ਸਿੱਖ ਖਬਰਾਂ

ਕੁਲਦੀਪ ਨਈਅਰ ਦੇ ਮੁਆਫ਼ੀਨਾਮੇ ਵਿੱਚ ‘ਦਿਖਾਵੇ ਭਰੀ ਹਲੀਮੀ’ ਤੇ ‘ਸ਼ਰਾਰਤ ਭਰੀ ਚੁਸਤੀ’ ਹੈ – ਖਾਲਸਾ ਪੰਥ ਦਾ ‘ਅਕਲਮੰਦ ਦੁਸ਼ਮਣ’ ਸਵਾਲਾਂ ਦੇ ਕਟਹਿਰੇ ’ਚ

July 17, 2012 | By

– ਕਰਮਜੀਤ ਸਿੰਘ
ਮੋਬਾਇਲ ਨੰ: 09915091063

ਸਿੱਖਾਂ ਪ੍ਰਤੀ ਕੁਲਦੀਪ ਨਈਅਰ ਦੇ ਢਿੱਡ ਅੰਦਰ ਲੁਕੇ ਵੈਰ ਦਾ ਪਤਾ ਲਾਉਣ ਲਈ ਸਾਨੂੰ ਰੋਮ ਦੇ ਇਤਿਹਾਸ ਦਾ ਇੱਕ ਦਿਲਚਸਪ ਪੰਨਾ ਯਾਦ ਆ ਗਿਆ ਹੈ। ਈਸਾ ਮਸੀਹ ਤੋਂ 100 ਸਾਲ ਪਹਿਲਾਂ ਦੀ ਗੱਲ ਹੈ-ਯਾਨੀ ਅੱਜ ਤੋਂ 2100 ਸਾਲ ਪਹਿਲਾਂ। ਰੋਮ ਦਾ ਮਹਾਨ ਜਰਨੈਲ ਅਤੇ ਨੀਤੀਵਾਨ ਬਾਦਸ਼ਾਹ ਜੂਲੀਅਸ ਸੀਜ਼ਰ ਪਾਰਲੀਮੈਂਟ ਵੱਲ ਜਾ ਰਿਹਾ ਸੀ ਕਿ ਪਾਰਲੀਮੈਂਟ ਦੇ ਬਾਹਰ ਉਸ ਉਤੇ ਅਚਾਨਕ ਇਕ ਯੋਜਨਾਬੱਧ ਹਮਲਾ ਹੋਇਆ। ਬੁਰੀ ਤਰ੍ਹਾਂ ਜ਼ਖਮੀ ਹੋਇਆ ਸ਼ੀਜਰ ਜਦੋਂ ਧਰਤੀ ਉਤੇ ਡਿੱਗਣ ਲੱਗਾ ਤਾਂ ਉਨ੍ਹਾਂ ਉਦਾਸ ਪਲਾਂ ਵਿੱਚ ਉਸ ਦੀਆਂ ਬੇਵੱਸ ਅੱਖਾਂ ਨੇ ਹੈਰਾਨੀ ਵਿੱਚ ਵੇਖਿਆ ਕਿ ਹਮਲਵਾਰਾਂ ਵਿਚੋਂ ਤਾਂ ਉਸ ਦਾ ਇੱਕ ਦੋਸਤ ਬਰੂਟਸ ਵੀ ਸ਼ਾਮਿਲ ਹੈ। ਬੱਸ, ਓੜਕਾਂ ਦੀ ਦਰਦ ਭਿੱਜੀ ਅਵਾਜ਼ ਵਿੱਚ ਮੌਤ ਦੀਆਂ ਬਾਹਾਂ ਵਿੱਚ ਜਾਣ ਤੋਂ ਪਹਿਲਾਂ ਉਹ ਸਿਰਫ਼ ਏਨਾ ਹੀ ਕਹਿ ਸਕਿਆ: ‘ਓ ਬਰੂਟਸ ਤੂੰ ਵੀ…….?’ ਇਨ੍ਹਾਂ ਸ਼ਬਦਾਂ ਵਿੱਚ ਬੇਵਫਾਈ ਤੇ ਵਿਸ਼ਵਾਸ਼ਘਾਤ ਦੀ ਝੱਲਕ ਸਪੱਸ਼ਟ ਨਜ਼ਰ ਆਉਂਦੀ ਹੈ।

ਓਪਰੋਕਤ ਸ਼ਬਦ ਅੱਜਕੱਲ੍ਹ ਉਨ੍ਹਾਂ ਲੋਕਾਂ ਲਈ ਮੁਹਾਵਰੇ ਵਜੋਂ ਇਸਤੇਮਾਲ ਕੀਤੇ ਜਾਂਦੇ ਹਨ ਜੋ ਦੋਸਤੀ ਦੇ ਭੇਸ ਵਿੱਚ ਲੁਕੇ ਦੁਸ਼ਮਣ ਹੁੰਦੇ ਹਨ। ਅੱਜ ਅਸੀਂ ਬੜੀ ਜ਼ਿੰਮੇਵਾਰੀ ਨਾਲ ਕੁਲਦੀਪ ਨਈਅਰ ਵੱਲੋਂ ਖਾਲਸਾ ਪੰਥ ਨਾਲ ਕੀਤੇ ਵਿਸ਼ਵਾਸ਼ਘਾਤ ਲਈ ਇੰਨਾਂ ਸ਼ਬਦਾਂ ਦੀ ਵਰਤੋਂ ਕਰਕੇ ਸਿੱਖਾਂ ਦੇ ਦੋਸਤ ਅਖਵਾਉਂਦੇ ਇਸ ਉਘੇ ਪੱਤਰਕਾਰ ਤੇ ਲੇਖਕ ਨਾਲ ਇਨਸਾਫ ਕਰ ਰਹੇ ਹਾਂ। ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਇੱਕ ਚੋਟੀ ਦੇ ਆਗੂ ਦੇ ਇਸ ਕਥਨ ਵਿੱਚ ਸਚਾਈ ਹੈ ਕਿ ਉਹ ਬੁੱਕਲ ਦਾ ਸੱਪ ਬਣ ਕੇ ਪੇਸ਼ ਹੋਇਆ ਹੈ।

ਕੀ ਕੁਲਦੀਪ ਨਈਅਰ ਨੇ ਸੱਚੀਮੁੱਚੀ ਮੁਆਫ਼ੀ ਮੰਗ ਲਈ ਹੈ ਜਿਵੇਂ ਕਿ ਅਸੀਂ ਅਖਬਾਰਾਂ ਵਿੱਚ ਪੜ੍ਹ ਰਹੇ ਹਾਂ। ਉਸ ਦੇ ਇਸ ਮੁਆਫ਼ੀਨਾਮੇ ਵਿੱਚ ਕਿੰਨੀ ਕੁ ਸੰਜੀਦਗੀ ਹੈ? ਕਿੰਨੀ ਕੁ ਇਮਾਨਦਾਰੀ ਹੈ? ਸਿੱਖਾਂ ਨਾਲ ਆਪਣੀ ਪੁਰਾਣੀ ਦੋਸਤੀ ਦੇ ਜੋ ਦਾਅਵੇ ਉਸ ਨੇ ਮੁਆਫ਼ੀਨਾਮੇ ਵਿੱਚ ਕੀਤੇ ਹਨ, ਉਨ੍ਹਾਂ ਦਾਅਵਿਆਂ ਪਿਛੇ ਅਸਲ ਤੱਥ ਤੇ ਹਕੀਕਤਾਂ ਸਾਨੂੰ ਕੀ ਸੁਨੇਹਾ ਦਿੰਦੀਆਂ ਹਨ? ਇਹ ਲੇਖ ਕੁਲਦੀਪ ਨਈਅਰ ਦੇ ਲੁਕੇ ਕਿਰਦਾਰ ਨੂੰ ਹੀ ਪ੍ਰਗਟ ਕਰਨ ਲਈ ਲਿਖਿਆ ਗਿਆ ਹੇੈ ਤਾਂ ਜੋ ਝੱਟਪੱਟ ਮੁਆਫ਼ੀ ਦੇਣ ਵਾਲੇ ਖਾਲਸਾ ਪੰਥ ਨੂੰ ਇਹ ਅਹਿਸਾਸ ਕਰਾਇਆ ਜਾ ਸਕੇ ਕਿ ਕਾਲੇ ਦਿਲਾਂ ਵਾਲਿਆਂ ਨੇ ਅੱਜਕੱਲ੍ਹ ਚਿੱਟੀਆਂ ਕਮੀਜ਼ਾਂ ਪਹਿਨ ਰੱਖੀਆਂ ਹਨ। ਕੁਲਦੀਪ ਨਈਅਰ ਨੇ ਇਸ ਭੁਲੇਖੇ ਨੂੰ ਆਪਣਾ ਹਮਸਫ਼ਰ ਬਣਾ ਲਿਆ ਹੈ ਕਿ ਸੁੱਤੇ ਪਏ ਖਾਲਸਾ ਪੰਥ ਨੂੰ ਅੱਜਕੱਲ੍ਹ ਕੁਝ ਵੀ ਕਿਹਾ ਜਾ ਸਕਦਾ ਹੈ। ਪਰ ਇਸ ਪੱਤਰਕਾਰ ਲੇਖਕ ਨੂੰ ਸ਼ਾਇਦ ਇਹ ਪਤਾ ਨਹੀਂ ਕਿ ਇਹ ਜ਼ਰੂਰੀ ਨਹੀਂ ਹੁੰਦਾ ਕਿ ਸਾਰੇ ਬੰਦ ਅੱਖਾਂ ਵਾਲੇ ਸੁੱਤੇ ਪਏ ਹੀ ਹੁੰਦੇ ਹਨ। ਜੇ ਉਹ ਇਹ ਸਮਝਦਾ ਹੈ ਕਿ ਉਹ ਰੇਤ ਉਤੇ ਪੱਕੇ ਘਰ ਬਣਾ ਲਵੇਗਾ ਤਾਂ ਇਹ ਉਸ ਦੀ ਖੁਸ਼ਫਹਿਮੀ ਹੀ ਹੋਵੇਗੀ। ਕੁਲਦੀਪ ਨਈਅਰ ਨੂੰ ਜਾਪਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਤੋਂ ਟੁੱਟੇ ਖਾਲਸਾ ਪੰਥ ਨੇ ਅੱਜ ਕੱਲ੍ਹ ‘ਸ਼ਾਂਤ ਪਾਣੀਆਂ’ ਵਿੱਚ ਆਪਣਾ ਘਰ ਬਣਾ ਲਿਆ ਹੈ ਅਤੇ ਇਸ ਵਿੱਚ ਕਿਸੇ ਵੀ ਸਮੇਂ ਇੱਟੇ-ਵੱਟੇ ਸੁੱਟੇ ਜਾ ਸਕਦੇ ਹਨ। ਪਰ ਜੇ ਪਾਣੀਆਂ ਵਿੱਚ ਹਿੱਲਜੁੱਲ ਨਾ ਵੀ ਹੁੰਦੀ ਹੋਵੇ ਤਾਂ ਮਲੇਸ਼ੀਆ ਦੇ ਸਿਆਣਿਆਂ ਦੀ ਚਿਤਾਵਨੀ ਹੈ ਕਿ ਜੇ ਪਾਣੀ ਸ਼ਾਂਤ ਹੈ ਤਾਂ ਇਹ ਨਹੀਂ ਸਮਝਣਾ ਚਾਹੀਦਾ ਕਿ ਦਰਿਆ ਵਿੱਚ ਮਗਰਮੱਛ ਨਹੀਂ ਹਨ। ਖਾਲਸਾ ਪੰਥ ਦੇ ਦਰਿਆ ਵਿੱਚ ‘ਸਿਧਾਤਿਕ ਮੱਗਰਮੱਛ’ ਅਜੇ ਵੀ ਮੌਜੂਦ ਹਨ ਜੋ ਕੁਲਦੀਪ ਨਈਅਰ ਨੂੰ ਜਵਾਬ ਦੇਣ ਦੇ ਸਮਰੱਥ ਹਨ। ਅਸੀਂ ਇਸ ਸਿਚਾਈ ਤੋਂ ਵੀ ਜਾਣੂ ਹਾਂ ਕਿ ਅਨੇਕ ਧੜ੍ਹਿਆਂ ਵਿੱਚ ਵੰਡੀ ਹੀਰਿਆਂ ਵਾਲੀ ਕੌਮ ਦਾ ਵੱਡਾ ਹਿੱਸਾ ਅੱਜ ਕੱਲ੍ਹ ਘੋਗਿਆਂ ਨਾਲ ਦਿਲ ਪ੍ਰਚਾ ਰਿਹਾ ਹੈ। ਅਸੀਂ ਇਹ ਵੀ ਜਾਣਦੇ ਹਾਂ ਕਿ ਕੂੁਲਦੀਪ ਨਈਅਰ ਨੂੰ ਉਨ੍ਹਾਂ ਲੋਕਾਂ ਦਾ ਸਰਗਮਰ ਸਾਥ ਹਾਸਲ ਹੈ। ਇਸ ਲਈ ਉਹ ਸਮਝਦੇ ਹਨ ਕਿ ਹਨੇਰਿਆਂ ਵਿੱਚ ਦਿਨ ਕੱਟੀ ਕਰ ਰਹੀ ਭੋਲੀ ਭਾਲੀ ਕੌਮ ਨੂੰ ਸਿੱਧੜ ਜਿਹੀ ਮੁਆਫ਼ੀ ਨਾਲ ਚੁੱਪ ਕਰਾਇਆ ਜਾ ਸਕਦਾ ਹੈ। ਪਰ ਚੋਰ ਤੇ ਹਨੇਰੇ ਦੀ ਦੋਸਤੀ ਦੀ ਉਮਰ ਬਹੁਤੀ ਲੰਮੀ ਨਹੀਂ ਹੋਇਆ ਕਰਦੀ ਕਿਉਂਕਿ ਗੁਰ-ਸ਼ਬਦ ਦੇ ਰੂਹਾਨੀ ਚਾਨਣ ਨੇ ਇਹ ਭੇਤ ਖੋਲ੍ਹਿਆ ਹੈ ਕਿ ਕੁਲਦੀਪ ਨਈਅਰ ਇੱਕ ਲੰਮੇ ਅਰਸੇ ਤੋਂ ਸਿੱਖਾਂ ਪ੍ਰਤੀ ਹਮਦਰਦੀ ਦੇ ਭੇਸ ਵਿੱਚ ਅਸਲ ਵਿੱਚ ਸਿੱਖਾਂ ਦੀਆਂ ਜੜ੍ਹਾਂ ਕੱਟਣ ਲੱਗਾ ਹੋਇਆ ਸੀ।

ਅਸੀਂ ਖੁਸ਼ਵੰਤ ਸਿੰਘ ਅਤੇ ਕੁਲਦੀਪ ਨਈਅਰ ਵੱਲੋਂ ਸਾਂਝੇ ਤੌਰ ਤੇ ਲਿਖੀ ਕਿਤਾਬ ‘ਟਰੈਜਡੀ ਆਫ਼ ਪੰਜਾਬ’ ਵਿੱਚ ਨਈਅਰ ਦੀਆਂ ਰਚਨਾਵਾਂ ਦਾ ਵਿਸ਼ਲੇਸ਼ਣ ਕਰਕੇ ਦੱਸਾਂਗੇ ਕਿ ਇਸ ਦੀਆਂ ਬਰੀਕ ਪਰਤਾਂ ਵਿੱਚ ਕਿਵੇਂ ਇੱਕ ਵਿਅਕਤੀ ਦੀ ਸਿੱਖੀ ਪ੍ਰਤੀ ਦੁਸ਼ਮਣੀ ਲੁਕੀ ਪਈ ਹੈ। ਦਿਲਚਸਪ ਗੱਲ ਇਹ ਹੈ ਕਿ ਖੁਸ਼ਵੰਤ ਸਿੰਘ ਸਰਕਾਰ ਦੀ ਨੁਕਤਾਚੀਨੀ ਕਰਦਾ ਹੈ ਪਰ ਸਿੱਖਾਂ ਦਾ ਇਹ ‘ਹਮਦਰਦ’ ਕਿਵੇਂ ਬੌਧਿਕ ਸ਼ਬਦਾਵਲੀ ਰਾਹੀਂ ਆਪਣੇ ਹੀ ਅੰਦਾਜ਼ ਵਿੱਚ ਸਿੱਖਾਂ ਦਾ ਵਿਰੋਧ ਕਰਦਾ ਹੈ। ਉਸ ਦਾ ਮੁਆਫ਼ੀਨਾਮਾ ਇਹ ਦਾਅਵਾ ਕਰਦਾ ਹੈ ਕਿ ਉਸ ਨੇ ਦਰਬਾਰ ਸਾਹਿਬ ਉਤੇ ਹੋਏ ਫੌਜੀ ਹਮਲੇ ਦੀ ਨਿੰਦਾ ਕੀਤੀ ਅਤੇ ਦਿੱਲੀ ਤੇ ਹੋਰਨਾਂ ਥਾਂਵਾਂ ਤੇ ਸਿੱਖਾਂ ਦੇ ਕਤਲੇਆਮ ਵਿਰੁੱਧ ਅਵਾਜ਼ ਬੁਲੰਦ ਕੀਤੀ ਸੀ। ਪਰ ਜਿਉਂਦੀ ਜਾਗਦੀ ਸਚਾਈ ਇਹ ਹੈ ਕਿ ਉਸ ਦੀ ‘ਗੋਲਮੋਲ ਨਿੰਦਾ’ ਵਾਲੇ ਸ਼ਬਦਾਂ ਦੀ ਹੇਠਲੀ ਪਰਤ ਸਿੱਖਾਂ ਦੇ ਕਤਲੇਆਮ ਨੂੰ ਜਾਇਜ਼ ਠਹਿਰਾਉਦੀ ਹੈ। ਇਸ ਹੈਰਾਨਕੁੰਨ ਸਚਾਈ ਤੋਂ ਵੀ ਅਸੀਂ ਪਰਦਾ ਚੁੱਕਣਾ ਚਾਹੁੰਦੇ ਹਾਂ ਕਿ ਨਈਅਰ ਨੇ ‘ਅਪ੍ਰੇਸ਼ਨ ਵੁੱਡਰੋਜ਼’ ਦੀ ਵੀ ਹਮਾਇਤ ਕੀਤੀ ਸੀ ਜਿਸ ਵਿੱਚ ਦਰਬਾਰ ਸਾਹਿਬ ਦੇ ਘੱਲੂਘਾਰੇ ਪਿਛੋਂ ਸਿੱਖਾਂ ਦੀ ਜਵਾਨੀ ਨੂੰ ਖਤਮ ਕਰਨ ਦੀ ਫੌਜੀ ਮੁਹਿੰਮ ਚਲਾਈ ਗਈ ਸੀ।

ਸੁਣੀਆਂ ਸੁਣਾਈਆਂ ਗੱਲਾਂ ਉਤੇ ਝੱਟਪੱਟ ਯਕੀਨ ਕਰਨਾ ਅਤੇ ਉਨ੍ਹਾਂ ਨੂੰ ਤੱਥਾਂ ਦੇ ਰੂਪ ਵਿੱਚ ਪੇਸ਼ ਕਰਨਾ ਪੱਤਰਕਾਰੀ ਦੀ ਸਦਾਚਾਰਕ ਮਰਿਆਦਾ ਦੀ ਉਲੰਘਣਾ ਹੈ। ਪਰ ਕੁਲਦੀਪ ਨਈਅਰ ਦਾ ਸਭ ਤੋਂ ਵੱਡਾ ਸ਼ੌਕ ਅਕਸਰ ਹੀ ਇਸ ਮਰਿਆਦਾ ਦੀ ਉਲੰਘਣਾ ਕਰਨਾ ਹੈ। ਇਸ ਤੋਂ ਇਲਾਵਾ ‘ਨਾਵਲੀ ਜੁਗਤਾਂ’ ਰਾਹੀਂ ਗੱਲ ਨੂੰ ਮਸਾਲੇਦਾਰ ਬਣਾਉਣ ਵਿੱਚ ਵੀ ਉਸ ਦਾ ਕੋਈ ਸਾਨੀ ਨਹੀਂ। ਤੱਥਾਂ ਦੀ ਪੜਤਾਲ ਕਰਨਾ ਕਿਸੇ ਵੀ ਗੰਭੀਰ ਲੇਖਕ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਂਿੲਸ ਪਹਿਲੂ ਤੋਂ ਵੀ ਕੁਲਦੀਪ ਨਈਅਰ ਦੀ ਜਗਿਆਸਾ ਤੇ ਪਿਆਸ ਉਤੇ ਸੋਕੇ ਤੇ ਗਰੀਬੀ ਦੇ ਪ੍ਰਛਾਵੇਂ ਨਜ਼ਰ ਆਉਂਦੇ ਹਨ। ਮਿਸਾਲ ਦੇ ਤੌਰ ਤੇ ਉਹ 1978 ਦੀ ਵੈਸਾਖੀ ਮੌਕੇ ਨਿਰੰਕਾਰੀਆਂ ਵੱਲੋਂ ਮਾਰੇ ਗਏ ਸਿੰਘਾਂ ਦੀ ਗਿਣਤੀ 16 ਦੱਸਦਾ ਹੈ ਜਦ ਕਿ ਖੁਦ ਟਕਸਾਲ ਤੇ ਅਖੰਡਕੀਰਤਨੀ ਜਥੇ ਮੁਤਾਬਿਕ ਇਹ ਗਿਣਤੀ 13 ਬਣਦੀ ਹੈ।

ਸਭ ਤੋਂ ਵੱਡਾ ਪਾਪ ਕੁਲਦੀਪ ਨਈਅਰ ਨੇ ਉਦੋਂ ਕਮਾਇਆ ਜਦੋਂ ਉਸ ਨੇ ਆਪਣੀ ਕਿਤਾਬ ਵਿੱਚ ਸਿੱਖ ਪੰਥ ਦੇ ਦੋ ਅਨਮੋਲ ਹੀਰਿਆਂ-ਸੰਤ ਜਰਨੈਲ ਸਿੰਘ ਅਤੇ ਭਾਈ ਅਮਰੀਕ ਸਿੰਘ ਨੁੂੰ ਬਿਨ੍ਹਾਂ ਕਿਸੇ ਠੋਸ ਸਬੂਤਾਂ ਤੋਂ ਕਰਮਵਾਰ ਕਾਂਗਰਸ ਤੇ ਆਈ.ਬੀ. ਦੇ ਏਜੰਟ ਕਰਾਰ ਦੇ ਦਿੱਤਾ। ਅਸੀਂ ਇਹ ਗੱਲ ਮੰਨਣ ਲਈ ਤਿਆਰ ਨਹੀਂ ਕਿ ਸਿੱਖਾਂ ਦੇ ਹੱਕਾਂ ਬਾਰੇ ਸਮੇਂ ਸਮੇਂ ਲੰਮੀਆਂ ਚੌੜੀਆਂ ਗੱਲਾਂ ਤੇ ਗਪੌੜ ਛੱਡਣ ਵਾਲੇ ਅਤੇ ਸਿੱਖ ਲੀਡਰਾਂ ਦੇ ਅੰਦਰਲੇ ਭੇਤ ਬੁੱਝਣ ਦਾ ਦਾਅਵਾ ਕਰਨ ਵਾਲੇ ਵਿਅਕਤੀ ਨੂੰ ਏਨਾ ਵੀ ਪਤਾ ਨਾ ਹੋਵੇ ਕਿ ਸਿੱਖ ਕੌਮ ਦੀ ਸਰਵਉਚ ਸੰਸਥਾ ਅਕਾਲ ਤੱਖ਼ਤ ਸਾਹਿਬ ਦੀ ਫ਼ਸੀਲ ਤੋਂ ਸੰਤ ਜਰਨੈਲ ਸਿੰਘ ਤੇ ਭਾਈ ਅਮਰੀਕ ਸਿੰਘ ਨੂੰ ਸ਼ਹੀਦ ਕਰਾਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਹ ਜਾਣਕਾਰੀ ਵੀ ਉਸ ਦੇ ਗਿਆਨ ਵਿਚ ਸ਼ਾਮਲ ਹੋਵੇਗੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਸਿੱਖ ਪੰਥ ਦੀਆਂ ਉੱਘੀਆਂ ਸੰਸਥਾਵਾਂ ਨੇ ਸੰਤ ਜਰਨੈਲ ਸਿੰਘ ਨੂੰ 20ਵੀਂ ਸਦੀ ਦਾ ਮਹਾਨ ਸਿੱਖ ਕਰਾਰ ਦਿੱਤਾ ਸੀ। ਪਰ ਜਾਂ ਤਾਂ ਸਿੱਖਾਂ ਦੇ ਇਸ ‘ਹਮਦਰਦ’ ਦੀਆਂ ਨਜ਼ਰਾਂ ਵਿੱਚ ਅਕਾਲ ਤਖ਼ਤ ਦੀ ਕੋਈ ਅਹਿਮੀਅਤ ਨਹੀਂ ਅਤੇ ਉਹ ਬਿਨ੍ਹਾਂ ਕਿਸੇ ਡਰ ਭੈਅ ਤੋਂ ਇਸ ਮਹਾਨ ਸੰਸਥਾ ਦਾ ਅਪਮਾਨ ਕਰ ਸਕਦਾ ਹੈ ਅਤੇ ਜਾਂ ਫਿਰ ਇਸ ਨੇ ਸੰਤ ਜਰਨੈਲ ਸਿੰਘ ਦੀ ਹਸਤੀ ਬਾਰੇ ਆਪਣੇ ਧੁਰ ਅੰਦਰ ਕੋਈ ਡੂੰਘੀ ਖੁਣਸ ਪਾਲ ਰੱਖੀ ਹੈ। ਇਸ ਦਾ ਸਬੂਤ ਵੀ ਉਦੋਂ ਪਤਾ ਲੱਗ ਜਾਂਦਾ ਹੈ ਜਦੋਂ ਇਹ ਵਿਅਕਤੀ ਹਰਚੰਦ ਸਿੰਘ ਲੌਗੋਂਵਾਲ ਨੂੰ ਤਾਂ ‘ਸੰਤ’ ਦੀ ਪਦਵੀ ਨਾਲ ਸੰਬੋਧਨ ਹੁੰਦਾ ਹੈ ਜਦ ਕਿ ਸਿੱਖ ਪੰਥ ਦੇ ਮਹਾਨ ਸ਼ਹੀਦ ਨੂੰ ਸਿਰਫ਼ ‘ਜਰਨੈਲ ਸਿੰਘ ਭਿੰਡਰਾਂਵਾਲਾ’ ਸ਼ਬਦਾਂ ਨਾਲ ਹੀ ਮੁਖਾਤਿਬ ਹੁੰਦਾ ਹੈ। ਉਸ ਨੂੰ ਇਸ ਮਹਾਨ ਗੁਰਸਿੱਖ ਵਿਚੋਂ ‘ਸੰਤ’ ਦੇ ਗੁਣ ਤੇ ਸਿਫ਼ਤਾਂ ਨਜ਼ਰ ਹੀ ਨਹੀਂ ਆਉਂਦੀਆਂ। ਕਿਉਂ ਨਜ਼ਰ ਨਹੀਂ ਆਉਂਦੀਆਂ? ਇਸ ਲਈ ਨਜ਼ਰ ਨਹੀਂ ਆਉਂਦੀਆਂ ਕਿਉਂਕਿ ਕੁਲਦੀਪ ਨਈਅਰ ਉਸ ‘ਵਿਚਾਰਧਾਰਾ’ ਦੀ ਪ੍ਰੰਪਰਾ ਦਾ ਵਾਰਿਸ ਬਣਿਆ ਰਹਿਣਾ ਚਾਹੁੰਦਾ ਹੈ ਜਿਸ ਪ੍ਰੰਪਰਾ ਨੂੰ ਦਸ਼ਮੇਸ਼ ਪਿਤਾ ਦਾਰਸ਼ਨਿਕ ਅੰਦਾਜ਼ ਵਿੱਚ ‘ਬਿਪਰਨ ਕੀ ਰੀਤ’ ਆਖਦੇ ਹਨ। ਕੀ ਹੁਣ ਇਹ ਫੈਸਲਾ ਕਰਨਾ ਉਚਿਤ ਨਹੀਂ ਕਿ ਕੁਲਦੀਪ ਨਈਅਰ ਕਿਸੇ ਹੋਰ ਵਿਚਾਰਧਾਰਾ (ਥਾਟ ਪ੍ਰਾਸੈਸ) ਦੀ ਸ਼ਾਖ਼ ਬਣ ਰਹੇ ਹਨ ਤੇ ਸਿੱਖਾਂ ਨੂੰ ਵੀ ਉਸੇ ਸਾਖ਼ ਨਾਲ ਜੋੜਨਾ ਚਾਹੁੰਦੇ ਹਨ।

ਚੰਗਾ ਹੁੰਦਾ ਜੇ ਉਹ ਸੰਤ ਜਰਨੈਲ ਸਿੰਘ ਦੀ ਧਾਰਮਿਕ, ਸਦਾਚਾਰਕ ਤੇ ਰਾਜਨੀਤਿਕ ਹਸਤੀ ਬਾਰੇ ਉਨ੍ਹਾਂ ਦੀ ਨੀਤੀ ਤੇ ਰਣਨੀਤੀ ਦਾ ਖਾਲਸਾ ਪੰਥ ਦੇ ਦ੍ਰਿਸ਼ਟੀਕੋਨ ਤੋਂ ਵਿਸ਼ਲੇਸ਼ਣ ਪੇਸ਼ ਕਰਦੇ, ਪਰ ਉਹ ਤਾਂ ਇਸ ਪਾਸੇ ਵੱਲ ਗਏ ਹੀ ਨਹੀਂ ਕਿਉਂਕਿ ਉਹ ਪਾਸਾ ਤਾਂ ਗੰਭੀਰ ਖੋਜੀਆਂ ਲਈ ਰਾਖਵਾਂ ਹੁੰਦਾ ਹੈ ਜੋ ਸਿੱਖਾਂ ਦੇ ਇਤਿਹਾਸ ਨੂੰ ਨਿਰਪੱਖਤਾ ਦੇ ਨਜ਼ਰੀਏ ਤੋਂ ਵੇਖਦੇ ਹਨ। ਇਸ ਲਈ ਉਨ੍ਹਾਂ ਦੀ ਮੁਆਫ਼ੀ ਦੇ ਸ਼ਬਦ ਕੁਝ ਇਸ ਤਰ੍ਹਾਂ ਦੇ ਲੱਗਦੇ ਹਨ ਜਿਵੇਂ ਉਹ ਮਖੌਲ ਵਿੱਚ ਖਾਲਸਾ ਪੰਥ ਨੂੰ ਹੀ ਮੁਆਫ਼ ਕਰ ਰਹੇ ਹੋਣ। ਦੱਖਣੀ ਅਮਰੀਕਾ ਦੇ ਇੱਕ ਮੁਲਕ ਬ੍ਰਾਜ਼ੀਲ ਦੇ ਤਜਰਬੇਕਾਰ ਬਜ਼ੁਰਗਾਂ ਨੇ ਕਿੰਨਾ ਸੋਹਣਾ ਫੈਸਲਾ ਦਿੱਤਾ ਹੈ ਕਿ ਜਿਥੇ ਖੂਨ ਡੁੱਲ੍ਹਿਆ ਹੋਵੇ ਉਥੇ ਇਹੋ ਜਿਹੀ ਮੁਆਫ਼ੀ ਦਾ ਬੂਟਾ ਉੱਗ ਨਹੀਂ ਸਕਦਾ। ਜਿਨ੍ਹਾਂ ਲੋਕਾਂ ਨੂੰ ਸਿੱਖ ਇਤਿਹਾਸ ਦੇ ਸੁਖਸ਼ਮ ਰਹੱਸ ਤੇ ਰਾਜ਼ ਸਮਝ ਆਉਂਦੇ ਹਨ, ਕੇਵਲ ਉਨ੍ਹਾਂ ਨੂੰ ਹੀ ਪਤਾ ਲੱਗਾ ਸਕਦਾ ਹੈ ਕਿ ਨਈਅਰ ਸਾਹਿਬ ਦੇ ਮੁਆਫ਼ੀਨਾਮੇ ਵਿੱਚ ‘ਦਿਖਾਵੇ ਭਰੀ ਹਲੀਮੀ’ ਤੇ ‘ਸ਼ਰਾਰਤ ਭਰੀ ਚੁਸਤੀ’ ਦੇ ਦਰਸ਼ਨ ਕੀਤੇ ਜਾ ਸਕਦੇ ਹਨ।

ਅਸੀਂ ਕੁਲਦੀਪ ਨਈਅਰ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਆਈ.ਬੀ. ਦੇ ਕਿਸ ਅਧਿਕਾਰੀ ਨੇ ਉਨ੍ਹਾਂ ਨੂੰ ਇਹ ਖਬਰ ਦਿੱਤੀ ਕਿ ਭਾਈ ਅਮਰੀਕ ਸਿੰਘ ਆਈ.ਬੀ. ਦੇ ਏਜੰਟ ਸਨ? ਉਸ ਅਧਿਕਾਰੀ ਦਾ ਰੁਤਬਾ ਕੀ ਹੈ? ਕੀ ਆਈ.ਬੀ. ਨੇ ਖ਼ਬਰ ਪਲਾਂਟ ਕਰਨ ਲਈ ਕੁਲਦੀਪ ਨਈਅਰ ਦੇ ਮੋਢੇ ਨੂੰ ਵਰਤਿਆ ਜਾਂ ਕੁਲਦੀਪ ਨਈਅਰ ਆਪਣਾ ਮੋਢਾ ਦੇਣ ਲਈ ਖੁਦ ਹੀ ਪੇਸ਼ਕਸ਼ ਕਰ ਰਹੇ ਸਨ? ਕੀ ਉਸ ਨੂੰ ਏਨਾ ਵੀ ਪਤਾ ਨਹੀਂ ਕਿ ਖੁਫ਼ੀਆ ਏਜੰਸੀਆਂ ਸਿੱਖ ਕੌਮ ਦੇ ਹੀਰਿਆਂ ਨੂੰ ਸਿੱਖਾਂ ਵਿੱਚ ਬਦਨਾਮ ਕਰਨ ਲਈ ਅਤੇ ਆਪਣੀ ਖ਼ਬਰ ਨੂੰ ਸਿੱਖ ਮਨਾਂ ਵਿੱਚ ਸਥਾਪਿਤ ਕਰਨ ਲਈ ਅਤੇ ਉਸ ਖ਼ਬਰ ਦੀ ਪ੍ਰਮਾਣਿਕਤਾ ਨੂੰ ਮੰਨਣਯੋਗ ਬਣਾਉਣ ਲਈ ਇਹੋ ਜਿਹੇ ਪੱਤਰਕਾਰਾਂ ਦੀ ਅਕਸਰ ਹੀ ਵਰਤੋਂ ਕਰਦੀਆਂ ਹਨ ਜਿਨ੍ਹਾਂ ਉਤੇ ਕਿਸੇ ਨਾ ਕਿਸੇ ਰੂਪ ਵਿੱਚ ਸਿੱਖਾਂ ਦੇ ਹਮਦਰਦ ਹੋਣ ਦਾ ਠੱਪਾ ਲੱਗਾ ਹੋਇਆ ਹੁੰਦਾ ਹੈ। ਖੁਫ਼ੀਆ ਏਜੰਸੀਆਂ ਸਦਾ ਹੀ ਇਹੋ ਜਿਹੇ ਵਿਅਕਤੀਆਂ ਦੀ ਤਲਾਸ਼ ਵਿੱਚ ਸਰਗਮਰ ਰਹਿੰਦੀਆਂ ਹਨ ਜੋ ਇਕੋ ਸਮੇਂ ਦੋਵਾਂ ਧਿਰਾਂ ਦੀ ਸੇਵਾ ਕਰਨ ਦੇ ਮਾਹਿਰ ਹੁੰਦੇ ਹਨ-ਇੱਕ ਧਿਰ ਦੀ ਅੰਦਰ-ਖਾਤੇ ਤੋਂ ਅਤੇ ਦੂਜੀ ਧਿਰ ਦੀ ਖੁੱਲ੍ਹੇਆਮ। ਹੁਣ ਵੇਖਣਾ ਇਹ ਹੈ ਕਿ ਨਈਅਰ ਸਾਹਿਬ ‘ਦੀਵਾਨ ਕੌੜਾ ਮੱਲ’ ਸਾਬਿਤ ਹੋਏ ਹਨ ਜਾਂ ‘ਸੁੱਚਾ ਨੰਦ’?

ਵੈਸੇ ਵੀ ਇਹ ਨਿਆਣਿਆਂ ਵਾਲੀ ਸਮਝ ਹੀ ਹੈ ਜਦੋਂ ਇੱਕ ਸੁਲਝਿਆ ਹੋਇਆ ਅਖਵਾਉਣ ਵਾਲਾ ਪੱਤਰਕਾਰ ਆਈ.ਬੀ. ਦੀ ਖਬਰ ਨੂੰ ਤਾਂ ਪ੍ਰਮਾਣਿਕ ਮੰਨਦਾ ਹੈ ਜਦ ਕਿ ਭਾਈ ਅਮਰੀਕ ਸਿੰਘ ਦੀ ਸ਼ਹਾਦਤ ਦੀ ਪ੍ਰਮਾਣਿਕਤਾ ਤੋਂ ਅੱਖਾਂ ਮੀਟਦਾ ਹੈ। ਸਿੱਖਾ ਦੇ ਇਸ ‘ਹਮਦਰਦ’ ਨੂੰ ਏਨੀ ਤਾਂ ਸੂਝ ਹੋਣੀ ਚਾਹੀਦੀ ਹੈ ਕਿ ‘ਏਜੰਟ’ ਸ਼ਹਾਦਤ ਦਾ ਜਾਮ ਨਹੀਂ ਪੀਆ ਕਰਦੇ ਸਗੋਂ ਮੌਕੇ ਦੀ ਤਲਾਸ਼ ਵਿੱਚ ਮੈਦਾਨ ਤੋਂ ਭੱਜਣ ਦਾ ਰਾਹ ਲੱਭਦੇ ਹਨ ਅਤੇ ਲੱਭ ਵੀ ਲੈਂਦੇ ਹਨ। ਇਤਿਹਾਸ ਇਹੋ ਜਿਹੀਆਂ ਗਦਾਰੀਆਂ ਨਾਲ ਭਰਿਆ ਪਿਆ ਹੈ। ਪਰ ਦੁਨੀਆਂ ਜਾਣਦੀ ਹੈ ਕਿ ਭਾਈ ਅਮਰੀਕ ਸਿੰਘ ਮੈਦਾਨ-ਏ-ਜੰਗ ਵਿੱਚ ਜੂਝਦੇ ਹੋਏ ਸ਼ਹੀਦ ਹੋਏ ਹਨ। ਇਹ ਕੈਸਾ ਹਮਦਰਦ ਹੈ ਜਿਸ ਨੂੰ ਸ਼ਹਾਦਤ ਤੇ ਏਜੰਟੀ ਵਿੱਚ ਫ਼ਰਕ ਹੀ ਨਜ਼ਰ ਨਹੀਂ ਆਉਂਦਾ। ਹੁਣ ਇਸ ਨੇ ਮੁਆਫ਼ੀਨਾਮੇ ਵਿੱਚ ਲਿਖਿਆ ਹੈ ਕਿ ਉਹ ਇਤਰਾਜ਼ਯੋਗ ਸ਼ਬਦ ਆਪਣੀ ਕਿਤਾਬ ਦੀ ਅਗਲੀ ਐਡੀਸ਼ਨ ਵਿਚੋਂ ਕੱਢ ਦੇਣਗੇ ਪਰ ਸਿੱਖ ਕੌਮ ਏਨੀ ਵੀ ਮੂਰਖ ਨਹੀਂ ਕਿ ਉਹ ਇਸ ਹਕੀਕਤ ਨੂੰ ਸਮਝ ਨਾ ਸਕੇ ਕਿ ਇਹ ਕਿਤਾਬ ਲਾਇਬ੍ਰੇਰੀਆਂ ਵਿੱਚ ਚਲੀ ਗਈ ਹੈ ਅਤੇ ਕੌਣ ਜਾਣਦਾ ਹੈ ਕਿ ਇਸ ਦੀ ਅਗਲੀ ਐਡੀਸ਼ਨ ਕਦੇ ਛਪੇਗੀ ਵੀ ਜਾਂ ਨਹੀਂ। ਓਨਾ ਚਿਰ ਤੱਕ ਇਹੋ ਜਿਹੇ ਝੂਠ ਦਾ ਪ੍ਰਾਪੇਗੰਡਾ ਕਰਨ ਵਾਲਾ ਆਪਣੀ ਮੁਆਫ਼ੀ ਰਾਹੀਂ ਆਪਣੀ ਗੈਰ-ਜ਼ਿੰਮੇਵਾਰੀ ਤੋਂ ਮੁਕਤ ਹੋ ਜਾਵੇਗਾ? ਕੁਲਦੀਪ ਨਈਅਰ ਕੋਲ ਇਸ ਦਾ ਕੀ ਜਵਾਬ ਹੈ? ਏਸੇ ਤਰ੍ਹਾਂ ਕੁਲਦੀਪ ਨਈਅਰ ਜਦੋਂ ਸੰਤ ਜਰਨੈਲ ਸਿੰਘ ਨੂੰ ਕਾਂਗਰਸ ਦਾ ਬੰਦਾ ਕਹਿੰਦੇ ਹਨ ਅਤੇ ਇਸ ਨੂੰ ਤੱਥ ਬਣਾਉਣ ਲਈ ਕਿਸੇ ਕਮਲਨਾਥ ਦਾ ਸਹਾਰਾ ਲੈਂਦੇ ਹਨ ਤਾਂ ਉਸ ਤੋਂ ਪਤਾ ਲੱਗਦਾ ਹੈ ਕਿ ਉਹ ਸੰਤ ਜੀ ਬਾਰੇ ਆਪਣੀ ਮਨਭਾਉਂਦੀ ਨਫ਼ਰਤ ਦਾ ਪ੍ਰਗਟਾਵਾ ਕਰਨ ਲਈ ਸੁਣੀਆਂ ਸੁਣਾਈਆਂ ਗੱਲਾਂ ਦਾ ਮੋਢਾ ਲੱਭਦੇ ਫਿਰਦੇ ਹਨ। ਜਦੋਂ ਤੱਥਾਂ ਸਮੇਤ ਉਨ੍ਹਾਂ ਦੀ ਕਿਸੇ ਗੱਲ ਨੂੰ ਕੱਟਿਆ ਜਾਂਦਾ ਹੈ ਤਾਂ ਉਹ ਝੱਟਪੱਟ ਆਪਣਾ ਪੈਂਤੜਾ ਬਦਲ ਲੈਂਦੇ ਹਨ।ਇਹੋ ਜਿਹੀ ਪੈਂਤੜੇਬਾਜ਼ੀ ਹਾਲ ਵਿੱਚ ਹੀ ਇੰਡੀਅਨ ਐੈਕਸਪ੍ਰੈਸ ਵਿੱਚ ਉਨ੍ਹਾਂ ਦੀ ਇੱਕ ਇੰਟਰਵਿਊ ਵਿੱਚੋਂ ਲੱਭਣੀ ਮੁਸ਼ਕਲ ਨਹੀਂ। ਉਹ ਵਿਰੋਧਤਾਈਆਂ ਦਾ ਇੱਕ ਭਰਪੂਰ ਮੇਲਾ ਲਾਉਂਦੇ ਹਨ। ਇਹੋ ਜਿਹੀ ਗੱਲ ਉਨ੍ਹਾਂ ਨੇ ਦਲ ਖਾਲਸਾ ਜਥੇਬੰਦੀ ਬਾਰੇ ਵੀ ਕੀਤੀ ਹੈ ਜਿਥੇ ਉਨ੍ਹਾਂ ਨੇ ਕਿਹਾ ਕਿ ਅਰੋਮਾ ਹੋਟਲ ਵਿੱਚ ਦਲ ਖਾਲਸਾ ਜਥੇਬੰਦੀ ਦੀ ਇੱਕ ਮੀਟਿੰਗ ਦਾ ਬਿੱਲ ਗਿਆਨੀ ਜ਼ੈਲ ਸਿੰਘ ਨੇ ਅਦਾ ਕੀਤਾ ਸੀ। ਪਰ ਹੁਣ ਕਿਉਂਕਿ ਗਿਆਨੀ ਜ਼ੇੈਲ ਸਿੰਘ ਇਸ ਦੁਨੀਆਂ ਵਿੱਚ ਨਹੀਂ ਰਹੇ ਅਤੇ ਉਹ ਆਪਣੇ ਪੱਖ ਵਿੱਚ ਸਫ਼ਾਈ ਨਹੀਂ ਪੇਸ਼ ਕਰ ਸਕਦੇ, ਇਸ ਲਈ ਕੁਲਦੀਪ ਨਈਅਰ ਨੂੰ ਖੁੱਲ ਖੇਡਣ ਦਾ ਪੂਰਾ ਮੌਕਾ ਮਿਲਦਾ ਹੈ।ਇਸੇ ਤਰ੍ਹਾਂ ਇੰਡੀਅਨ ਐਕਸਪ੍ਰੈਸ ਵਿੱਚ ਉਹ ਇਹ ਕਹਿੰਦੇ ਹਨ ਕਿ ਫਲਾਣੀ ਗੱਲ ਸੰਜੈ ਗਾਂਧੀ ਨੇ ਉਨ੍ਹਾਂ ਨੂੰ ਗੁਪਤ ਰੱਖਣ ਦੀ ਸ਼ਰਤ ਤੇ ਦੱਸੀ ਸੀ। ਇਹ ਗੁਪਤ ਗੱਲ ਹੁਣ ਉਹ ਪ੍ਰਗਟ ਕਰ ਰਹੇ ਹਨ ਜਦੋਂ ਕਿ ਸੰਜੈ ਗਾਂਧੀ ਇਸ ਦੁਨੀਆਂ ਵਿੱਚ ਨਹੀਂ ਹਨ। ਇਹੋ ਜਿਹੀਆਂ ਹੋਰ ਕਈ ਊਟ-ਪਟਾਂਗ ਗੱਲਾਂ ਦੀ ਝੱਲਕ ਵੀ ਉਨ੍ਹਾਂ ਦੀਆਂ ਕਿਤਾਬਾਂ ਵਿਚੋਂ ਨਜ਼ਰ ਆ ਜਾਂਦੀ ਹੈ। ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ: ਪਰਮਜੀਤ ਸਿੰਘ ਗਾਜੀ ਦਾ ਕਹਿਣਾ ਹੈ ਕਿ ਉਹ 1978 ਤੋਂ ਲੈ ਕੇ 1992 ਤੱਕ ਇਸ ਪੱਤਰਕਾਰ ਲੇਖਕ ਦੀਆਂ ਰਚਨਾਵਾਂ ਦਾ ਗੰਭੀਰ ਮੁਤਾਲਿਆ ਕਰ ਰਹੇ ਹਨ ਅਤੇ ਉਨ੍ਹਾਂ ਦਾ ਇਹ ਦਾਅਵਾ ਵੀ ਹੈ ਕਿ ਇਨ੍ਹਾਂ ਲਿਖਤਾਂ ਵਿੱਚ ਸਿੱਖਾਂ ਦੇ ਵਿਰੋਧ ਵਾਲੀ ਰੁਚੀ ਲੱਭਣੀ ਏਨੀ ਔਖੀ ਵੀ ਨਹੀਂ ਹੈ। ਇਸੇ ਤਰ੍ਹਾਂ ਇਸ ਵਿਅਕਤੀ ਨੂੰ ਜਦੋਂ ਬਰਤਾਨੀਆਂ ਦਾ ਹਾਈ ਕਮਿਸ਼ਨਰ ਬਣਾ ਕੇ ਭੇਜਿਆ ਗਿਆ ਤਾਂ ਉਸ ਵਕਤ ਹਲਾਤ ਕਿਹੋ ਜਿਹੇ ਸਨ, ਇਨ੍ਹਾਂ ਹਾਲਤਾ ਦਾ ਵਿਸ਼ਲੇਸ਼ਣ ਕਰਨਾ ਵੀ ਗੰਭੀਰ ਖੋਜੀਆਂ ਦੇ ਹਿੱਸੇ ਆਵੇਗਾ। ਦਰਬਾਰ ਸਾਹਿਬ ਦੇ ਸਾਕੇ ਪਿਛੋਂ ਭਾਰਤ ਸਰਕਾਰ ਨੂੰ ਇਹੋ ਜਿਹੇ ਬੰਦੇ ਦੀ ਜ਼ਬਰਦਸਤ ਭਾਲ ਸੀ ਜੋ ਸਿੱਖਾਂ ਵਿੱਚ ਮਕਬੂਲ ਵੀ ਹੋਵੇ ਤੇ ਸਰਕਾਰ ਨੂੰ ਇਹ ਖ਼ਬਰ ਵੀ ਦੇ ਸਕੇ ਕਿ ਦਰਬਾਰ ਸਾਹਿਬ ਉਤੇ ਹੋਏ ਫੌਜੀ ਹਮਲੇ ਕਾਰਨ ਬਰਤਾਨੀਆਂ ਵਿੱਚ ਰਹਿੰਦੇ ਸਿੱਖਾਂ ਦੇ ਗੁੱਸੇ ਦਾ ਪਾਰਾ ਕਿੰਨਾ ਕੁ ਹੈ ਅਤੇ ਕੌਣ ਹਨ ਉਹ ਲੋਕ ਜਿਨ੍ਹਾਂ ਦੇ ਗੁੱਸੇ ਨੂੰ ਸ਼ਾਂਤ ਕੀਤਾ ਜਾ ਸਕਦਾ ਹੈ ਅਤੇ ਕੌਣ ਹਨ ਉਹ ਲੋਕ ਜੋ ਬਾਗੀ ਬਣੇ ਰਹਿਣਗੇ। ਜੇ ਵਿੱਕੀ ਲੀਕਸ ਵਾਂਗ ਇਸ ਵਿਅਕਤੀ ਵੱਲੋਂ ਭਾਰਤ ਸਰਕਾਰ ਨੂੰ ਭੇਜੇ ਡੋਜ਼ੀਅਰਜ਼ ਰਾਹੀਂ ਕੋਈ ਗੁਪਤ ਭੇਤ ਜ਼ਾਹਰ ਹੋਏ ਤਾਂ ਉਸ ਸਮੇਂ ਦੋਰਾਨ ਹੀ ਇਹ ਪਤਾ ਲੱਗੇਗਾ ਕਿ ਉਹ ਸਿੱਖਾਂ ਦਾ ਕਿੱਡਾ ਕੁ ਵੱਡਾ ਹਮਦਰਦ ਹੈ ਅਤੇ ਉਨ੍ਹਾਂ ਦੇ ਦੁੱਖ ਦਰਦਾਂ ਨਾਲ ਉਸ ਦੀ ਸਾਂਝ ਕਿੰਨੀ ਕੁ ਡੁੂੰਘੀ ਹੈ। ਅਸੀਂ ਉਸ ਦਿਨ ਦਾ ਇੰਤਜ਼ਾਰ ਕਰਦੇ ਰਹਾਂਗੇ।

ਅਜੇ ਇਸ ਹਕੀਕਤ ਤੋਂ ਵੀ ਪਰਦਾ ਚੁੱਕਣ ਲਈ ਗੰਭੀਰ ਪੱਤਰਕਾਰਾਂ ਤੇ ਇਤਿਹਾਸਕਰਾਂ ਨੂੰ ਅੱਗੇ ਆਉਣ ਦੀ ਲੋੜ ਹੈ ਜੋ ਇਹ ਦੱਸ ਸਕਣਗੇ ਕਿ ਰਾਜੀਵ-ਲੌਗੋਂਵਾਲ ਸਮਝੌਤੇ ਨੂੰ ਵਿਸ਼ਾਲ ਪ੍ਰਾਪੇਗੰਡੇ ਦੀ ਸ਼ਕਲ ਦੇਣ ਲਈ ਇਸ ਵਿਅਕਤੀ ਨੇ ਕੀ ਕੀ ਰੋਲ ਅਦਾ ਕੀਤਾ? ਸਾਡੀ ਜਾਣਕਾਰੀ ਵਿੱਚ ਇਹ ਤੱਥ ਸ਼ਾਮਿਲ ਹੈ ਕਿ ਇਸ ਵਿਅਕਤੀ ਨੇ ਸੰਤ ਹਰਚੰਦ ਸਿੰਘ ਲੌਗੋਂਵਾਲ ਅਤੇ ਸੁਰਜੀਤ ਸਿੰਘ ਬਰਨਾਲੇ ਨੂੰ ਸਥਾਪਿਤ ਕਰਨ ਲਈ ਇੱਕ ਵੱਡੇ ਅਖ਼ਬਾਰ ਸਮੂਹ ਦੀ ਵਰਤੋਂ ਕੀਤੀ ਅਤੇ ਲੰਮੀਆਂ ਚੌੜੀਆਂ ਮੁਲਕਾਤਾਂ ਦਾ ਇੱਕ ਜਾਲ ਪੰਜਾਬ ਵਿੱਚ ਵਿਛਾਇਆ ਗਿਆ। ਹੁਣ ਉਹ ਦਿਨ ਦੂਰ ਨਹੀਂ ਜਦੋਂ ਉਨ੍ਹਾਂ ਵਿਅਕਤੀਆਂ ਦੇ ਰੋਲ ਦਾ ਵੀ ਪਤਾ ਲੱਗੇਗਾ ਜੋ ਉਨ੍ਹਾਂ ਦਿਨਾਂ ਵਿੱਚ ਉਸ ਦੇ ਸਾਥੀ ਸੰਗੀ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,