ਖਾਸ ਖਬਰਾਂ » ਸਿੱਖ ਖਬਰਾਂ

ਦਿੱਲੀ ਕਮੇਟੀ ਨੇ ‘‘ਧਰਮ ਅਤੇ ਸਿਆਸਤ ਦਾ ਸਿੱਖ ਪ੍ਰਸੰਗ’’ ਵਿਸ਼ੇ ’ਤੇ ਸੈਮੀਨਾਰ ਕਰਵਾਇਆ

June 6, 2018 | By

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖੋਜ ਅਦਾਰੇ ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸਟਡੀਜ਼ ਵੱਲੋਂ ਕਰਵਾਏ ਜਾਂਦੇ ਮਹੀਨਾਵਾਰੀ ਸੈਮੀਨਾਰ ਦੀ ਲੜੀ ਤਹਿਤ ਇਸ ਵਾਰ ‘‘ਧਰਮ ਅਤੇ ਸਿਆਸਤ ਦਾ ਸਿੱਖ ਪ੍ਰਸੰਗ’’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਮਹਿਮਾਨ ਬੁਲਾਰੇ ਵੱਜੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਰਲਡ ਪੰਜਾਬੀ ਸੈਂਟਰ ਦੇ ਡਾਈਰੈਕਟਰ ਡਾ. ਬਲਕਾਰ ਸਿੰਘ ਨੇ ਸਿੱਖੀਕਰਨ ਦੇ ਸਿਆਸੀਕਰਨ ਵੱਲ ਵੱਧਦੇ ਰੂਝਾਨ ’ਤੇ ਸਵਾਲ ਖੜੇ ਕਰਦੇ ਹੋਏ ਸਿਆਸਤ ਅਤੇ ਧਰਮ ’ਚ ਧਰਮ ਨੂੰ ਕੇਂਦਰ ’ਚ ਰੱਖਣ ਦੀ ਸਲਾਹ ਦਿੱਤੀ।

ਉਨ੍ਹਾਂ ਕਿਹਾ ਕਿ ਅਸਲ ’ਚ ਸਿੱਖੀ ’ਚ ਸਿਆਸਤ ਹਾਸ਼ੀਏ ’ਤੇ ਰਹਣੀ ਚਾਹੀਦੀ ਹੈ। ਪਰ ਸਿਆਸਤਦਾਨਾਂ ਨੇ ਧਰਮ ਨੂੰ ਆਪਣੇ ਤਰੀਕੇ ਨਾਲ ਪਰਿਭਾਸ਼ਿਤ ਕਰਨ ਦਾ ਰਾਹ ਚੁਣ ਲਿਆ ਹੈ। ਸੋਸ਼ਲ ਮੀਡੀਆ ਹਾਲਾਤ ਨੂੰ ਬਦ ਤੋਂ ਬਦਤਰ ਕਰਨ ’ਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਸਿੱਖ ਮਾਨਸਿਕਤਾ ’ਚ ‘‘ਰਾਜ ਬਿਨਾਂ ਨਹੀਂ ਧਰਮ ਚਲਹਿ ਹੈ’’ ਦੀ ਆੜ ’ਚ ਸਿਆਸਤ ਨੂੰ ਸਿਰ ’ਤੇ ਸਵਾਰ ਕੀਤਾ ਜਾ ਰਿਹਾ ਹੈ। ਪਰ ਅੱਗਲੀ ਪੰਗਤੀ ‘‘ਧਰਮ ਬਿਨਾਂ ਸਭ ਦਲਹਿ ਮਲਹਿ ਹੈ’’ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਡਾ. ਬਲਕਾਰ ਸਿੰਘ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਿੱਖ ਸਿਆਸਤ ਗ੍ਰੰਥ ਅਤੇ ਪੰਥ ਤੋਂ ਵੱਖਰੀ ਹੋ ਜਾਵੇਗੀ ਤਾਂ ਚੋਟਾ ਖਾਣ ਵਾਲੇ ਰਾਹ ’ਤੇ ਪੈ ਜਾਵੇਗੀ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਇਸ ਚਾਂਸਲਰ ਡਾ. ਜਸਪਾਲ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੌ. ਮਨਜੀਤ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ, ਅਦਾਰੇ ਦੇ ਚੇਅਰਮੈਨ ਤ੍ਰਿਲੋਚਨ ਸਿੰਘ, ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਰਵੇਲ ਸਿੰਘ ਅਤੇ ਅਦਾਰੇ ਦੀ ਡਾਈਰੈਕਟਰ ਡਾ. ਹਰਬੰਸ ਕੌਰ ਸਾਗੂ ਨੇ ਆਪਣੇ ਵਿਚਾਰ ਰੱਖੇ। ਡਾ. ਜਸਪਾਲ ਸਿੰਘ ਨੇ ਕਿਹਾ ਕਿ ਧਰਮ ਅਤੇ ਸਿਆਸਤ ਸਮਾਨਾਂਤਰ ਰੇਖਾਵਾਂ ਨਾਲ ਤੁਰਦੀਆਂ ਹਨ। ਪਰ ਦੋਨਾਂ ’ਚੋਂ ਇੱਕ ਵੀ ਅੱਗੇ ਲੰਘਣ ਦੀ ਕੋਸ਼ਿਸ਼ ਕਰੇਗਾ ਤਾਂ ਭਾਰੀ ਵਿਸਫੋਟ ਹੋ ਸਕਦਾ ਹੈ। ਇਸ ਲਈ ਧਰਮ ਦਾ ਕੇਂਦਰ ’ਚ ਰਹਿਣਾ ਜਰੂਰੀ ਹੈ।

ਪ੍ਰੋ. ਮਨਜੀਤ ਸਿੰਘ ਨੇ ਅਧਿਆਤਮਿਕਤਾ ਦੀ ਪ੍ਰਾਥਮਿਕਤਾ ’ਤੇ ਜੋਰ ਦਿੱਤਾ। ਰਾਣਾ ਨੇ ਮੀਰੀ-ਪੀਰੀ ਦੇ ਸਿਧਾਂਤ ਨੂੰ ਸਮਝਣ ਦੀ ਲੋੜ ਦੱਸੀ। ਪ੍ਰੋ.ਰਵੇਲ ਸਿੰਘ ਨੇ ਧਰਮ ਦੀ ਕੱਟਰਤਾ ’ਤੇ ਦੁੱਖ ਜਾਹਿਰ ਕਰਦੇ ਧਰਮ ਦੀ ਪ੍ਰਾਸਾਂਗਿਕਤਾ ਨੂੰ ਨਿਰੰਤਰ ਬਣਾਈ ਰੱਖਣ ਨੂੰ ਜਰੂਰੀ ਦੱਸਿਆ। ਤ੍ਰਿਲੋਚਨ ਸਿੰਘ ਨੇ ਧਰਮ ਦੀ ਮੱਹਤਤਾ ਦੱਸਦੇ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿਤ ਆਦਿਕ ਇਸ ਮੌਕੇ ਮੌਜੂਦ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,