
February 12, 2020 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ: ਲੰਘੇ ਕੱਲ ਆਏ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਉੱਤੇ ਟਿੱਪਣੀ ਕਰਦਿਆਂ ਦਲ ਖਾਲਸਾ ਦੇ ਮੁੱਖ ਬੁਲਾਰੇ ਸ. ਕੰਵਰਪਾਲ ਸਿੰਘ ਨੇ ਕਿਹਾ ਹੈ ਕਿ “ਦਿੱਲੀ ਦੇ ਲੋਕਾਂ ਨੇ ਹਿੰਦੂਤਵ ਦੇ ਕੱਟੜ ਚਿਹਰੇ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਨਕਾਰ ਕੇ ਆਮ ਆਦਮੀ ਪਾਰਟੀ ਵਿੱਚ ਭਰੋਸਾ ਜਤਾਇਆ ਹੈ ਜੋ ਕਿ ਹਿੰਦੂਤਵ ਦੇ ਨਰਮ ਚਿਹਰੇ ਦੇ ਤੌਰ ਤੇ ਜਾਣੀ ਜਾਂਦੀ ਹੈ”।
ਅਮਿਤ ਸ਼ਾਹ (ਖੱਬੇ) ਅਰਵਿੰਦ ਕੇਜਰੀਵਾਲ (ਸੱਜੇ)
ਅਮਿਤ ਸ਼ਾਹ ਬਾਰੇ ਟਿੱਪਣੀ:
ਦਲ ਖਾਲਸਾ ਆਗੂ ਨੇ ਕਿਹਾ ਕਿ ਅਮਿਤ ਸ਼ਾਹ ਨੇ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਮੁਸਲਮਾਨਾਂ ਅਤੇ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲੇ ਹੋਰਨਾਂ ਭਾਈਚਾਰਿਆਂ ਖਿਲਾਫ ਬਹੁਤ ਜ਼ਹਿਰੀਲਾ ਪ੍ਰਚਾਰ ਕੀਤਾ ਸੀ ਅਤੇ ਹੁਣ ਭਾਰਤੀ ਜਨਤਾ ਪਾਰਟੀ ਦੀ ਹੋਈ ਸ਼ਰਮਨਾਕ ਹਾਰ ਦੀ ਨੈਤਿਕ ਜ਼ਿੰਮੇਵਾਰੀ ਕਬੂਲ ਕਰਦਿਆਂ ਅਮਿਤ ਸ਼ਾਹ ਨੂੰ ਗ੍ਰਹਿ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਗੁਜਰਾਤ ਵਾਪਸ ਪਰਤ ਜਾਣਾ ਚਾਹੀਦਾ ਹੈ।
ਅਮਿਤ ਸ਼ਾਹ
ਸੁਚੱਜੇ ਪ੍ਰਸ਼ਾਸਨ ਨੇ ਨਫਰਤ ਦੇ ਪ੍ਰਚਾਰ ਨੂੰ ਮਾਤ ਪਾਈ:
ਅੰਗਰੇਜ਼ੀ ਵਿੱਚ ਜਾਰੀ ਕੀਤੇ ਇਸ ਬਿਆਨ ਵਿੱਚ ਦਲ ਖਾਲਸਾ ਆਗੂ ਨੇ ਅੱਗੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਸੁਚੱਜੇ ਪ੍ਰਸ਼ਾਸਨ ਨੇ ਭਾਜਪਾ ਦੇ ਨਫ਼ਰਤ ਦੇ ਪ੍ਰਚਾਰ ਨੂੰ ਮਾਤ ਦਿੱਤੀ ਹੈ।
ਦਿੱਲੀ ਵਿੱਚ ਬਣਾਏ ਮੁਹੱਲਾ ਕਲੀਨਿਕਾਂ ਦੀ ਤਸਵੀਰ
ਵਿਦਿਆਰਥੀਆਂ ਉੱਤੇ ਪੁਲਿਸ ਕਾਰਵਾਈ ਦੀ ਨਿਖੇਧੀ:
ਕੰਵਰਪਾਲ ਸਿੰਘ ਨੇ ਦਿੱਲੀ ਪੁਲੀਸ ਵੱਲੋਂ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਅਤੇ ਖਾਸ ਕਰਕੇ ਵਿਦਿਆਰਥਣਾਂ ਦੀ ਮਾਰਕੁੱਟ ਕਰਨ ਦੀ ਸਖਤ ਨਿਖੇਧੀ ਕੀਤੀ ਅਤੇ ਕਿਹਾ ਕਿ ਸਰਕਾਰੀ ਦਸਤੇ ਵਿਦਿਆਰਥੀਆਂ ਵਿੱਚ ਦਹਿਸ਼ਤ ਪੈਦਾ ਕਰਨਾ ਚਾਹੁੰਦੇ ਹਨ।
ਗਾਰਗੀ ਕਾਲਜ ਦੀ ਘਟਨਾ ਭਾਜਪਾ ਦੀ ਘਟੀਆ ਕਾਰਵਾਈ:
ਵਿਵਾਦਤ ਨਾਗਰਿਕਤਾ ਸੋਧ ਕਾਨੂੰਨ ਦੇ ਕਥਿਤ ਸਮਰਥਕਾਂ ਵੱਲੋਂ ਗਾਰਗੀ ਕਾਲਜ ਦੀਆਂ ਵਿਦਿਆਰਥਣਾਂ ਨਾਲ ਵੱਡੀ ਪੱਧਰ ਉੱਤੇ ਜਿਸਮਾਨੀ ਛੇੜਖਾਨੀ ਕਰਨ ਦੀ ਘਟਨਾ ਨੂੰ ਦਲ ਖਾਲਸਾ ਆਗੂ ਨੇ ਭਾਜਪਾ ਦੀ ਘਟੀਆ ਕਾਰਵਾਈ ਕਰਾਰ ਦਿੰਦਿਆਂ ਇਸ ਦੀ ਕਰੜੀ ਨਿਖੇਧੀ ਕੀਤੀ ਹੈ।
ਗਾਰਗੀ ਕਾਲਜ ਵਿੱਚ ਕੁੜੀਆਂ ਵੱਲੋਂ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਦੀ ਤਸਵੀਰ
Related Topics: Amit Shah, Arvind Kejriwal, Bhai Kanwarpal Singh, BJP, Dal Khalsa, Gargi College, Jamia Millia Islamia University, Modi Government, Narendara Modi