ਆਮ ਖਬਰਾਂ » ਸਿਆਸੀ ਖਬਰਾਂ

ਕਿਸੇ ਵੀ ਨਸਲਕੁਸ਼ੀ ਤੋਂ ਪਹਿਲਾਂ ਉਸ ਬਾਰੇ ਕਲਪਣਾ ਦਾ ਮਾਹੌਲ ਸਿਰਜਿਆ ਜਾਂਦਾ ਹੈ: ਅਰੁੰਧਤੀ ਰਾਏ

August 31, 2015 | By

ਫਿਰਕਾਪ੍ਰਸਤੀ ‘ਤੇ ਜਾਤਪਾਤ ਵਿੱਚ ਖੱਬੇਪੱਖੀ ਵੀ ਬਰਾਬਰ ਦੇ ਜ਼ਿਮੇਵਾਰ

ਜਲੰਧਰ (30 ਅਗਸਤ, 2015): ਕਿਸੇ ਵੀ ਨਸਲਕੁਸ਼ੀ ਤੋਂ ਪਹਿਲਾਂ ਉਸ ਬਾਰੇ ਕਲਪਣਾ ਦਾ ਮਾਹੌਲ ਸਿਰਜਿਆ ਜਾਂਦਾ ਹੈ ਅਤੇ ਫਿਰ ੳੇਸਤੇ ਅਸਲੀਅਤ ਵਿੱਚ ਕਾਰਵਾਈ ਕੀਤੀ ਜਾਂਦੀ ਹੈ।ਹੁਕਮਰਾਨ ਕੋਈ ਵੀ ਲੋਕ ਵਿਰੋਧੀ ਫ਼ੈਸਲਾ ਲੈਣ ਤੋਂ ਪਹਿਲਾਂ ਉਸ ਬਾਰੇ ਕਲਪਣਾ ਪੈਦਾ ਕਰਦੇ ਹਨ ਤੇ ਲੋਕਾਂ ਨੂੰ ਦਿਮਾਗ਼ੀ ਤੌਰ ‘ਤੇ ਇਸ ਕੰਮ ਲਈ ਤਿਆਰ ਕਰਨ ਵਾਸਤੇ ਕਲਮ ਤੇ ਕਲਾ ਦੀ ਖੂਬ ਵਰਤੋਂ ਕੀਤੀ ਜਾਂਦੀ ਹੈ ।ਇਨ੍ਹਾਂ ਸ਼ਬਦਾ ਦਾ ਪ੍ਰਗਾਟਾ ਉੱਘੀ ਲੇਖਕਾ ਤੇ ਲੋਕ ਹਿਤਾਂ ਲਈ ਆਵਾਜ਼ ਉਠਾਉਣ ‘ਚ ਪ੍ਰਸਿੱਧ ਅਰੁੰਧਤੀ ਰਾਏ ਨੇ ਇੱਥੇ ਇੱਕ ਸੈਮੀਨਾਰ ਵਿੱਚ ਆਪਣੇ ਸੰਬੋਧਨ ਦੌਰਾਨ ਕੀਤਾ।

ਅਰੁੰਧਤੀ ਰਾਏ

ਅਰੁੰਧਤੀ ਰਾਏ

ਸੈਮੀਨਾਰ ‘ਚ ਬੋਲਦਿਆਂ ਉਨ੍ਹਾਂ ਕਿਹਾ ਕਿ ਅੱਜ ਦੇਸ਼ ਭਗਵੇਂ ਫਾਸ਼ੀਵਾਦ ਵੱਲ ਵਧ ਰਿਹਾ ਹੈ | ਭਾਵੇਂ ਇਹ ਕਿਹਾ ਜਾਂਦਾ ਹੈ ਕਿ ਦੇਸ਼ ‘ਚ ਜਮਹੂਰੀਅਤ ਹੈ, ਪਰ ਜੰਮੂ-ਕਸ਼ਮੀਰ, ਉੱਤਰ ਪੂਰਬੀ ਰਾਜ ਅਤੇ ਛੱਤੀਸਗੜ੍ਹ ਆਦਿ ਸੂਬਿਆਂ ‘ਚ ਐਮਰਜੈਂਸੀ ਵਰਗੀ ਹਾਲਤ ਹੈ |

ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਵਿਚ ਫ਼ੌਜ ਪੁਲਿਸ ਵਾਂਗ ਕੰਮ ਕਰ ਰਹੀ ਹੈ ਤੇ ਛੱਤੀਸਗੜ੍ਹ ‘ਚ ਆਦਿਵਾਸੀ ਲੋਕਾਂ ਉੱਪਰ ਪੁਲਿਸ ਫ਼ੌਜ ਵਾਂਗ ਟੁੱਟ ਪੈਂਦੀ ਹੈ |ਅਰੁੰਧਤੀ ਰਾਏ ਨੇ ਕਿਹਾ ਕਿ ਬਾਬਰੀ ਮਸਜਿਦ ਢਾਹੁਣ ਤੋਂ ਕਈ ਸਾਲ ਪਹਿਲਾਂ ਟੈਲੀਵਿਜ਼ਨ ਉੱਪਰ ਮਹਾਂ ਭਾਰਤ ਤੇ ਅਜਿਹੇ ਹੋਰ ਸੀਰੀਅਲ ਹੇਠਲੇ ਪੱਧਰ ਤੱਕ ਜ਼ਮੀਨ ਤਿਆਰ ਕਰਨ ਦਾ ਹੀ ਹਿੱਸਾ ਸਨ |

ਅਜੋਕੇ ਪੂੰਜੀਵਾਦ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੂੰਜੀ ਲਈ ਹੁਣ ਕੋਈ ਕੌਮੀ ਹੱਦ ਨਹੀਂ, ਪਰ ਬੰਦਿਆਂ ਨੂੰ ਪਿੰਜਰੇ ‘ਚ ਬੰਦ ਕੀਤਾ ਹੈ | ਉਨ੍ਹਾਂ ਕਿਹਾ ਕਿ ਭਾਰਤ ‘ਚ ਪੂੰਜੀਵਾਦ ਦੀ ਵਿਲੱਖਣ ਗੱਲ ਇਹ ਹੈ ਕਿ ਪੂੰਜੀ, ਫਿਰਕਾਪ੍ਰਸਤੀ ਅਤੇ ਜਾਤ-ਪਾਤ ਦਾ ਆਪਸ ‘ਚ ਗੂੜ੍ਹਾ ਸਬੰਧ ਹੈ | ਉਨ੍ਹਾਂ ਕਿਹਾ ਕਿ ਹਿੰਦੂਤਵ ਫਾਸ਼ੀਵਾਦ ਲਈ ਕਲਾ ਦੀ ਬੇਹੱਦ ਵਰਤੋਂ ਹੋ ਰਹੀ ਹੈ |

ਉਨ੍ਹਾਂ ਕਿਹਾ ਕਿ ਕਿਸੇ ਵੀ ਨਰਸੰਘਾਰ ਤੋਂ ਪਹਿਲਾਂ ਉਸ ਬਾਰੇ ਕਲਪਣਾ ਦਾ ਮਾਹੌਲ ਸਿਰਜਿਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਅੱਜ ਤੋਂ 50 ਸਾਲ ਪਹਿਲਾਂ, ਫ਼ਿਲਮਾਂ ਵਿਚ ਮਜ਼ਦੂਰ, ਇਨਕਲਾਬੀ ਆਗੂ ਤੇ ਲੋਕਨਾਇਕ ਦਿਖਾਏ ਜਾਂਦੇ ਸਨ | ਪਰ ਹੁਣ ਆਮ ਲੋਕ ਤੇ ਉਨ੍ਹਾਂ ਦੇ ਨਾਇਕ ਸਮੇਤ ਗ਼ਰੀਬ ਲੋਕ ਫ਼ਿਲਮਾਂ ਵਿਚੋਂ ਬਾਹਰ ਕੱਢ ਦਿੱਤੇ ਗਏ ਹਨ |

ਉਨ੍ਹਾਂ ਕਿਹਾ ਕਿ ਆਪਣੀ ਹੋਂਦ ਲਈ ਲੜਨ ਵਾਲੇ ਭਾਰਤ ਦੇ ਸਭ ਤੋਂ ਗ਼ਰੀਬ ਆਦਿਵਾਸੀ ਲੋਕਾਂ ਨੂੰ ਸਾਡੇ ਮੀਡੀਏ ਨੇ ਅੱਤਵਾਦੀ ਬਣਾ ਦਿੱਤਾ ਹੈ | ਉਨ੍ਹਾਂ ਕਿਹਾ ਕਿ ਜਿਹੜੇ ਲੋਕਾਂ ਨੂੰ ਸਾਡੀ ਸੰਸਕ੍ਰਿਤੀ ਅਛੂਤ ਦਿਸਦੀ ਹੈ, ਫਿਰ ਭਲਾ ਉਸ ਦਾ ਦੇਸ਼ ਨਾਲ ਕੀ ਵਾਹ-ਵਾਸਤਾ ਤੇ ਉਸ ਲਈ ਦੇਸ਼ ਭਗਤੀ ਦਾ ਕੀ ਅਰਥ |

ਉਨ੍ਹਾਂ ਕਿਹਾ ਕਿ ਆਜ਼ਾਦ ਭਾਰਤ ‘ਚ ਇਕ ਦਿਨ ਅਜਿਹਾ ਨਹੀਂ ਜਦ ਕਿਸੇ ਹਿੱਸੇ ‘ਚ ਫ਼ੌਜ ਨਾ ਲੱਗੀ ਹੋਵੇ ਤੇ ਹੁਣ ਆਦਿਵਾਸੀ ਖੇਤਰਾਂ ‘ਚ ਚੁੱਪ-ਚੁਪੀਤੇ ਗਰੀਨ ਹੱਟ ਆਪਰੇਸ਼ਨ ਚਲਾਇਆ ਜਾ ਰਿਹਾ ਹੈ | ਫਿਰਕਾਪ੍ਰਸਤੀ ਤੇ ਜਾਤਪਾਤ ਦੇ ਮਾਮਲੇ ‘ਚ ਲੇਖਕਾਂ ਦੇ ਨਾਲ ਖੱਬੇ ਪੱਖੀਆਂ ਨੂੰ ਵੀ ਬਰਾਬਰ ਜ਼ਿੰਮੇਵਾਰ ਠਹਿਰਾਉਂਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਅਜਿਹੇ ਕਿਸੇ ਮੰਤਵ ਦੀ ਹਿਮਾਇਤ ਨਹੀਂ ਕਰਨੀ ਚਾਹੀਦੀ ਜਿਸ ਨਾਲ ਸਟੇਟ ਦੇ ਦੰਦ ਤਿੱਖੇ ਹੁੰਦੇ ਹੋਣ |

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,