾਲੇ ਵਿਦਵਾਨਾਂ ਅਤੇ ਅਲੋਚਕਾਂ ਨੂੰ ਆਪਣੇ ਵਿਸ਼ਲੇਸ਼ਣ ਕਰਨ ਵਿੱਚ ਵਿਸ਼ੇਸ਼ ਤੌਰ ਤੇ ਸਹਾਈ ਹੋਵੇਗੀ। ਉਹਨਾਂ ਇਹ ਵੀ ਦੱਸਿਆ ਕਿ ਜੁਝਾਰੂ ਲਹਿਰ ਖਾਲਸਾ ਪੰਥ ਦੇ ਇਤਿਹਾਸ ਦਾ ਇੱਕ ਸੁਨਹਿਰੀ ਤੇ ਮਾਨਮੱਤਾ ਯੁੱਗ ਸੀ ਜਿਸ ਵਿਚ ਅਠਾਰ੍ਹਵੀਂ ਸਦੀ ਦੇ ਸਿੱਖ ਇਤਿਹਾਸ ਨੁੂੰ ਨਵੇਂ ਅੰਦਾਜ਼ ਵਿੱਚ ਪੰਜਾਬ ਦੀ ਸਰਜ਼ਮੀਨ ਉਤੇ ਇੱਕ ਵਾਰ ਮੁੜ ਦੁਹਰਾਇਆ ਗਿਆ। ਉਹਨਾਂ ਸਵੀਕਾਰ ਕੀਤਾ ਕਿ ਯਕੀਨਨ ਲਹਿਰ ਵਿੱਚ ਵੱਡੀਆਂ ਕਮਜ਼ੋਰੀਆਂ ਤੇ ਕਮੀਆਂ ਸਨ ਪਰ ਇਹਨਾਂ ਕਮਜ਼ੋਰੀਆਂ ਦੇ ਮੁਕਾਬਲੇ ਪ੍ਰਾਪਤੀਆਂ ਬਹੁਤ ਵੱਡੀਆਂ ਸਨ, ਇਤਿਹਾਸਿਕ ਮਹਾਨਤਾ ਦੇ ਨੇੜੇ ਹੀ ਪਹੁੰਚ ਗਈਆਂ ਸਨ ਅਤੇ ਸਾਡੀਆਂ ਯਾਦਾਂ ਨੂੰ ਹਰ ਦੌਰ ਵਿੱਚ ਤਰੋਤਾਜ਼ਾ ਵੀ ਰੱਖਣਗੀਆਂ। ਉਹਨਾਂ ਕਿਹਾ ਕਿ ਜੁਝਾਰੂ ਲਹਿਰ ਦੇ ਵੱਡੇ ਐਕਸ਼ਨਾਂ ਦੀ ਮਹਾਨਤਾ ਦੇ ਨਕਸ਼ ਅਜੇ ਕੁਝ ਚਿਰ ਹੋਰ ਅਣਦਿਸਦੇ ਰਹਿ ਸਕਦੇ ਹਨ। ਉਹਨਾਂ ਕਿਹਾ ਕਿ ਲਹਿਰ ਦੀਆਂ ਕਮਜ਼ੋਰੀਆਂ ਨੂੰ ਮੀਡੀਆ ਰਾਹੀਂ ਵਧਾਅ ਚੜ੍ਹਾਅ ਕੇ ਤੁਫ਼ਾਨੀ ਪ੍ਰਾਪੇਗੰਡੇ ਦੇ ਰੂਪ ਵਿੱਚ ਵਰਤਣਾ ਵਿਉਂਤਬੱਧ ਸਾਜ਼ਿਸ਼ਾਂ ਦਾ ਹਿੱਸਾ ਸਨ। ਇਸੇ ਲਈ ਇਹ ਦਸਤਾਵੇਜ਼ਾਂ ਜੁਝਾਰੂ ਲਹਿਰ ਦੀ ਅਸਲ ਤਸਵੀਰ ਪੇਸ਼ ਕਰਨ ਵਿੱਚ ਸਹਾਈ ਹੋਣਗੀਆਂ।

ਸੀਨੀਅਰ ਪੱਤਰਕਾਰ ਨੇ ਦਾਅਵਾ ਕੀਤਾ ਕਿ ਜੁਝਾਰੂ ਲਹਿਰ ਖਾਲਸਾ-ਅਨੁਭਵ ਦਾ ਅਣਖੀਲਾ ਪੱਖ ਸੀ ਅਤੇ ਇਹ ਕੋਈ ਗੈਰ-ਕੁਦਰਤੀ ਵਰਤਾਰਾ ਨਹੀਂ ਸੀ। ਇਸ ਇਨਕਲਾਬੀ ਹਿੰਸਾ ਦੀ ਮੁੱਖ ਧਾਰਾ ਅਜੇ ਸਿਧਾਂਤਿਕ ਬਾਰੀਕੀਆਂ ਵਿਚ ਪੇਸ਼ ਨਹੀਂ ਹੋ ਸਕੀ। ਇਸ ਦਾ ਵੱਡਾ ਕਾਰਨ ਸਿੱਖ-ਮਨ ਦੀ ਸਮਕਾਲੀ ਬੌਧਿਕ ਹਾਲਤ ਨਾ ਤਾਂ ਏਨੀ ਬਲਵਾਨ ਹੈ ਅਤੇ ਨਾ ਹੀ ਸੁਤੰਤਰ ਹੈ ਕਿ ਉਹ ਇਸ ਮਹਾਨ ਵਰਤਾਰੇ ਦਾ ਡੂੰਘਾ ਵਿਸ਼ਲੇਸ਼ਣ ਕਰ ਸਕੇ। ਉਹਨਾਂ ਅਫ਼ਸੋਸ ਪਗਟ ਕੀਤਾ ਕਿ ਬਹੁਤੇ ਲੇਖਕ ਅਜੇ ਵੀ ਅਖ਼ਬਾਰੀ ਵਿਸ਼ਲੇਸ਼ਣਾਂ ਦੇ ਦਾਇਰੇ ਤੋਂ ਬਾਹਰ ਨਹੀਂ ਜਾ ਸਕੇ। ਉਹ ਲਹਿਰ ਦੀਆਂ ਬਰੀਕ ਤੰਦਾਂ ਫੜਣ ਵਿੱਚ ਕਾਮਯਾਬ ਨਹੀਂ ਹੋਏ ਅਤੇ ਉਹਨਾਂ ਨੇ ਸਥਾਪਿਤ ਕੀਤੇ ਜਾ ਰਹੇ ਦ੍ਰਿਸ਼ਟੀਕੋਨਾਂ ਤੋਂ ਵੱਖਰਾ ਤੇ ਮੌਲਿਕ ਦ੍ਰਿਸ਼ਟੀਕੋਨ ਬਣਾਉਣ ਵਿੱਚ ਸੰਜੀਦਾ ਅਤੇ ਇਮਾਨਦਾਰੀ ਨਹੀਂ ਦਿਖਾਈ। ਉਹਨਾਂ ਕਿਹਾ ਕਿ ਜੁਝਾਰੂ ਲਹਿਰ ਦਾ ਵਿਸ਼ਲੇਸ਼ਣ ਕਰਨ ਲੱਗਿਆਂ ਬਹੁਤੇ ਲੇਖਕ ਤਾਂ ਇੱਕ ਤਰ੍ਹਾਂ ਨਾਲ ਸਰਕਾਰਾਂ ਦੇ ‘ਰਾਜਨੀਤਿਕ ਆੜ੍ਹਤੀਏ’ ਹੀ ਬਣ ਕੇ ਰਹਿ ਗਏ ਹਨ।

ਸ੍ਰ: ਕਰਮਜੀਤ ਸਿੰਘ ਨੇ ਇਸ ਧਾਰਨਾਂ ਨੂੰ ਵੀ ਰੱਦ ਕਰ ਦਿੱਤਾ ਕਿ ਜੁਝਾਰੂ ਲਹਿਰ ਜਜ਼ਬਾਤੀ ਨੌਜਵਾਨਾਂ ਦੀ ਆਪ ਮੁਹਾਰੇ ਉੱਠੀ ਲਹਿਰ ਸੀ। ਉਹਨਾਂ ਕਿਹਾ ਕਿ ਇਹ ਠੀਕ ਹੈ ਕਿ ਕੱਚੇ ਜਜ਼ਬਿਆਂ ਦਾ ਇੱਕ ਉਲਾਰ ਪ੍ਰਵਾਹ ਲਹਿਰ ਦੀਆਂ ਕਮਜ਼ੋਰ ਪਰਤਾਂ ਵਿਚ ਮੌਜੂਦ ਸੀ ਪਰ ਇਸ ਦੇ ਬਾਵਜੂਦ ਉਚੀ ਪੱਧਰ ਦੇ ਵਿਵੇਕ ਵਿਚਾਰ ਇਸ ਲਹਿਰ ਦਾ ਅਨਮੋਲ ਹਿੱਸਾ ਸਨ। ਉਹਨਾਂ ਕਿਹਾ ਕਿ ਇਹਨਾਂ ਦਸਤਾਵੇਜ਼ਾਂ ਨੁੂੰ ਘੋਖਣ ਤੋਂ ਪਤਾ ਲੱਗਦਾ ਹੈ ਕਿ ਲਹਿਰ ਦੀ ਮੁੱਖ ਧਾਰਾ ਵਿਚ ਉਚੇ ਤੇ ਵਿਵੇਕ ਵਿਚਾਰਾਂ ਦਾ ਇੱਕ ਜਥੇਬੰਧਕ ਮਾਹੌਲ ਮੌਜੂਦ ਸੀ। ਉਹਨਾਂ ਕਿਹਾ ਕਿ ਕੁਝ ਦਸਤਾਵੇਜ਼ਾਂ ਦਾ ਮਿਆਰ ਅੰਤਰ ਰਾਸ਼ਟਰੀ ਪੱਧਰ ਤੇ ਰੱਖਿਆ ਜਾ ਸਕਦਾ ਹੈ।

ਉਹਨਾਂ ਉਮੀਦ ਪ੍ਰਗਟ ਕੀਤੀ ਕਿ ਇਹਨਾਂ ਦਸਤਾਵੇਜ਼ਾਂ ਦਾ ਗੰਭੀਰ ਮੁਤਾਲਿਆ ਜੁਝਾਰੂ ਲਹਿਰ ਨੂੰ ਨਵੇਂ ਤੇ ਮੌਲਿਕ ਦ੍ਰਿਸ਼ਟੀਕੋਨਾਂ ਤੋਂ ਸਮਝਣ ਦਾ ਇੱਕ ਵਧੀਆ ਮੌਕਾ ਪ੍ਰਦਾਨ ਕਰੇਗਾ। ਉਹਨਾਂ ਕਿਹਾ ਕਿ ਇਸ ਪੁਸਤਕ ਦਾ ਵਰਣਨਯੋਗ ਪਹਿਲੂ ਇਹ ਹੈ ਕਿ ਹਰ ਦਸਤਾਵੇਜ਼ ਦੇ ਸ਼ੁਰੂ ਹੋਣ ਤੋਂ ਪਹਿਲਾਂ ਸੰਪਾਦਕਾਂ ਨੇ ਸਬੰਧਿਤ ਦਸਤਾਵੇਜ਼ ਬਾਰੇ ਸੰਖੇਪ ਟੀਕਾ ਟਿੱਪਣੀ ਵੀ ਕੀਤੀ ਹੈ। ਇਸ ਤੋਂ ਇਲਾਵਾ ਪੁਸਤਕ ਦੇ ਆਰੰਭ ਵਿੱਚ ਜੁਝਾਰੂ ਲਹਿਰ ਬਾਰੇ ਖਾਸ ਵਿਸ਼ਲੇਸ਼ਣ ਵੀ ਕੀਤਾ ਗਿਆ ਹੈ ਜੋ ਕਰੀਬ 30 ਪੰਨਿਆਂ ਵਿੱਚ ਫੈਲਿਆ ਹੋਇਆ ਹੈ।

ਇਤਿਹਾਸਿਕ ਦਸਤਾਵੇਜ਼ਾਂ ਦੀ ਲੋੜ, ਮਹੱਤਤਾ ਅਤੇ ਮਹਾਨਤਾ ਬਾਰੇ ਟਿੱਪਣੀ ਕਰਦਿਆਂ ਕਰਮਜੀਤ ਸਿੰਘ ਨੇ ਕਿਹਾ ਕਿ ਦਸਤਾਵੇਜ਼ਾਂ ਨੂੰ ਸੰਭਾਲਣ ਅਤੇ ਪੇਸ਼ ਕਰਨ ਵਿੱਚ ਸਿੱਖ ਕੌਮ ਨੇ ਕੋਈ ਬਲਵਾਨ ਪ੍ਰੰਪਰਾ ਕਾਇਮ ਨਹੀਂ ਕੀਤੀ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਇੱਕ ਪਾਸੇ ਸਿੱਖ ਲੀਡਰਸ਼ਿਪ ਨੂੰ ਸੱਤਾ ਦੇ ਲਾਲਚ ਵਿਚ ਮਨਆਈਆਂ ਕਰਨ ਦੇ ਮੌਕੇ ਮਿਲਦੇ ਰਹੇ ਹਨ ਅਤੇ ਦੂਜੇ ਪਾਸੇ ਸਿੱਖ ਕੌਮ ਖੁਦ ਵੀ ਉਹਨਾਂ ਨੂੰ ਤੱਥਾਂ ਦੀ ਕਚਹਿਰੀ ਵਿੱਚ ਜਵਾਬਦੇਹ ਬਣਾਉਣ ਲਈ ਜਥੇਬੰਧਕ ਯੋਗਤਾ ਤੇ ਨੈਤਿਕ ਡਰ ਦਾ ਮਾਹੌਲ ਪੈਦਾ ਨਹੀਂ ਕਰ ਸਕੀ। ਉਹਨਾਂ ਮਿਸਾਲ ਦਿੰਦਿਆਂ ਕਿਹਾ ਕਿ ਅੰਮ੍ਰਿਤਸਰ ਐਲਾਨਨਾਮੇ ਉਤੇ ਕੈਪਟਨ ਅਮਰਿੰਦਰ ਸਿੰਘ ਦੇ ਬਾਕਾਇਦਾ ਦਸਤਖਤ ਹਨ ਪਰ ਅੱਜ ਉਹ ਇਸ ਐਲਾਨਨਾਮੇ ਨੂੰ ਕਿੰਨੀ ਕੁ ਮਾਨਤਾ ਦਿੰਦੇ ਹਨ, ਇਸ ਸਬੰਧ ਵਿੱਚ ਹਰ ਕੋਈ ਜਾਣਦਾ ਹੈ। ਉਹਨਾਂ ਨੂੰ ਜਵਾਬਦੇਹ ਨਾ ਬਣਾਉਣ ਲਈ ਕਸੂਰਵਾਰ ਕੌਣ ਹਨ? ਇਸੇ ਤਰ੍ਹਾਂ ਸ: ਪ੍ਰਕਾਸ਼ ਸਿੰਘ ਬਾਦਲ ਯੂ. ਐਨ. ਓ. ਦੇ ਤੱਤਕਾਲੀਨ ਸਕੱਤਰ ਜਨਰਲ ਬੁੱਤਰਸ ਘਾਲੀ ਅੱਗੇ ਸਿੱਖ ਕੌਮ ਲਈ ਆਤਮ ਨਿਰਣੇ ਦੀ ਮੰਗ ਕਰਨ ਵਾਲਿਆਂ ਵਿੱਚੋਂ ਇੱਕ ਸਨ। ਪਰ ਅੱਜ ਸ਼ਾਇਦ ਉਹ ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰਨ ਤੋਂ ਵੀ ਸੰਗ ਮਹਿਸੂਸ ਕਰਦੇ ਹਨ। ਉਹਨਾਂ ਨੂੰ ਨੈਤਿਕ ਕਟਹਿਰੇ ਵਿੱਚ ਖੜ੍ਹਾ ਕਰਨ ਲਈ ਨਾ ਹੀ ਪੰਥ ਵਿੱਚ ਵੱਡੀਆਂ ਤੇ ਮਾਇਆਨਾਜ਼ ਹਸਤੀਆਂ ਮੌਜੂਦ ਹਨ ਅਤੇ ਨਾ ਹੀ ਨੈਤਿਕ ਸੰਸਥਾਵਾਂ ਨਜ਼ਰ ਆਉਂਦੀਆਂ ਹਨ ਜਿਨ੍ਹਾਂ ਦਾ ਉਹ ਰਤਾ ਮਾਸਾ ਵੀ ਡਰ ਭਉ ਮਹਿਸੂਸ ਕਰ ਸਕਦੇ ਹੋਣ। ਉਹਨਾਂ ਨੇ ਇਹੋ ਜਿਹੇ ਹੱਕ ਹਾਸਿਲ ਕਰ ਲਏ ਹਨ ਕਿਉਂਕਿ ਉਹ ਜਾਣਦੇ ਹਨ ਕਿ ਇਹੋ ਜਿਹੇ ਹੱਕ ਨੂੰ ਚੁਣੌਤੀ ਦੇਣ ਦੀ ਜੁਅੱਰਤ ਅੱਜ ਕਿਸੇ ਵਿਚ ਵੀ ਨਹੀਂ ਹੈ। ਸੋ ਇੱਕ ਹਿਸਾਬ ਨਾਲ ਇਹ ਪੰਥਕ ਦਸਤਾਵੇਜ਼ਾਂ ਜਿਥੇ ਉਹਨਾਂ ਨੂੰ ਆਪਣੀ ਜ਼ਮੀਰ ਦੇ ਸਨਮੁੱਖ ਲਿਆਉਣਗੀਆਂ ਉਥੇ ਜੁਝਾਰੂ ਲਹਿਰ ਦੀ ਲੀਡਰਸ਼ਿਪ ਅੱਗੇ ਵੀ ਕੁਝ ਸਵਾਲ ਖੜ੍ਹੇ ਹੋਣਗੇ ਕਿ ਉਹਨਾਂ ਦੇ ਅਮਲ ਇਹਨਾਂ ਦਸਤਾਵੇਜ਼ਾਂ ਦੀ ਰੌਸ਼ਨੀ ਵਿੱਚ ਕਿੱਥੇ ਖਲੋਤੇ ਹਨ।

ਸ੍ਰ: ਕਰਮਜੀਤ ਸਿੰਘ ਨੇ ਸਿੱਖ ਪੰਥ ਨੂੰ ਇਹ ਅਪੀਲ ਵੀ ਕੀਤੀ ਕਿ ਜੁਝਾਰੂ ਲਹਿਰ ਬਾਰੇ ਜਿਹੜੀ ਵੀ ਕੋਈ ਦਸਤਾਵੇਜ਼ ਉਹਨਾਂ ਕੋਲ ਮੌਜੂਦ ਹੈ ਉਹ ਇਸ ਈਮੇਲ ਪਤੇ [email protected] ਉਤੇ ਭੇਜਣ ਤਾਂ ਜੋ ਖਾਲਸਾ ਪੰਥ ਦੀ ਇਸ ਇਤਿਹਾਸਿਕ ਅਮਾਨਤ ਨੂੰ ਸਾਂਭਿਆ ਜਾ ਸਕੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਮਾਰਗ ਦਰਸ਼ਨ ਦਾ ਰਾਹ ਪੱਧਰਾ ਹੋ ਸਕੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,