ਲੇਖ

ਪਾਣੀ ਵੀ, ਪਾਣੀ-ਪਾਣੀ (ਲੇਖਕ – ਡਾ. ਸੇਵਕ ਸਿੰਘ)

August 26, 2020 | By

ਇਹ ਲਿਖਤ ਮਾਸਿਕ ਰਸਾਲੇ ਸਿੱਖ ਸ਼ਹਾਦਤ ਦੇ  ਫਰਵਰੀ 2008 ਵਿੱਚ ਛਪੀ ਸੀ। ਇੱਥੇ ਅਸੀ ਸਿੱਖ ਸਿਆਸਤ ਦੇ ਪਾਠਕਾਂ ਲਈ ਮੁੜ ਤੋਂ ਸਾਂਝਾ ਕਰ ਰਹੇ ਹਾਂ – ਸੰਪਾਦਕ 

ਕੁਦਰਤ ਦਾ ਖੇਲ ਬਹੁਤ ਬਚਿੱਤਰ ਹੈ ਬੰਦਾ ਜਿਉਂ ਜਿਉਂ ਅੰਤ ਪਾਉਣ ਲਈ ਜ਼ੋਰ ਲਾ ਰਿਹਾ ਹੈ ਤਿਉਂ ਤਿਉਂ ਉਸਨੂੰ ਆਪਣਾ ਆਪ ਹੋਰ ਛੋਟਾ ਲੱਗ ਰਿਹਾ ਹੈ। ਸੌ-ਡੇਢ ਸੌ ਸਾਲ ਪਹਿਲਾਂ ਬੰਦੇ ਨੂੰ ਲੱਗਦਾ ਸੀ ਕਿ ਸਾਇੰਸ ਨੇ ਕੁਝ ਚਿਰ ਵਿਚ ਸਾਰੀ ਕੁਦਰਤ ਦਾ ਭੇਤ ਹੀ ਨਹੀਂ ਪਾ ਲੈਣਾ ਸਗੋਂ ਉਸਨੂੰ ਵੱਸ ਵਿਚ ਵੀ ਕਰ ਲੈਣਾ ਹੈ ਪਰ ਹੁਣ ਵੱਸ ਕਰਨ ਲਈ ਕੀਤੇ ਕੰਮਾਂ ਦੀ ਨਤੀਜੇ ਸਾਹਮਣੇ ਆਉਣ ਲੱਗ ਪਏ ਹਨ। ਜੇ ਅਸੀਂ ਇਨ੍ਹਾਂ ਨੂੰ ਨਾ ਸਮਝੇ ਤਾਂ ਫਿਰ ਸ਼ਾਇਦ ਪਛਤਾਉਣ ਦਾ ਸਮਾਂ ਵੀ ਨਾ ਮਿਲੇ ਕਿਉਂਕਿ ਕੰਪਿਊਟਰ ਨੇ ਇਕ ਵਾਰ ਫੇਰ ਬੰਦੇ ਦੇ ਹੰਕਾਰ ਨੂੰ ਵਧਾ ਦਿੱਤਾ ਹੈ ਕਿ ਬੰਦਾ ਕੁਦਰਤ ਦੇ ਬਰਾਬਰ ਹੋ ਸਕਦੈ। ਸਿਆਣਿਆਂ ਨੇ ਤਾਂ ਪਹਿਲਾਂ ਵੀ ਸਮਝਿਆ ਸੀ ਹੁਣ ਵੀ ਸਮਝਾ ਰਹੇ ਹਨ। ਕੁਝ ਵਰ੍ਹੇ ਪਹਿਲਾਂ ਇਕ ਸਾਇੰਸਦਾਨ ਨੇ ਫਿਲਮ ਬਣਾਈ ਜਿਸ ਵਿਚ ਦਿਖਾਇਆ ਗਿਆ ਕਿ ਬੰਦੇ ਨੇ ਕਪਿਊਟਰ ਏਨਾ ਸਿਆਣਾ ਬਣਾ ਦਿੱਤਾ ਹੈ ਕਿ ਅਖੀਰ ਬੰਦਿਆਂ ਅਤੇ ਮਸ਼ੀਨਾਂ ਵਿਚ ਜੰਗ ਹੋਈ ਤੇ ਮਸ਼ੀਨਾਂ ਨੇ ਮਨੁੱਖਤਾ ਦਾ ਨਾਸ਼ ਕਰ ਦਿੱਤਾ। ਇਹ ਇਕ ਵਿਚਾਰ ਹੈ ਕਿ ਕੁਦਰਤ ਦੀ ਬਰਾਬਰੀ ਕਰਨਾ ਦਾ ਕੰਮ ਆਪਣੀ ਮੌਤ ਸਹੇੜਨਾ ਹੈ।

ਕਾਫੀ ਵਰ੍ਹੇ ਪਹਿਲਾਂ ਇਕ ਸਿਆਣੇ ਬੰਦੇ ਨੇ ਪਾਣੀ ਦੀ ਕੀਮਤ ਸਮਝਾਉਂਦੇ ਹੋਏ ਕਿਹਾ ਕਿ ਤੀਜੀ ਸੰਸਾਰ ਜੰਗ ਪਾਣੀ ਖਾਤਰ ਹੋਵੇਗੀ ਬੜੇ ਲੋਕਾਂ ਨੇ ਇਸ ਗੱਲ ਨੂੰ ਹਾਸੀ ਜਾਣਿਆ ਪਰ ਕੁਝ ਵਰ੍ਹਿਆਂ ਵਿਚ ਪਾਣੀ ਦੀ ਕੀਮਤ ਪਹਿਲਾਂ ਨਾਲੋਂ ਕਿਤੇ ਵੱਧ ਸਮਝ ਆ ਗਈ ਪਰ ਅਜੇ ਵੀ ਦੁਨੀਆਂ ਅੰਦਰ, ਖਾਸ ਕਰਕੇ ਸਾਡੇ ਕਰੋੜਾਂ ਲੋਕ ਹਨ ਜਿਹੜੇ ਯਕੀਨ ਕਰਦੇ ਹਨ ਕਿ ਪਾਣੀ ਕਦੇ ਨਹੀਂ ਮੁਕਣਾ, ਇਹ ਤਾਂ ਜ਼ਰੂਰ ਦੇਖ ਸਕਦੇ ਹਾਂ ਕਿ ਜਿਵੇਂ ਅਸੀ ਪਾਣੀ ਦੀ ਅੰਨ੍ਹੀਂ ਵਰਤੋਂ ਕਰ ਰਹੇ ਹਾਂ, ਜਿਵੇਂ ਪਾਣੀ ਨਾਲ ਧੱਕਾ ਕੀਤਾ ਜਾ ਰਿਹਾ ਹੈ ਇਹਦੇ ਕੀ ਸਿੱਟੇ ਨਿਕਲ ਰਹੇ ਹਨ ? ਜਿਹੜੇ ਇਹ ਯਕੀਨ ਕਰਦੇ ਹਨ ਕਿ ਕੁਦਰਤ ਬੜੀ ਬੇਅੰਤ ਹੈ ਇਹਦੀ ਕੋਈ ਚੀਜ਼ ਨਹੀਂ ਮੁਕਦੀ ਉਹਨਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਕੁਦਰਤ ਵਿਚ ਜਾਨ ਵੀ ਬੜੀ ਹੈ ਜਿਹੜੇ ਇਹਦੇ ਨਾਲ ਧੱਕੇ ਕਰਦੇ ਹਨ ਇਹ ਉਨ੍ਹਾਂ ਦਾ ਹਿਸਾਬ ਬਰਾਬਰ ਵੀ ਜ਼ਰੂਰ ਕਰਦੀ ਹੈ।

ਪਿਛਲੇ ਸੌ ਡੇਢ ਸੌ ਸਾਲਾਂ ਵਿਚ ਬੰਦੇ ਨੇ ਪਾਣੀ ਨਾਲ ਦੋ ਵੱਡੇ ਧੱਕੇ ਕੀਤੇ ਪਹਿਲਾਂ ਵੱਡਾ ਧੱਕਾ ਦਰਿਆਵਾਂ ਨੂੰ ਬੰਨ੍ਹ ਮਾਰ ਲਿਆ ਤੇ ਫੇਰ ਆਪਣੀ ਮਰਜ਼ੀ ਨਾਲ ਉਲਟ ਪਾਸੇ ਮੋੜਿਆ, ਜਿਸ ਪਾਸੇ ਪਾਣੀ ਕੁਦਰਤੀ ਰੂਪ ਵਿਚ ਜਾਣਾ ਰੂਪ ਵਿਚ ਜਾਣਾ ਨਹੀਂ ਸੀ ਚਾਹੁੰਦਾ। ਡੈਮਾਂ ਤੋਂ ਬਿਜਲੀ ਪੈਦਾ ਕਰਦੇ ਬੰਦੇ ਨੇ ਜੰਗਲ ਵਿਚ ਮੰਗਲ ਲਾ ਦਿੱਤੇ। ਹੁਣ ਤਾਂ ਬੰਦਾ ਹਰ ਕੰਮ ਹੀ ਬਿਜਲੀ ਨਾਲ ਕਰਨ ਲੱਗ ਪਿਆ। ਪੀਣ ਵਾਲਾ ਪਾਣੀ, ਦਾਲ ਰੋਟੀ ਤੋਂ ਲੈ ਕੇ ਘਰਾਂ ਦਫਤਰਾਂ ਦੀ ਰਖਵਾਲੀ ਤੱਕ ਬਿਜਲੀ ਦੀ ਵਰਤੋਂ ਹੀ ਰਹੀ ਹੈ। ਯਾਦ ਰਹੇ ਕਿ ਬਿਜਲੀ ਦਾ ਵੱਡਾ ਹਿੱਸਾ ਦਰਿਆਵਾਂ ਨੂੰ ਬੰਨ੍ਹ ਮਾਰਕੇ ਪੈਦਾ ਕੀਤਾ ਗਿਆ ਹੈ। ਹੁਣ ਦਰਿਆਵਾਂ ਦੇ ਰਸਤੇ ਨੂੰ ਰੋਕਣ ਅਤੇ ਆਪਣੀ ਮਰਜ਼ੀ ਨਾਲ ਮੋੜਨ ਦੇ ਨਤੀਜੇ ਸਿਆਣਿਆਂ ਸਾਹਮਣੇ ਤਾਂ ਆ ਗਏ ਹਨ ਪਰ ਉਹ ਦੱਸਣ ਤੋਂ ਘਬਰਾ ਰਹੇ ਹਨ ਕਿ ਕੀ ਹੋਣ ਵਾਲਾ ਹੈ ?

ਪਾਣੀ ਨੂੰ ਧੱਕੇ ਨਾਲ ਮੋੜਕੇ ਨਹਿਰਾਂ ਖਾਲਾਂ ਰਾਹੀਂ ਦੂਰ ਦੁਰਾਡੇ ਬੰਜ਼ਰ ਜ਼ਮੀਨਾਂ ਤੇ ਖੇਤੀ ਸ਼ੁਰੂ ਕੀਤੀ ਗਈ।ਲੱਖਾਂ ਮੀਲਾਂ ਧਰਤੀ ਜਿਹੜੀ ਜੰਗਲ ਥੱਲੇ ਸੀ ਬੰਦੇ ਨੇ ਜੰਗਲ ਪੁੱਟਕੇ ਖੇਤ ਬਣਾ ਲਏ ਹਨ, ਇਸ ਕਰਕੇ ਜੰਗਲ ਕਿਤੇ ਰਹਿ ਨਹੀਂ ਗਏ। ਸਿਆਣੇ ਬੰਦੇ ਤਾਂ ਕਹਿਣ ਲੱਗ ਪਏ ਹਨ ਧਰਤੀ ਰੁਖ ਬਿਨਾਂ ਰੰਡੀ ਹੋ ਕੇ ਵੱਧ ਤਪਣ ਲੱਗ ਪਈ ਹੈ ਦੂਜੇ ਪਾਸੇ ਜੰਗਲਾਂ ਦੀ ਹਰਿਆਲੀ ਬਿਨਾਂ ਮੀਂਹ ਵੀ ਨਹੀਂ ਪੈਂਦਾ। ਹੁਣ ਇਹ ਖਬਰਾਂ ਵੀ ਆ ਰਹੀਆਂ ਹਨ ਕਿ ਡੈਮਾਂ ਵਿੱਚ ਇੱਕਠੇ ਕੀਤੇ ਪਾਣੀ ਦਾ ਵਰ੍ਹਿਆਂ-ਬੱਧੀ ਭਾਰ ਧਰਤੀ ਦੀ ਹਿੱਕੇ ਤੇ ਪੀੜ ਕਰਨ ਲੱਗ ਪਿਆ ਹੈ। ਧਰਤੀ ਇਹਦਾ ਸਵਾਦ ਵੀ ਬੰਦੇ ਨੂੰ ਤਬਾਹੀ ਦੇ ਰੂਪ ਵਿਚ ਜਰੂਰ ਦੇਵੇਗੀ। ਬੰਦੇ ਨੇ ਦੂਜਾ ਧੱਕਾ ਪਾਣੀ ਨਾਲ ਇਹ ਕੀਤਾ ਕਿ ਧਰਤੀ ਦੀ ਹਿੱਕ ਪਾੜਕੇ ਪਾਣੀ ਕੱਢਣਾ ਸ਼ੁਰੂ ਕਰ ਦਿੱਤਾ। ਉਂਝ ਤਾਂ ਬੰਦਾ ਸਦੀਆਂ ਤੋਂ ਧਰਤੀਂ ਵਿੱਚੋਂ ਪਾਣੀ ਕੱਢ ਰਿਹਾ ਹੈ ਪਰ ਪਹਿਲਾਂ ਬੜਾ ਹੌਲੀ ਅਤੇ ਘੱਟ ਪਾਣੀ ਕੱਢਿਆ ਜਾਂਦਾ ਸੀ ਹੁਣ ਸਾਰੀ ਦੁਨੀਆਂ ਅੰਦਰ ਕਰੋੜਾਂ ਮੋਟਰਾਂ ਦਿਨ ਰਾਤ ਮਣਾਂ ਮੂੰਹੀ ਪਾਣੀ ਕੱਢੀ ਜਾ ਰਹੀਆਂ ਹਨ। ਇਸ ਕਰਕੇ ਜਿਉਂ ਜਿਉਂ ਪਾਣੀ ਘਟਦਾ ਜਾ ਰਿਹਾ ਹੈ ਡੂੰਘਾ ਹੋਈ ਜਾ ਰਿਹਾ ਹੈ ਪਰ ਬਹੁਤੀ ਚਿੰਤਾ ਅਜੇ ਵੀ ਇਸ ਗੱਲ ਦੀ ਹੈ ਕਿ ਪਾਣੀ ਕੱਢਣਾ ਮਹਿੰਗਾ ਪੈ ਰਿਹਾ ਹੈ। ਇਸ ਗੱਲ ਦੀ ਚਿੰਤਾ ਨਹੀਂ ਕਿ ਪਾਣੀ ਮੁੱਕਦਾ ਜਾ ਰਿਹਾ ਹੈ ਤਾਂ ਹੀ ਡੂੰਘਾ ਅਤੇ ਮਹਿੰਗਾ ਹੋ ਰਿਹੈ। ਪੂਰੀ ਦੁਨੀਆ ਅੰਦਰ ਪੰਜਾਬ ਦੇ ਲੋਕ ਸਭ ਤੋਂ ਤੇਜ ਹਨ ਧਰਤੀ ਦੀ ਹਿੱਕ ਵਿਚ ਮੋਰੇ ਕਰਨ ਲਈ। ਧਰਤੀ ਦੇ ਇਸ ਨਿੱਕੇ ਜਿਹੇ ਖਿੱਤੇ ਵਿੱਚ ਸਰਕਾਰੀ ਅੰਕੜਿਆਂ ਮੁਤਾਬਿਕ ਹੀ ਕਈ ਸਾਲ ਪਹਿਲਾਂ 14 ਲੱਖ ਤੋਂ ਵੱਧ ਟਿਊਬੈਲ ਸਨ। ਜੋ ਕੁਝ ਮੂਰਖਤਾ ਦੀ ਹੱਦ ਤੋਂ ਅੱਗੇ ਹੁੰਦਾ ਹੈ ਤਾਂ ਉਹ ਪੰਜਾਬ ਵਿਚ ਹੋ ਰਿਹੈ।

ਪੰਜਾਬ, ਮੌਜੂਦਾ ਪੰਜਾਬ ਦੀ ਧਰਤੀ/ਜ਼ਮੀਨ ਬਾਜਰਾ, ਗਵਾਰਾ, ਛੋਲੇ, ਮੂੰਗੀ ਅਤੇ ਮੂੰਗਫਲੀ ਵਰਗੀਆਂ ਮਾਰੂ ਫਸਲਾਂ ਪੈਦਾ ਕਰਨ ਵਾਲੀ ਸੀ ਪਰ ਅੱਜ ਝੋਨਾ ਲਾਇਆ ਜਾ ਰਿਹਾ ਹੈ। ਲੋਕਾਂ ਦਾ ਇਹ ਜਵਾਬ ਵੀ ਮੰਨਿਆ ਜਾ ਸਕਦਾ ਹੈ ਕਿ ਝੋਨਾ ਛੇਤੀ ਅਤੇ ਵੱਧ ਪੈਸੇ ਦੇਣ ਵਾਲੀ ਫਸਲ ਹੈ। ਜ਼ਿੰਦਗੀ ਚਲਾਉਣ ਲਈ ਪੈਸਾ ਕਮਾਉਣਾ ਜ਼ਰੂਰੀ ਹੈ। ਪਰ ਕੀ ਇਹੀ ਰਾਹ ਹੈ ਹੋਰ ਕੋਈ ਰਾਹ ਨਹੀਂ ? ਪਾਣੀ ਦੀ ਘੱਟ ਵਰਤੋਂ ਨਾਲ ਪੈਸਾ ਨਹੀਂ ਕਮਾਇਆ ਜਾ ਸਕਦਾ ? ਇਸਰਾਇਲ ਨੇ 40 ਵਰ੍ਹੇ ਪਹਿਲਾਂ ਘੱਟ ਪਾਣੀ ਨਾਲ ਫਸਲਾਂ ਪੈਦਾ ਕਰਨੀ ਸ਼ੁਰੂ ਕਰ ਦਿੱਤੀਆਂ ਸਨ। ਇਸ ਤੋਂ ਵੀ ਵੱਡੀ ਗੱਲ ਹੈ ਕਿ ਕੀ ਬੰਦਿਆਂ ਵਾਂਗ ਨਹੀਂ ਜਿਉਣਾ ਚਾਹੀਦਾ ? ਜਿੰਨ੍ਹਾਂ ਦੇ ਦਰਿਆਵਾਂ ਦਾ ਪਾਣੀ ਵਰ੍ਹਿਆਂ ਤੋਂ ਹੋਰ ਲਈ ਜਾ ਰਹੇ ਨੇ ਤੇ ਆਪ ਉਹ ਲੋਕ ਧਰਤੀ ਦੀ ਪੇਪੜੀ ਪਾੜ ਕੇ ਪਾਣੀ ਕੱਢ ਰਹੇ ਹਨ। ਉਪਰੋਂ ਉਨ੍ਹਾਂ ਦਾ ਆਗੂ ਸਿਆਣਪ ਦੀ ਕਮਾਲ ਕਰਦਾ ਹੈ ਕਿ ਧਰਤੀ ਵਿੱਚੋਂ ਪਾਣੀ ਕੱਢਣ ਲਈ ਬਿਜਲੀ ਦਾ ਖਰਚਾ ਮਾਫ ਕਰਨ ਦੀ ਗੱਲ ਕਰਕੇ ਤਰੱਕੀ ਦੇ ਸੁਪਨੇ ਦਿਖਾਉਦਾ ਹੈ। ਇਹ ਕਿਥੋਂ ਦੀ ਸਿਆਣਪ ਹੈ ਕਿ ਇਕ ਤਾਂ ਇਹ ਗਲਤੀ ਕਰੋ ਕਿ ਆਪਣਾ ਪਾਣੀ ਦੂਜਿਆਂ ਨੂੰ ਦੇ ਛੱਡੋ ਤੇ ਦੂਜਾ, ਆਪਣੀ ਪਾਣੀ ਦੀ ਲੋੜ ਖਾਤਰ ਆਉਣ ਵਾਲੀਆਂ ਨਸਲਾਂ ਦਾ ਭਵਿੱਖ ਉਜਾੜ ਦਿਓ। ਐਨੇ ਸਵਾਰਥੀ ਤਾਂ ਪਸ਼ੂ ਵੀ ਨਹੀਂ ਹਨ।

ਜਿਹੜਾ ਪਾਣੀ ਧਰਤੀ ਵਿਚੋਂ ਕੱਢਿਆ ਜਾ ਰਿਹਾ ਹੈ ਇਕ ਤਾਂ ਇਰਦਾ ਨਾਲ ਧਰਤੀ ਦੀ ਹਰਿਆਲੀ ਨੂੰ ਸੋਕਾ ਪੈ ਰਿਹਾ ਹੈ । ਵਕਤੀ ਹਰਿਆਲੀ ਖਾਤਰ ਅਸੀਂ ਸਦੀਵੀ ਹਰਿਆਲੀ ਨੂੰ ਖਤਮ ਕਰ ਰਹੇ ਹਾਂ। ਜਿਹੜਾ ਸਭ ਤੋਂ ਭੈੜਾ ਅਤੇ ਨੇੜ ਦਾ ਅਸਰ ਹੋ ਰਿਹਾ ਹੈ, ਉਹ ਹੈ-ਪੰਜਾਬ ਵਿਚ ਕੈਂਸਰ,ਕਾਲਾ ਪੀਲੀਆ ਅਤੇ ਹੱਡੀਆਂ ਦੀਆਂ ਬਿਮਾਰੀਆਂ। ਇਨ੍ਹਾਂ ਬਿਮਾਰੀਆਂ ਬਾਰੇ ਆਮ ਤੌਰ ‘ਤੇ ਇਹ ਕਿਹਾ ਜਾਂਦਾ ਹੈ ਕਿ ਕੀੜੇ ਮਾਰ ਦਵਾਈਆਂ ਅਤੇ ਰੇਹ(ਖਾਦ) ਕਾਰਨ ਜ਼ਹਿਰੀਲੀਆਂ ਫਸਲਾਂ ਅਤੇ ਸਬਜ਼ੀਆਂ ਨਾਲ ਇਨ੍ਹਾਂ ਚੀਜ਼ਾਂ ਦੇ ਜ਼ਹਿਰ ਬੰਦੇ ਅੰਦਰ ਚਲੇ ਗਏ ਹਨ। ਇਹ ਗੱਲ ਵੀ ਸੱਚ ਹੈ ਕਿ ਰੇਹਾਂ, ਸਪਰੇਆਂ ਦੀ ਵਧਦੀ ਵਰਤੋਂ ਕਾਰਨ ਪੰਜਾਬ ਦੀ ਮਿੱਟੀ, ਪਾਣੀ ਅਤੇ ਹਵਾ ਜ਼ਹਿਰੀਲੀ ਹੋ ਗਈ ਹੈ। ਪਰ ਇਨ੍ਹਾਂ ਦੀ ਵਰਤੋਂ ਤਾਂ ਹੀ ਹੋਣ ਲੱਗੀ ਜੇ ਦਰਿਆਵਾਂ ਨੂੰ ਬੰਨ੍ਹਕੇ ਜਾਂ ਧਰਤੀ ਹੇਠੋਂ ਪਾਣੀ ਕੱਢਕੇ ਖੇਤੀ ਸ਼ੁਰੂ ਕੀਤੀ ਗਈ। ਰੇਹਾਂ-ਸਪਰੇਆ ਦੀ ਵਰਤੋਂ ਵੀ ਪਾਣੀ ਦੀ ਦੁਰਵਰਤੋਂ ਕਾਰਨ ਸ਼ੁਰੂ ਹੋਈ ਹੈ। ਬਹੁਤੀਆਂ ਬਿਮਾਰੀਆਂ ਨੂੰ ਸੱਦਾ ਪਾਣੀ ਦੀ ਗਲਤ ਵਰਤੋਂ ਨੇ ਦਿੱਤਾ ਹੈ।
ਅਜੇ ਇਸਦੇ ਹੋਰ ਨਤੀਜੇ ਸਾਹਮਣੇ ਆਉਣੇ ਹਨ। ਜਿਹੜਾ ਪਾਣੀ ਧਰਤੀ ਹੇਠੋਂ ਕੱਢਕੇ ਪੀਤਾ ਜਾ ਰਿਹਾ ਹੈ ਉਸ ਵਿਚ ਅਜਿਹੇ ਤੱਤ ਹਨ ਜਿਰੜੇ ਰੇਹਾਂ, ਸਪਰੇਆਂ ਦੀ ਜ਼ਹਿਰ ਨਾਲੋਂ ਵੀ ਵੱਧ ਮਾੜੇ ਹਨ। ਤਲਵੰਡੀ ਸਾਬੋ ਤਹਿਸੀਲ ਦੇ ਜੱਜਲ ਵਰਗੇ ਪਿੰਡਾਂ ਦੇ ਲੋਕ ਹੁਣੇ ਕਿਉਂ ਕੈਂਸਰ ਦੇ ਸ਼ਿਕਾਰ ਹੋਏ , ਪਹਿਲਾਂ ਕਿਉਂ ਨਹੀਂ? ਇਸਦੇ ਦੋ ਕਾਰਨ ਹਨ ਪਾਣੀ ਨਾਲ ਧੱਕਾ ਕਰਕੇ ਖੇਤੀ ਸ਼ੁਰੂ ਕੀਤੀ। ਲਿਹਾਜ਼ਾ ਸਪਰੇਆਂ, ਰੇਹਾਂ ਦੀ ਜ਼ਹਿਰ ਮਿੱਟੀ, ਪਾਣੀ, ਹਵਾ ਵਿਚ ਘੁਲੀ। ਦੂਜਾ ਕਾਰਨ ਧਰਤੀ ਹੇਠਲਾ ਤਾਜ਼ਾ ਪਾਣੀ ਕੱਢਕੇ ਪੀਣਾ। ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਇਕ ਰਿਟਾਇਰਡ ਪ੍ਰੋ. ਕਹਿੰਦਾ ਹੈ ਕਿ ਬਹੁਤੇ ਪੰਜਾਬ ਦਾ ਧਰਤੀ ਹੇਠਲਾ ਪਾਣੀ ਤਾਂ ਖੇਤੀ ਕਰਨ ਦੇ ਯੋਗ ਹੀ ਨਹੀਂ ਹੈ , ਪੀਣਾ ਤਾਂ ਦੂਰ ਦੀ ਗੱਲ। ਉਹ ਕਹਿੰਦਾ ਹੈ ਕਿ ਖੇਤੀ ਲਈ ਚੰਗੇ ਪਾਣੀ ਦਾ ਇੰਤਜ਼ਾਮ ਕਿਵੇਂ ਹੋਵੇਗਾ ਇਸ ਬਾਰੇ ਤਾਂ ਮੈਂ ਕੁਝ ਆਖ ਨਹੀਂ ਸਕਦਾ ਪਰ ਜੇ ਤੁਸੀਂ ਤੰਦਰੁਸਤ ਰਹਿਣਾ ਚਾਹੁੰਦੇ ਹੋ ਤਾਂ ਜੇ ਦਰਿਆਵਾਂ ਦਾ ਨਹੀਂ ਤਾਂ ਤਲਾਬਾਂ ਦਾ ਹੀ ਪਾਣੀ ਪੀਓ। ਜੇ ਹੋਰ ਨਹੀਂ ਹੁੰਦਾ ਤਾਂ ਪੁਰਾਣੇ ਲੋਕਾਂ ਵਾਂਗ ਮਿੱਟੀ ਦੇ ਘੜਿਆਂ ਵਿੱਚ ਕੁਝ ਘੰਟੇ ਪਾਣੀ ਨੂੰ ਜ਼ਰੂਰ ਪਾਓ, ਤੀਜ਼ੇ ਪਾਣੀ ਵਿੱਚ ਬਿਮਾਰੀ ਵਾਲੇ ਤੱਤਾਂ ਦੀ ਮਿਕਦਾਰ ਬਹੁਤ ਜ਼ਿਆਦਾ ਹੁੰਦੀ ਹੈ। ਜਿਹੜੇ ਪਾਣੀ ਨੂੰ ਹਵਾ ਅਤੇ ਧੁੱਪ ਲੱਗਦੀ ਹੈ। ਉਹ ਧਰਤੀ ਹੇਠੋਂ ਕੱਢੇ ਤਾਜ਼ੇ ਪਾਣੀ ਨਾਲੋ ਕਿਤੇ ਚੰਗਾ ਹੈ। ਪੁਰਾਣੇ ਲੋਕ ਛੱਪੜਾਂ ਦਾ ਪਾਣੀ ਪੀਂਦੇ ਵੀ ਤੰਦਰੁਸਤ ਹੁੰਦੇ ਸੀ, ਉਨ੍ਹਾਂ ਨੂੰ ਕੈਂਸਰ, ਹੱਡੀਆਂ ਦੀਆਂ ਬਿਮਾਰੀਆਂ ਨਹੀਂ ਲੱਗਦੀਆਂ ਸੀ, ਕਿਉਂਕਿ ਇਹ ਕੁਦਰਤ ਨੂੰ ਮਨਜ਼ੂਰ ਸੀ। ਤਾਜ਼ੇ ਪਾਣੀ ਪੀਣ ਦੇ ਸ਼ੌਕੀਨਾਂ ਨੂੰ ਧਰਤੀ ਅਤੇ ਪਾਣੀ ਮੋੜਵਾ ਸਵਾਦ ਬਿਮਾਰੀ ਦੇ ਰੂਪ ਵਿਚ ਦੇ ਰਹੇ ਹਨ।

ਪੰਜਾਬ ਦੇ ਕਈ ਸ਼ਹਿਰ ਜਿਨ੍ਹਾਂ ਦੀ ਅਬਾਦੀ ਲੱਖਾਂ ਦੀ ਗਿਣਤੀ ਵਿਚ ਹੈ, ਉਨ੍ਹਾਂ ਸਮੇਤ ਇਕ ਵੀ ਸ਼ਹਿਰ ਅਜਿਹਾ ਨਹੀਂ ਹੈ ਜਿਸਦਾ ਪੀਣ ਵਾਲਾ ਪਾਣੀ ਦਰਿਆ ਤੋਂ ਆਉਂਦਾ ਹੋਵੇ। ਇਹ ਕੋਈ ਬਹੁਤੀਆ ਡੂੰਘੀਆਂ ਜਾਂ ਗੁੰਝਲਦਾਰ ਗੱਲਾਂ ਨਹੀਂ ਹਨ ਸਗੋਂ ਬੜੇ ਸੌਖੇ ਰੂਪ ਵਿਚ ਸਮਝ ਆ ਸਕਦੀਆਂ ਹਨ ਕਿ ਭਾਖੜਾ ਡੈਮ ਤੋਂ ਦਿੱਲੀ ਲਈ ਤਾਂ ਪੀਣ ਦਾ ਪਾਣੀ ਜਾਂਦਾ ਹੈ ਪਰ ਪੰਜਾਬ ਦੇ ਕਿਸੇ ਇਕ ਵੀ ਸ਼ਹਿਰ ਨੂੰ ਨਹੀਂ ਜਾਂਦਾ। ਮਾਲਵੇ ਦੇ ਕੁਝ ਪਿੰਡ ਮਜ਼ਬੂਰੀ ਵੱਸ ਨਹਿਰੀ ਪਾਣੀ ਪੀਣ ਲਈ ਵਰਤਦੇ ਹਨ, ਨਹੀਂ ਤਾਂ ਹੋਰ ਡੂੰਘੇ ਬੋਰ ਕਰਕੇ ਤਾਜ਼ਾ ਪਾਣੀ ਪੀਣ ਲਈ ਉਹ ਵੀ ਹੱਥ ਪੈਰ ਮਾਰ ਰਹੇ ਹਨ। ਪੰਜਾਬ ਇਸ ਵੇਲੇ ਪੀਣ ਵਾਲੇ ਪਾਣੀ ਤੋਂ ਬੁਰੀ ਤਰ੍ਹਾਂ ਥੁੜਿਆ ਹੋਇਆ ਹੈ। ਇਹ ਗੱਲ ਬਹੁਤ ਮਾੜੀ ਹੈ ਪਰ ਇਸ ਤੋਂ ਮਾੜੀ ਗੱਲ ਇਹ ਹੈ ਕਿ ਨਾ ਇਥੋਂ ਦੇ ਲੋਕਾਂ ਨੂੰ ਇਹ ਮਹਿਸੂਸ ਹੋ ਰਿਹਾ ਹੈ ਨਾਂ ਲੋਕਾਂ ਦੇ ਆਗੂਆਂ ਨੂੰ ਲੱਗ ਰਿਹਾ ਹੈ ਕਿ ਇਹ ਕੋਈ ਵੱਡੀ ਗੱਲ ਹੈ। ਇਹ ਕੱਲੇ ਪ੍ਰਬੰਧ ਦੀ ਗੱਲ ਨਹੀਂ ਹੈ ਸਗੋਂ ਬਹੁਤੀ ਅਕਲ ਦੀ ਗਰੀਬੀ ਹੈ। ਲੋਕ ਬਿਮਾਰੀ ਦਾ ਹੱਲ ਕਰਨਾ ਚਾਹੁੰਦੇ ਹਨ ਪਰ ਉਹਦੇ ਕਾਰਨ ਲੱਭਣ ਤੋਂ ਬਿਨਾਂ ਹੀ। ਇਕ ਤਾਂ ਪੰਜਾਬ ਵਿਚ ਵਰ੍ਹਿਆਂ ਤੋਂ ਪੀਣ ਵਾਲੇ ਪਾਣੀ ਦਾ ਤੋੜਾ ਹੈ ਤੇ ਜਿੰਨਾਂ ਕੁ ਧਰਤੀ ਥੱਲ੍ਹੇ ਹੈ ਉਹ ਵੀ ਪੀਣ ਯੋਗ ਨਹੀਂ ਹੈ । ਇਕ ਤਾਂ ਧਰਤੀ ਹੇਠਲਾ ਪਾਣੀ ਕੁਦਰਤੀ ਰੂਪ ਵਿਚ ਪੀਣ ਯੋਗ ਨਹੀਂ ਪਰ ਦੂਜਾ ਬੰਦੇ ਨੇ ਇਸਨੂੰ ਹੋਰ ਬਿਗਾੜ ਦਿੱਤਾ ਹੈ। ਡੂੰਘੇ ਪਾਣੀ ਲੈਣ ਨਾਲ ਉਤਲੇ ਪੱਤਣ ਦੇ ਮਾੜੇ ਪਾਣੀ ਹੇਠਲੇ ਪੱਤਣ ਨੂੰ ਚੱਲ ਪਏ। ਦੂਜਾ, ਦਰਿਆਵਾਂ ਦੇ ਸਦੀਆਂ ਤੋਂ ਵੱਗਣ ਨਾਲ ਹੇਠਲੇ ਪਾਣੀ ਧਰਤੀ ਵਿਚ ਉਨਾ ਕੁ ਜਾਂਦਾ ਰਹਿੰਦਾ ਸੀ ਜਿੰਨਾ ਕੁ ਖੂਹ ਤੇ ਹਲਟੀਆਂ ਕੱਢਦੇ ਸਨ। ਪਰ ਪਿਛਲੇ 40 ਸਾਲਾਂ ਤੋਂ ਕੰਮ ਉਲਟਾ ਹੋ ਗਿਆ। ਇਕ ਤਾਂ ਲੱਖਾਂ ਬੋਰ ਧਰਤੀ ਵਿਚ ਹੋ ਗਏ ਹਨ ਦੂਜਾ ਦਰਿਆਵਾਂ ਦਾ ਪਾਣੀ ਬੰਨ੍ਹ ਲਿਆ ਗਿਆ, ਜਿਸ ਕਰਕੇ ਪਾਣੀ ਧਰਤੀ ਜਾਣੋ ਹੀ ਰੁੱਕ ਗਿਆ । ਇਸਦੀ ਥਾਂ ਫੈਕਟਰੀਆਂ ਦਾ ਜ਼ਹਿਰੀਲਾ ਪਾਣੀ ਅਤੇ ਗੰਦੇ ਨਾਲੇ ਦੇ ਪਾਣੀ ਧਰਤੀ ਵਿਚ ਸਮਾਉਣ ਲੱਗ ਪਏ । ਗਲਤੀ ਦਰ ਗਲਤੀ ਬੰਦਿਆਂ ਅਤੇ ਪਸ਼ੂਆਂ ਨੂੰ ਹੀ ਨਹੀਂ ਸਗੋਂ ਜ਼ਮੀਨ ਨੂੰ ਵੀ ਕੈਂਸਰ ਕਰ ਲਿਆ। ਅਜੇ ਵੀ ਨਾ ਸਰਕਾਰ, ਨਾ ਲੋਕ ਇਸ ਬਾਰੇ ਸੁਚੇਤ ਹਨ, ਪਤਾ ਨਹੀਂ ਕਿਹੜੀ ਹੋਣੀ ਦੀ ਉਡੀਕ ਕੀਤੀ ਜਾ ਰਹੀ ਹੈ ? ਥਾਂ-ਥਾਂ ਤੇ ੧੨ ਰੁਪਏ ਲੀਟਰ ਵਿਕਦਾ ਪਿਆ ਹੈ। ਪੰਜਾਬ ਮੁੱਲ ਪਾਣੀ ਪੀਣ ਵਾਲਿਆਂ ਵਿਚ ਪਹਿਲੇ ਨੰਬਰਾਂ ਵਿੱਚ ਆ ਰਿਹਾ ਹੈ। ਅਜੇ ਵੀ ਲੋਕ ਸੋਚਦੇ ਹਨ ਪਾਣੀ ਦੀ ਕੋਈ ਮੁਸ਼ਕਿਲ ਨਹੀਂ ਹੈ। ਸ਼ਾਇਦ ਸੋਚਦੇ ਹੀ ਨਹੀਂ ਕਿ ਪਾਣੀ ਵੀ ਕੀਮਤੀ ਚੀਜ਼ ਹੁੰਦਾ ਹੈ। ਜੇ ਪੜ੍ਹੇ ਲਿਖੇ ਸਿਆਣੇ ਗੱਪਾਂ ਵੀ ਮਾਰਦੇ ਹਨ ਤਾਂ ਘੱਟੋ-ਘੱਟ ਗੁਰੂ ਸਾਹਿਬ ਦੀ ਗੱਲ ਤਾਂ ਥੋੜਾ-ਮੋਟਾ ਸਮਝਣ ਦੀ ਖੇਚਲ ਕਰ ਲੈਣੀ ਚਾਹੀਦੀ ਹੈ ਉਨ੍ਹਾਂ ਨੇ ਕਿਹਾ ਕਿ ਮੋਇਆ ਜੀਵਿਦਿਆ ਤਾ ਗਤਿ ਹੋਵੈ ਜਿ ਸਿਰਿ ਪਾਈਐ ਪਾਣੀ ।।

ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇ ਜ਼ਿੰਦਗੀ ਹੈ ਤਾਂ ਸਭ ਤੋਂ ਪਹਿਲਾਂ ਪਾਣੀ ਜ਼ਿੰਦਗੀ ਹੈ-ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਇ ।।

ਸਾਇੰਸਦਾਨ ਚੰਦ ਤਾਰਿਆਂ ਉੱਤੇ ਪਾਣੀ ਦੇ ਨਿਸ਼ਾਨ ਲੱਭਦੇ ਹਨ ਕਿ ਜਿਥੇ ਪਾਣੀ ਦੇ ਨਿਸ਼ਾਨ ਹੋਣਗੇ ਉਥੇ ਜਿੰਦਗੀ ਹੋਵੇਗੀ। ਪਰ ਇਥੇ ਧਰਤੀ ਉੱਤੇ ਪਾਣੀ ਦੇ ਨਿਸ਼ਾਨ ਘੱਟਦੇ ਜਾ ਰਹੇ ਹਨ, ਮੈਲੇ ਹੋ ਰਹੇ ਹਨ। ਪੀਣ ਵਾਲਾ ਪਾਣੀ ਤਾੰ ਮੁੱਲ ਜ਼ਰੂਰ ਲੈ ਲਿਆ ਇਨ੍ਹਾਂ ਨੇ, ਪਰ ਖੇਤੀ ਯੋਗ ਪਾਣੀ ਕਿਥੋਂ ਮੁੱਲ ਮਿਲੇਗਾ ? ਕੀ ਮੁੱਲ ਮਿਲਣਾ ਸੰਭਵ ਹੋਵੇਗਾ ? ਗੁਰੂ ਨਾਨਕ ਪਾਤਸ਼ਾਹ ਨੇ ਜੋ ਵਚਨ ਕਹੇ ਕਿ- ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤੁ ਮਹਤੁ

ਮਾਤਾ ਪਿਤਾ ਦੀ ਕੀ ਹਾਲਤ ਹੈ ਚੰਗੇ ਪੁਤਰਾਂ ਨੂੰ ਪਤਾ ਲੈਣਾ ਚਾਹੀਦਾ ਹੈ । ਜਦੋਂ 1905 ਜਪਾਨ ਪੜ੍ਹਨ ਗਿਆ ਪ੍ਰੋ.ਪੂਰਨ ਸਿੰਘ ਵਾਪਸ ਆਇਆ ਤਾਂ ਉਸ ਨੇ ਲਿਖਿਆ

ਪਾਣੀ ਕਿਧਰੇ ਨਾ ਡਿਠਾ ਮਿਠਾ ਏਸ ਪੰਜਾਬ ਵਰਗਾ….

ਤਾਂ ਕੱਲੇ ਪਾਣੀ ਮਿੱਠੇ ਹੋਣ ਦੀ ਗੱਲ ਨਹੀਂ ਸੀ ਸਗੋਂ ਆਪਣੇ ਦੇਸ਼ ਦੇ ਪਾਣੀ ਨਾਲ ਸਾਂਝ ਦੀ ਗੱਲ ਸੀ, ਉਹਦਾ ਮੋਹ-ਮਾਣ ਸੀ। ਆਪਣੇ ਮਿੱਟੀ-ਪਾਣੀ,ਬੋਲੀ-ਵਿਰਸੇ ਨਾਲੋਂ ਟੁੱਟੇ ਲੋਕ ਉਂਝ ਹੀ ਬਿਮਾਰ ਹੋ ਜਾਂਦੇ ਨੇ। ਪੰਜਾਬ ਵਿੱਚ ਜੋ ਵਾਪਰ ਰਿਹਾ ਹੈ ਉਹ ਆਪਣੇ ਮਿੱਟੀ-ਪਾਣੀ,ਬੋਲੀ ਵਿਰਸੇ ਤੋਂ ਟੁੱਟਣ ਨਾਲ ਕਿਤੇ ਧਰ ਜੜ੍ਹਾਂ ਤੱਕ ਸੰਬੰਧਿਤ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,