ਖੇਤੀਬਾੜੀ

ਬੁੱਢੇ ਨਾਲੇ ਤੋਂ ਬੁੱਢੇ ਦਰਿਆ ਵੱਲ ਨੂੰ

March 25, 2023 | By

ਪੰਜਾਬ ਦੇ ਪਾਣੀਆਂ ਦਾ ਮਸਲਾ ਅੱਜ ਦੇ ਸਮੇਂ ਵਿੱਚ ਇੱਕ ਚਿੰਤਾਜਨਕ ਵਿਸ਼ਾ ਬਣਿਆ ਹੋਇਆ ਹੈ। ਮਸਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਪੰਜਾਬ ਦੇ ਵਸਨੀਕਾਂ ਵੱਲੋਂ ਅੱਡ-ਅੱਡ ਤਰੀਕਿਆਂ ਨਾਲ ਅੱਡ-ਅੱਡ ਸਮੇਂ ਤੇ ਹੱਲ ਕਰਨ ਦੇ ਯਤਨ ਕੀਤੇ ਜਾਂਦੇ ਹਨ। ਇਸੇ ਤਰ੍ਹਾਂ ਦਾ ਇੱਕ ਯਤਨ ਬੁੱਢਾ ਦਰਿਆ ਐਕਸ਼ਨ ਫਰੰਟ ਵੱਲੋਂ ਬੁੱਢਾ ਦਰਿਆ ਦੇ ਪਾਣੀ ਨੂੰ ਪਲੀਤ ਹੋਣੋਂ ਰੋਕਣ ਲਈ ਕੀਤਾ ਜਾ ਰਿਹਾ ਹੈ। ਬੁੱਢਾ ਦਰਿਆ ਸਤਲੁਜ ਦਰਿਆ ਦੇ ਸਾਫ ਪਾਣੀ ਦਾ ਸਾਧਨ ਸੀ ਅਤੇ ਇਸ ਨੂੰ ਮੁੱਖ ਕੰਮ ਕਿਤੇ ਨਾ ਕਿਤੇ ਮੀਂਹ ਦੇ ਵਾਧੂ ਪਾਣੀ ਜਾਂ ਹੜ੍ਹ ਦੇ ਪਾਣੀ ਨੂੰ ਸਤਲੁਜ ਤੱਕ ਪਹੁੰਚਾਉਣਾ ਸੀ ਤਾਂ ਜੋ ਇਸ ਖੇਤਰ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਇਆ ਜਾ ਸਕੇ। ਸੱਤਰਵੇਂ ਦਹਾਕੇ ਤੋਂ ਬਾਅਦ ਬੁੱਢੇ ਦਰਿਆ ਦੀ ਹਾਲਤ ਮਾੜੀ ਹੋਣ ਲੱਗੀ ਅਤੇ ਇਸ ਵਿੱਚ ਕਾਰਖਾਨਿਆਂ ਦਾ ਗੰਦਾ ਪਾਣੀ, ਸੀਵਰੇਜ ਅਤੇ ਦੁੱਧ ਡੇਅਰੀਆਂ ਦੀ ਰਹਿੰਦ ਖੂੰਹਦ ਪੈਣ ਲੱਗੀ। ਸਰਕਾਰ ਦਾ ਨਿਕਾਸ ਵਿਭਾਗ, ਪੰਜਾਬ ਪ੍ਰਦੂਸ਼ਨ ਕਾਬੂਕਰ ਬੋਰਡ ਪਾਣੀ ਦੇ ਇਸ ਪ੍ਰਦੂਸ਼ਣ ਨੂੰ ਕਾਬੂ ਕਰਨ ਵਿੱਚ ਅਸਫਲ ਰਹੇ ਸਿੱਟੇ ਵਜੋਂ ਇਸ ਦੀ ਹਾਲਤ ਬਦ ਤੋਂ ਬਦਤਰ ਹੋ ਗਈ ਅਤੇ ਇਹ ਬੁੱਢੇ ਦਰਿਆ ਤੋਂ ਬੁੱਢਾ ਨਾਲਾ ਬਣ ਗਿਆ।
ਭਾਵੇਂ ਕਿ ਅਲਗ-ਅਲਗ ਸਮੇਂ ਉੱਤੇ ਐਸਟੀਪੀ ਈ ਟੀ ਪੀ ਸੀਈ ਟੀਪੀ ਲਗਾਏ ਗਏ ਹਨ ਪਰ ਬੁੱਢੇ ਦਰਿਆ ਵਿੱਚ ਫੈਲ ਰਹੀ ਗੰਦਗੀ ਨੂੰ ਸਾਂਭਣ ਲਈ ਇਹ ਅਸਫਲ ਰਹੇ ਹਨ। ਇਸ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ 14 ਕਿਲੋਮੀਟਰ ਤੱਕ ਇਸ ਦਰਿਆ ਨੂੰ ਪੱਕੇ ਕਰਨ ਦਾ ਵੀ ਸੁਝਾਅ ਹੈ ਪਰ ਇਹ ਵੀ ਪੂਰਨ ਤੌਰ ਤੇ ਹੱਲ ਨਹੀਂ ਹੈ। ਕਿਉਂਕਿ 14 ਕਿਲੋਮੀਟਰ ਬਾਅਦ ਇਸ ਵਿੱਚਲਾ ਪ੍ਰਦੂਸ਼ਣ ਜ਼ਮੀਨ ਵਿਚ ਹੀ ਜਾਣਾ ਹੈ ਸਿੱਟੇ ਵਜੋਂ ਪ੍ਰਦੂਸ਼ਨ ਹੋਰ ਵਧਦਾ ਰਹੇਗਾ।
ਮਸਲੇ ਦੀ ਗੰਭੀਰਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਬੁੱਢਾ ਦਰਿਆ ਐਕਸ਼ਨ ਫਰੰਟ ਵੱਲੋਂ ਪਿਛਲੇ ਕੁਝ ਮਹੀਨਿਆਂ ਤੋਂ ਕਈ ਕਈ ਪ੍ਰੋਗਰਾਮ ਉਲੀਕੇ ਜਾ ਰਹੇ ਹਨ, ਜਾਗਰੂਕਤਾ ਮੁਹਿੰਮਾਂ ਚਲਾ ਰਹੀਆਂ ਹਨ ਜਿਸ ਤਹਿਤ ਸਰਕਾਰ ਨੂੰ ਚਿੱਠੀ ਲਿਖ ਕੇ ਵੀ ਹਾਲਾਤਾਂ ਤੋਂ ਜਾਣੂ ਕਰਾਇਆ ਗਿਆ ਹੈ।
19 ਪੜਾਵਾਂ ਵਿਚ ਇਕ ਪੈਦਲ ਯਾਤਰਾ ਕੀਤੀ ਗਈ ਅਤੇ ਹੁਣ 26 ਮਾਰਚ 2023 ਨੂੰ ਪੈਦਲ ਯਾਤਰਾ ਦੀ ਸਮਾਪਤੀ ਸਮੇਂ ਇਸ ਮਸਲੇ ਨੂੰ ਹੋਰ ਗੰਭੀਰਤਾ ਨਾਲ ਸਮਝਣ ਸਮਝਾਉਣ ਲਈ, ਵਿਚਾਰਨ ਲਈ, ਹੱਲਾਂ ਵਾਸਤੇ ਯਤਨਸ਼ੀਲ ਹੋਣ ਲਈ ਸਾਰੇ ਪੰਜਾਬ ਹਿਤੈਸ਼ੀਆਂ ਨੂੰ ਬੁੱਢਾ ਦਰਿਆ ਐਕਸ਼ਨ ਫਰੰਟ ਅਤੇ ਪਬਲਿਕ ਐਕਸ਼ਨ ਕਮੇਟੀ ਵੱਲੋਂ ਖੁੱਲ੍ਹਾ ਸੱਦਾ ਦਿੱਤਾ ਜਾ ਰਿਹਾ ਹੈ।
ਆਓ ਇਸ ਦੇ ਉੱਤੇ ਇਕੱਠੇ ਹੋ ਕੇ ਬੁੱਢੇ ਦਰਿਆ ਦੇ ਪਾਣੀ ਨੂੰ ਬਚਾਉਣ ਲਈ ਯਤਨਸ਼ੀਲ ਹੋਈਏ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,