ਚੋਣਵੀਆਂ ਲਿਖਤਾਂ » ਲੇਖ

ਬੰਦਾ ਬੈਰਾਗ਼ੀ ਨਹੀਂ, ਬੰਦਾ ਸਿੰਘ ਬਹਾਦੁਰ

March 24, 2016 | By

 

ਦਿੱਲੀ ਦੇ ‘ਸ੍ਰੀ ਗੁਰੂ ਤੇਗ਼ ਬਹਾਦੁਰ ਖਾਲਸਾ ਕਾਲਜ’ ਵਿੱਚ ਪੰਦਰਾਂ ਮਾਰਚ ਨੂੰ ਇੱਕ ਸੈਮੀਨਾਰ ਕੀਤਾ ਗਿਆ, ਜੋ ਪ੍ਰਬੰਧਕਾਂ ਮੁਤਾਬਿਕ ‘ ‘ਹਿੰਦੂ ਯੋਧਾ ਵੀਰ ਬੰਦਾ ਬੈਰਾਗ਼ੀ’ ਨੂੰ ਸਮ੍ਰਪਿਤ ਸੀ । ਪ੍ਰਬੰਧਕ ਸੰਸਥਾ ਦਾ ਨਾਮ ਲਿਖਿਆ ਹੈ, ‘ਅਖਿਲ ਭਾਰਤੀਯ ਇੱਤਹਾਸ ਸੰਕਲਨ ਯੋਜਨਾ’, ਜਿਸ ਦੇ ਪ੍ਰਧਾਨ ਦਾ ਨਾਮ ਲਿਖਿਆ ਹੈ ‘ਪ੍ਰੋ: ਸਤੀਸ਼ ਚੰਦਰ ਮਿੱਤਲ’। ਸੰਸਥਾ ਦੇ ਦੋ ਹੋਰ ਅਧੀਕਾਰੀਆਂ ਦੇ ਨਾਮ ਦਿੱਤੇ ਹਨ, ਤੇ ਦੋਵੇਂ ਹਿੰਦੂ ਨਾਮ ਹਨ ।

ਇਸ ਸੈਮੀਨਾਰ ਦੇ ਮੁੱਖ ਮਹਿਮਾਨ ਬਣਾਏ ਗਏ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾਕਟਰ ਜਸਵਿੰਦਰ ਸਿੰਘ, ਅਤੇ ਮੁੱਖ ਵਕਤਾ ਸ਼੍ਰੀਮਤੀ ਸੁਰਜੀਤ ਕੌਰ ਜੌਲੀ । ਕੈਸੀ ਕਮਾਲ ਦੀ ਗੱਲ ਹੈ, ਇੱਕ ਹਿੰਦੂ ਸੰਸਥਾ, ਦਸਮ ਪਾਤਸ਼ਾਹ ਦੇ ਚਰਨਾਂ ਵਿੱਚ ਬੈਠ ਕੇ ਸਿੱਖੀ ਦੀ ਦਾਤ ਪ੍ਰਾਪਤ ਕਰਨ ਵਾਲੇ ਸਿੱਖ ਯੋਧੇ ਬਾਬਾ ਬੰਦਾ ਸਿੰਘ ਬਹਾਦੁਰ ਉਤੇ ਸੈਮੀਨਾਰ ਕਰਵਾਂਦੀ ਹੈ, ਉਸ ਨੂੰ ‘ਹਿੰਦੂ ਯੋਧਾ’ ਲਿਖ ਕੇ ਅਪਮਾਨਿਤ ਕਰਦੀ ਹੈ, ਤੇ ਉਸ ਦੇ ਮੁੱਖ ਮਹਿਮਾਨ ਤੇ ਮੁੱਖ ਵਕਤਾ ਦੋਵੇਂ ਸਿੱਖ ਹੁੰਦੇ ਹਨ, ਤੇ ਸੈਮੀਨਾਰ ਵੀ ਖਾਲਸਾ ਕਾਲਜ ਵਿੱਚ ਕੀਤਾ ਜਾਂਦਾ ਹੈ । ਸਿੱਖ ਇੱਤਹਾਸ ਦਾ ਹਿੰਦੂਕਰਣ ਇੱਕ ਸਿੱਖ ਤੋਂ, ਇੱਕ ਸਿੱਖ ਦੀ ਛੱਤਰ ਛਾਇਆ ਹੇਠ, ਤੇ ਸਿੱਖ ਕਾਲਜ ਵਿੱਚ ਕਰਵਾਇਆ ਜਾਣਾ, ਕੀ ਇਹ ਸਿੱਖਾਂ ਦੀ ਛਾਤੀ ਉੱਤੇ ‘ਮੁੰਗ ਦੱਲਣ’ ਵਾਲੀ ਗੱਲ ਨਹੀਂ ਹੈ !

ਇੰਝ ਕੋਈ ਪਹਿਲੀ ਵਾਰ ਨਹੀਂ ਹੋਇਆ । ਮੈਂ ਬਹੁਤ ਪਹਿਲਾਂ, ਬਹੁਤ ਬਚਪਨ ਵਿੱਚ, ਸ਼ਾਇਦ ਪੰਜਾਹ ਸਾਲ ਪਹਿਲਾਂ ਮਹਾਂਰਾਸ਼ਟਰ ਸੂਬੇ ਦੇ ਸਕੂਲਾਂ ਵਿੱਚ ਲੱਗੀ ਇੱਕ ਕਿਤਾਬ ਵਿੱਚ ਬੰਦਾ ਸਿੰਘ ਬਹਾਦੁਰ ਬਾਰੇ ਇਹੋ ਲਫਜ਼ ਪੜ੍ਹੇ ਸਨ । ਸਿੱਖ ਇੱਤਹਾਸ ਦਾ ਹਿੰਦੂਕਰਣ ਕਰਨ ਦਾ ਸਿਲਸਿਲਾ ਬਹੁਤ ਪੁਰਾਣਾ ਹੈ, ਤੇ ਇਸ ‘ਸ਼ੁੱਭ ਕਾਰਜ’ ਵਿੱਚ ਸਿਰਫ ਆਰ ਐਸ ਐਸ ਹੀ ਸ਼ਾਮਿਲ ਨਹੀਂ, ਬਲਕਿ ਕਾਂਗਰਸ ਦੇ ਮੋਢੀ ਹੀ, ਇਸ ਦੇ ਮੋਢੀ ਰਹੇ ਹਨ । ਇਹ ੧੯੪੭ ਤੋਂ ਬਾਦ ਦੇ ਆਜ਼ਾਦ ਭਾਰਤ ਦੀ ਨਿਰਧਾਰਤ ਨੀਤੀ ਰਹੀ ਹੈ, ਕਿਤੇ ਲੁੱਕਵੀਂ ਤੇ ਕਿਤੇ ਜ਼ਾਹਰਾ । ਹਾਂ, ਬੀਜੇਪੀ ਦੇ ਤਾਕਤ ਵਿੱਚ ਆਣ ਤੋਂ ਬਾਦ ਇਸ ਨੀਤੀ ਉਤੇ ਨਵੇਂ ਜੋਸ਼ ਖਰੋਸ਼ ਨਾਲ ਤੇ ਖੁੱਲ੍ਹ ਖੁਲਾ ਕੇ ਅਮਲ ਕੀਤਾ ਜਾਣ ਲੱਗਾ ਹੈ ।

ਇਹ ਕੋਈ ਕੱਲੀ ਕੋਸ਼ਿਸ਼ ਵੀ ਨਹੀਂ ਹੈ । ਬਹੁਤ ਸਮੇਂ ਤੋਂ ਬੰਦਾ ਸਿੰਘ ਬਹਾਦੁਰ ਦੇ ਨਾਮ ਤੇ  ‘ਬੈਰਾਗ਼ੀ ਮੰਡਲ’ ਨਾਮ ਦੀ ਕਿਸੇ ਸੰਸਥਾ ਦੀਆਂ ਖਬਰਾਂ ਵੀ ਪੜ੍ਹਨ ਨੂੰ ਮਿੱਲਦੀਆਂ ਰਹਿੰਦੀਆਂ ਹਨ । ਬੰਦਾ ਸਿੰਘ ਬਹਾਦੁਰ ਦੇ ਇਹ ਨਵੇਂ ਪੈਰੋਕਾਰ ਯਕੀਨਨ ਆਰ ਐਸ ਐਸ ਜਾਂ ਭਾਰਤੀ ਏਜੰਸੀਆਂ ਦੀ ਕੋਈ ਸ਼ਾਖਾ ਹੀ ਹੋਣਗੇ ।

ਸ਼ਰਮ ਦੀ ਵੱਡੀ ਗੱਲ ਇਹ ਹੈ ਕਿ ਇਹ ਸੈਮੀਨਾਰ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਬੰਧ ਹੇਠ ਚੱਲਦੇ ਖਾਲਸਾ ਕਾਲਜ ਵਿੱਚ ਹੋਇਆ, ਇਸ ਦੇ ਮੁੱਖ ਮਹਿਮਾਨ ਤੇ ਮੁੱਖ ਵਕਤਾ, ਦੋਵੇਂ ਸਿੱਖ ਸਨ । ਸਿੱਖ ਇੱਤਹਾਸ ਦੀ ਇਹ ਤੋਹੀਨ ਸਿੱਖਾਂ ਦੀ ਮੌਜੂਦਗੀ ਵਿੱਚ ਹੋਈ, ਤੇ ਸਿੱਖਾਂ ਕੋਲੋਂ ਕਰਵਾਈ ਗਈ, ਪਰ ਕਿਸੇ ਸਿੱਖ ਨੇ ਇੰਨੀ ਜੁਅਰੱਤ ਦਾ ਮੁਜ਼ਾਹਰਾ ਨਾ ਕੀਤਾ ਜੋ ਉਸ ਮੌਕੇ ਤੇ ਉੱਠ ਕੇ ਤੋਹੀਨ ਕਰਨ ਵਾਲਿਆਂ ਦਾ ਮੂੰਹ ਮੋੜ੍ਹ ਸਕਦਾ ।

ਹਿੰਦੁਸਤਾਨ ਦੀ ਧਰਤੀ ਤੇ ਅੱਜ ਤੱਕ ਪਤਾ ਨਹੀਂ ਕਿੰਨੇ ‘ਬੈਰਾਗ਼ੀ ਸਾਧੂ’ ਹੋਏ ਹੋਣਗੇ, ਪਰ ਉਹਨਾਂ ਵਿੱਚੋਂ ਹੋਰ ਕੋਈ ਵੀ ਬੰਦਾ ਸਿੰਘ ਬਹਾਦੁਰ ਨਹੀਂ ਬਣ ਸਕਿਆ । ਬੰਦਾ- ਬੈਰਾਗ਼ੀ, ਬੰਦਾ ਸਿੰਘ ਬਹਾਦੁਰ ਦਸਮ ਪਾਤਸ਼ਾਹ ਦੇ ਚਰਨੀਂ ਪੈਣ ਤੋਂ ਬਾਦ ਹੀ ਬਣ ਸਕਿਆ । ਮਾਧੋ ਦਾਸ ਬੈਰਾਗ਼ੀ ਨੂੰ ਜਦੋਂ ਦਸਮ ਪਾਤਸ਼ਾਹ ਦਾ ਥਾਪੜਾ ਮਿਲਿਆ, ਉਸ ਨੇ ਅਮ੍ਰਤਿ ਛਕਿਆ, ਬਾਬਾ ਗੁਰਬਖਸ਼ ਸਿੰਘ ਬਣਿਆਂ, ਦਸਮ ਪਾਤਸ਼ਾਹ ਨੇ ਪੰਜ ਤੀਰਾਂ ਦੀ ਬਖਸ਼ਿਸ਼ ਕੀਤੀ, ਤਾਂ ਜਾ ਕੇ ਉਹ ਬੰਦਾ ਸਿੰਘ ਬਹਾਦੁਰ ਬਣਿਆਂ ਤੇ ਉਸ ਨੂੰ ਮੁਗ਼ਲਾਂ ਦੇ ਖਿਲਾਫ ਜਿੱਤਾਂ ਨਸੀਬ ਹੋਈਆਂ । ਦੁਨੀਆਂ ਦੇ ਨਕਸ਼ੇ ਉਤੇ ਪਹਿਲੀ ਖਾਲਸਈ ਹਕੂਮੱਤ ਸਥਾਪਿਤ ਕਰਨ ਵਾਲੇ ਸੂਰਮੇ ਨੂੰ ਇਹ ਮੁੜ੍ਹ ਬੈਰਾਗੀ ਹਿੰਦੂ ਬਣਾਉਣ ਨੂੰ ਫਿਰਦੇ ਹਨ । ਨਾਨਕਸ਼ਾਹੀ ਸਿੱਕੇ ਤੇ ਮੋਹਰਾਂ ਚਲਾਉਣ ਵਾਲੇ ਸਿੱਖ ਜਰਨੈਲ ਦਾ ਇਹ ਹਿੰਦੂਕਰਣ ਕਰਨ ਨੂੰ ਫਿਰਦੇ ਹਨ । ਪਰ ਨਹੀਂ, ਇੰਝ ਤੁਸੀਂ ਕਰ ਨਹੀਂ ਸਕਣਾ, ਤੇ ਇੰਝ ਅਸੀਂ ਹੋਣ ਨਹੀਂ ਦੇਣਾ ।

ਸਾਡੇ ਲਈ ਕਦੇ ਇਹ ਚੋਣ ਆਈ ਕਿ ਹਿੰਦੂਕਰਣ ਵਾਲੀ ਜ਼ਿਲੱਤ ਅਤੇ ਖਾਲਸਈ ਸਵੈਮਾਣ ਵਾਲੀ ਮੌਤ ਵਿੱਚੋਂ ਇੱਕ ਚੁਣਨਾ ਪੈਣਾ ਹੈ, ਤਾਂ ਯਕੀਨਨ ਸਾਡੀ ਚੋਣ ਸਵੈਮਾਣ ਵਾਲੀ ਮੌਤ ਹੀ ਹੋਵੇਗੀ ।

ਅਸੀਂ ਤਾਂ ਸੰਘਰਸ਼ਮਈ ਜ਼ਿੰਦਗੀ ਦੀ ਸ਼ੁਰੂਆਤ ਹੀ ਬੰਦਾ ਸਿੰਘ ਬਹਾਦੁਰ ਨੂੰ ਦਸਮ ਪਾਤਸ਼ਾਹ ਵੱਲੋਂ ਬਖਸ਼ੇ ‘ਪੰਜ ਤੀਰਾਂ’ ਨੂੰ ਯਾਦ ਕਰਦੇ ਹੋਏ ਕੀਤੀ ਸੀ । ਮੇਰੀ ਕੋਈ ੪੪/੪੫  ਸਾਲ ਪਹਿਲਾਂ ਲਿਖੀ ਕਵਿਤਾ ਤੇ ਪਹਿਲੀ ਕਿਤਾਬ ‘ਪੰਜ ਤੀਰ ਹੋਰ’ ਇਸੇ ਬਖਸ਼ਿਸ਼ ਦੇ ਨਾਲ ਤਾਂ ਸ਼ੁਰੂ ਹੁੰਦੀ ਹੈ । ਦਿੱਲੀ ਸੈਮੀਨਾਰ ਦੇ ਪ੍ਰਬੰਧਕਾਂ ਨੂੰ ਸੰਬੋਧਿਤ ਹੁੰਦੇ ਹੋਏ ਅੱਜ ਇਸੇ ਕਵਿਤਾ ਦੇ ਨਾਲ ਮੈਂ ਆਪਣੀ ਇਹ ਗੱਲ ਖਤਮ ਕਰਦਾ ਹਾਂ ।

ਪੰਜ ਤੀਰ ਹੋਰ

ਜਦੋਂ ਬੰਦੇ ਨੂੰ ਆਪਣੀ ਤਰਕਸ਼ ‘ਚੋਂ

ਪੰਜ ਤੀਰ ਤੂੰ ਦਿਤੇ,

ਤਾਂ ਸੁਣਿਐ ਜ਼ਾਲਮਾਂ ਤੋਂ ਯੁਧ

ਬੰਦੇ ਨੇ ਬਹੁਤ ਜਿੱਤੇ।

ਤੇਰੇ ਤਰਕਸ਼ ਦੇ ਪੰਜ ਤੀਰਾਂ ਨੇ

ਉਤਲੀ ਹੇਠ ਕੀਤੀ ਸੀ

ਤੇਰੇ ਹਰ ਤੀਰ ਨੇ ਤੋਪਾਂ ਦੀ

ਸੁਣਿਐਂ ਗਰਜ ਸੀਤੀ ਸੀ।

ਅਸੀਂ ਪੰਜ ਤੀਰ ਤਰਕਸ਼ ਚੋਂ ਤੇਰੀ

ਮੁੜ ਮੰਗਣ ਆਏ ਹਾਂ,

ਤੇਰੇ ਸਿੱਖ ਹਾਂ, ਹਾਂ ਤੇਰਾ ਰੂਪ

ਬਿਨ ਸੰਗਣ ਹੀ ਆਏ ਹਾਂ।

ਤੇਰੀ ਅੱਜ ਕੌਮ ਦੇ ਸਿਰ ਤੇ ਨਹੀਂ

ਪੈਰਾਂ ‘ਚ ਹੈ ਆਰੀ,

ਇਸੇ ਲਈ ਕੌਮ ਤੇਰੀ ਤੇ ਬਣੀ

ਅੱਜ ਭੀੜ ਹੈ ਭਾਰੀ

ਬਾਪੂ ਅੱਜ ਲੜਨ ਦਾ ਨਿਸ਼ਚਾ

ਤੇਰੇ ਬੰਦਿਆਂ ਨੇ ਮੁੜ ਕੀਤੈ

ਤੇਰੇ ਤੀਰਾਂ ਨੂੰ ਤੈਥੋਂ ਮੰਗਣ ਦਾ

ਤਾਂ ਹੀ ਹੋਸਲਾ ਕੀਤੈ।

ਤੇਰੇ ਤਰਕਸ਼ ਦੇ ਤੀਰਾਂ ਨਾਲ

ਨਿਸ਼ਾਨੇ ਵਿੰਨ ਵਿੰਨ ਮਾਰਾਂਗੇ,

ਤੇ ਗਿਣ ਗਿਣ ਕੇ ਸਿਰਾਂ ਨੂੰ

ਸਿਰਾਂ ਦੇ ਅਸੀਂ ਮੁਲ ਉਤਾਰਾਂਗੇ।

ਤੇਰੇ ਤੀਰਾਂ ਨਾਲ ਚਲਦੀ ਹਵਾ ਦਾ

ਅਸੀਂ ਰੁਖ ਮੋੜਾਂਗੇ,

ਜਿਨ੍ਹਾਂ ਸੰਗਲਾਂ ‘ਚ ਜਕੜਿਐ ਕੌਮ ਨੂੰ

ਉਹ ਸੰਗਲ ਤੋੜਾਂਗੇ।

ਤੇਰੇ ਝੰਡੇ ਦੀ ਥਾਵੇਂ

ਝੂਲਦੇ ਪਏ ਝੰਡੇ ਅੱਜ ਜਿਹੜੇ

ਇਨ੍ਹਾਂ ਝੰਡਿਆਂ ਨੂੰ ਲਾਹਵਾਂਗੇ

ਸਮੁੰਦਰਾਂ ਵਿਚ ਰੋੜ੍ਹਾਂਗੇ।

ਤੇਰੇ ਹੁਕਮਾਂ ਦਾ ਇਥੇ ਫਿਰ

ਵੇਖੀਂ ਰਾਜ ਹੋਵੇਗਾ,

ਤੇ ਤੇਰੀ ਲਹੂ ‘ਚ ਲਿਬੜੀ

ਕੌਮ ਦੇ ਸਿਰ ਤਾਜ ਹੋਵੇਗਾ।

…………………………

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,