ਸਿੱਖ ਖਬਰਾਂ

ਵਿਵਾਦਾਂ ਤੋਂ ਬਚਾਉਣ ਲਈ ਖਾਲਸਾ ਯੂਨੀਵਰਸਿਟੀ ਨੂੰ ਜਲੰਧਰ ਵਿਖੇ ਤਬਦੀਲ ਕੀਤਾ ਜਾਵੇ: ਦਲ ਖਾਲਸਾ

April 9, 2017 | By

ਅੰਮ੍ਰਿਤਸਰ: ਖਾਲਸਾ ਯੂਨੀਵਰਸਿਟੀ ਦੇ ਭਵਿੱਖ ‘ਤੇ ਲਟਕ ਰਹੀ ਤਲਵਾਰ ‘ਤੇ ਪ੍ਰਤੀਕਰਮ ਦਿੰਦਿਆਂ ਦਲ ਖਾਲਸਾ ਨੇ ਸੁਝਾਅ ਦਿੱਤਾ ਹੈ ਪ੍ਰਬੰਧਕਾਂ ਨੂੰ ਇਸ ਯੂਨੀਵਰਸਿਟੀ ਨੂੰ ਇਤਿਹਾਸਕ ਅਤੇ ਨਾਮਵਰ ਖਾਲਸਾ ਕਾਲਜ ਦੇ 330 ਏਕੜ ਜਮੀਨ ਦੀ ਹਦੂਦ ਤੋਂ ਬਾਹਰ ਕਿਸੇ ਵੱਖਰੀ ਥਾਂ ‘ਤੇ ਲੈ ਜਾਣਾ ਚਾਹੀਦਾ ਹੈ ਜੇਕਰ ਉਹ ਇਸ ਦਾ ਭਵਿੱਖ ਬਚਾਉਣ ਲਈ ਸੁਹਿਰਦ ਹਨ। ਪਾਰਟੀ ਨੇ ਉਮੀਦ ਪ੍ਰਗਟਾਈ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਵਿਰਾਸਤ ਨੂੰ ਪਿਆਰ ਕਰਨ ਵਾਲੇ ਅਤੇ ਸੁਚੇਤ ਲੋਕ ਜੋ ਇਸਦਾ ਵਿਰੋਧ ਕਰ ਰਹੇ ਹਨ ਉਹਨਾਂ ਨੂੰ ਇਸ ਗੱਲ ਤੋਂ ਕੋਈ ਇਤਰਾਜ਼ ਨਹੀਂ ਹੋਵੇਗਾ ਜੇ ਇਸ ਯੂਨੀਵਰਸਿਟੀ ਨੂੰ ਵਿਰਾਸਤੀ ਖਾਲਸਾ ਕਾਲਜ ਤੋਂ ਦੂਰ ਨਵੀ ਥਾਂ ‘ਤੇ ਸਥਾਪਿਤ ਕੀਤਾ ਜਾਂਦਾ ਹੈ।

ਪਾਰਟੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਖਾਲਸਾ ਕਾਲਜ ਦੇ ਗਵਰਨਿੰਗ ਕੋਂਸਲ ਮੈਂਬਰਾਂ ਨੇ ਪਿਛਲ਼ੇ ਸਾਲ ਇਹ ਫੈਂਸਲਾ ਲੈਣ ਵਿਚ ਕਾਹਲ ਕੀਤੀ ਅਤੇ ਉਹ ਕੰਧ ‘ਤੇ ਲਿਖਿਆ ਨਹੀਂ ਪੜ੍ਹ ਸਕੇ। ਉਹਨਾਂ ਕਿਹਾ ਕਿ ਮਜੀਠੀਆ ਨੇ ਉਸ ਸਮੇ ਦੀ ਸਤਾਧਾਰੀ ਧਿਰ ਨਾਲ ਆਪਣੇ ਰਿਸ਼ਤਿਆਂ ਦੀ ਆੜ ਹੇਠ ਇਸ ਯੂਨੀਵਰਸਿਟੀ ਦੀ ਪ੍ਰਵਾਨਗੀ ਲਈ।
ਉਹਨਾਂ ਨਵ ਨਿਯੁਕਤ ਵਾਈਸ ਚਾਂਸਲਰ ਗੁਰਮੋਹਨ ਸਿੰਘ ਵਾਲੀਆ ਦੀ ਨਿਯੁਕਤੀ ਦੇ ਸਮੇ ਉਤੇ ਵਿਅੰਗ ਕਰਦਿਆ ਕਿਹਾ ਕਿ ਡਾ ਵਾਲੀਆ ਨੇ 7 ਤਾਰੀਕ ਦੇ ਇੱਕ ਅੰਗਰੇਜੀ ਅਖਬਾਰ ਵਿੱਚ ਪ੍ਰਬੰਧਕਾਂ ਦੇ ਹੱਕ ਵਿੱਚ ਖਾਲਸਾ ਕਾਲਜ ਨੂੰ ਯੂਨੀਵਰਸਟੀ ਵਿੱਚ ਤਬਦੀਲ ਕਰਨ ਦੀ ਜੋਰਦਾਰ ਵਕਾਲਤ ਕੀਤੀ ਅਤੇ 9 ਤਾਰੀਕ ਨੂੰ ਉਹਨਾਂ ਨੂੰ ਵੀ.ਸੀ ਨਿਯੁਕਤ ਕਰ ਲਿਆ ਗਿਆ।

ਕੰਵਰਪਾਲ ਸਿੰਘ (ਦਲ ਖਾਲਸਾ) [ਪੁਰਾਣੀ ਤਸਵੀਰ]

ਕੰਵਰਪਾਲ ਸਿੰਘ (ਦਲ ਖਾਲਸਾ) [ਪੁਰਾਣੀ ਤਸਵੀਰ]

ਉਹਨਾਂ ਕਿਹਾ ਕਿ ਸਿਰਫ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਭਵਿੱਖ ਹੀ ਨਹੀਂ ਬਲਕਿ ਖਾਲਸਾ ਯੂਨੀਵਰਸਿਟੀ ਦਾ ਨਾਮ ਵੀ ਦਾਅ ‘ਤੇ ਲੱਗਿਆ ਹੋਇਆ ਹੈ। ਉਹਨਾਂ ਕਿਹਾ ਕਿ ਜਦੋਂ ਤੋਂ ਨਵੀਂ ਯੂਨੀਵਰਸਿਟੀ ਦੇ ਨਿਰਮਾਣ ਦੀ ਗੱਲ ਚੱਲੀ ਹੈ ਆਏ ਦਿਨ ਨਵੇਂ ਵਿਵਾਦ ਇਸ ਨਾਲ ਜੁੜਦੇ ਜਾ ਰਹੇ ਹਨ ਕਿਉਂਕਿ ਮੋਜੂਦਾ ਪ੍ਰਬੰਧਕਾਂ ਦੀ ਇਸਦੇ ਨਿਰਮਾਣ ਪਿੱਛੇ ਮਨਸ਼ਾ ਸਾਫ ਨਹੀਂ ਦਿਖਦੀ ਜੋ ਲੋਕਾਂ ਦੇ ਇਤਰਾਜ਼ਾਂ ਅਤੇ ਫਿਕਰਾਂ ਦੇ ਬਾਵਜੂਦ ਇਸ ਕੰਮ ਨੂੰ ਨੇਪਰੇ ਚਾੜ੍ਹਨ ਵਿਚ ਲੱਗੇ ਹੋਏ ਹਨ।

ਉਹਨਾਂ ਕਿਹਾ ਕਿ ਪਹਿਲੇ ਦਿਨ ਤੋਂ ਹੀ ਲੋਕਾਂ ਦੇ ਮਜੀਠੀਆ ਪਰਿਵਾਰ ਅਤੇ ਬਾਦਲਕਿਆਂ ਉੱਤੇ ਬੇਵਿਸ਼ਵਾਸੀ ਕਾਰਨ ਇਤਰਾਜ਼ ਉੱਠਣ ਲੱਗੇ ਸਨ, ਜੋ ਖਾਲਸਾ ਕਾਲਜ ਨੂੰ ਨਿੱਜੀ ਯੂਨੀਵਰਸਿਟੀ ਵਿਚ ਤਬਦੀਲ ਕਰਨਾ ਚਾਹੁੰਦੇ ਸਨ ਪਰ ਲੋਕਾਂ ਦੇ ਵਿਰੋਧ ਤੋਂ ਬਾਅਦ ਉਹਨਾਂ ਖਾਲਸਾ ਕਾਲਜ ਦੇ ਵਿਰਾਸਤੀ ਗਲਿਆਰੇ ਵਿਚ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਿਲਕੁਲ ਗੁਆਂਢ ਵਿੱਚ ਇਕ ਵੱਖਰੀ ਯੂਨੀਵਰਸਿਟੀ ਬਣਾਉਣ ਦਾ ਰਾਹ ਚੁਣ ਲਿਆ।

ਉਹਨਾਂ ਕਿਹਾ ਕਿ ਜੇਕਰ ਮਜੀਠੀਆ ਪਰਿਵਾਰ ਜ਼ਿੱਦ ਤੇ ਅੜ੍ਹੇ ਰਹਿੰਦੇ ਹਨ ਅਤੇ ਇਸ ਯੂਨੀਵਰਸਿਟੀ ਦੀ ਥਾਂ ਨੂੰ ਨਹੀਂ ਬਦਲਦਾ ਤਾਂ ਉਹ 300 ਦੇ ਕਰੀਬ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਕੈਰੀਅਰ ਦੀ ਬਰਬਾਦੀ ਦੇ ਇਕਲੇ ਜ਼ਿੰਮੇਵਾਰ ਹੋਣਗੇ। ਉਹਨਾਂ ਕਿਹਾ ਕਿ ਸਾਡੀ ਜਾਣਕਾਰੀ ਅਨੁਸਾਰ ਖਾਲਸਾ ਕਾਲਜ ਪ੍ਰਬੰਧਕੀ ਕਮੇਟੀ ਕੋਲ ਜਲੰਧਰ ਵਿਚ 100 ਕਿਲ੍ਹੇ ਜ਼ਮੀਨ ਹੈ, ਜੋ ਕਿ ਯੂਨੀਵਰਸਿਟੀ ਬਣਾਉਣ ਲਈ ਕਾਫੀ ਹੈ।

ਉਹਨਾਂ ਕਿਹਾ ਕਿ ਪ੍ਰਬੰਧਕਾਂ ਨੂੰ ਅਜੇ ਵੀ ਸਮਾਂ ਰਹਿੰਦਿਆਂ ਲੋਕਾਂ ਦੀ ਰਾਏ ਦੀ ਕਦਰ ਕਰਦਿਆਂ ਵਿਰਾਸਤੀ ਖਾਲਸਾ ਕਾਲਜ ਤੋਂ ਥਾਂ ਬਦਲ ਕੇ ਜਲੰਧਰ ਵਿਚ ਖਾਲਸਾ ਯੂਨੀਵਰਸਿਟੀ ਦਾ ਨਿਰਮਾਣ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਟੀ ਨਾਲ ਮੁਕਾਬਲਾ ਕਰਨ ਦੀ ਥਾਂ ਪ੍ਰਬੰਧਕਾਂ ਨੂੰ ਡੀ.ਏ.ਵੀ ਅਤੇ ਐਲ.ਪੀ.ਯੂ ਨਾਲ ਮੁਕਾਬਲਾ ਕਰਨਾ ਚਾਹੀਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,