ਵਿਦੇਸ਼

ਮਾਮਲਾ ਉਬਾਮਾ ਦੀ ਦਰਬਾਰ ਸਾਹਿਬ ਫੇਰੀ ਦਾ: ਡਾਕਟਰ ਅਮਰਜੀਤ ਸਿੰਘ ਨੇ ਯੂਰਪ ਭਰ ਦੇ ਸਿੱਖਾਂ ਨਾਲ ਸਾਂਝੇ ਕੀਤੇ ਸਨਸਨੀਖੇਜ਼ ਖੁਲਾਸੇ

October 25, 2010 | By

ਲੰਡਨ (25 ਅਕਤੂਬਰ, 2010): ਸਿੱਖ ਕੌਮ ਦੇ ਪ੍ਰਸਿੱਧ ਵਿਦਵਾਨ ਡਾਕਟਰ ਗੁਰਦੀਪ ਸਿੰਘ ਜਗਬੀਰ ਵਲੋਂ ਪੰਜਾਬ ਰੇਡੀਉ ਤੇ ਕੀਤੀ ਜਾਣ ਵਾਲੀ ਹਫਤਾਵਰੀ ਵਿਚਾਰ ਚਰਚਾ ਦੀ ਸਿੱਖਾਂ ਨੂੰ ਬੇਸਬਰੀ ਨਾਲ ਉਡੀਕ ਰਹਿੰਦੀ ਹੈ, ਜਿਸ ਵਿੱਚ ਉਹਨਾਂ ਵਲੋਂ ਹਮੇਸ਼ਾਂ ਹੀ ਸਿੱਖ ਕੌਮ ਦੇ ਭਖਦੇ ਮਸਲੇ ਵਿਚਾਰੇ ਜਾਂਦੇ ਹਨ । ਇਸ ਵਾਰ ਉਹਨਾਂ ਨੇ ਅਮਰੀਕਾ ਦੇ ਰਸ਼ਟਰਪਤੀ ਬਰਾਕ ਹੁਸੈਨ ਉਬਾਮਾ ਦੀ ਭਾਰਤ ਫੇਰੀ ਦੌਰਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਯਾਤਰਾ ਨੂੰ ਅਧਾਰ ਬਣਾ ਕੇ ਵਿਸ਼ੇਸ਼ ਪ੍ਰੋਗਰਾਮ ਕੀਤਾ, ਜਿਸ ਵਿੱਚ ਉਹਨਾਂ ਖਾਲਿਸਤਾਨ ਅਫੇਅਰਜ਼ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਵਸ਼ਿੰਗਟਨ ਨੂੰ ਫੋਨ ਰਾਹੀਂ ਮੁੱਖ ਮਹਿਮਾਨ ਬਣਾਇਆ। ਸਿੱਖਾਂ ਦੀ ਚਾਹਤ ਨੂੰ ਮੁੱਖ ਰੱਖਦਿਆਂ ਡਾਕਟਰ ਗੁਰਦੀਪ ਸਿੰਘ ਅਕਸਰ ਹੀ ਡਾਕਟਰ ਅਮਰਜੀਤ ਸਿੰਘ ਨੂੰ ਪੰਜਾਬ ਰੇਡੀਉ ਦੇ ਮਾਧਿਅਮ ਰਾਹੀਂ ਯੂਰਪ ਭਰ ਦੇ ਸਿੱਖਾਂ ਦੇ ਰੂਬਰੂ ਕਰਦੇ ਰਹਿੰਦੇ ਹਨ। ਡਾਕਟਰ ਅਮਰਜੀਤ ਸਿੰਘ ਨੇ ਦੋ ਘੰਟੇ ਸਰੋਤਿਆਂ ਦੇ ਰੂਬਰੂ ਹੁੰਦਿਆਂ ਜਿੱਥੇ ਉਬਾਮਾ ਵਲੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਕਰਨ ਦੀ ਰੌਸ਼ਨੀ ਵਿੱਚ ਉਸਾਰੂ ਪੱਖ ਉਜਾਗਰ ਕੀਤੇ ਉੱਥੇ ਉਹਨਾਂ ਤੌਖਲਾ ਪ੍ਰਗਟ ਕੀਤਾ ਕਿ ਭਾਰਤੀ ਏਜੰਸੀਆਂ ਉਸ ਦੀ ਦਰਬਾਰ ਸਾਹਿਬ ਦੀ ਯਾਤਰਾ ਨੂੰ ਰੱਦ ਕਰਵਾਉਣ ਲਈ ਲਗਭਗ ਸਫਲ ਹੋਣ ਵਾਲੀਆਂ ਹਨ। ਜਦੋਂ ਵੀ ਕਿਸੇ ਵਿਦੇਸ਼ੀ ਮਹਿਮਾਨ ਨੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਦੀ ਚਾਹਤ ਪ੍ਰਗਟ ਕੀਤੀ ਹੈ ਤਾਂ ਭਾਰਤ ਦੀ ਹਿੰਦੂ ਬਹੁ ਗਿਣਤੀ ਦੀ ਸਦਾ ਈਰਖਾਲੂ ਬਿਰਤੀ ਰਹੀ ਹੈ ਕਿ ਸਬੰਧਤ ਮਹਿਮਾਨ ਨੇ ਅਗਰ ਸ੍ਰੀ ਦਰਬਾਰ ਸਾਹਿਬ ਜਾਣਾ ਹੈ ਤਾਂ ਉਹ ਦੁਰਗਿਆਨਾ ਮੰਦਰ ਵੀ ਜਾਵੇ। ਅਜਿਹਾ ਹੀ ਇਹਨਾਂ ਨੇ ਬਰਤਾਨੀਆਂ ਦੀ ਰਾਣੀ ਅਲੈਜ਼ਬਿੱਥ ਵਕਤ ਕੀਤਾ ਸੀ ਭਾਵੇਂ ਕਿ ਉਸ ਨੇ ਦੋ ਟੁੱਕ ਜਵਾਬ ਦੇ ਦਿੱਤਾ ਸੀ ਕਿ ਉਹ ਕੇਵਲ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਹੀ ਜਾਵੇਗੀ ਹੋਰ ਕਿਤੇ ਨਹੀਂ। ਇਹਨਾਂ ਹਿੰਦੂਤਵੀਆਂ ਵਲੋਂ ਅਕਸਰ ਹੀ ਸਿੱਖਾਂ ਨੂੰ ਨੀਵਾਂ ਦਿਖਾਉਣ ਲਈ ਈਰਖਾ ਵੱਸ ਹੋ ਕੇ ਅਜਿਹੇ ਘਟੀਆ ਹੱਥਕੰਡੇ ਅਪਣਾਏ ਜਾਂਦੇ ਰਹੇ ਹਨ। ਇਹਨਾਂ ਸਾਰੇ ਹੀ ਪੱਖਾਂ ਤੇ ਡਾਕਟਰ ਅਮਰਜੀਤ ਸਿੰਘ ਨੇ ਖੁੱਲ ਕੇ ਵਿਚਾਰ ਚਰਚਾ ਕੀਤੀ। ਸਰੋਤਿਆਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਹਨਾ ਸਿੱਖ ਕੌਮ ਦੀ ਅਜਾਦੀ ਦੀ ਗੱਲ ਨੂੰ ਕੇਂਦਰ ਬਿੰਦੂ ਬਣਾ ਕੇ ਰੱਖਿਆ। ਉਹਨਾਂ ਕਿਹਾ ਕਿ ਭਾਰਤ ਦੀਆਂ ਖੂਫੀਆ ਏਜੰਸੀਆਂ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਹਨ ਕਿ ਕਿਸੇ ਤਰਾਂ ਉਬਾਮਾ ਦਰਬਾਰ ਸਾਹਿਬ ਨਾ ਜਾਵੇ। ਅਗਰ ਉਹ ਦਰਬਾਰ ਸਾਹਿਬ ਜਾਂਦਾ ਹੈ ਤਾਂ ਪੂਰੀ ਦੁਨੀਆਂ ਦੇ ਮੀਡੀਏ ਵਿੱਚ ਸਿੱਖਾਂ ਦੀ ਵੱਖਰੀ ਪਛਾਣ ਦੇ ਉਸਾਰੂ ਪੱਖ ਦਾ ਪ੍ਰਭਾਵ ਜਾਣਾ ਹੈ ਜਿਸ ਤੋਂ ਭਾਰਤ ਦੀ ਸਿੱਖ ਵਿਰੋਧੀ ਲਾਬੀ ਬੁਰੀ ਤਰਾਂ ਚਿੰਤਤ ਹੈ। ਉਬਾਮਾ ਦੀ ਸ੍ਰੀ ਦਰਬਾਰ ਸਾਹਿਬ ਯਾਤਰਾ ਦੇ ਸਬੰਧ ਵਿੱਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਕਾਰਗੁਜ਼ਾਰੀ ਵਲ ਇਸ਼ਾਰਾ ਕਰਦਿਆਂ ਇਸ ਨੂੰ ਨਾਂਹ ਪੱਖੀ ਕਰਾਰ ਕਰਾਰ ਦਿੱਤਾ। ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਪ੍ਰਧਾਨ ਸ੍ਰ, ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਸ੍ਰ, ਲਵਸ਼ਿੰਦਰ ਸਿੰਘ ਡੱਲੇਵਾਲ ਨੇ ਪੰਜਾਬ ਰੇਡੀਉ ਦੇ ਧਾਰਮਿਕ ਪ੍ਰਜੈ਼ਟਰ ਡਾਕਟਰ ਗੁਰਦੀਪ ਸਿੰਘ ਜਗਬੀਰ ਅਤੇ ਖਾਲਿਸਤਾਨ ਅਫੇਅਰਜ਼ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਅੱਜ ਬਹੁਤੇ ਖਾਲਿਸਤਾਨੀ ਪਦਾਰਥਵਾਦ ਦੇ ਪ੍ਰਭਾਵ ਹੇਠ ਅਤੇ ਸੰਘਰਸ਼ ਦੀ ਖੜੋਤ ਕਾਰਨ ਆਪਣੇ ਮੂੰਹ ਘੁਮਾ ਚੁੱਕੇ ਹਨ, ਜਿਹਨਾਂ ਨੂੰ ਖਾਲਸਈ (ਖਾਲਿਸਤਾਨੀ) ਮੁੱਖਧਾਰਾ ਵਿੱਚ ਸ਼ਾਮਲ ਹੋ ਜਾਣਾ ਚਾਹੀਦਾ ਹੈ, ਕਿਉਂ ਕਿ ਸਮਾਂ ਸਦਾ ਸਥਿਰ ਨਹੀਂ ਰਹਿੰਦਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,