ਸਿੱਖ ਖਬਰਾਂ

‘ਈਕੋ ਸਿੱਖ’ ਨੇ ਇਸ ਵਰ੍ਹੇ 14 ਮਾਰਚ ਨੂੰ ‘ਸਿੱਖ ਵਾਤਾਵਰਣ ਦਿਵਸ’ ਮਨਾਉਣ ਦਾ ਕੀਤਾ ਫ਼ੈਸਲਾ

March 5, 2015 | By

ਵਾਸ਼ਿੰਗਟਨ ( 5 ਮਾਰਚ, 2015): ਅਮਰੀਕੀ ਰਾਜਧਾਨੀ ਵਾਸ਼ਿੰਗਟਨ ਤੋਂ ਸਰਗਰਮ ਗ਼ੈਰ-ਸਰਕਾਰੀ ਸੰਸਥਾ ‘ਈਕੋ ਸਿੱਖ’ ਵੱਲੋਂ ਵਾਤਾਵਰਣ ਸਬੰਧੀ ਚੇਤਨਾ ਪੈਦਾ ਕਰਨ ਹਿੱਤ ਇਸ ਵਰ੍ਹੇ 14 ਮਾਰਚ ਨੂੰ ‘ਸਿੱਖ ਵਾਤਾਵਰਣ ਦਿਵਸ’ ਮਨਾਉਣ ਦਾ ਫ਼ੈਸਲਾ ਕੀਤਾ ਹੈ।

EcoSikh Bannerਇਹ ਸੰਸਥਾ ਸਾਲ 2011 ਤੋਂ ਹਰ ਸਾਲ ਸਿੱਖਾਂ ਦੇ ਸੱਤਵੇਂ ਗੁਰੂ ਸ੍ਰੀ ਹਰਿਰਾਏ ਜੀ ਦੇ ਗੁਰਤਾਗੱਦੀ ਦਿਹਾੜੇ ਨੂੰ ਸਮਰਪਿਤ ਇਹ ਦਿਵਸ ਕੌਮਾਂਤਰੀ ਪੱਧਰ ’ਤੇ ਮਨਾਉਂਦੀ ਆ ਰਹੀ ਹੈ। ਸੰਸਥਾ ਇਸ ਦਿਹਾੜੇ ’ਤੇ ਜਲਵਾਯੂ ਵਿੱਚ ਹੋ ਰਹੀਆਂ ਤਬਦੀਲੀਆਂ ਸਬੰਧੀ ਲੋਕਾਂ ਨੂੰ ਜਾਣੂ ਕਰਵਾਏਗੀ ਅਤੇ ਸਿੱਖ ਭਾਈਚਾਰੇ ਨੂੰ ਇਹ ਮਿਸ਼ਨ ਗੁਰਦੁਆਰਿਆਂ ਤੋਂ ਚਲਾਉਣ ਦੀ ਅਪੀਲ ਕਰੇਗੀ।

‘ਈਕੋ ਸਿੱਖ’
ਇਹ ਸੰਸਥਾ ਹੁਣ ਤਕ ਵਿਸ਼ਵ ਭਰ ਵਿੱਚ 2200 ਦੇ ਲਗਪਗ ਗੁਰਦੁਆਰਿਆਂ, ਸਕੂਲਾਂ ਅਤੇ ਸੰਗਠਨਾਂ ਨੂੰ ਸਿੱਖ ਵਾਤਾਵਰਣ ਦਿਹਾੜੇ ਨਾਲ ਜੋੜ ਚੁੱਕੀ ਹੈ। ਆਪਣੀ ਵੈੱਬਸਾਈਟ ਰਾਹੀਂ ਵੀ ਲੋਕਾਂ, ਵਿਸ਼ੇਸ਼ ਕਰਕੇ ਸਿੱਖ ਭਾਈਚਾਰੇ ਨੂੰ ਵਾਤਾਵਰਣ ਬਚਾਉਣ ਸਬੰਧੀ ਚੇਤਨਾ ਅਤੇ ਅਗਵਾਈ ਪ੍ਰਦਾਨ ਕਰ ਰਹੀ ਹੈ।

ਸਿੱਖ ਵਾਤਾਵਰਣ ਦਿਵਸ ਦੇ ਮੌਕੇ ’ਤੇ ਇਸ ਸੰਸਥਾ ਵੱਲੋਂ ਸਿੱਖ ਸੰਗਤਾਂ ਨੂੰ ਗੁਰਦੁਆਰਿਆਂ, ਨਗਰ ਕੀਰਤਨਾਂ ਤੇ ਲੰਗਰਾਂ ਵਿੱਚ ਸਫ਼ਾਈ ਦਾ ਧਿਆਨ ਰੱਖਣ, ਪਾਣੀ ਅਤੇ ਹੋਰ ਖਾਣ-ਪੀਣ ਦੀਆਂ ਵਸਤਾਂ ਨੂੰ ਅਜਾਈਂ ਜਾਣ ਤੋਂ ਰੋਕਣ ਅਤੇ ਦਰਖਤ ਲਗਾਉਣ ਜਿਹੇ ਵਾਤਾਵਰਣ ਨਾਲ ਸਬੰਧਤ ਮੁੱਦਿਆਂ ਬਾਰੇ ਜਾਗ੍ਰਿਤ ਕੀਤੇ ਜਾਣ ਦਾ ਪ੍ਰੋਗਰਾਮ ਹੈ।

ਦੁਨੀਆਂ ਵਿੱਚ ਵੱਡੀ ਪੱਧਰ ’ਤੇ ਵਧ ਰਹੇ ਪ੍ਰਦੂਸ਼ਣ ਦੇ ਸੰਦਰਭ ਵਿੱਚ ‘ਈਕੋ ਸਿੱਖ’ ਸੰਸਥਾ ਵੱਲੋਂ ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣ ਹਿੱਤ ਕੀਤੇ ਜਾ ਰਹੇ ਉਪਰਾਲੇ ਪ੍ਰਸ਼ੰਸਾਯੋਗ ਹਨ ਪਰ ਚੰਗਾ ਹੋਵੇ ਜੇਕਰ ਅਜਿਹੇ ਯਤਨ ਗੁਰਬਾਣੀ ਵਿੱਚ ਪੇਸ਼ ਜੀਵਨ-ਜੁਗਤਿ ਨਾਲ ਜੋੜ ਕੇ ਕੀਤੇ ਜਾਣ।

ਅਜੋਕੇ ਮਨੁੱਖ ਵੱਲੋਂ ਅਪਣਾਏ ਜਾ ਰਹੇ ਕੇਵਲ ਮਨੁੱਖੀ ਵਿਕਾਸ ਮਾਡਲ ਨੂੰ ਰੱਦ ਕਰਕੇ ਗੁਰਬਾਣੀ ਵਿੱਚ ਪੇਸ਼ ‘ਵਿਗਾਸ’ ਦੇ ਸੰਕਲਪ ਨੂੰ ਲੋਕਾਂ ਤਕ ਲੈ ਕੇ ਜਾਣ ਦੀ ਜ਼ਰੂਰਤ ਹੈ ਜਿਸ ਵਿੱਚ ਕੇਵਲ ਮਨੁੱਖ ਦਾ ਹੀ ਨਹੀਂ ਬਲਕਿ ਕੁਦਰਤ ਦੀ ਕਾਇਨਾਤ ਵਿੱਚ ਵਸਦੇ ਹਰ ਜੀਵ-ਜੰਤੂ ਅਤੇ ਬਨਸਪਤੀ ਦੇ ਵਿਗਸਣ ਅਤੇ ਪਲਰਨ੍ਹ ਦਾ ਅਮਰ ਸੰਦੇਸ਼ ਹੈ।

ਮਨੁੱਖ ਨੂੰ ਕੁਦਰਤ ਦੇ ਵਿਰੋਧ ਦੀ ਥਾਂ ਇਸ ਨਾਲ ਇਕਸੁਰ ਹੋਣ ਦੀ ਜ਼ਰੂਰਤ ਹੈ। ਗੁਰਬਾਣੀ ਵਿੱਚ ਵਾਤਾਵਰਣ ਅਤੇ ਕੁਦਰਤੀ ਸੋਮਿਆਂ ਨੂੰ ਉੱਚਾ ਦਰਜਾ ਦਿੱਤਾ ਗਿਆ ਹੈ। ਗੁਰੂ ਨਾਨਕ ਦੇਵ ਜੀ ਨੇ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਹੈ। ਸਾਰੀ ਗੁਰਬਾਣੀ ਪ੍ਰਾਕ੍ਰਿਤੀ ਦੇ ਮਹੱਤਵ ਨੂੰ ਦਰਸਾਉਂਦੀ ਹੈ।

ਅੱਜ ਸਮੁੱਚੇ ਵਿਸ਼ਵ ਵਿੱਚ ਵਾਤਾਵਰਣ ਦੇ ਦੂਸ਼ਿਤ ਹੋਣ ਸਬੰਧੀ ਚਿੰਤਾ ਪਾਈ ਜਾ ਰਹੀ ਹੈ। ਇਸ ਦੇ ਮੱਦੇਨਜ਼ਰ ਸੰਯੁਕਤ ਰਾਸ਼ਟਰ ਨੇ ਕੌਮਾਂਤਰੀ ਪੱਧਰ ’ਤੇ ਵਾਤਾਵਰਣ ਦਿਵਸ, ਧਰਤ ਦਿਵਸ ਅਤੇ ਪਾਣੀ ਬਚਾਓ ਦਿਵਸ ਐਲਾਨੇ ਹੋਏ ਹਨ ਅਤੇ ਇਹ ਦਿਵਸ ਮਨਾਏ ਵੀ ਜਾ ਰਹੇ ਹਨ, ਪਰ ਇਨ੍ਹਾਂ ਯਤਨਾਂ ਦੇ ਕੋਈ ਬਹੁਤੇ ਸੰਤੁਸ਼ਟੀਜਨਕ ਸਿੱਟੇ ਸਾਹਮਣੇ ਨਹੀਂ ਆ ਰਹੇ।

ਇਸ ਦਾ ਕਾਰਨ ਸ਼ਾਇਦ ਇਹ ਹੈ ਕਿ ਕੀਤੇ ਜਾ ਰਹੇ ਯਤਨ ਕੁਦਰਤੀ ਵਿਕਾਸ ਨਾਲ ਇਕਸੁਰ ਨਹੀਂ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਵਾਤਾਵਰਣ ਬਚਾਉਣ ਦਾ ਸਭ ਤੋਂ ਵੱਧ ਰੌਲਾ ਪਾਉਣ ਵਾਲੇ ਮੁਲਕ ਹੀ ਪਰਮਾਣੂ ਹਥਿਆਰਾਂ ਅਤੇ ਪਲਾਂਟਾਂ ਦੀ ਤਿਆਰੀ ਤੇ ਤਾਮੀਰ ਦੀ ਦੌੜ ਵਿੱਚ ਹਨ ਜੋ ਕਿ ਵਾਤਾਵਰਣ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾ ਰਹੇ ਹਨ।

ਮਨੁੱਖੀ ਵਿਕਾਸ ਦੇ ਨਾਂ ਉੱਤੇ ਐਸ਼ੋ-ਇਸ਼ਰਤ ਦਾ ਸਾਜ਼ੋ-ਸਾਮਾਨ ਤਿਆਰ ਕੀਤਾ ਅਤੇ ਵੇਚਿਆ ਜਾ ਰਿਹਾ ਹੈ ਜੋ ਵਾਤਾਵਰਣ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ। ਇਸ ਪ੍ਰਸੰਗ ਵਿੱਚ ‘ਈਕੋ ਸਿੱਖ’ ਸੰਸਥਾ ਜੇਕਰ ਵਾਤਾਵਰਣ ਨੂੰ ਬਚਾਉਣ ਲਈ ਪ੍ਰਚਲਿਤ ਰਵਾਇਤੀ ਕਾਰਜਾਂ ਦੀ ਬਜਾਇ ਗੁਰਬਾਣੀ ਦੇ ਸਰਬਪੱਖੀ ਵਿਕਾਸ ਮਾਡਲ ਅਨੁਸਾਰ ਸੱਚੇ-ਸੁੱਚੇ ਅਤੇ ਸਾਦਗੀ ਭਰਪੂਰ ਜੀਵਨ ਜਿਊਣ ਹਿੱਤ ਉਪਰਾਲੇ ਕਰਦੀ ਹੈ ਤਾਂ ਇਹ ਨਿਸ਼ਚੇ ਹੀ ਮਹਤੱਵਪੂਰਨ ਅਤੇ ਨਤੀਜਾਜਨਕ ਸਿੱਧ ਹੋ ਸਕਦੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: