ਕੌਮਾਂਤਰੀ ਖਬਰਾਂ » ਵਿਦੇਸ਼ » ਸਿੱਖ ਖਬਰਾਂ

ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਵੱਲੋਂ ਵਾਸ਼ਿੰਗਟਨ ਡੀ.ਸੀ ਵਿਖੇ “ਸਿੱਖ ਅਜ਼ਾਦੀ ਰੈਲੀ” ਦਾ ਐਲਾਨ

February 24, 2016 | By

ਸਿੱਖ ਡਾਇਸਪੋਰਾ ਵਿੱਚ ਕੌਮ ਨੂੰ ਸੇਧ ਦੇਣ ਦੀ ਸ਼ਕਤੀ: ਡਾ.ਅਮਰਜੀਤ ਸਿੰਘ

ਵਾਸ਼ਿੰਗਟਨ ਡੀ.ਸੀ: ਅਮਰੀਕਾ ਦੇ ਈਸਟ ਕੋਸਟ ਦੀਆਂ 40 ਦੇ ਲੱਗਭਗ ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਵੱਲੋਂ ਬਣਾਈ ਗਈ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦੀ ਮਹੀਨਾਵਾਰੀ ਮੀਟਿੰਗ ਅੱਜ ਫੇਅਰ ਫੈਕਸ (ਵਰਜੀਨੀਆ) ਸਥਿਤ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਖੇ ਹੋਈ।

ਡਾ. ਅਮਰਜੀਤ ਸਿੰਘ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ

ਡਾ. ਅਮਰਜੀਤ ਸਿੰਘ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ

ਲੱਗਭੱਗ ਚਾਰ ਘੰਟੇ ਚੱਲੀ ਇਸ ਮੀਟਿੰਗ ਵਿਚ 30 ਮਿਲੀਅਨ ਸਿੱਖ ਕੌਮ ਨੂੰ ਦਰਪੇਸ਼ ਵੱਖ-ਵੱਖ ਮਸਲੇ ਵਿਚਾਰੇ ਗਏ। ਮੀਟਿੰਗ ਦੇ ਏਜੰਡੇ ਵਿੱਚ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ, ਵਿਸ਼ਵ ਸਿੱਖ ਪਾਰਲੀਮੈਂਟ ਬਣਾਉਣ, ਵਿਸਾਖੀ 2016 ਨੂੰ ਹੋਣ ਵਾਲਾ ਸਰਬੱਤ ਖਾਲਸਾ, ਪੰਜਾਬ ਵਿੱਚ ਖਾਲਿਸਤਾਨ ਪੱਖੀ ਸਿੱਖਾਂ ਤੇ ਚੱਲ ਰਿਹਾ ਦਮਨ ਚੱਕਰ ਅਤੇ ਸਿੱਖਾਂ ਦੀ ਮੁਕੰਮਲ ਅਜ਼ਾਦੀ ਆਦਿ ਵਿਸ਼ੇ ਸ਼ਾਮਲ ਸਨ।

ਗੁਰੂ ਚਰਨਾਂ ਵਿਚ ਅਰਦਾਸ ਕਰਕੇ ਮੀਟਿੰਗ ਦੀ ਸ਼ੁਰੂਆਤ ਹੋਈ। ਸਭ ਤੋਂ ਪਹਿਲਾਂ ਸਿੱਖ ਪ੍ਰਤਿਨਿਧੀ ਇਕੱਠ ਨੂੰ ਖਾਲਿਸਤਾਨ ਅਫੇਅਰਜ਼ ਸੈਂਟਰ ਦੇ ਸੰਚਾਲਕ ਡਾ.ਅਮਰਜੀਤ ਸਿੰਘ ਨੇ ਸੰਬੋਧਨ ਕੀਤਾ। ਡਾ.ਅਮਰਜੀਤ ਸਿੰਘ ਨੇ ਅਪੀਲ ਕੀਤੀ ਕਿ ਪੁਰਾਤਨ ਸਿੱਖਾਂ ਵਾਂਗ ਸਾਨੂੰ “ਮਿਸਲ ਵੰਡ ਅਬ ਕਭਹੂੰ ਨਾ ਪਾਓ, ਰਲ ਮਿਲ ਕੇ ਇਹ ਪੰਥ ਬਚਾਓ” ਦੀ ਭਾਵਨਾ ਤਹਿਤ ਸਿਰ ਜੋੜ ਕੇ ਬੈਠਣ ਦੀ ਲੋੜ ਹੈ।

ਡਾ. ਸਾਹਿਬ ਨੇ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਵੱਲੋਂ 9 ਅਪ੍ਰੈਲ ਨੂੰ ਵਾਸ਼ਿੰਗਟਨ ਡੀ.ਸੀ ਵਿੱਚ “ਸਿੱਖ ਅਜ਼ਾਦੀ ਰੈਲੀ” ਕਰਨ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਇਸ ਨਾਲ ਸਿੱਖ ਕੌਮ ਦੇ ਰਾਜਸੀ ਨਿਸ਼ਾਨੇ ਖਾਲਿਸਤਾਨ ਦਾ ਸੁਨੇਹਾ ਕੁੱਲ ਦੁਨੀਆ ਵਿੱਚ ਜਾਵੇਗਾ। ਉਹਨਾਂ ਮੁਤਾਬਕ ਭਾਰਤ ਤੋਂ ਬਾਹਰ ਬੈਠਾ ਸਿੱਖ ਅੱਜ ਸਿੱਖ ਕੌਮ ਲਈ ਰਾਹ ਦਸੇਰਾ ਹੈ ਜੋ ਕੌਮ ਦੇ ਮਸਲਿਆਂ ਦੇ ਹੱਲ ਲਈ ਸੁਹਿਰਦਤਾ ਨਾਲ ਯਤਨ ਕਰ ਰਿਹਾ ਹੈ।

ਸ੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਜਨਮ ਦਿਨ ਤੇ ਹੋਇਆ ਸੰਗਤ ਦਾ ਠਾਠਾਂ ਮਾਰਦਾ ਇਕੱਠ ਅਤੇ ਪੁਰਤਗਾਲ ਤੋਂ ਭਾਈ ਪਰਮਜੀਤ ਸਿੰਘ ਪੰਮਾ ਦੀ ਇੰਗਲੈਂਡ ਵਾਪਸੀ ਇਸ ਗੱਲ ਦਾ ਸਬੂਤ ਹਨ ਅਤੇ ਇਸ ਨਾਲ ਸਿੱਖ ਕੌਮ ਖਾਸ ਕਰਕੇ ਸਿੱਖ ਡਾਇਸਪੋਰਾ ਅੰਦਰ ਇੱਕ ਨਵੀਂ ਰੂਹ ਫੂਕੀ ਗਈ ਹੈ। ਪ੍ਰਤਿਨਿਧੀ ਇਕੱਠ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਜਥੇਦਾਰ ਅਕਾਲ ਤਖਤ ਸਾਹਿਬ ਦਾ ਸੁਨੇਹਾ ਜੈਕਾਰਿਆਂ ਦੀ ਗੂੰਜ ਵਿੱਚ ਸੁਣਾਇਆ ਗਿਆ।

ਭਾਈ ਸਾਹਿਬ ਨੇ ਆਪਣੇ ਸੁਨੇਹੇ ਵਿੱਚ ਜਥੇਬੰਦੀਆਂ ਨੂੰ ਗਿਲੇ ਸ਼ਿਕਵੇ ਦੂਰ ਕਰਕੇ ਸਿੱਖ ਕੌਮ ਦੀ ਚੜ੍ਹਦੀਕਲਾ ਅਤੇ ਕੌਮੀ ਨਿਸ਼ਾਨੇ ਦੀ ਪ੍ਰਾਪਤੀ ਲਈ ਯਤਨ ਕਰਨ ਦਾ ਸੱਦਾ ਦਿੱਤਾ। ਜਥੇਦਾਰ ਹਵਾਰਾ ਨੇ ਸਰਬੱਤ ਖਾਲਸਾ 2016 ਲਈ ਸੰਗਤ ਨੂੰ ਇਕਮੁੱਠ ਹੋ ਕੇ ਕੰਮ ਕਰਨ ਦੀ ਅਪੀਲ ਵੀ ਕੀਤੀ। ਮੀਟਿੰਗ ਦਾ ਸੰਚਲਾਨ ਕਮੇਟੀ ਮੈਂਬਰ ਹਿੰਮਤ ਸਿੰਘ, ਹਰਜਿੰਦਰ ਸਿੰਘ ਅਤੇ ਡਾ.ਬਖਸ਼ੀਸ ਸਿੰਘ ਵੱਲੋਂ ਕੀਤਾ ਗਿਆ।

ਵਿਚਾਰ ਚਰਚਾ ਦੌਰਾਨ ਈਸਟ ਕੋਸਟ ਦੇ ਅੱਡ-ਅੱਡ ਗੁਰਦੁਆਰਿਆਂ ਦੇ ਨੁਮਾਇੰਦਿਆਂ ਨੇ ਖੁੱਲ ਕੇ ਆਪਣੇ ਵਿਚਾਰ ਦਿੱਤੇ ਅਤੇ ਮੀਟਿੰਗ ਦੇ ਏਜੰਡਾ ਆਈਟਮਾਂ ਨੂੰ ਮੁਕੰਮਲ ਹਿਮਾਇਤ ਦਿੱਤੀ। ਪੈਨਸਿਲਵੇਨੀਆ ਦੇ 164ਵੇਂ ਡਿਸਟ੍ਰਿਕਟ ਤੋਂ ਸਟੇਟ ਰਿਪਰਿਜ਼ੈਂਟੇਟਿਵ ਲਈ ਰਿਪਬਲਿਕਨ ਪਾਰਟੀ ਵੱਲੋਂ ਉਮੀਦਵਾਰ ਇੰਦਰਜੀਤ ਸਿੰਘ ਬੈਂਸ ਨੇ ਮੀਟਿੰਗ ਵਿੱਚ ਸੰਬੋਧਨ ਹੁੰਦਿਆਂ ਕਿਹਾ ਕਿ ਅਮਰੀਕਾ ਵਿੱਚ ਸਿੱਖਾਂ ਖਿਲਾਫ ਨਸਲੀ ਵਿਤਕਰੇ ਦੀਆਂ ਘਟਨਾਵਾਂ ਅਤੇ ਸਿੱਖਾਂ ਦੀ ਪਹਿਚਾਨ ਸਾਡੇ ਲਈ ਇੱਕ ਅਹਿਮ ਮਸਲਾ ਹੈ, ਜਿਸਨੂੰ ਸੁਧਾਰਨ ਲਈ ਸਾਨੂੰ ਇਕੱਠਿਆਂ ਹੋ ਕੇ ਅਮਰੀਕਨ ਸਿਸਟਮ ਵਿੱਚ ਰਹਿ ਕੇ ਕੰਮ ਕਰਨ ਦੀ ਲੋੜ ਹੈ।

ਇਸ ਮੀਟਿੰਗ ਵਿੱਚ ਫਰੈਂਡਸ ਆਫ ਸਿੱਖ ਕਾਕਸ ਤੋਂ ਹਰਪ੍ਰੀਤ ਸਿੰਘ ਸੰਧੂ, ਸਿੱਖ ਯੂਥ ਆਫ ਅਮਰੀਕਾ ਤੋਂ ਡਾ.ਰਣਜੀਤ ਸਿੰਘ ਅਤੇ ਗੁਰਦੇਵ ਸਿੰਘ, ਸਿੱਖਸ ਫਾਰ ਜਸਟਿਸ ਤੋਂ ਅਵਤਾਰ ਸਿੰਘ ਪੰਨੂ, ਅਕਾਲੀ ਦਲ (ਅ) ਤੋਂ ਸੁਰਜੀਤ ਸਿੰਘ ਕੁਲਾਰ ਅਤੇ ਬੂਟਾ ਸਿੰਘ ਖੜੌਦ ਦੇ ਨਾਲ ਨਿਊ ਜਰਸੀ, ਨਿਊ ਯਾਰਕ, ਮੈਰੀਲੈਂਡ, ਪੈਨਸਿਲਵੇਨੀਆ ਤੋਂ ਗੁਰਦੁਆਰਾ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਦੇ ਹੋਰ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,