ਕੌਮਾਂਤਰੀ ਖਬਰਾਂ » ਖਾਸ ਖਬਰਾਂ » ਵਿਦੇਸ਼ » ਸਿੱਖ ਖਬਰਾਂ

ਬਰਤਾਨੀਆ ਵਿਚ ਗੁਰਦੁਆਰਾ ਸਾਹਿਬ ‘ਤੇ ਹਮਲਾ, 1 ਗ੍ਰਿਫਤਾਰ; ਕਈ ਪਾਰਲੀਮੈਂਟ ਮੈਂਬਰਾਂ ਨੇ ਕੀਤੀ ਨਿੰਦਾ

August 29, 2018 | By

ਲੰਡਨ: ਬਰਤਾਨੀਆ ਦੇ ਸ਼ਹਿਰ ਐਡਿਨਬਰਗ ਵਿਚ ਸਥਿਤ ਗੁਰੂ ਨਾਨਕ ਗੁਰਦੁਆਰਾ ਸਾਹਿਬ ਵਿਖੇ ਅੱਜ ਸਵੇਰੇ 5 ਵਜੇ ਇਕ ਹਮਲਾ ਹੋਇਆ। ਇਸ ਹਮਲੇ ਨੂੰ ਨਸਲੀ ਨਫਰਤੀ ਹਮਲੇ ਵਜੋਂ ਦੇਖਿਆ ਜਾ ਰਿਹਾ ਹੈ। ਪੈਟਰੋਲ ਬੰਬ ਨਾਲ ਕੀਤੇ ਇਸ ਹਮਲੇ ਵਿਚ ਕਿਸੇ ਕਿਸਮ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਕੁਝ ਨੁਕਸਾਨ ਹੋਇਆ ਹੈ।

ਪੈਟਰੋਲ ਬੰਬ ਦਾ ਧਮਾਕਾ ਗੁਰਦੁਆਰਾ ਸਾਹਿਬ ਦੇ ਦਰਵਾਜੇ ਕੋਲ ਹੋਇਆ, ਇਸ ਕਾਰਨ ਦਰਬਾਰ ਸਾਹਿਬ ਦੇ ਅੰਦਰ ਕੋਈ ਨੁਕਸਾਨ ਨਹੀਂ ਹੋਇਆ। ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਬਿਲਕੁਲ ਸਹੀ ਹਨ।

ਐਡਿਨਬਰਗ ਦੇ ਗੁਰਦੁਆਰਾ ਸਾਹਿਬ ਬਾਹਰ ਇਕੱਤਰ ਹੋਏ ਸਿੱਖ

ਇਸ ਹਮਲੇ ਦੀ ਨਿੰਦਾ ਕਰਦਿਆਂ ਸਿੱਖ ਫੈਡਰੇਸ਼ਨ ਯੂਕੇ ਦੇ ਸਕੱਤਰ ਭਾਈ ਨਰਿੰਦਰਜੀਤ ਸਿੰਘ ਨੇ ਕਿਹਾ ਕਿ ਇਹ ਇਸ ਤਰ੍ਹਾਂ ਦਾ ਪਹਿਲਾ ਨਫਰਤੀ ਹਮਲੇ ਨਹੀਂ ਜਿਸ ਵਿਚ ਗੁਰਦੁਆਰਾ ਸਾਹਿਬ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਹਮਲਾ ਕੁਝ ਦਿਨ ਪਹਿਲਾਂ ਹੋਏ ਅੱਤਵਾਦੀ ਹਮਲੇ ਦੇ ਪ੍ਰਤੀਕਰਮ ਵਿਚ ਹੋਇਆ ਹੈ ਜਿਸ ਦਾ ਮੂਲ ਕਾਰਨ ਸਿੱਖਾਂ ਦੀ ਪਛਾਣ ਵਿਚ ‘ਗਲਤਫਹਿਮੀ’ ਹੈ, ਕਿਉਂਕਿ ਸਿੱਖਾਂ ਦੀ ਕਿਸੇ ਵੀ ਅੱਤਵਾਦੀ ਹਮਲੇ ਵਿਚ ਸ਼ਮੂਲੀਅਤ ਨਹੀਂ ਹੈ।

ਉਨ੍ਹਾਂ ਮੰਗ ਕੀਤੀ ਕਿ ਪੁਲਿਸ ਇਸ ਹਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ ਸੱਚ ਸਾਹਮਣੇ ਲਿਆਵੇ ਕਿਉਂਕਿ ਇਹ ਹਮਲਾ ਵੱਡਾ ਨੁਕਸਾਨ ਕਰਨ ਦੇ ਇਰਾਦੇ ਨਾਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਹਮਲੇ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਹੋਣੀਆਂ ਚਾਹੀਦੀਆਂ ਹਨ।

ਸਿੱਖ ਫੈਡਰੇਸ਼ਨ ਯੂਕੇ ਨੇ ਬਰਤਾਨੀਆ ਸਰਕਾਰ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਸਿੱਖਾਂ ਖਿਲਾਫ ਹੋ ਰਹੇ ਨਸਲੀ ਹਮਲਿਆਂ ਵੱਲ ਗੰਭੀਰਤਾ ਨਾਲ ਧਿਆਨ ਨਹੀਂ ਦੇ ਰਹੀ ਤੇ ਇਹ ਹਮਲੇ ਵੱਧਦੇ ਜਾ ਰਹੇ ਹਨ।

ਹਮਲੇ ਸਬੰਧੀ ਪੁਲਿਸ ਨੇ ਇਕ 49 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ:

ਗੁਰਦੁਆਰਾ ਸਾਹਿਬ ‘ਤੇ ਹੋਏ ਹਮਲੇ ਦੀ ਜਾਂਚ ਕਰ ਰਹੀ ਪੁਲਿਸ ਨੇ ਇਸ ਘਟਨਾ ਸਬੰਧੀ ਇਕ 49 ਸਾਲਾ ਬੰਦੇ ਨੂੰ ਗ੍ਰਿਫਤਾਰ ਕੀਤਾ ਹੈ। ਇਸ ਗ੍ਰਿਫਤਾਰੀ ਦੀ ਖਬਰ “ਐਡਿਨਬਰਗ ਨਿਊਜ਼” ਅਖਬਾਰ ਨੇ ਛਾਪੀ ਹੈ।

ਬਰਤਾਨੀਆ ਦੇ ਪਾਰਲੀਮੈਂਟ ਮੈਂਬਰਾਂ ਨੇ ਹਮਲੇ ਦੀ ਨਿੰਦਾ ਕੀਤੀ:

ਅੱਜ ਗੁਰਦੁਆਰਾ ਸਾਹਿਬ ‘ਤੇ ਹੋਏ ਹਮਲੇ ਦੀ ਬਰਤਾਨੀਆ ਦੇ ਕਈ ਪਾਰਲੀਮੈਂਟ ਮੈਂਬਰਾਂ ਵਲੋਂ ਨਿੰਦਾ ਕੀਤੀ ਗਈ ਹੈ। ਬਰਤਾਨੀਆ ਦੀ ਐਮ ਪੀ ਨਿਕੋਲਾ ਸਟਰਜਨ, ਸਕੋਟਿਸ਼ ਲੇਬਰ ਪਾਰਟੀ ਦੇ ਆਗੂ ਰਿਚਰਡ ਲਿਓਨਾਰਡ, ਸਕੋਟਿਸ਼ ਕੰਜ਼ਰਵੇਟਿਵ ਪਾਰਟੀ ਦੇ ਆਗੂ ਅਤੇ ਐਡਿਨਬਰਗ ਕੇਂਦਰੀ ਤੋਂ ਸਕੋਟਿਸ਼ ਪਾਰਲੀਮੈਂਟ ਮੈਂਬਰ ਰੁੱਥ ਡੇਵਿਡਸਨ, ਬਰਤਾਨੀਆ ਦੇ ਮੰਤਰੀ ਅਤੇ ਕੰਜ਼ਰਵੇਟਿਵ ਪਾਰਟੀ ਦੇ ਆਗੂ ਲੋਰਡ ਨਿਕ ਬੋਰਨ, ਸਕੋਟਿਸ਼ ਪਾਰਲੀਮੈਂਟ ਦੇ ਮੈਂਬਰ ਮਾਈਲਸ ਬ੍ਰਿਗਸ, ਮੈਂਬਰ ਪਾਰਲੀਮੈਂਟ ਜੇਮਸ ਬਰੋਕੇਨਸ਼ਾਇਰ ਸਮੇਤ ਕਈ ਬਰਤਾਨਵੀ ਰਾਜਨੀਤਕ ਆਗੂਆਂ ਨੇ ਇਸ ਹਮਲੇ ਨੂੰ ਮੰਦਭਾਗਾ ਦਸਦਿਆਂ ਕਿਹਾ ਕਿ ਉਹ ਸਿੱਖ ਭਾਈਚਾਰੇ ਦੇ ਨਾਲ ਖੜੇ ਹਨ। ਇਸ ਘਟਨਾ ਸਬੰਧੀ ਇਨ੍ਹਾਂ ਆਗੂਆਂ ਵਲੋਂ ਟਵੀਟ ਕੀਤੇ ਗਏ।

ਸਿੱਖ ਕਾਉਂਸਲ ਯੂਕੇ ਵਲੋਂ ਹਮਲੇ ਦੀ ਨਿੰਦਾ:

ਬਰਤਾਨੀਆ ਦੀ ਸਿੱਖ ਸੰਸਥਾ ਸਿੱਖ ਕਾਉਂਸਲ ਯੂਕੇ ਨੇ ਐਡਿਨਬਰਗ ਦੇ ਗੁਰਦੁਆਰਾ ਸਾਹਿਬ ‘ਤੇ ਹੋਏ ਨਸਲੀ ਹਮਲੇ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਸਿੱਖ ਕਾਉਂਸਲ ਯੂਕੇ ਦੇ ਆਗੂ ਰਵਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਇਸ ਹਮਲੇ ਸਬੰਧੀ ਸਕਾਟਲੈਂਡ ਪੁਲਿਸ ਨਾਲ ਰਾਬਤਾ ਕਰਕੇ ਮਾਮਲੇ ਦੀ ਸਹੀ ਜਾਂਚ ਦੀ ਮੰਗ ਕੀਤੀ ਹੈ।

ਉਨ੍ਹਾਂ ਕਿਹਾ ਕਿ ਇਸ ਸਾਲ ਵਿਚ ਗੁਰਦੁਆਰਾ ਸਾਹਿਬ ‘ਤੇ ਹੋਇਆ ਇਹ ਦੂਜਾ ਹਮਲਾ ਹੈ। ਉਨ੍ਹਾਂ ਸਾਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਬੇਨਤੀ ਕੀਤੀ ਕਿ ਉਹ ਗੁਰਦੁਆਰਾ ਸਾਹਿਬ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਯੋਗ ਕਦਮ ਚੁੱਕਣ। ਉਨ੍ਹਾਂ ਗੁਰਦੁਆਰਾ ਕਮੇਟੀਆਂ ਨੂੰ ਕਿਹਾ ਕਿ ਬਰਤਾਨੀਆ ਸਰਕਾਰ ਵਲੋਂ ਧਾਰਮਿਕ ਥਾਵਾਂ ਦੀ ਸੁਰੱਖਿਆ ਲਈ ਦਿੱਤੀ ਜਾਂਦੀ ਮਾਇਕ ਮਦਦ ਲੈਣ ਵਿਚ ਸਿੱਖ ਕਾਉਂਸਲ ਯੂਕੇ ਚਾਹਵਾਨ ਕਮੇਟੀਆਂ ਦੀ ਪੂਰੀ ਮਦਦ ਕਰੇਗੀ ਜਿਸ ਨਾਲ ਗੁਰਦੁਆਰਾ ਸਾਹਿਬ ਦੇ ਸੁਰੱਖਿਆ ਪ੍ਰਬੰਧਾਂ ਨੂੰ ਸਹੀ ਬਣਾਇਆ ਜਾ ਸਕੇ।

ਯੂਰਪ ਵਿਚ ਵੱਧ ਰਿਹਾ ਹੈ ਸੱਜੇ ਪੱਖੀ ਰੁਝਾਨ:

ਯੂਰਪ ਵਿਚ ਪਿਛਲੇ ਕੁਝ ਸਾਲਾਂ ਤੋਂ ਕਥਿਤ ਸੱਜੇ ਪੱਖੀ ਵਿਚਾਰ ਤਾਕਤ ਫੜ ਰਹੇ ਹਨ ਜਿਸ ਦੇ ਸਿੱਟੇ ਵਜੋਂ ਗੈਰਯੂਰਪੀ ਲੋਕਾਂ ਨੂੰ ਨਸਲੀ ਹਮਲਿਆਂ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਇਹ ਰੁਝਾਨ ਯੂਰਪ ਤੋਂ ਇਲਾਵਾ ਅਮਰੀਕਨ ਮਹਾਦੀਪ ਵਿਚ ਵੀ ਜ਼ੋਰ ਫੜ ਰਿਹਾ ਹੈ ਤੇ ਅਮਰੀਕਾ ਵਿਚ ਵੀ ਇਸ ਦੇ ਨਤੀਜੇ ਸਾਹਮਣੇ ਆ ਰਹੇ ਹਨ। ਜੇ ਇਹ ਰੁਝਾਨ ਇਸੇ ਤਰ੍ਹਾਂ ਵੱਧਦਾ ਰਿਹਾ ਤਾਂ ਪਿਛਲੇ ਦਹਾਕਿਆਂ ਦੌਰਾਨ ਯੂਰਪ ਅਤੇ ਅਮਰੀਕਾ ਦੇ ਮੁਲਕਾਂ ਵਿਚ ਜਾ ਕੇ ਵਸੇ ਅਫਰੀਕੀ ਅਤੇ ਏਸ਼ੀਆਈ ਮੂਲ ਦੇ ਲੋਕਾਂ ਲਈ ਵੱਡੀਆਂ ਸਮੱਸਿਆਵਾਂ ਖੜੀਆਂ ਹੋ ਸਕਦੀਆਂ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,