
August 7, 2011 | By ਸਿੱਖ ਸਿਆਸਤ ਬਿਊਰੋ
ਫ਼ਤਿਹਗੜ੍ਹ ਸਾਹਿਬ (6 ਅਗਸਤ, 2011): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਦੇ ਸਬੰਧ ਵਿੱਚ ਹਲਕਾ ਬਸੀ ਪਠਾਣਾਂ ਤੋਂ ਜਨਰਲ ਸੀਟ ਤੋਂ ਪੰਥਕ ਧਿਰਾਂ ਦੇ ਸੰਭਾਵੀ ਉਮੀਦਵਾਰਾਂ ਭਾਈ ਹਰਪਾਲ ਸਿੰਘ ਚੀਮਾ, ਰਾਖਵੀ ਸੀਟ ਤੋਂ ਸੰਤੋਖ ਸਿੰਘ ਸਲਾਣਾ ਅਤੇ ਫ਼ਤਿਹਗੜ੍ਹ ਸਾਹਿਬ ਸੀਟ ਤੋਂ ਹਰਮਹਿੰਦਰ ਸਿੰਘ ਹਰਜੀ ਨੇ ਪਿੰਡਾਂ ਦਾ ਦੌਰਾ ਕੀਤਾ ਅਤੇ ਮੌਜ਼ੂਦਾ ਪ੍ਰਬੰਧਕਾਂ ਅਧੀਨ ਸ਼੍ਰੋਮਣੀ ਕਮੇਟੀ ਦੀਆਂ ਊਣਤਾਈਆਂ ਸਬੰਧੀ ਹਲਕੇ ਦੇ ਵੋਟਰਾਂ ਨੂੰ ਜਾਣੂੰ ਕਰਵਾਉਂਦਿਆ ਕਿਹਾ ਕਿ ਬਾਦਲ ਦਲ ਦੇ ਮੁਕਾਬਲੇ ਪੰਥਕ ਧਿਰਾਂ ਦੇ ਸਾਂਝੇ ਉਮੀਦਵਾਰਾਂ ਨੂੰ ਚੁਣ ਕੇ ਸ਼੍ਰੋਮਣੀ ਕਮੇਟੀ ਵਿੱਚ ਭੇਜਿਆ ਜਾਵੇ ਤਾਂ ਜੋ ਇਸ ਸੰਸਥਾ ਵਿੱਚ ਆਏ ਨਿਘਾਰ ਨੂੰ ਦੂਰ ਕਰਕੇ ਗੁਰਦੁਆਰਾ ਪ੍ਰਬੰਧ ਵਿੱਚ ਸੁਧਾਰ ਲਿਆਂਦਾ ਜਾ ਸਕੇ। ਉਕਤ ਆਗੂਆਂ ਨੇ ਕਿਹਾ ਕਿ ਇਸ ਸਮੇਂ ਸ਼੍ਰੋਮਣੀ ਕਮੇਟੀ ਵਿੱਚ ਭ੍ਰਿਸ਼ਟਾਚਾਰ ਅਤੇ ਭਾਈ-ਭਤੀਜਾਵਾਦ ਬੁਰੀ ਤਰ੍ਹਾਂ ਭਾਰੂ ਹੈ। ਸਿਫ਼ਾਰਸ਼ਾ ਦੇ ਅਧਾਰ ’ਤੇ ਸੇਵਾ-ਭਾਵ ਤੋਂ ਸੱਖਣੇ, ਨਾਸਤਿਕ ਅਤੇ ਅਪਰਾਧੀ ਕਿਸਮ ਦੇ ਲੋਕਾਂ ਨੂੰ ਸ਼੍ਰੋਮਣੀ ਕਮੇਟੀ ਦੇ ਅਮਲੇ ਵਿੱਚ ਭਰਤੀ ਕਰ ਲਿਆ ਗਿਆ ਹੈ ਜਿਸ ਕਾਰਨ ਗੁਰਧਾਮਾਂ ਦੇ ਦਰਸ਼ਨਾਂ ਲਈ ਪਹੁੰਚੇ ਸ਼ਰਧਾਲੂਆਂ ਨਾਲ ਸ਼੍ਰੋਮਣੀ ਕਮੇਟੀ ਦੇ ਇਹ ਮੁਲਾਜ਼ਮ ਬਹੁਤ ਮਾੜੇ ਢੰਗ ਨਾਲ ਪੇਸ਼ ਆਉਂਦੇ ਹਨ। ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਸਿਆਸਤਦਾਨ ਗੁਰਧਾਮਾਂ ਦੀਆਂ ਜਮੀਨਾਂ ਜਾਇਦਾਦਾਂ ਨੂੰ ਨਿੱਜ਼ੀ ਟਰੱਸਟ ਬਣਾ ਕੇ ਹਥਿਆ ਰਹੇ ਹਨ ਅਤੇ ਗੁਰੂ ਦੀ ਗੋਲਕ ਦੀ ਵਰਤੋਂ ਵੀ ਬਾਦਲ ਪਰਿਵਾਰ ਦੇ ਰਾਜਸੀ ਮਨੋਰਥਾਂ ਲਈ ਕੀਤੀ ਜਾ ਰਹੀ ਹੈ ਜਦਕਿ ਇਹ ਪੈਸਾ ਸਮਾਜ ਦੇ ਲੋੜਵੰਦ ਲੋਕਾਂ ਦੀ ਭਲਾਈ, ਹਸਪਤਾਲਾਂ, ਸਿੱਖਾਂ ਦੇ ਹੋਣਹਾਰ ਗਰੀਬ ਬੱਚਿਆ ਦੀ ਪੜ੍ਹਾਈ ਲਈ ਖ਼ਰਚੀ ਜਾਣੀ ਚਾਹੀਦੀ ਸੀ। ਉਕਤ ਆਗੂਆਂ ਨੇ ਕਿਹਾ ਕਿ ਪੰਥਕ ਧਿਰਾਂ ਦੇ ਉਮੀਦਵਾਰਾਂ ਨੂੰ ਸ਼੍ਰੋਮਣੀ ਕਮੇਟੀ ਵਿੱਚ ਚੁਣ ਕੇ ਭੇਜਿਆ ਜਾਵੇ ਤਾਂ ਜੋ ਗੁਰਧਾਮਾਂ ਦੇ ਪ੍ਰਬੰਧਾਂ ਵਿੱਚ ਸੁਧਾਰ ਹੋ ਸਕਣ, ਗੁਰਧਾਮਾਂ ਦੀਆਂ ਜਾਇਦਾਦਾਂ ਦੀ ਲੁੱਟ ਰੁਕ ਸਕੇ ਅਤੇ ਗੁਰੂ ਦੀ ਗੋਲਕ ਦੇ ਪੈਸੇ ਦੀ ਸਮਾਜ ਭਲਾਈ ਤੇ ਧਰਮ-ਪ੍ਰਚਾਰ ਲਈ ਵਰਤੋਂ ਕੀਤੀ ਜਾ ਸਕੇ। ਇਸ ਸਮੇਂ ਉਨ੍ਹਾਂ ਦੇ ਨਾਲ ਹਰਪਾਲ ਸਿੰਘ ਸ਼ਹੀਦਗੜ੍ਹ, ਅਮਰਜੀਤ ਸਿੰਘ ਬਡਗੁਜਰਾਂ, ਪ੍ਰਮਿੰਦਰ ਸਿੰਘ ਕਾਲਾ, ਹਰਪ੍ਰੀਤ ਸਿੰਘ ਹੈਪੀ ਅਤੇ ਗੁਰਪ੍ਰੀਤ ਸਿੰਘ ਆਦਿ ਵੀ ਹਾਜ਼ਰ ਸਨ।
Related Topics: Akali Dal Panch Pardhani, Prof. Devinder Pal Singh Bhullar, Shiromani Gurdwara Parbandhak Committee (SGPC)