ਖੇਤੀਬਾੜੀ » ਸਿਆਸੀ ਖਬਰਾਂ

ਖੇਤੀ ਵਿਭਾਗ ਦੇ ਅਧਿਕਾਰੀਆਂ ਨੂੰ ਖੇਤਾਂ ‘ਚ ਲਿਜਾ ਕੇ ਚਿੱਟੀ ਮੱਖੀ,ਹਰੇ ਤੇਲੇ,ਜੂੰ ਦਾ ਹਮਲਾ ਵਿਖਾਇਆ ਗਿਆ

August 7, 2017 | By

ਮਾਨਸਾ: ਖੇਤੀਬਾੜੀ ਵਿਭਾਗ ਦੇ ਸੈਮੀਨਾਰ ਦੌਰਾਨ ਕਿਸਾਨ ਜਥੇਬੰਦੀ ਦੇ ਆਗੂ ਵੱਲੋਂ ਮੰਚ ਤੋਂ ਵਿਭਾਗ ਦੇ ਡਾਇਰੈਕਟਰ ਸਮੇਤ ਹੋਰ ਅਧਿਕਾਰੀਆਂ ਨੂੰ ਖ਼ਰੀਆਂ-ਖ਼ਰੀਆਂ ਸੁਣਾਈਆਂ ਗਈਆਂ ਅਤੇ ਬਾਅਦ ਵਿੱਚ ਮਾਹਰਾਂ ਦੀ ਟੀਮ ਨੂੰ ਖੇਤਾਂ ਵਿੱਚ ਲਿਜਾ ਕੇ ਚਿੱਟੀ ਮੱਖੀ, ਹਰੇ ਤੇਲੇ ਅਤੇ ਜੂੰ ਦਾ ਹਮਲਾ ਵਿਖਾਇਆ ਗਿਆ। ਇਹ ਪਹਿਲੀ ਵਾਰ ਹੈ ਕਿ ਕਿਸਾਨ ਜਥੇਬੰਦੀ ਵੱਲੋਂ ਖੇਤੀ ਅਧਿਕਾਰੀਆਂ ਦਾ ਇੰਝ ਸਿੱਧੇ ਢੰਗ ਨਾਲ ਮੰਚ ਤੋਂ ਵਿਰੋਧ ਕੀਤਾ ਗਿਆ ਹੈ।

ਕੈਂਪ ਦੌਰਾਨ ਮੰਚ ‘ਤੇ ਵਿਭਾਗ ਦੇ ਡਾਇਰੈਕਟਰ ਡਾ. ਜਸਬੀਰ ਸਿੰਘ ਬੈਂਸ, ਮਾਨਸਾ ਦੇ ਡਿਪਟੀ ਕਮਿਸ਼ਨਰ ਧਰਮ ਪਾਲ ਗੁਪਤਾ ਅਤੇ ਹੋਰ ਮਾਹਰ ਬੈਠੇ ਸਨ। ਦੋਵਾਂ ਧਿਰਾਂ ਵਿਚਕਾਰ ਮੰਚ ਤੋਂ ਬੋਲਣ ਲਈ ਪੰਜ ਮਿੰਟ ਤਕ ਬਹਿਸ ਚੱਲਦੀ ਰਹੀ। ਅਧਿਕਾਰੀ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੂੰ ਮੰਚ ਤੋਂ ਬੋਲਣ ਲਈ ਸਮਾਂ ਨਹੀਂ ਦੇ ਰਹੇ ਸਨ, ਜਦਕਿ ਕਿਸਾਨ ਆਗੂ ਸਟੇਜ ਤੋਂ ਆਪਣੀ ਗੱਲ ਅਧਿਕਾਰੀਆਂ ਸਾਹਮਣੇ ਰੱਖਣੀ ਚਾਹੁੰਦੇ ਸਨ। ਬਾਅਦ ਵਿੱਚ ਡਿਪਟੀ ਕਮਿਸ਼ਨਰ ਧਰਮ ਪਾਲ ਗੁਪਤਾ ਵੱਲੋਂ ਕਿਸਾਨ ਆਗੂ ਨੂੰ ਮੰਚ ਤੋਂ ਬੋਲਣ ਦਾ ਸਮਾਂ ਦਿਵਾਇਆ ਗਿਆ।

ਖੇਤੀਬਾੜੀ ਮਹਿਕਮੇ ਦੇ ਡਾਇਰੈਕਟਰ ਡਾ. ਜਸਬੀਰ ਸਿੰਘ ਬੈਂਸ ਨਾਲ ਸੈਮੀਨਾਰ ਦੌਰਾਨ ਬਹਿਸ ਕਰਦੇ ਹੋਏ ਰਾਮ ਸਿੰਘ ਭੈਣੀਬਾਘਾ

ਖੇਤੀਬਾੜੀ ਮਹਿਕਮੇ ਦੇ ਡਾਇਰੈਕਟਰ ਡਾ. ਜਸਬੀਰ ਸਿੰਘ ਬੈਂਸ ਨਾਲ ਸੈਮੀਨਾਰ ਦੌਰਾਨ ਬਹਿਸ ਕਰਦੇ ਹੋਏ ਰਾਮ ਸਿੰਘ ਭੈਣੀਬਾਘਾ

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਭੈਣੀਬਾਘਾ ਨੇ ਕਿਹਾ ਕਿ ਖੇਤੀਬਾੜੀ ਮਹਿਕਮੇ ਵੱਲੋਂ ਬਠਿੰਡਾ ਅਤੇ ਮਾਨਸਾ ਵਿੱਚ ਇੱਕ ਮੁੱਖ ਖੇਤੀਬਾੜੀ ਅਫ਼ਸਰ ਲਗਾਇਆ ਗਿਆ ਹੈ। ਮਹਿਕਮੇ ਵੱਲੋਂ ਭਰੇ 36 ਸੈਂਪਲਾਂ ਵਿੱਚੋਂ 26 ਫੇਲ੍ਹ ਹੋ ਗਏ ਹਨ, ਜਿਸ ਕਾਰਨ ਕਿਸਾਨਾਂ ਦੇ ਆਰਥਿਕ ਨੁਕਸਾਨ ਦਾ ਮੁਆਵਜ਼ਾ ਤੁਰੰਤ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਮਹਿਕਮੇ ਨੂੰ ਪਿੰਡ-ਪਿੰਡ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਕੈਂਪ ਲਗਾਉਣੇ ਚਾਹੀਦੇ ਹਨ ਤਾਂ ਜੋ ਨਰਮੇ ਦੀ ਫ਼ਸਲ ਨੂੰ ਭਿਆਨਕ ਹਮਲਿਆਂ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਖੇਤੀ ਮਹਿਕਮੇ ਦੇ ਅਧਿਕਾਰੀ ਕਹਿ ਰਹੇ ਹਨ ਕਿ ਨਰਮੇ ਦੀ ਫ਼ਸਲ ‘ਤੇ ਕੋਈ ਹਮਲਾ ਨਹੀਂ ਹੈ, ਜਦੋਂਕਿ ਕਿਸਾਨ ਧੜਾ-ਧੜ ਜ਼ਹਿਰਾਂ ਦੀਆਂ ਢੋਲੀਆਂ ਲਿਜਾ ਕੇ ਖੇਤਾਂ ਵਿੱਚ ਆਪਣੀ ਬੀ.ਟੀ. ਕਾਟਨ ਦੀ ਫ਼ਸਲ ਬਚਾਉਣ ਲੱਗੇ ਹੋਏ ਹਨ।

ਕਿਸਾਨ ਆਗੂ ਨੇ ਮੰਚ ਤੋਂ ਖ਼ਰੀਆਂ-ਖ਼ਰੀਆਂ ਸੁਣਾਉਂਦਿਆਂ ਕਿਹਾ ਕਿ ਇਸ ਵਾਰ ਚਿੱਟੀ ਮੱਖੀ ਦਾ ਹਮਲਾ ਜੇਕਰ ਮਹਿਕਮੇ ਵੱਲੋਂ ਸਹੀ ਦਵਾਈਆਂ ਭੇਜਕੇ ਨਾ ਰੋਕਿਆ ਗਿਆ ਤਾਂ ਇਸ ਨੇ ਕਾਫ਼ੀ ਨੁਕਸਾਨ ਕਰ ਦੇਣਾ ਹੈ। ਬਾਅਦ ਵਿੱਚ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾ. ਜਸਬੀਰ ਸਿੰਘ ਬੈਂਸ ਨੇ ਮਹਿਕਮੇ ਦੇ ਜ਼ਿਲ੍ਹਾ ਅਧਿਕਾਰੀਆਂ ਨੂੰ ਨਾਲ ਲੈ ਕੇ ਪਿੰਡ ਕੋਟਧਰਮੂ ਦੇ ਖੇਤਾਂ ਦਾ ਦੌਰਾ ਕੀਤਾ। ਇਸ ਦੌਰਾਨ ਅਧਿਕਾਰੀਆਂ ਨੇ ਕਿਸਾਨਾਂ ਨੂੰ ਹਮਲੇ ਤੋਂ ਬਚਾਅ ਲਈ ਦਵਾਈਆਂ ਲਿਖਕੇ ਦਿੱਤੀਆਂ।

ਕਿਸਾਨ ਜਥੇਬੰਦੀ ਨੇ ਕਿਹਾ ਕਿ ਮਹਿਕਮੇ ਵੱਲੋਂ ਅਜਿਹੇ ਗੁਪਤ ਕਿਸਾਨ ਕੈਂਪ ਜਦੋਂ ਵੀ ਕਿਸੇ ਮੈਰਿਜ ਪੈਲੇਸ ਵਿੱਚ ਲੱਗਣਗੇ ਤਾਂ ਉਹ ਇਨ੍ਹਾਂ ਕੈਂਪਾਂ ਦਾ ਘਿਰਾਓ ਕਰਨਗੇ। ਖੇਤੀਬਾੜੀ ਮਹਿਕਮੇ ਦੇ ਡਾਇਰੈਕਟਰ ਡਾ. ਜਸਬੀਰ ਸਿੰਘ ਬੈਂਸ ਅਤੇ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਸੁਖਦੇਵ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ 500 ਸਕਾਊਟ ਅਤੇ 50 ਫੀਲਡ ਸੁਪਰਵਾਈਜ਼ਰ 1000 ਨਰਮੇ ਵਾਲੇ ਪਿੰਡਾਂ ਵਿੱਚ ਚਿੱਟੀ ਮੱਖੀ ਦੇ ਸਰਵੇਖਣ ਲਈ ਰੱਖੇ ਗਏ ਹਨ।

ਇਸ ਮੌਕੇ ਡਾ. ਪਰਮਜੀਤ ਸਿੰਘ ਡਾਇਰੈਕਟਰ ਰਿਜ਼ਨਲ ਰਿਸਰਚ ਸੈਂਟਰ ਬਠਿੰਡਾ, ਡਾ. ਹਰਪਾਲ ਸਿੰਘ ਭੁੱਲਰ, ਡਾ. ਜੀ.ਐਸ. ਬੁੱਟਰ ਵਧੀਕ ਡਾਇਰੈਕਟਰ ਪ੍ਰਸਾਰ ਸਿੱਖਿਆ ਪੀ.ਏ.ਯੂ, ਡਾ. ਜੋਗਿੰਦਰ ਸਿੰਘ, ਡਾ. ਜਗਦੀਸ਼ ਕੁਮਾਰ ਅਰੋੜਾ ਫਾਰਮ ਸਲਾਹਕਾਰ ਸੇਵਾ ਕੇਂਦਰ ਅਬੋਹਰ, ਡਾ. ਸ਼ਸ਼ੀ ਕੁਮਾਰ ਸੀਨੀਅਰ ਰਿਸਰਚ ਇੰਜ. ਪੀ.ਏ.ਯੂ ਲੁਧਿਆਣਾ, ਡਾ. ਗੁਰਾਦਿੱਤਾ ਸਿੰਘ ਸਿੱਧੂ ਮੁੱਖ ਖੇਤੀਬਾੜੀ ਅਫ਼ਸਰ ਮਾਨਸਾ ਤੇ ਡਾ. ਅਮਰਜੀਤ ਲਾਲ ਸ਼ਰਮਾ ਪ੍ਰੋਫੈਸਰ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਨੇ ਸੰਬੋਧਨ ਕੀਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,