ਸਿਆਸੀ ਖਬਰਾਂ » ਸਿੱਖ ਖਬਰਾਂ

ਸਰਬੱਤ ਖਾਲਸਾ ਸਮਾਗਮ ਦੇ ਆਗੂ ਭਾਈ ਗੁਰਦੀਪ ਸਿੰਘ ਹੋਏ ਰਿਹਾਅ, ਮਿਲੀ ਅੰਤ੍ਰਿਮ ਜ਼ਮਾਨਤ

January 10, 2016 | By

ਸੰਗਰੂਰ (9 ਜਨਵਰੀ, 2016): ਸ਼੍ਰੋਮਣੀ ਅਕਾਲੀ ਦਲ ਸਾਂਝਾ ਦੇ ਆਗੂ ਅਤੇ ਸਰਬੱਤ ਖਾਲਸਾ(2015) ਦੇ ਪ੍ਰਬੰਧਕ ਗੁਰਦੀਪ ਸਿੰਘ ਬਠਿੰਡਾ ਅੱਜ ਸੰਗਰੂਰ ਜੇਲ ਵਿੱਚੋਂ ਰਿਹਾਅ ਹੋ ਗਏ ਹਨ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ੳੇਨ੍ਹਾਂ ਨੂੰ 17 ਫਰਵਰੀ ਤੱਕ ਅੰਤਰਿਮ ਜ਼ਮਾਨਤ ਦਿੱਤੀ ਹੈ।

ਭਾਈ ਗੁਰਦੀਪ ਸਿੰਘ ਬਠਿੰਡਾ ‘ਤੇ ਪੰਜਾਬ ਸਰਕਾਰ ਨੇ ਸਰਬੱਤ ਖਾਲਸਾ ਸਮਾਗਮ ਤੋਂ ਬਾਅਦ ਹੋਰ ਆਗੂਆਂ ਸਮੇਤ ਦੇਸ਼ ਧਰੋਹ ਦਾ ਪਰਚਾ ਦਰਜ਼ ਕੀਤਾ ਸੀ।ਉਨਾਂ ਦੇ ਨਾਲ ਦੇਸ਼ ਧਰੋਹ ਦੇ ਕੇਸ ਵਿੱਚ ਗ੍ਰਿਫਤਾਰ ਭਾਈ ਮੋਹਕਮ ਸਿੰਘ ਨੂੰ ਹਾਈਕੋਰਟ ਨੇ ਪੱਕੀ ਜ਼ਮਾਨਤ ਦੇ ਦਿੱਤੀ ਹੈ।

ਸੰਗਰੂਰ ਜੇਲ੍ਹ ’ਚੋਂ ਬਾਹਰ ਆਉਂਦੇ ਹੋਏ ਗੁਰਦੀਪ ਸਿੰਘ ਬਠਿੰਡਾ

ਸੰਗਰੂਰ ਜੇਲ੍ਹ ’ਚੋਂ ਬਾਹਰ ਆਉਂਦੇ ਹੋਏ ਗੁਰਦੀਪ ਸਿੰਘ ਬਠਿੰਡਾ

ਜੁਡੀਸ਼ਲ ਮੈਜਿਸਟਰੇਟ ਫਸਟ ਕਲਾਸ-ਕਮ-ਡਿਊਟੀ ਮੈਜਿਸਟਰੇਟ ਅੰਮ੍ਰਿਤਸਰ ਦੀ ਅਦਾਲਤ ਰਾਹੀਂ ਮਿਲੇ ਜ਼ਮਾਨਤ ਦੇ ਹੁਕਮਾਂ ਤੋਂ ਬਾਅਦ ਗੁਰਦੀਪ ਸਿੰਘ ਬਠਿੰਡਾ ਨੂੰ ਸ਼ਾਮ ਕਰੀਬ ਛੇ ਵਜ਼ੇ ਇੱਥੇ ਜ਼ਿਲ੍ਹਾ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤਾ ਗਿਆ।

ਕਰੀਬ ਸ਼ਾਮ ਛੇ ਵਜੇ ਜਿਉਂ ਹੀ ਗੁਰਦੀਪ ਸਿੰਘ ਬਠਿੰਡਾ ਨੂੰ ਜ਼ਿਲ੍ਹਾ ਜੇਲ੍ਹ ’ਚੋ ਰਿਹਾਅ ਕੀਤਾ ਗਿਆ ਤਾਂ ਜੇਲ੍ਹ ਦੇ ਬਾਹਰ ਇਕੱਠੇ ਹੋਏ ਯੂਨਾਈਟਿਡ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਹੋਰ ਸਿੱਖ ਜਥੇਬਬੰਦੀਆਂ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਜੈਕਾਰਿਆਂ ਨਾਲ ਗੁਰਦੀਪ ਸਿੰਘ ਦਾ ਸਵਾਗਤ ਕੀਤਾ ਗਿਆ ਅਤੇ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ।

ਗੁਰਦੀਪ ਸਿੰਘ ਬਠਿੰਡਾ ਦੇ ਪੁੱਤਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੂੰ ਪੰਜਾਬ ’ਤੇ ਹਰਿਆਣਾ ਹਾਈਕੋਰਟ ਵੱਲੋਂ 17 ਫਰਵਰੀ ਤੱਕ ਅੰਤ੍ਰਿਮ ਜ਼ਮਾਨਤ ਦਿੱਤੀ ਗੲੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਦਿਲ ਦੀ ਬਿਮਾਰੀ ਤੋਂ ਪੀੜਤ ਹਨ ਤੇ ੳੁਨ੍ਹਾਂ ਦੀ ਸਿਹਤ ਪਿਛਲੇ ਕੁਝ ਦਿਨਾਂ ਤੋਂ ਠੀਕ ਨਹੀਂ ਸੀ। ਇਸੇ ਆਧਾਰ ’ਤੇ ਪੰਜਾਬ ’ਤੇ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਮਿਲੀ ਹੈ।

ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੁਰਜੀਤ ਸਿੰਘ ਕਾਲਾਬੂਲਾ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਥੇਬੰਦਕ ਸਕੱਤਰ ਗੁਰਨੈਬ ਸਿੰਘ ਰਾਮਪੁਰਾ, ਯੂਨਾਈਟਿਡ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰਸ਼ੋਤਮ ਸਿੰਘ ਫੱਗੂਵਾਲਾ, ਮੀਤ ਪ੍ਰਧਾਨ ਗੁਰਨਾਮ ਸਿੰਘ ਸਿੱਧੂ, ਕੋਰ ਕਮੇਟੀ ਮੈਂਬਰ ਹਰਮਨਜੀਤ ਸਿੰਘ, ਜ਼ਿਲ੍ਹਾ ਪ੍ਰਧਾਨ ਰਘਵਿੰਦਰ ਸਿੰਘ, ਯੂਨਾਈਟਿਡ ਗ੍ਰੰਥੀ ਸਭਾ ਦੇ ਆਗੂ ਬਚਿੱਤਰ ਸਿੰਘ ਆਦਿ ਮੌਜੂਦ ਸਨ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ 10 ਨਵੰਬਰ ਅੰਮ੍ਰਿਤਸਰ ਨੇੜਲੇ ਪਿੰਡ ਚੱਬਾ ਵਿੱਚ ਸਰਬੱਤ ਖ਼ਾਲਸਾ ਸੱਦਿਆ ਗਿਆ ਸੀ। ਸਰਬੱਤ ਖ਼ਾਲਸਾ ਤੋਂ ਬਾਅਦ ਮੁੱਖ ਪ੍ਰਬੰਧਕਾਂ ’ਚ ਸ਼ਾਮਲ ਕਈ ਆਗੂਆਂ ਖ਼ਿਲਾਫ਼ ਦੇਸ਼ ਧਰੋਹ ਦੇ ਕੇਸ ਦਰਜ ਕਰ ਕੇ ੳੁਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਜਿਨ੍ਹਾਂ ਵਿੱਚ ਭਾਈ ਗੁਰਦੀਪ ਸਿੰਘ ਬਠਿੰਡਾ ਵੀ ਸ਼ਾਮਲ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,