ਲੇਖ

ਸੁਰਤਿ ਦੀ ਪ੍ਰਵਾਜ਼ ਅਤੇ ਬੁੱਤ ਪ੍ਰਸਤੀ

December 2, 2022 | By

ਗੁਰੂ ਸਾਹਿਬਾਨ ਅਤੇ ਚਾਰ ਸਾਹਿਬਜ਼ਾਦਿਆਂ ਦੀਆਂ ਤਸਵੀਰਾਂ/ਫਿਲਮਾਂ ਬਣਾਉਣ ਦਾ ਯਤਨ ਕਰਨਾ ਮਹਾ ਪਾਪ ਕਰਨ ਦੇ ਤੁੱਲ ਹੈ। ਇਸ ਪਿੱਛੇ ਮੁੱਖ ਰੂਪ ਵਿਚ ਦੋ ਕਾਰਨ ਹਨ। ਪਹਿਲਾ, ਭਾਈ ਗੁਰਦਾਸ ਜੀ ਆਖਦੇ ਹਨ ਕਿ “ਗੁਰ ਮੂਰਤਿ ਗੁਰ ਸਬਦੁ ਹੈ”। ਸੋ ਜੇਕਰ ਗੁਰੂ ਦਾ ਸਰੂਪ ਸ਼ਬਦ ਰੂਪ ਹੈ ਤਾਂ ਸ਼ਬਦ ਗੁਰੂ ਦੇ ਗਿਣਤੀਆਂ ਤੋਂ ਰਹਿਤ ਬ੍ਰਹਿਮੰਡੀ ਸਰੀਰ ਨੂੰ ਕਿਸੇ ਵੀ ਰੂਪ ਵਿੱਚ ਫਿਲਮਾਉਣਾ ਜਾਂ ਉਸ ਬਾਰੇ ਸੋਚਣਾ ਬਹੁਤ ਵੱਡੀ ਕੋਤਾਹੀ ਹੈ। ਸ਼ਬਦ ਦਾ ਭੇਦ ਗੁਰੂ ਦੀ ਯਾਦ ਵਿੱਚ ਜੁੜਨ ਤੋਂ ਬਾਅਦ ਸੁਰਤਿ ਰੂਪ ਵਿੱਚ ਹੀ ਪਾਇਆ ਜਾ ਸਕਦਾ ਹੈ। ਉਹ ਵੀ ਜੇਕਰ ਗੁਰੂ ਦੀ ਬਖਸ਼ਿਸ਼ ਹੋਵੇ। ਦੂਜਾ, ਗੁਰੂ ਸਾਹਿਬ ਦੀਆਂ ਮੂਰਤਾਂ ਬਣਾਉਣਾ ਗੁਰਬਾਣੀ ਅਤੇ ਸਿੱਖੀ ਸਿਧਾਂਤਾਂ ਅਨੁਸਾਰ ਬਿਲਕੁਲ ਉਲਟ ਗੱਲ ਹੈ। ਗੁਰਬਾਣੀ ਤਾਂ ਮੂਰਤੀ ਦੇ ਨਿਸ਼ੇਦ ਵਿੱਚ ਆਖਦੀ ਹੈ ਕਿ “ਜੋ ਪਾਥਰ ਕਉ ਕਹਤੇ ਦੇਵ।। ਤਾ ਕੀ ਬਿਰਥਾ ਹੋਵੈ ਸੇਵ।। ਜੋ ਪਾਥਰ ਕੀ ਪਾਂਈ ਪਾਇ।। ਤਿਸ ਕੀ ਘਾਲ ਅਜਾਂਈ ਜਾਇ।।” ਦਸਮ ਪਾਤਿਸ਼ਾਹ ਔਰੰਗਜ਼ੇਬ ਨੂੰ ਜਫਰਨਾਮੇ ਵਿਚ ਪਹਾੜੀ ਰਾਜਿਆ ਨਾਲ ਆਪਣੇ ਵਿਰੋਧ ਦਾ ਕਾਰਨ ਦੱਸਦਿਆਂ ਲਿਖਦੇ ਹਨ ਕਿ ਉਹ ਬੁੱਤ-ਪੂਜਕ ਹਨ ਅਤੇ ਮੈਂ ਮੂਰਤੀ ਖੰਡਕ ਹਾਂ,

 “ਮਨਮ ਕੁਸ਼ਤਨਮ ਕੋਹੀਯਾ ਬੁਤ ਪਰਸਤ ।।

                               ਕਿ ਓ ਬੁਤ ਪਰਸਤੰਦੁ ਮਨ ਬੁਤ ਸ਼ਿਕਸਤ ।।” (ਜਫਰਨਾਮਾ,੯੫)

ਸੋ ਇਹ ਸਪਸ਼ਟ ਹੈ ਕਿ ਗੁਰੂ ਬੁੱਤ ਨੂੰ ਤੋੜਦਾ ਹੈ। ਇਹ ਬੁੱਤ ਸੂਖਸ਼ਮਤਾ ਤੋਂ ਸਥੂਲਤਾ ਤੱਕ ਅਨੇਕਾਂ ਰੂਪਾਂ ਵਿਚ ਹੋ ਸਕਦੇ ਹਨ। ਪੱਥਰ ਦੀ ਮੂਰਤ ਬੁੱਤ ਦਾ ਸਥੂਲ ਰੂਪ ਹੈ ਭਾਵੇਂਕਿ ਇਸ ਪਿੱਛੇ ਅਨੇਕਾਂ ਕਿਸਮ ਦੇ ਮਨੋਵਿਗਿਆਨਕ ਪ੍ਰਭਾਵ ਜੁੜੇ ਹੋਏ ਹਨ ਜੋਕਿ ਸੂਖਸ਼ਮ ਰੂਪ ਹਨ। ਪਰ ਇਸ ਤੋਂ ਇਲਾਵਾ ਬੁੱਤ ਦੇ ਬਰੀਕ ਜਾ ਸੂਖਸ਼ਮ ਰੂਪ ਵੀ ਹੁੰਦੇ ਹਨ ਜਿਨ੍ਹਾਂ ਵਿੱਚੋ ਪ੍ਰੋ. ਹਰਿੰਦਰ ਸਿੰਘ ਮਹਿਬੂਬ ਨੇ ਤਿੰਨ ਮੁੱਖ ਰੂਪ ਵਰਣਿਤ ਕੀਤੇ ਹਨ ਜਿਵੇ ਅਪਕੜਤਾ ਦੇ ਬੁੱਤ, ਅਮਲ ਦੀ ਵਚਿੱਤਰਤਾ ਦੇ ਬੁੱਤ ਅਤੇ ਦਰਸ਼ਨ ਸੂਖਮਤਾ ਦੇ ਬੁੱਤ।

ਮਨੁੱਖ ਸਦਾ ਹੀ ਕਿਸੇ ਅਪਕੜ ਜਾਂ ਅਛੁਹ ਅਨੁਭਵ ਲਈ ਤਾਂਘਦਾ ਹੈ। ਮਜ੍ਹਬ ਜਦੋ ਆਪਣੇ ਪੂਰਨਤਾ ਦੇ ਪਲ ਵਿਚ ਹੁੰਦਾ ਹੈ ਉਸ ਸਮੇਂ ਉਹ ਇਸ ਅਵਸਥਾ ਵਿਚ ਹੁੰਦਾ ਹੈ। ਇਸ ਵਿਸਮਾਦੀ ਅਨੁਭਵ ਵਿੱਚ ਮਨੁੱਖ ਅਕਾਲ ਪੁਰਖ ਦੀ ਸਿਧੀ ਪ੍ਰਤੀਤੀ ਵਿਚ ਹੁੰਦਾ ਹੈ। ਮਜ੍ਹਬ ਇਸ ਅਪਕੜ ਜਾ ਅਛੁਹ ਨੂੰ ਹੋਦ ਵਿੱਚ ਲਿਆਉਣ ਵਾਲੀ ਪ੍ਰਮੁੱਖ ਜਰੀਆ ਹੈ। ਪਰ ਜਦੋਂ ਮਜ੍ਹਬ ਦੇ ਉੱਚ ਅਨੁਭਵ ਦੇ ਸਫਰ ਵਿੱਚ ਖੜੋਤ ਵਾਪਰਦੀ ਹੈ ਤਾਂ ਮਨੁੱਖ ਦੀ ਅਪਕੜ ਜਗਤ ਵੱਲ ਵਧ ਰਹੀ ਸ਼ਾਹੀ ਪ੍ਰਵਾਜ ਮਨੁੱਖ ਦੀਆਂ ਅਕਲੀ ਯੋਜਨਾਵਾਂ ਅਤੇ ਫਾਰਮੂਲਿਆਂ ਦੀ ਸ਼ਿਕਾਰ ਹੋ ਜਾਦੀ ਹੈ। ਇਸ ਸਮੇਂ ਫਿਰ ਮਨੁੱਖ ਉਸ ਉੱਚੇ ਅਨੁਭਵ ਦੇ ਖਲਾ ਨੂੰ ਨਕਲ ਨਾਲ ਭਰਨ ਦੀ ਕੋਸ਼ਿਸ਼ ਕਰਦਾ ਹੈ। “ਵੱਡੇ ਪੈਮਾਨੇ ਉੱਤੇ ਨਕਲ ਤਿਆਰ ਕਰਨੀ, ਵੱਡੇ ਪੈਮਾਨੇ ਉੱਤੇ ਬੁੱਤ ਤਿਆਰ ਕਰਨ ਦਾ ਹੀ ਦੂਸਰਾ ਨਾਂ ਹੈ।” (ਸਹਿਜੇ ਰਚਿਓ ਖਾਲਸਾ, ਪੰਨਾ – ੭੮੧) ਇਸ ਤਰਾਸਦੀ ਵਿੱਚੋ ਫਿਰ ਅਪਕੜਤਾ ਦੇ ਬੁੱਤ ਜਨਮ ਲੈਦੇ ਹਨ ਜੋੰਕਿ ਅਸਲ ਅਨੁਭਵ ਦੀ ਪ੍ਰਾਪਤੀ ਲਈ ਲਗਾਈਆ ਕਿਆਸ ਅਰਾਈਆਂ ਹੁੰਦੇ ਹਨ। ਅਛੁਹ ਜਗਤ ਵਿੱਚ ਨਿਘਾਰ ਆਉਣ ਤੋਂ ਬਾਅਦ ਧਰਮ-ਚੇਤਨਾ ਦੇ ਸਮੁੱਚੇ ਰੂਹਾਨੀ ਦ੍ਰਿਸ਼ ਨਿਰਜਿੰਦ ਹੋ ਜਾਂਦੇ ਹਨ । ਉਸ ਸਮੇਂ ਮਨੁੱਖੀ ਚੇਤਨਾ ਰੱਬਾਨੀਅਨ ਤੋਂ ਸੱਖਣੇ ਅਮਲ ਵਿੱਚ ਜਿਊਂਦੀ ਹੈ। ਇਸ ਹਾਲਤ ਵਿੱਚ ਰੱਬਾਨੀਅਤ ਤੋਂ ਸੱਖਣਾ ਅਮਲ ਮਸਨੂਈ ਢੰਗਾਂ ਨਾਲ ਆਪਣੇ ਵਿੱਚ ਸੱਚਾ ਅਮਲ ਪੈਦਾ ਕਰਨ ਦੀ ਕੌਸ਼ਿਸ਼ ਕਰਦਾ ਹੈ। “ਰੱਬਾਨੀਅਤ ਤੋਂ ਖਾਲੀ ਹਨੇਰੇ ਵਿੱਚ ਰੱਬਾਨੀਅਤ ਫ਼ਰਜ਼ ਕਰਨ ਨਾਲ ਰੱਬਾਨੀਅਤ ਦੇ ਮਨੋਰਥ ਪਦਾਰਥਕ ਬਿਰਤੀ ਵਾਲੇ ਹੋ ਜਾਂਦੇ ਹਨ। ਰੱਬਾਨੀਅਤ ਦੀ ਖੁਸ਼ਕ ਨਕਲ ਆਪਣੇ ਬਿੰਬਾਂ ਵਿੱਚ ਚੱਲ ਰਹੇ ਅਮਲ ਨੂੰ ਵੀ ਆਪਣੀ ਖੁਸ਼ਕੀ ਨਾਲ ਭਰ ਦਿੰਦੀ ਹੈ।”( ਸਹਿਜੇ ਰਚਿਓ ਖ਼ਾਲਸਾ , ੭੮੬) ਨਕਲੀ ਅਮਲ ਦੀ ਇਸ ਨਿਸ਼ੇਧ ਪ੍ਰਕਿਰਿਆ ਵਿੱਚੋਂ ਫਿਰ ਅਮਲ ਦੀ ਵਚਿੱਤਰਤਾ ਦੇ ਬੁੱਤ ਜਨਮ ਲੈੰਦੇ ਹਨ। ਅਮਲ ਦੀ ਇਸ ਗੁਮਰਾਹ ਹਾਲਤ ਵਿੱਚੋਂ ਫਿਰ ਵਹਿਮ ਜਨਮ ਲੈੰਦਾ ਹੈ ਅਤੇ ਵਹਿਮ ਵਿੱਚ ਮੁੜ ਕਰਮ-ਕਾਂਡ ਉਤਪੰਨ ਹੁੰਦੇ ਹਨ। 

ਦਾਰਸ਼ਨਿਕ ਸ਼ੂਖਮਤਾ ਇਕ ਪੱਧਰ ਤੇ ਸਿਰਜਣਾਤਮਕ ਛਿਣ ਹੈ ਅਤੇ ਦੂਜੇ ਪਾਸੇ ਇਹ ਪਦਾਰਥਕ ਲਾਲਸਾਵਾਂ ਦਾ ਹਉਮੈ ਰੂਪੀ ਭਾਰ ਵੀ ਬਣ ਜਾਂਦੀ ਹੈ। ਜਦੋ ਖਿਆਲ ਹੁਕਮ ਅਤੇ ਨਦਰ ਨਾਲ਼ੋਂ ਟੁੱਟ ਆਪਣੀ ਅੱਡ ਹਸਤੀ ਅਖਤਿਆਰ ਕਰ ਲੈੰਦਾ ਹੈ ਉਸ ਸਮੇਂ ਖਿਆਲ ਬੁੱਤ ਦਾ ਰੂਪ ਧਾਰਨ ਕਰ ਲੈੰਦਾ ਹੈ। ਦਰਸ਼ਨ ਸੂਖਮਤਾ ਦੇ ਬੁੱਤ ਉਸਾਰਨ ਤੋਂ ਬਾਅਦ ਮਨੁੱਖ ਦੀ ਹਊਮੈ ਸਿਖਰ ਰੂਪ ਧਾਰਨ ਕਰ ਲੈੰਦੀ ਹੈ ਅਤੇ ਮਨੁੱਖ ਹਰੇਕ ਵਸਤ ਨੂੰ ਆਪਣੇ ਮੁਕਾਬਲੇ ਵਿੱਚ ਤਸੱਵਰ ਕਰਦਾ ਹੈ। ਜਿਸ ਮੁਕਾਮ ਤੇ ਪਹੁੰਚ ਉਸਦੀ ਦਰਸ਼ਨ-ਸੂਖਮਤਾ ਉਸਦੇ ਸਫਰ ਵਿੱਚ ਖੜੋਤ ਬਣ ਬੁੱਤ ਦਾ ਰੂਪ ਅਖਤਿਆਰ ਕਰ ਲੈੰਦੀ ਹੈ। “ਸੋ ਖਿਆਲ ਦੀ ਸੂਖਮਤਾ ਦੇ ਬੁੱਤ ਮਨੁੱਖੀ ਚੇਤਨਾ ਨੂੰ ਇਲਾਹੀ ਹੁਕਮ ਅਤੇ ਕਰਮ ਦੀ ਸਲਤਨਤ ਤੋਂ ਬਾਹਰ ਕਰ ਦਿੰਦੇ ਹਨ, ਮਨੁੱਖ ਦੀ ਹਸਤੀ ਦਾ ਬਿੰਦੂ ‘ਅੰਤਮ-ਹੈ’ ਨਾਲੋ ਆਪਣਾ ਰਿਸ਼ਤਾ -ਤੋੜ ਲੈੰਦਾ ਹੈ, ਅਤੇ ‘ਜੋ ਹੈ, ਸੋ ਹੈ, ਦੇ ਨਸ਼ੇ ਨੂੰ ਭੁੱਲ ਜਾਂਦਾ ਹੈ । ਉਸ ਨੂੰ ਗੁਮਨਾਮੀ ਦਾ ਭੈਅ ਸਤਾਉਂਦਾ ਹੈ , ਅਤੇ ਉਸ ਨੂੰ ਆਪਣੀਆਂ ਕੁੱਲ ਕੀਮਤਾਂ ਦੇ ਬੇ-ਨਿਸ਼ਾਨ ਹੋਣ ਦੀ ਘਬਰਾਹਟ ਰਹਿੰਦੀ ਹੈ । ਇੰਝ ਉਸ ਅੰਦਰ ਮੋਤ ਦਾ ਭੈਅ ਬਲਵਾਨ ਰੂਪ ਵਿੱਚ ਪ੍ਰਵੇਸ਼ ਕਰਦਾ ਹੈ। ਉਹ ਅਦ੍ਰਿਸ਼ਟ ਡਰ ਨੂੰ ਘਟਾਉਣ ਲਈ ਜੀਵਨ ਦੀ ਲੰਬਾਈ ਅਤੇ ਸਥਾਨਕ – ਫੈਲਾਉ ਦੇ ਕਬਜ਼ੇ ਦੀ ਲਾਲਸਾ ਕਰਦਾ ਹੈ। (ਸਹਿਜੇ ਰਚਿਓ ਖ਼ਾਲਸਾ, ੭੮੯)

ਗੁਰੂ ਮਨੁੱਖ ਦੀ ਸੁਰਤਿ ਅੱਗੇ ਆ ਰਹੀ ਹਰੇਕ ਕਿਸਮ ਦੀ ਖੜੋਤ ਦਾ ਭੰਜਨ ਕਰਦਾ ਹੈ ਅਤੇ ਸੁਰਤਿ ਨੂੰ ਵਿਗਾਸ ਬਖਸ਼ਦਾ ਹੈ। ਗੁਰੂ ਸਿੱਖ ਨੂੰ ਸ਼ਬਦ ਦੇ ਲੜ ਲਗਾਉਦਾ ਹੈ। ਸ਼ਬਦ ਗੁਰੂ ਦੇ ਲੜ ਲਗ ਕੇ ਸੁਰਤਿ ਅਕਾਲ ਪੁਰਖ ਵੱਲ ਸਫਰ ਕਰਦੀ ਹੈ। ਸੋ ਇਸ ਸਫਰ ਦੌਰਾਨ ਜਿਹੜੀ ਚੀਜ ਵੀ ਸੁਰਤਿ ਅੱਗੇ ਖੜੋਤ ਬਣ ਖਲੋਦੀ ਹੈ ਗੁਰੂ ਉਨਾਂ ਬੁੱਤਾ ਨੂੰ ਤੋੜਦਾ ਹੈ। ਗੁਰੂ ਬੁੱਤ ਸ਼ਿਕਨ ਹੈ। ਇਹ ਬੁੱਤ ਸੂਖਸ਼ਮ ਤੋਂ ਸਥੂਲਾ ਅਨੇਕਾਂ ਰੂਪਾਂ ਅਤੇ ਰੰਗਾਂ ਵਾਲੇ ਹੋ ਸਕਦੇ ਹਨ। ਜਿਹੜੀ ਵੀ ਚੀਜ ਗੁਰੂ ਵੱਲ ਸਫਰ ਕਰ ਰਹੀ ਸੁਰਤਿ ਦੇ ਵਿਚਕਾਰ ਆ ਸੁਰਤਿ ਦੇ ਸਫਰ ਨੂੰ ਹੋੜਦੀ ਹੈ ਉਹ ਇਕ ਕਿਸਮ ਦਾ ਬੁੱਤ ਹੈ। ਇਹ ਬੁੱਤ ਅਕਾਰ ਰੂਪ ਵੀ ਹੋ ਸਕਦੇ ਹਨ ਅਤੇ ਅਕਾਰ ਤੋਂ ਰਹਿਤ ਖਿਆਲ ਰੂਪ ਵੀ ਹੋ ਸਕਦੇ ਹਨ। ਜਦੋ ਮਨੁੱਖ ਅਕਾਲ ਪੁਰਖ ਦੇ ਹੁਕਮ ਤੋਂ ਟੁੱਟ ਜਾਂਦਾ ਹੈ ਤਾਂ ਮਨੁੱਖ ਇੰਨਾਂ ਬੁੱਤਾ ਤੇ ਯਕੀਨ ਰੱਖਦਾ ਹੋਇਆ ਅਸਲ ਅਨੁਭਵ ਦੀ ਤਾਂਘ ਕਰਦਾ ਹੈ। ਇਸ ਤਾਂਘ ਸਦਕਾ ਹੀ ਮਨੁੱਖ ਬੁੱਤ ਪੂਜਕ ਬਣ ਜਾਂਦਾ ਹੈ। ਜਿਸ ਵਿੱਚੋਂ ਫਿਰ ਅਨੇਕਾਂ ਕਿਸਮ ਦੇ ਕਰਮ ਕਾਂਡ ਜਨਮ ਲੈੰਦੇ ਹਨ ਅਤੇ ਇੰਨਾਂ ਸਥੂਲ ਬੁੱਤਾਂ ਵਸ ਪੈ ਸੁਰਤਿ ਦੀ ਪਰਵਾਜ਼ ਲਘੂ ਘੇਰਿਆ ਵਿੱਚ ਉਲਝ ਕੇ ਰਹਿ ਜਾਂਦੀ ਹੈ । ਇਸ ਹਾਲਤ ਵਿੱਚ ਮਨੁੱਖ ਬੇਬਸੀ ਦੇ ਆਲਮ ਵਿੱਚ ਚੱਲਿਆ ਜਾਂਦਾ ਹੈ ਅਤੇ ਮਨੁੱਖ ਆਪਣੀਆਂ ਇਖਲਾਕੀ ਕਮਜ਼ੋਰੀਆਂ ਦੇ ਨਾਲ ਚਲਦਿਆਂ ਧਰਮੀ ਹੋਣ ਦਾ ਨਾਟਕ ਕਰਦਾ ਹੈ। ਉਸ ਸਮੇਂ ਕਰਮ ਕਾਂਡ ਦੇ ਪਿੱਛੇ ਲੱਗਣ ਵਾਲਾ ਮਨੁੱਖ ਰੱਬ ਨੂੰ ਆਪਣੀ ਮਰਜੀ ਨਾਲ ਅਨੇਕਾਂ ਕਿਸਮ ਦੇ ਬੁੱਤਾਂ ਵਿੱਚ ਉਲਟਾ ਲੈਦਾ ਹੈ।  ਇਸ ਗੱਲ ਨੂੰ ਸਪਸ਼ਟ ਕਰਨ ਲਈ ਪ੍ਰੋ ਹਰਿੰਦਰ ਸਿੰਘ ਮਹਿਬੂਬ ਦਾ ਹਵਾਲਾ ਜਰੂਰੀ ਹੈ,”ਆਦਮੀ ਦੀ ਬੁੱਧੀ ਰੱਬ ਵੱਲੋਂ ਬੇਮੁੱਖ ਹੋ ਕੇ ਫ਼ਲਸਫ਼ੇ ਦੀ ਤੋੜ-ਭੱਜ ਉੱਤੇ ਟਿੱਕ ਗਈ; ਕਲਪਨਾ ਵਿੱਚ ਰੱਬ ਦੀ ਥਾਂ ਬਿੰਬਾਂ ਦੀ ਘੁੰਮਣ-ਘੇਰੀ ਪੈਣ ਲੱਗੀ; ਸੰਖਿਪਤ ਵਿੱਚ ਰੱਬ ਦਾ ਰਿਸ਼ਤਾ ਸਿਰਫ਼ ਖਿਆਲ ਨਾਲ ਹੀ ਰਹਿ ਗਿਆ। ਬੇਸ਼ੱਕ ਰੱਬ ਇਕ ਸੀ, ਪਰ ਇਸਨੂੰ ਮਨਮਰਜ਼ੀ ਨਾਲ ਅਨੇਕਾਂ ਬੁੱਤਾਂ ਵਿੱਚ ਉਲਟਾਂ ਲਿਆ ਜਾਂਦਾ ਸੀ- ਚਿੰਤਨ ਦੇ ਬੁੱਤਾਂ ਵਿੱਚ, ਕਾਲ ਦੇ ਬੁੱਤਾਂ ਵਿੱਚ, ਦੇਵਤਿਆਂ ਦੇ ਬੁੱਤਾਂ ਵਿੱਚ, ਕਰਮ-ਕਾਂਡ ਦੇ ਬੁੱਤਾਂ ਵਿੱਚ ਅਤੇ ਮਨੁੱਖੀ ਸੁਆਦਾਂ ਅਤੇ ਕਰਤੱਵਾਂ ਦੇ ਬੁੱਤਾਂ ਵਿੱਚ।”

ਗੁਰੂ ਸਾਹਿਬਾਨ ਦੀਆਂ ਤਸਵੀਰਾਂ ਜਾਂ ਫਿਲਮਾਂ ਬਣਾਉਣ ਦਾ ਅਮਲ ਰੂਹਾਨੀ ਖੁਦਕੁਸ਼ੀ ਸਾਬਿਤ ਹੋਵੇਗਾ। ਤਸਵੀਰਾਂ ਜਾਂ ਫਿਲਮਾਂ ਗੁਰੂ ਸਾਹਿਬ ਦੇ ਜੋਤਿ ਸਵਰੂਪ ਨੂੰ ਛੋਟਾ ਕਰਨ ਦੇ ਕੋਝੇ ਯਤਨ ਹਨ। ਇਹ ਯਤਨ ਸਾਂਝੀ ਸਿੱਖ ਸੁਰਤਿ ਨੂੰ ਸ਼ਬਦ ਨਾਲੋਂ ਤੋੜ ਮੂਰਤੀ ਵਿੱਚ ਅਟਕਾ ਦੇਣਗੇ। ਸਾਂਝੀ ਚੇਤਨਾ ਰੰਗਮੰਚ ਦੇ ਦ੍ਰਿਸ਼ਾ ਵਿੱਚ ਅਟਕ ਜਾਵੇਗੀ ਅਤੇ ਗੁਰੂ ਦੇ ਅਕਾਲ ਰੂਪ ਵੱਲ ਫੈਲਦੀ ਚੇਤਨਾ ਗਵਾ ਲੈਣਗੇ। ਅਸੀ ਗੁਰੂ ਬਿੰਬ ਨੂੰ ਆਪਣੀ ਸੁਰਤਿ ਵਿੱਚ ਸੁੰਗੇੜ ਲਵਾਂਗੇ। ਜਦਕਿ ਗੁਰਬਾਣੀ ਸਾਡੀ ਚੇਤਨਾ ਦੇ ਪਸਾਰਾ ਨੂੰ ਵਿਸ਼ਾਲਤਾ ਵੱਲ ਲੈ ਕੇ ਜਾਦੀ ਹੈ। ਜਦੋਂ ਗੁਰੂ ਨਾਨਕ ਸਾਹਿਬ ਆਪਣੀਆਂ ਉਦਾਸੀਆਂ ਦੌਰਾਨ ਜਗਨਨਾਥ ਪੁਰੀ ਵਿਖੇ ਗਏ ਉਸ ਸਮੇਂ ਪੰਡਿਤ ਆਰਤੀ ਕਰ ਰਹੇ ਸਨ। ਕੁਝ ਸਮਾਂ ਆਰਤੀ ਵਿਚ ਸ਼ਾਮਿਲ ਹੋਣ ਤੋਂ ਬਾਅਦ ਗੁਰੂ ਸਾਹਿਬ ਮੰਦਿਰ ਵਿੱਚ ਬਾਹਰ ਨਿਕਲ ਕੇ ਬੈਠ ਗਏ। ਪੰਡਤਾਂ ਵਲੋਂ ਗੁਰੂ ਸਾਹਿਬ ਨੂੰ ਬਾਹਰ ਆਉਣ ਦਾ ਕਾਰਨ ਪੁੱਛਣ ਤੇ ਉਹ ਅਕਾਲ ਪੁਰਖ ਦੇ ਸਵਰੂਪ ਅੱਗੇ ਆਰਤੀ ਦੇ ਲਘੂ ਹੋਣ ਦੀ ਦੱਸ ਪਾਉਦੇ ਹਨ ਅਤੇ ਅਕਾਲ ਪੁਰਖ ਦੇ ਮਹਾਨ ਅਤੇ ਅਕੱਥ ਸਵਰੂਪ ਦੀ ਸਿਫਤ ਵਿੱਚ ਆਰਤੀ ਦਾ ਗਾਇਨ ਕਰਦੇ ਹਨ। ਇਹ ਸਾਖੀ ਸੁਰਤਿ ਨੂੰ ਲਘੂ ਪਸਾਰਾ ਦੀ ਕੈਦ ਤੋਂ ਮੁਕਤ ਕਰਵਾ ਅਕਾਲ ਸੂਖਮਤਾ ਵੱਲ ਸਫਰ ਕਰਨ ਲਈ ਪ੍ਰੇਰਦੀ ਹੈ। ਇਸ ਨਾਲ ਮਨੁੱਖ ਅਕਾਲ ਪੁਰਖ ਨੂੰ ਬ੍ਰਹਿਮੰਡੀ ਦ੍ਰਿਸ਼ਟੀ ਨਾਲ ਅਨੁਭਵ ਕਰਨ ਦਾ ਯਤਨ ਕਰਦਾ ਹੈ। ਸੋ ਇਸੇ ਤਰਾ ਮਨੁੱਖ ਵਲੋਂ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਬਣਾਉਣ ਦਾ ਯਤਨ ਇਕ ਬਿਪਰਵਾਦੀ ਅਮਲ ਹੈ ਜੋਕਿ ਗੁਰੂ ਸਾਹਿਬਾਨ ਦੇ ਅਕਾਲ ਸਵਰੂਪ ਨੂੰ ਦੁਨਿਆਵੀ ਸਾਂਚਿਆਂ ਵਿੱਚ ਕੈਦ ਕਰਕੇ ਸੁੰਗੇੜਨ ਦਾ ਯਤਨ ਹੈ। ਜਿਵੇ ਪ੍ਰੋ. ਹਰਿੰਦਰ ਸਿੰਘ ਮਹਿਬੂਬ ਦਾ ਕਥਨ ਹੈ, ”ਖ਼ਾਲਸੇ ਨੂੰ ਗੁਰੂ ਸਾਹਿਬਾਨ ਜਾਂ ਉਨ੍ਹਾਂ ਦੇ ਜੀਵਨ ਨਾਲ ਸਬੰਧਤ ਕਿਸੇ ਵੀ ਗੁਰਸਿੱਖ ਦੇ ਕਿਸੇ ਵੀ ਰੂਪ ਜਾਂ ਅਮਲ ਨੂੰ ਵਿੰਗੇ-ਟੇਢੇ ਢੰਗ ਨਾਲ ਨਾਟਕ ਵਿਚ ਬਦਲ ਕੇ ਰੰਗਮੰਚ ਉੱਤੇ ਖੇਡਣਾ ਨਹੀਂ ਚਾਹੀਦਾ ਅਤੇ ਨਾ ਹੀ ਗੁਰੁ ਸਾਹਿਬਾਨ ਦੀ ਕੋਈ ਤਸਵੀਰ ਬਣਾਉਣੀ ਚਾਹੀਦੀ ਹੈ। ਅਜਿਹਾ ਕਰਨ ਨਾਲ ਗੁਰੂ ਸਾਹਿਬਾਨ ਦੇ ਦੈਵੀ ਰੂਪਾਂ ਦੀ ਅਨੰਤਤਾ ਕਮਜ਼ੋਰ ਦੁਨਿਆਵੀ ਸਾਂਚਿਆਂ ਵਿਚ ਸੁੰਗੜ ਕੇ ਰਹਿ ਜਾਵੇਗੀ ਅਤੇ ਸਾਂਝੇ ਸਿੱਖ ਅਨੁਭਵ ਵਿਚੋਂ ਗੁਰੂਆਂ ਦੀ ਮਹਾਨਤਾ ਦੇ ਬੇਨਜ਼ੀਰ ਸੁਪਨੇ ਸਦਾ ਲਈ ਅਲੋਪ ਹੋ ਜਾਣਗੇ ਜਾਂ ਕਮਜ਼ੋਰ ਪੈ ਜਾਣਗੇ। ਗੁਰੂਆਂ ਅਤੇ ਗੁਰ-ਲਿਵ ਦੇ ਨੇੜੇ ਦੇ ਸਿੱਖ ਇਤਿਹਾਸ ਉੱਤੇ ਪਲਣ ਵਾਲੀ ਖ਼ਾਲਸਾ ਸਾਈਕੀ (ਮਾਨਸਿਕਤਾ) ਨੂੰ ਕਿਸੇ ਪ੍ਰਕਾਰ ਦੀ ਵੀ ਨਾਟਕੀ ਪ੍ਰਦਰਸ਼ਨੀ ਪਹਿਲਾਂ ਬੇਰਸ ਅਤੇ ਆਲਸੀ ਬਣਾਏਗੀ, ਫੇਰ ਥਕਾਵੇਗੀ ਅਤੇ ਅੰਤ ਵਿਚ ਠੰਡਾ ਯੁੱਖ ਕਰ ਦੇਵੇਗੀ।”

ਗੁਰੂ ਸਾਹਿਬਾਨ ਅਤੇ ਗੁਰਸਿੱਖਾਂ ਦੀਆਂ ਫਿਲਮਾਂ ਅਤੇ ਤਸਵੀਰਾਂ ਬਣਾਉਣ ਦਾ ਗੁਮਰਾਹ ਅਮਲ ਕੁਝ ਬੰਦਿਆਂ ਵਲੋਂ ਕੁਝ ਕੁਝ ਸਮੇਂ ਬਾਅਦ ਲਗਾਤਾਰ ਕੀਤਾ ਜਾ ਰਿਹਾ ਹੈ। ਜਦਕਿ ਅਕਾਲ ਤਖਤ ਸਾਹਿਬ ਵਲੋਂ ਇਸ ਅਮਲ ਦੇ ਵਿਰੋਧ ਹੁਕਮ ਜਾਰੀ ਹੈ ਅਤੇ ਸਿਧਾਂਤਕ ਸਪਸ਼ਟਤਾ ਦੀ ਕਿਰਿਆ ਵੀ ਲਗਾਤਾਰ ਚੱਲ ਰਹੀ ਹੈ। ਫਿਰ ਵੀ ਕੁਝ ਵਿਅਕਤੀਆਂ ਵਲੋਂ ਸਮੇਂ-ਸਮੇਂ ਫਿਲਮਾ ਬਣਾਉਣ ਦੇ ਯਤਨ ਸਾਹਮਣੇ ਆਉਦੇ ਹਨ। ਜਿਨ੍ਹਾਂ ਸਦਕਾ ਸਿੱਖਾਂ ਦੇ ਹਿਰਦੇ ਵਲੂੰਦਰੇ ਜਾਦੇ ਹਨ। ਮੇਰੀ ਸਮਝ ਵਿੱਚ ਦੋ ਕਾਰਨ ਮੁੱਖ ਹਨ। ਪਹਿਲਾ, ਕੁਝ ਵਿਅਕਤੀ ਜੋਕਿ ਆਧੁਨਿਕ ਤਕਨੀਕ ਦੇ ਮੁਰੀਦ ਹਨ ਅਤੇ ਸਿੱਖ ਪ੍ਰੰਪਰਾਵਾਂ ਤੋਂ ਕੋਹਾ ਦੂਰ ਹਨ , ਇਹ ਯਤਨ ਕਰਦੇ ਹਨ ਕਿ ਸਾਨੂੰ ਆਪਣਾ ਕੋਈ ਯੋਗਦਾਨ ਪਾਉਣਾ ਚਾਹੀਦਾ ਹੈ ਜਿਸ ਨਾਲ ਸਿੱਖੀ ਦਾ ਪ੍ਰਚਾਰ ਹੋ ਸਕੇ। ਇਹ ਕਰਮ ਅਮਲ ਦੀ ਵਚਿੱਤਰਤਾ ਦੇ ਬੁੱਤ ਸਾਜਦਾ ਹੈ। ਇਹ ਵਿਅਕਤੀ ਸਿੱਖ ਪ੍ਰੰਪਰਾਵਾਂ ਅਤੇ ਸਿੱਖ ਅਹਿਸਾਸ ਤੋਂ ਅਭਿੱਜ ਹਨ ਅਤੇ ਆਪਣੇ ਗੁਮਰਾਹ ਯਤਨਾ ਨਾਲ ਬੁੱਤ ਖੜੇ ਕਰਨ ਦਾ ਯਤਨ ਕਰ ਰਹੇ ਹਨ। ਇਹ ਵਿਅਕਤੀ ਹਉਮੈਂ ਦੇ ਸ਼ਿਕਾਰ ਹੁੰਦੇ ਹਨ ਜਿਸ ਸਦਕਾ ਕਿਸੇ ਦੇ ਰੋਕਿਆ ਵੀ ਨਹੀ ਰੁਕਦੇ। ਦੂਜਾ, ਕੁਝ ਉਹ ਵਿਅਕਤੀ ਵੀ ਇਸ ਕਾਰਜ ਵਿੱਚ ਸ਼ਾਮਿਲ ਹਨ ਜੋਕਿ ਬਿਪਰ ਸਟੇਟ ਦੇ ਪੁਰਜੇ ਬਣ ਕਾਰਜ ਕਰ ਰਹੇ ਹਨ ਅਤੇ ਸਿੱਖੀ ਦੇ ਬ੍ਰਹਿਮੰਡੀ ਅਨੁਭਵ ਵਿਚ ਖੜੋਤ ਪੈਦਾ ਕਰਨਾ ਚਾਹੁੰਦੇ ਹਨ ਅਤੇ ਅਸਲ ਅਨੁਭਵ ਦੇ ਸਮਾਂਨਤਰ ਨਕਲ ਨੂੰ ਸਥਾਪਿਤ ਕਰਨਾ ਚਾਹੁੰਦੇ ਹਨ। ਵਪਾਰਕ ਹਿੱਤ ਵੀ ਇਸ ਦੇ ਨਾਲ ਹੀ ਕਾਰਜਸ਼ੀਲ ਹਨ। ਸਾਡੇ ਅੱਗੇ ਆਈ ਇਸ ਦਰਪੇਸ਼ ਸਮੱਸਿਆ ਦੇ ਸਾਰੇ ਪੱਖਾ ਨੂੰ ਖੋਜਣਾ ਅਤੇ ਪਛਾਨਣਾ ਚਾਹੀਦਾ ਹੈ ਅਤੇ ਅਸਲ ਮਨਸ਼ਾ ਤੱਕ ਅੱਪੜਨ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ। 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,