ਸਿੱਖ ਖਬਰਾਂ

ਸਿੱਖ ਵਿਰੋਧੀ ਫਿਲਮ ਸੰਤਾ-ਬੰਤਾ ਪ੍ਰਾਈਵੇਟ ਲਿਮੀਟੇਡ ਖਿਲਾਫ ਦਿੱਲੀ ਕਮੇਟੀ ਕੱਲ ਕਰੇਗੀ ਮੁਜ਼ਾਹਰਾ

April 21, 2016 | By

ਨਵੀਂ ਦਿੱਲੀ: ਸਿੱਖ ਕਿਰਦਾਰ ਦਾ ਮਜ਼ਾਕ ਉਡਾਉਂਦੀ ਫਿਲਮ ਸੰਤਾ-ਬੰਤਾ ਪ੍ਰਾਈਵੇਟ ਲਿਮੀਟੇਡ ਖਿਲਾਫ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਵੱਲੋਂ 22 ਅਪ੍ਰੈਲ ਨੂੰ ਦਿੱਲੀ ਵਿੱਖੇ 4 ਥਾਂਵਾ ਤੇ ਰੋਸ਼ ਮੁਜਾਹਰਾ ਕਰਨ ਦਾ ਐਲਾਨ ਕੀਤਾ ਗਿਆ ਹੈ।

ਹਿੰਦੀ ਫ਼ਿਲਮ ਸੰਤਾ-ਬੰਤਾ ਪ੍ਰਾਈਵੇਟ ਲਿਮੀਟੇਡ ਦੇ ਪ੍ਰਸਾਰਣ ਨੂੰ ਦਿੱਲੀ ਦੇ ਸਿਨੇਮਾਘਰਾਂ ਵਿੱਖੇ ਹਰ ਹਾਲਾਤ ਵਿਚ ਰੋਕਣ ਲਈ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਹੀ ਹੇਠ ਅਕਾਲੀ ਦਲ ਦਫ਼ਤਰ ਵਿਖੇ ਅੱਜ ਹੋਈ ਮੀਟਿੰਗ ਵਿਚ ਸਾਰੇ ਕਾਨੂੰਨੀ ਤੱਥਾਂ ਤੇ ਵਿਚਾਰ ਕਰਨ ਉਪਰੰਤ ਸੜਕਾਂ ਤੇ ਉਤਰਨ ਦਾ ਫੈਸਲਾ ਲਿਆ ਗਿਆ। ਇਹ ਪ੍ਰਦਰਸ਼ਨ ਪੂਰਬ, ਪੱਛਮ, ਉੱਤਰ ਅਤੇ ਦੱਖਣ ਜੋਨ ਵਿਚ ਸਿਨੇਮਾ ਘਰਾਂ ਦੇ ਬਾਹਰ ਕੀਤੇ ਜਾਉਣਗੇ ਜਿਸਦੇ ਸਥਾਂਨਾਂ ਬਾਰੇ ਦੇਰ ਰਾਤ ਤਕ ਆਮ ਰਾਇ ਬਣਾਈ ਜਾਵੇਗੀ।

ਮਨਜੀਤ ਸਿੰਘ ਜੀ.ਕੇ.

ਮਨਜੀਤ ਸਿੰਘ ਜੀ.ਕੇ.

ਜੀ.ਕੇ. ਨੇ ਮੀਟਿੰਗ ਵਿਚ ਮੌਜੂਦ ਕਮੇਟੀ ਮੈਂਬਰਾਂ ਅਤੇ ਅਕਾਲੀ ਦਲ ਦੇ ਅਹੁਦੇਦਾਰਾਂ ਸਾਹਿਬਾਨਾਂ ਨੂੰ ਇਸ ਮਸਲੇ ’ਤੇ ਕਮੇਟੀ ਵੱਲੋਂ ਲੜੀ ਗਈ ਕਾਨੂੰਨੀ ਲੜਾਈ ਦਾ ਵੇਰਵਾ ਵੀ ਦਿੱਤਾ। ਜੀ.ਕੇ. ਨੇ ਸਾਫ਼ ਕਿਹਾ ਕਿ ਸਿੱਖਾਂ ਦੀ ਬੌਧਿਕ ਤਾਕਤ ਦਾ ਮਜ਼ਾਕ ਉਡਾਉਣ ਵਾਲੀ ਕਿਸੇ ਵੀ ਭਾਸ਼ਾ ਵਿਚ ਬਣੀ ਫ਼ਿਲਮ ਨੂੰ ਕੌਮ ਹੁਣ ਮਨਜੂਰ ਨਹੀਂ ਕਰੇਗੀ ।

ਕਮੇਟੀ ਵੱਲੋਂ ਇਸ ਮਸਲੇ ’ਤੇ ਤਿੰਨ ਵਾਰ ਦਿੱਲੀ ਹਾਈ ਕੋਰਟ ਵਿਚ ਜਾਉਣ ਦਾ ਹਵਾਲਾ ਦਿੰਦੇ ਹੋਏ ਜੀ.ਕੇ. ਨੇ ਕਿਹਾ ਕਿ ਫ਼ਿਲਮ ਦੇ ਖਿਲਾਫ਼ ਕਾਨੂੰਨੀ ਲੜਾਈ ਨੂੰ ਅਸੀਂ ਬੜੀ ਸੰਜੀਦਗੀ ਨਾਲ ਲੜੇ ਹਾਂ ਪਰ ਸੈਂਸਰ ਬੋਰਡ ਦੇ ਚੇਅਰਮੈਨ ਪਹਿਲਾਜ ਨਿਹਲਾਨੀ ਦੀ ਬੋਲੀ ਅਤੇ ਸੋਚ ਸਿੱਖਾਂ ਦੇ ਐਤਰਾਜਾਂ ਨੂੰ ਪ੍ਰਵਾਨ ਕਰਨ ਨੂੰ ਤਿਆਰ ਨਹੀਂ ਦਿੱਖਦੀ।

ਦਿੱਲੀ ਕਮੇਟੀ ਵੱਲੋਂ ਸੈਂਸਰ ਬੋਰਡ ਤੋਂ ਫਿਲਮ ਨੂੰ ਮਿਲੀ ਮਾਨਤਾ ਦੋ ਵਾਰੀ ਕਾਨੂੰਨੀ ਤਰੀਕੇ ਨਾਲ ਰੱਦ ਕਰਵਾਉਣ ਦੀ ਜਾਣਕਾਰੀ ਦਿੰਦੇ ਹੋਏ ਜੀ.ਕੇ. ਨੇ ਪਾਰਟੀ ਕਾਰਕੂਨਾਂ ਨੂੰ ਫ਼ਿਲਮ ਦੇ ਪ੍ਰਸਾਰਨ ਨੂੰ ਰੋਕਣ ਵਾਸਤੇ ਕਿਸੇ ਵੀ ਹੱਦ ਤਕ ਜਾਉਣ ਦੀ ਛੂਟ ਵੀ ਦੇ ਦਿੱਤੀ। ਕੱਲ ਸੈਂਸਰ ਬੋਰਡ ਚੇਅਰਮੈਨ ਨਾਲ ਮੁੰਬਈ ਵਿੱਖੇ ਕਮੇਟੀ ਦੇ ਵੱਫ਼ਦ ਦੀ ਦਿੱਲੀ ਹਾਈਕੋਰਟ ਦੀ ਹਿਦਾਇਤ ਤੇ ਹੋਈ ਮੁਲਾਕਾਤ ਦਾ ਵੇਰਵਾ ਵੀ ਜੀ.ਕੇ. ਨੇ ਦਿੱਤਾ।

ਜੀ.ਕੇ. ਨੇ ਖਦਸਾ ਜਤਾਇਆ ਕਿ ਨਿਹਲਾਨੀ ਦੇਰ ਰਾਤ ਫਿਲਮ ਦੀ ਮਾਨਤਾ ਨੂੰ ਮੁੜ ਤੋਂ ਬਹਾਲ ਕਰਕੇ ਸਵੇਰੇ ਸਿਨੇਮਾ ਘਰਾਂ ਵਿਚ ਫਿਲਮ ਲਗਵਾ ਸਕਦੇ ਹਨ।

ਜੀ.ਕੇ. ਨੇ ਪ੍ਰਦਰਸ਼ਨ ਕਰਨ ਨੂੰ ਕੌਮ ਦੀ ਮਜਬੂਰੀ ਦੱਸਦੇ ਹੋਏ ਨਿਆਪਾਲਿਕਾ ਵੱਲੋਂ ਮਿਲੇ ਭਰਵੇ ਸਹਿਯੋਗ ਦੇ ਬਾਵਜੂਦ ਸੈਂਸਰ ਬੋਰਡ ਅਤੇ ਪ੍ਰਸ਼ਾਸਨ ਵੱਲੋਂ ਕੀਤੇ ਗਏ ਵਿਵਹਾਰ ਨੂੰ ਮਤਰਇਆ ਵੀ ਕਰਾਰ ਦਿੱਤਾ। ਇਸ ਮੌਕੇ ਸਾਬਕਾ ਕਮੇਟੀ ਪ੍ਰਧਾਨ ਅਵਤਾਰ ਸਿੰਘ ਹਿਤ, ਪਾਰਟੀ ਦੇ ਸਕੱਤਰ ਜਨਰਲ ਹਰਮੀਤ ਸਿੰਘ ਕਾਲਕਾ ਅਤੇ ਸਮੂਹ ਕਮੇਟੀ ਮੈਂਬਰ ਮੌਜੂਦ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,