ਖਾਸ ਖਬਰਾਂ

ਦਿੱਲੀ ਵਾਲੇ ਪਟਾਕਿਆਂ ’ਤੇ ਜ਼ਾਬਤਾ ਨਾ ਰੱਖ ਸਕੇ; ਨਤੀਜਾ– ਦਿੱਲੀ ਦੀ ਹਵਾ ਅਤਿ ਜ਼ਹਿਰੀਲੀ ਹੋਈ

November 8, 2018 | By

ਨਵੀਂ ਦਿੱਲੀ: ਦਿੱਲੀ ਵਾਲਿਆਂ ਵੱਲੋਂ ਹਵਾ ਵਿੱਚ ਧੂਏ ਦੇ ਵਧਣ ਉੱਤੇ ਇਹਨੀਂ ਦਿਨੀਂ ਪੰਜਾਬ ਦੇ ਕਿਸਾਨਾਂ ਦਾ ਕਸੂਰ ਕੱਢਣਾ ਆਮ ਗੱਲ ਬਣ ਗਈ ਹੈ ਤੇ ਬੀਤੇ ਦਿਨੀਂ ਦਿੱਲੀ ਦੇ ਮੁੱਖ ਮੰਤਰੀ ਨੇ ਅਰਵਿੰਦ ਕੇਜਰੀਵਾਲ ਨੇ ਵੀ ਅਜਿਹੇ ਹੀ ਬਿਆਨ ਦਾਗੇ ਸਨ ਪਰ ਅੱਜ ਦੇ ਹਾਲਾਤ ਇਹ ਹਨ ਕਿ ਲੰਘੀ ਰਾਤ ਦਿੱਲੀ ਵਾਸੀਆਂ ਨੇ ਪਟਾਕੇ ਚਲਾਉਣ ਬਾਰੇ ਐਲਾਨੇ ਗਏ ਜ਼ਾਬਤੇ ਦੀਆਂ ਆਪੇ ਹੀ ਰੱਜ ਕੇ ਧੱਜੀਆ ਉਡਾਈਆਂ। ਨਤੀਜਾ ਇਹ ਹੈ ਕਿ ਅੱਜ ਦਿੱਲੀ ਦੀ ਹਵਾ ਅਤਿ ਦਰਜ਼ੇ ਤੱਕ ਖਰਾਬ ਹੋ ਗਈ ਦੱਸੀ ਹਾ ਰਹੀ ਹੈ। ਹਵਾ ਦੇ ਮਿਆਰ ਦਾ ਜਿਹੜਾ ਅੰਕ 50 ਤੋਂ ਘੱਟ ਰਹਿਣਾ ਚਾਹੀਦਾ ਹੈ ਉਹ ਬੀਤੀ ਰਾਤ ਦਿੱਲੀ ਵਾਲਿਆ ਵੱਲੋਂ ਚਲਾਏ ਗਏ ਪਟਾਕਿਆਂ ਤੋਂ ਬਾਅਦ 574 ਤੱਕ ਪਹੁੰਚ ਗਿਆ ਹੈ।

ਇੱਥੇ ਦੱਸ ਦੱਈਏ ਕਿ “ਹਵਾ ਦੇ ਮਿਅਰ ਦੇ ਅੰਕ” (ਏਅਰ ਕੁਆਲਟੀ ਇੰਡੈਕਸ) ਸਿਫਰ ਤੋਂ ਪੰਜਾਹ (0 ਤੋਂ 50) ਤੱਕ ਹੋਵੇ ਤਾਂ ਇਹ ਮੰਨਿਆ ਜਾਂਦਾ ਹੈ ਕਿ ਹਵਾ ਸਿਹਤ ਲਈ ਚੰਗੀ ਹੈ। ਜੇਕਰ ਇਹ 51 ਤੋਂ 100 ਦੇ ਦਰਮਿਆਨ ਹੋਵੇ ਤਾਂ ਵੀ ਹਵਾ ਦੇ ਮਿਆਰ ਨੂੰ ਸੰਤੋਖਯੋਗ (ਸੈਟਿਸਫੈਕਟਰ) ਮੰਨਿਆ ਜਾਂਦਾ ਹੈ ਤੇ 101 ਤੋਂ 200 ਤੱਕ ਇਸ ਨੂੰ ਗੁਜ਼ਾਰੇਯੋਗ (ਮੋਡਰੇਟ) ਮੰਨਿਆ ਜਾਂਦਾ ਹੈ। ਜੇਕਰ ਇਹ 201 ਤੋਂ 300 ਤੱਕ ਹੋ ਜਾਵੇ ਤਾਂ ਇਸ ਹਵਾ ਨੂੰ ਮਾੜੀ (ਪੂਅਰ) ਮੰਨਿਆ ਜਾਂਦਾ ਹੈ ਤੇ 301 ਤੋਂ 400 ਤੱਕ ਅੰਕ ਵਾਲੀ ਹਵਾ ਬਹੁਤ ਮਾੜੀ (ਵੈਰੀ ਪੂਅਰ) ਹੁੰਦੀ ਹੈ। ਜੇਕਰ ਹਵਾ ਦੇ ਪਰਦੂਸ਼ਣ ਵਾਲਾ ਇਹ ਅੰਕ 401 ਤੋਂ 500 ਤੱਕ ਪਹੁੰਚ ਜਾਵੇ ਤਾਂ ਹਾਲਾਤ ਨਾਜ਼ੁਕ (ਸਵੀਅਰ) ਮੰਨੇ ਜਾਂਦੇ ਹਨ ਤੇ ਇਹ ਅੰਕ 500 ਤੋਂ ਉੱਪਰ ਹੋਣ ਤੇ ਹਾਲਾਤ ਅਤਿ-ਨਾਜ਼ੁਕ (ਸਵੀਅਰ-ਪਲਸ) ਹੋ ਜਾਂਦੇ ਹਨ।

ਦਿੱਲੀ ਵਾਲੇ ਪਟਾਕਿਆਂ ’ਤੇ ਜ਼ਾਬਤਾ ਨਾ ਰੱਖ ਸਕੇ; ਨਤੀਜਾ– ਦਿੱਲੀ ਦੀ ਹਵਾ ਅਤਿ ਜ਼ਹਿਰੀਲੀ ਹੋਈ | ਪਰਾਣੀ ਤਸਵੀਰ – ਇਹ ਤਸਵੀਰ ਸਿਰਫ ਪ੍ਰਤੀਕ ਦੇ ਤੌਰ ਤੇ ਲਾਈ ਗਈ ਹੈ

ਦਿੱਲੀ ਵਿੱਚ ਤੜਕਸਾਰ ਸਵੇਰੇ 2 ਵਜੇ ਹਵਾ ਦੇ ਮਿਆਰ ਦਾ ਅੰਕ 574 ਸੀ ਤੇ ਮਹਿਰਾਂ ਮੁਤਾਬਕ ਆਥਣ ਤੱਕ ਇਸ ਵਿੱਚ ਸੁਧਾਰ ਦੀ ਕੋਈ ਖਾਸ ਆਸ ਨਹੀਂ ਹੈ।

ਦਿੱਲੀ ਦੇ ਅਨੰਦ ਵਿਹਾਰ ਤੇ ਮੇਜਰ ਧਿਆਨ ਚੰਦ ਅਖਾੜੇ (ਸਟੇਡੀਅਮ) ਕੋਲ ਇਹ ਅੰਕ 999 ਸੀ ਅਤੇ ਚਾਣਕਿਆਪੁਰੀ ਸਥਿਤ ਅਮਰੀਕੀ ਸਫਾਰਤਖਾਨੇ ਕੋਲ ਇਹ ਪਰਦੂਸ਼ਣ ਦਾ ਇਹ ਅੰਕ 459 ਸੀ।

ਭਾਵੇਂ ਕਿ ਦਿੱਲੀ ਵਾਸੀ ਕੱਤਕ ਦੇ ਮਹੀਨੇ ਦੌਰਾਨ ਦਿੱਲੀ ਵਿੱਚ ਹਵਾ ਦੇ ਪਰਦੂਸ਼ਣ ਦੇ ਵਧਣ ਦਾ ਦੋਸ਼ ਪੰਜਾਬ ਦੇ ਕਿਸਾਨਾਂ ਸਿਰ ਮੜ੍ਹਦੇ ਹਨ ਕਿ ਉਹਨਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਨਾਲ ਦਿੱਲੀ ਦੇ ਪਰਦੂਸ਼ਣ ਵਿੱਚ ਵਾਧਾ ਹੋ ਜਾਂਦਾ ਹੈ ਪਰ ਬੀਤੇ ਕੱਲ ਦਾ ਵਰਤਾਰਾ ਦੱਸਦਾ ਹੈ ਕਿ ਦਿੱਲੀ ਵਾਸੀ ਆਪ ਵੀ ਪਰਦੂਸ਼ਣ ਦੀ ਸਮੱਸਿਆ ਪ੍ਰਤੀ ਓਨੇ ਗੰਭੀਰ ਨਹੀਂ ਹਨ ਜਿੰਨਾ ਗੰਭੀਰ ਹੋਣ ਦਾ ਉਹ ਦੂਜਿਆਂ ਨੂੰ ਦੋਸ਼ ਦੇਣ ਵੇਲੇ ਵਿਖਾਵਾ ਕਰਦੇ ਹਨ।

ਪੰਜਾਬ ਦੇ ਕਿਸਾਨ ਆਰਥਕ ਮੰਦੀ ਵਿੱਚਦੀ ਲੰਘਦੇ ਹੋਣ, ਸਰਕਾਰਾਂ ਵੱਲੋਂ ਬੇਰੁਖੀ ਦਾ ਸ਼ਿਕਾਰ ਹੋਣ ਤੇ ਵਿੱਤ ਵਿਚਲੇ ਬਦਲ ਤੋਂ ਵਾਞੇ ਹੋਣ ਦੇ ਬਾਵਜੂਦ ਵੀ ਪਰਾਲੀ ਸਾੜਨ ਵਿਰੁਧ ਜਾਗਰੂਕ ਹੋ ਰਹੇ ਹਨ। ਖੱਬੇ ਪੱਖੀ ਕਿਸਾਨ ਜਥੇਬੰਦਆਂ ਵੱਲੋਂ ਪਰਾਲੀ ਸਾੜਨ ਦੇ ਜ਼ਿਦ ਪੂਰਨ ਐਲਾਨਾਂ ਦੇ ਬਾਵਜੂਦ ਵੀ ਪੰਜਾਬ ਵਿੱਚ ਕਿਸਾਨਾਂ ਨੇ ਇਸ ਵਾਰ ਪਹਿਲਾਂ ਦੇ ਮੁਕਾਬਲੇ ਪਰਾਲੀ ਘੱਟ ਕਾਫੀ ਸਾੜੀ ਹੈ, ਖਾਸ ਕਰਕੇ ਦੁਆਬੇ ਦੇ ਖਿੱਤੇ ਵਿੱਚ। ਪਰ ਦੂਜੇ ਬੰਨੇ ਹਵਾ ਦੇ ਪਰਦੂਸ਼ਣ ਦੇ ਸਿੱਧੇ ਸ਼ਿਕਾਰ ਹੋਣ ਦੇ ਬਾਵਜੂਦ ਦਿੱਲੀ ਵਾਸੀ ਦਿਵਾਲੀ ਵਾਲੀ ਰਾਤ ਨੂੰ ਖੁਦ ਪਟਾਕੇ ਨਾ ਚਲਾਉਣ ਜਾਂ ਘੱਟ ਚਲਾਉਣ ਦਾ ਜ਼ਾਬਤਾ ਵੀ ਕਾਇਮ ਨਹੀਂ ਰੱਖ ਸਕੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,