ਦਸਤਾਵੇਜ਼ » ਸਿੱਖ ਖਬਰਾਂ

ਭਾਈ ਨਰਾਇਣ ਸਿੰਘ ਚੌੜਾ ਦੀ ਦਸਤਾਰ ਲਾਹੁਣ ਦਾ ਮਾਮਲਾ: ਦਲ ਖ਼ਾਲਸਾ ਨੇ ਅਕਾਲ ਤਖਤ ਵੱਲੋਂ ਬਾਦਲਕਿਆਂ ਖਿਲਾਫ ਕਾਰਵਾਈ ਮੰਗੀ

December 9, 2024 | By

ਅੰਮ੍ਰਿਤਸਰ: ਦਲ ਖਾਲਸਾ ਨੇ ਸ਼ਨੀਵਾਰ (7 ਦਸੰਬਰ) ਨੂੰ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਇੱਕ ਪੱਤਰ ਸੌਂਪਿਆ। ਇਸ ਪੱਤਰ ਵਿੱਚ ਉਨ੍ਹਾਂ ਨੇ ਉਸ ਬਾਦਲ ਦਲ ਦੇ ਕਾਰਕੁਨ ਖ਼ਿਲਾਫ਼ ਸਖ਼ਤ ਸਜ਼ਾ ਦੀ ਮੰਗ ਕੀਤੀ ਜਿਸ ਨੇ ਭਾਈ ਨਰਾਇਣ ਸਿੰਘ ਚੌੜਾ ਦੀ ਦਸਤਾਰ ਲਾਹੀ ਸੀ। ਇਹ ਪੱਤਰ ਅਦਾਰਾ ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਹਿਤ ਹੇਠਾਂ ਇੰਨ ਬਿੰਨ ਛਾਪਿਆ ਜਾ ਰਿਹਾ ਹੈ:-

ਯਾਦ-ਪੱਤਰ ਦੀ ਮੁਕੰਮਲ ਕਾਪੀ-

ਦਰਬਾਰ ਸਾਹਿਬ ਦੇ ਬਾਹਰ 4 ਦਸੰਬਰ ਨੂੰ ਸੁਖਬੀਰ ਸਿੰਘ ਬਾਦਲ ਜੋ ਅਕਾਲ ਤਖ਼ਤ ਸਾਹਿਬ ਵੱਲੋਂ ਲੱਗੀ ਧਾਰਮਿਕ ਤਨਖਾਹ ਤਹਿਤ ਚੋਬਦਾਰ ਦੀ ਸੇਵਾ ਨਿਭਾਅ ਰਿਹਾ ਸੀ, ਉਹਨਾਂ ‘ਤੇ ਜਾਨਲੇਵਾ ਹਮਲਾ ਹੋਇਆ।

ਸੁਖਬੀਰ ਬਾਦਲ ‘ਤੇ ਹਮਲਾ ਕਰਨ ਦੇ ਦੋਸ਼ ਹੇਠ ਭਾਈ ਨਰਾਇਣ ਸਿੰਘ ਨੂੰ ਮੌਕੇ ਤੇ ਹਿਰਾਸਤ ਵਿਚ ਲਿਆ ਗਿਆ, ਹਿਰਾਸਤ ਵਿੱਚ ਲੈਣ ਤੋਂ ਬਾਅਦ ਪੁਲਿਸ ਮੁਲਾਜ਼ਮ ਜਦ ਉਹਨਾਂ ਲੈ ਕੇ ਜਾ ਰਹੇ ਸੀ ਤਾਂ ਪਿੱਛੋਂ ਇਕ ਦਸਤਾਰਧਾਰੀ ਸਿੱਖ ਨੌਜਵਾਨ ਨੇ ਆ ਕੇ ਮਿੱਥ ਕੇ ਉਹਨਾਂ ਦੀ ਦਸਤਾਰ ਲਾਉਣ ਦੀ ਹਿਮਾਕਤ ਕੀਤੀ।

ਭਾਈ ਨਰਾਇਣ ਸਿੰਘ ੧੯੮੨ ਤੋ ਆਰੰਭ ਹੋਏ ਧਰਮ ਯੁੱਧ ਮੋਰਚੇ ਤੋ ਹੀ ਪੰਥਕ ਸਫਾਂ ਵਿੱਚ ਸਰਗਰਮ ਭੂਮਿਕਾ ਨਿਭਾ ਰਹੇ ਹਨ। ਪੰਥ ਦੇ ਹਰ ਹਿੱਸੇ ਤੇ ਹਰ ਵਰਗ ਵਿੱਚ ਉਹਨਾਂ ਦੀ ਮਕਬੂਲੀਅਤ ਹੈ। ਉਹ ਜੁਝਾਰੂ ਸੋਚ ਦੇ ਮਾਲਕ ਹਨ। ਉਹ ਇੱਕ ਸੱਚੇ ਖ਼ਾਲਿਸਤਾਨੀ ਹਨ ਅਤੇ ਇਸ ਕੌਮੀ ਮਕਸਦ ਦੀ ਪੂਰਤੀ ਲਈ ਉਹਨਾਂ ਕਈ ਵਾਰ ਪੁਲਿਸ ਦਾ ਤਸ਼ੱਦਦ ਝੱਲਿਆ ਅਤੇ ਲੰਮਾ ਸਮਾਂ ਜੇਲ੍ਹਾਂ ਵੀ ਕੱਟੀਆਂ ਹਨ। ਉਸ ਦੀ ਸ਼ਖ਼ਸੀਅਤ ਦੀ ਖਾਸੀਅਤ ਹੈ ਕਿ ਉਹ ਨਾ ਵਿਕਣ ਵਾਲਾ ਅਤੇ ਨਾ ਹੀ ਝੁਕਣ ਵਾਲਾ।

ਸਚਾਈ ਇਹ ਹੈ ਕਿ ਉਹਨਾਂ ਦੀ ਆਪਣੀ ਜਥੇਬੰਦੀ ‘ਅਕਾਲ ਫੈਡਰੇਸ਼ਨ’ ਹੈ ਜਿਸ ਦੇ ਉਹ ਮੁਖੀ ਹਨ ਪਰ ਦਲ ਖ਼ਾਲਸਾ ਨਾਲ ਉਹਨਾਂ ਦੀ ਨੇੜਤਾ ਤੇ ਚੰਗੇ ਸਬੰਧ ਪਿਛਲੇ 40 ਵਰ੍ਹਿਆਂ ਤੋ ਹਨ।

ਅਸੀਂ ਨਹੀਂ ਜਾਣਦੇ ਅਤੇ ਨਾ ਹੀ ਯਕੀਨ ਨਾਲ ਕੁਝ ਆਖ ਸਕਦੇ ਹਾਂ ਕਿ ਉਨ੍ਹਾਂ ਨੇ ਦਰਬਾਰ ਸਾਹਿਬ ਦੀ ਹਦੂਦ ਅੰਦਰ ਸੁਖਬੀਰ ਉੱਤੇ ਹਮਲਾ ਕਰਨ ਵਰਗਾ ਸਖਤ ਕਦਮ ਕਿਉਂ ਚੁੱਕਿਆ!

ਇਸ ਬਾਰੇ ਸਿਰਫ ਨਰਾਇਣ ਸਿੰਘ ਆਪ ਹੀ ਸਪੱਸ਼ਟ ਕਰ ਸਕਦੇ ਹਨ। ਪੁਲਿਸ ਨੇ ਉਹਨਾਂ ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਵਿਰੁੱਧ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਕਾਨੂੰਨ ਆਪਣਾ ਰਾਹ ਅਖ਼ਤਿਆਰ ਕਰੇਗਾ। ਇਸ ਬਾਰੇ ਸਾਨੂੰ ਕੋਈ ਮਲਾਲ ਨਹੀਂ ਹੈ।

ਸਾਡਾ ਇਤਰਾਜ਼ ਤੇ ਰੰਜ ਉਸ ਅਕਾਲੀ ਕਾਰਕੁਨ ਵਿਰੁੱਧ ਹੈ ਜਿਸਨੇ ਜਾਣਬੁੱਝ ਕੇ ਉਹਨਾਂ ਦੀ ਦਸਤਾਰ ਉਤਾਰ ਕੇ ਦਸਤਾਰ ਅਤੇ ਇੱਕ ਪੂਰਨ ਗੁਰਸਿੱਖ ਦਾ ਅਪਮਾਨ ਕੀਤਾ ਹੈ।

ਸਾਡੀ ਅਕਾਲ ਤਖ਼ਤ ਸਾਹਿਬ ਅੱਗੇ ਅਪੀਲ ਹੈ ਕਿ ਇਸ ਨੌਜਵਾਨ ਖ਼ਿਲਾਫ਼ ਮਰਯਾਦਾ ਅਤੇ ਸਿਧਾਂਤਾਂ ਅਨੁਸਾਰ ਯੋਗ ਤੇ ਤੁਰੰਤ ਕਾਰਵਾਈ ਕੀਤੀ ਜਾਵੇ। ਦਸਤਾਰ ਦੀ ਬੇਅਦਬੀ ਦੀ ਇਸ ਘਟਨਾ ਨੇ ਹਜ਼ਾਰਾਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ ਹੈ, ਜਿਸ ਦੀ ਤਰਜਮਾਨੀ ਕਰਦੇ ਅਸੀਂ ਆਪ ਜੀ ਨੂੰ ਕਾਰਵਾਈ ਲਈ ਲਿਖ ਰਹੇ ਹਾਂ।
ਸੋਸ਼ਲ ਮੀਡੀਆ ਉੱਤੇ ਦਸਤਾਰ ਲਾਉਣ ਦੀ ਕਲੀਅਰ ਵੀਡੀਓ ਕਲਿੱਪ ਮੌਜੂਦ ਹਨ। ਇਸ ਅਕਾਲੀ ਕਾਰਕੁਨ ਦਾ ਨਾਮ ਜਸਪ੍ਰੀਤ ਸਿੰਘ ਰਾਣਾ ਜੋ ਯੂਥ ਅਕਾਲੀ ਦਲ ਦਾ ਪਠਾਨਕੋਟ ਜ਼ਿਲ੍ਹੇ ਦਾ ਪ੍ਰਧਾਨ ਦੱਸਿਆ ਜਾ ਰਿਹਾ ਹੈ। ਇਸ ਸ਼ਖਸ ਦੀ ਪਛਾਣ ਅਤੇ ਕੀਤੀ ਘਟੀਆ ਹਰਕਤ ਬਾਰੇ ਆਪ ਜੀ ਆਪਣੇ ਤੌਰ ‘ਤੇ ਵੀ ਜਾਂਚ ਕਰ ਸਕਦੇ ਹੋ।

ਸਾਡੀ ਅਪੀਲ ਹੈ ਕਿ ਬਤੌਰ ਜਥੇਦਾਰ ਅਕਾਲ ਤਖ਼ਤ ਆਪ ਜੀ ਅਗਰ ਲੋੜ ਮਹਿਸੂਸ ਕਰਦੇ ਹੋ ਤਾਂ ਇਸ ਮਾਮਲੇ ਦੀ ਨਿਆਇਕ ਜਾਂਚ ਦੀ ਮੰਗ ਕਰਨ ਦੀ ਬਜਾਏ ਆਪਣੇ ਤੌਰ ‘ਤੇ ਜਾਂਚ ਕਰਵਾਉ!

ਪੜੇ-ਲਿਖੇ 70 ਸਾਲਾ ਬਜ਼ੁਰਗ ਨੂੰ ਕਿਸੇ ਦੀ ਜਾਨ ਲੈਣ ਅਤੇ ਆਪਣੀ ਜਾਨ ਖ਼ਤਰੇ ਵਿੱਚ ਪਾਉਣ ਦੀ ਆਖਿਰ ਲੋੜ ਕਿਉਂ ਪਈ? ਅਕਾਲ ਤਖ਼ਤ ਵੱਲੋਂ ਸੁਖਬੀਰ ਸਮੇਤ ਪੰਥ ਦੇ ਗੁਨਾਹਗਾਰ ਅਕਾਲੀਆਂ ਨੂੰ ਦਿੱਤੀ ਗਈ ਧਾਰਮਿਕ ਤਨਖਾਹ ਕੀ ਭਾਈ ਨਰਾਇਣ ਸਿੰਘ ਦੇ ਤਪਦੇ ਤੇ ਛਲਣੀ ਹਿਰਦੇ ਨੂੰ ਸ਼ਾਂਤ ਨਹੀਂ ਕਰ ਸਕੀ? ਇਹਨਾਂ ਸਵਾਲਾਂ ਦਾ ਜੁਆਬ ਕੌਮ ਵੀ ਜਾਨਣਾ ਚਾਹੁੰਦੀ ਹੈ। ਸਾਨੂੰ ਯਕੀਨ ਹੈ ਆਪ ਜੀ ਵੀ ਜਾਣਨਾ ਚਾਹੁੰਦੇ ਹੋਵੋਗੇ!

ਗੁਰੂ ਪੰਥ ਦਾ ਦਾਸ

ਪਰਮਜੀਤ ਸਿੰਘ ਮੰਡ
ਵਰਕਿੰਗ ਪ੍ਰਧਾਨ
ਦਲ ਖ਼ਾਲਸਾ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , , , , ,