November 13, 2010 | By ਸਿੱਖ ਸਿਆਸਤ ਬਿਊਰੋ
ਪਰ ਭੋਲੀ ਮਾਂ ਨੂੰ ਕੀ ਪਤਾ ਸੀ ਕਿ ਪੁੱਤਰ ਨੂੰ ਬਹੁਤ ਲੰਮੇ ਸਫ਼ਰ ’ਤੇ ਤੋਰ ਕੇ ਉਹ ਦਰਵਾਜ਼ੇ ਨਾਲ ਸਿਰ ਜੋੜੀ ਉਸ ਦੇ ਵਾਪਸ ਪਰਤ ਆਉਣ ਦੀਆਂ ਵਾਟਾਂ ਨਿਹਾਰਦੀ ਪੂਰੀ ਦੀ ਪੂਰੀ ਉਮਰ ਗੁਜ਼ਾਰ ਲਵੇਗੀ! ਪੁੱਤ-ਪੂਰਨ ਤਾਂ ਆਪ ਸਿਰਜੇ ‘ਹਨੇਰੇ ਭੋਰੇ’ ਵਿਚ ਜਾ ਵੜਿਆ ਸੀ ਜਾਂ ਆਪ ਸਹੇੜੇ ‘ਬਨਵਾਸ’ ’ਤੇ ਨਿਕਲ ਤੁਰਿਆ ਸੀ। ਇਸ ਭੋਰੇ ਜਾਂ ਬਨਵਾਸ ਦੀ ਕੈਦ ਬਾਰਾਂ ਜਾਂ ਚੌਦਾਂ ਸਾਲਾਂ ਨੂੰ ਦੋ ਨਾਲ ਗੁਣਾ ਕਰਨ ਤੋਂ ਵੀ ਵਡੇਰੀ ਸੀ। ਮਾਂ ਦੇ ਹੋਠਾਂ ਦਾ ਚੁੰਮਣ ਉਮਰ ਭਰ ਮੇਰੇ ਮੱਥੇ ਨੂੰ ਠੰਢਕ ਬਖਸ਼ਦਾ ਰਿਹਾ ਤੇ ਉਹਦੇ ਹੋਠਾਂ ਦੀ ਛੋਹ ਨਾਲ ਮੇਰੇ ਮੱਥੇ ’ਚ ਬਣ ਗਈ ਜਗਦੀ ਅੱਖ ’ਚੋਂ ਮੈਨੂੰ ਹਮੇਸ਼ਾ, ਦਰਵਾਜ਼ੇ ’ਚ ਖੜੋਤੀ, ਸੁੰਨ-ਸਾਨ ਅੱਖਾਂ ਨਾਲ ਮੇਰਾ ਰਾਹ ਵੇਖਦੀ ਤੇ ਧੁਰ ਅੰਦਰੋਂ ਵਿਛੋੜੇ ਵਿਚ ਕਲਪਦੀ-ਲੁੱਛਦੀ-ਤੜਪਦੀ ਮੇਰੀ ਮਾਂ ਉਮਰ ਭਰ ਮੈਨੂੰ ਦਿਸਦੀ ਰਹੀ। ਮਾਂ ਦੇ ਵਿਲਕਦੇ ਪੈਗ਼ਾਮ ਹਵਾਵਾਂ ਵਿਚ ਹਉਕੇ ਭਰਦੇ, ਕੁਰਲਾਉਂਦੇ ਮੇਰੇ ਤੱਕ ਪੁੱਜਦੇ ਤੇ ਪੁੱਛਦੇ ਰਹੇ :
‘‘ਮੈਂ ਤਾਂ ਤੈਨੂੰ ਠੰਢੀਆਂ ਛਾਵਾਂ ਦੇਣ ਵਾਲਾ ਬਿਰਖ਼ ਬਣਨ ਲਈ ਭੇਜਿਆ ਸੀ। ਤੈਨੂੰ ਤੇਰੇ ਰਾਹ ਵਿਚ ਇਹੋ ਜਿਹਾ ਕੀ ਦਿਸ ਪਿਆ ਕਿ ਤੂੰ ਸਾਨੂੰ ਉਮਰਾਂ ਦੇ ਵਿਛੋੜੇ ਦੀ ਅੱਗ ਵਿਚ ਬਲਣ ਲਈ ਸੁੱਟ ਗਿਓਂ?’’
ਤੇ ਮਾਂ ਇੱਛਰਾਂ ਡੂੰਘਾ ਹੌਕਾ ਭਰਕੇ ਪੁੱਤ ਤੋਂ ਖਾਲੀ ਜ਼ਿੰਦਗੀ ਦੇ ਦਰਦ ਵਿਚ ਭਿੱਜ ਕੇ ਆਖਦੀ…. ‘‘ਪੂਰਨ ਛੱਡ ਨਾ ਗਿਆ ਸਵਾਦ ਕੋਈ……’’
ਮਾਂ ਦੇ ਬਲਦੇ ਬੋਲ ਮੈਨੂੰ ਪਿਘਲਾ ਦੇਂਦੇ ਤੇ ਮਨ ਨੂੰ ਕਰੜਾ ਕਰਕੇ ਮੇਰਾ ਆਪਣੀ ਮਾਂ ਨੂੰ ਆਖਣ ਨੂੰ ਚਿੱਤ ਕਰਦਾ :
‘‘ਮਾਂ! ਮੈਨੂੰ ਤੇਰਾ ਬਲਦਾ ਦੁੱਖ ਵੀ ਦਿਸਦਾ ਹੈ। ਪਰ ਕੀ ਕਰਾਂ!….ਮੈਨੂੰ ਤੇਰੇ ਅਤੇ ਆਪਣੇ ਵਡੇਰਿਆਂ ਰਾਹੀਂ ਮੇਰੇ ਤੱਕ ਪੁੱਜੀ ਪਰੰਪਰਾ ’ਚੋਂ ਪ੍ਰਾਪਤ ਨਜ਼ਰ ਸਦਕਾ ‘ਬਲਦੀ ਹੋਈ ਪ੍ਰਿਥਵੀ’ ਵੀ ਨਜ਼ਰ ਆ ਰਹੀ ਹੈ। ਇਕ ਪਾਸੇ ਤੂੰ ਮੈਨੂੰ ਵਾਪਸ ਬੁਲਾ ਰਹੀ ਏਂ। ਦੂਜੇ ਪਾਸੇ ਮੇਰੇ, ਤੇਰੇ, ਸਭ ਦੇ ਸਾਂਝੇ ਬਜ਼ੁਰਗ ਮੈਨੂੰ ਪ੍ਰਿਥਵੀ ਦਾ ਸੇਕ ਘੱਟ ਕਰਨ ਲਈ ਆਪਣੇ ਖੂਨ ਦੇ ਛਿੱਟੇ ਮਾਰਨ ਲਈ ਹੋਕਾ ਦੇ ਰਹੇ ਨੇ। ਉਨ੍ਹਾਂ ਦਾ ਕਿਹਾ ਮੋੜ ਸਕਣਾ ਤਾਂ ਸ਼ਾਇਦ ਤੈਨੂੰ ਵੀ ਗਵਾਰਾ ਨਾ ਹੋਵੇ…..’’
ਪਰ ਮੈਂ ਕੁਝ ਨਾ ਕਹਿ ਸਕਦਾ। ਜਾਣਦਾ ਸਾਂ ਲੁੱਛਦੀ ਮਮਤਾ ਦਾ ਅਜਿਹੇ ਗਿਆਨ-ਧਿਆਨ ਦੀਆਂ ਗੱਲਾਂ ਕੁਝ ਨਹੀਂ ਸਵਾਰ ਸਕਦੀਆਂ।
ਮਾਂ ਬਲਦੀ ਰਹੀ ਤੇ ਮੈਂ ਆਪਣੀ ਸੀਮਤ ਸਮਰੱਥਾ ਮੁਤਾਬਕ ਬਲਦੀ ਪ੍ਰਿਥਵੀ ਦਾ ਸੇਕ ਘਟਾਉਣ ਲਈ ਲੱਗਾ ਰਿਹਾ। ਮੇਰੇ ਅਤੇ ਮੇਰੇ ਵਰਗੇ ਅਨੇਕ ਹੋਰਨਾਂ ਦੇ ਨਿਰੰਤਰ ਯਤਨਾਂ ਦੇ ਬਾਵਜੂਦ ਪ੍ਰਿਥਵੀ ਤਾਂ ਅਜੇ ਵੀ ਬਲ ਰਹੀ ਹੈ ਪਰ ਮਾਂ ਤਾਂ ਬਲਦੀ ਬਲਦੀ ਹੁਣ ਸਿਵੇ ਵਿਚ ਮੱਚ ਕੇ ਵੀ ਕਿੰਨੇ ਸਾਲਾਂ ਤੋਂ ਬੁੱਝ ਚੁੱਕੀ ਹੈ। ਮੈਂ ਉਸ ਬੁਝੇ ਸਿਵੇ ਦੀ ਰਾਖ ਛਾਤੀ ਨਾਲ ਘੁੱਟੀ ਬੈਠਾ ਹਾਂ। ਦੂਰ ਕਿਧਰੋਂ ਸ਼ਾਹ ਮੁਹੰਮਦ ਬੋਲਦਾ ਹੈ :
ਸਦਾ ਨਹੀਂ ਜਵਾਨੀ ਤੇ ਐਸ਼, ਮਾਪੇ,
ਸਦਾ ਨਹੀਂ ਜੇ ਬਾਲ ਵਰੇਸ ਮੀਆਂ! ਲੋਕ-ਗੀਤਾਂ ਵਾਲਾ ਫ਼ਕੀਰ ਹੇਕ ਲਾਉਂਦਾ ਹੈ :
‘‘ਨਹੀਂਓ ਲੱਭਣੇ ਲਾਲ ਗਵਾਚੇ
ਮਿੱਟੀ ਨਾ ਫਰੋਲ ਜੋਗੀਆ!’’
ਤੇ ਮੈਂ ਆਪਣੀ ‘ਮਾਂ ਦਾ ਲਾਲ’ ਗੁਆਚੇ ਹੋਏ ਲਾਲ ਨੂੰ ਲੱਭਦਾ ਆਪਣੇ ਆਪ ਨੂੰ ਢਾਰਸ ਦੇਂਦਾ ਹਾਂ।
ਮਾਂ ਸਿਰਜਣਾ ਦਾ ਸੋਮਾ ਹੋਣ ਕਰਕੇ ਤੇ ਦੁੱਖਾਂ ਨੂੰ ਸਹਿ ਸਕਣ ਵਾਲੇ ਵਡੇਰੇ ਜਿਗਰੇ ਦੀ ਮਾਲਕ ਹੋਣ ਸਦਕਾ ਧਰਤੀ ਹੀ ਤਾਂ ਹੈ ਤੇ ਧਰਤੀ ਨੂੰ ਤਾਂ ਸਾਰੇ ਪਹਿਲਾਂ ਹੀ ਮਾਂ ਆਖਦੇ ਹਨ। ਮੇਰੀ ਮਾਂ ਤੇ ਧਰਤੀ ਇਕ-ਮਿੱਕ ਹੋ ਗਈਆਂ ਹਨ ਤੇ ਮੈਨੂੰ ਆਸ਼ੀਰਵਾਦ ਦੇ ਰਹੀਆਂ ਹਨ, ‘‘ਸਾਡੇ ਵਾਂਗ ਸਿਰਜਣਾਤਮਕ ਕਾਰਜ ਵਿੱਚ ਜੁੱਟਿਆ ਰਹੀਂ….ਤਾਂ ਹੀ ਸਾਡਾ ਸੱਚਾ ਪੁੱਤਰ ਸਾਬਤ ਹੋਏਂਗਾ…..।’’
ਇਸ ਪੁਸਤਕ ਦੀ ਸਿਰਜਣਾ ‘ਮਾਂ ਧਰਤੀ’ ਤੇ ‘ਧਰਤੀ-ਮਾਂ’ ਦਾ ਕਰਜ਼ ਚੁਕਾਉਣ ਦਾ ਇਕ ਛੋਟਾ ਜਿਹਾ ਯਤਨ ਹੀ ਹੈ।
ਅਜਮੇਰ ਸਿੰਘ
ਮੰਡੀ ਕਲਾਂ, ਜ਼ਿਲ੍ਹਾ ਬਠਿੰਡਾ।
10 ਦਸੰਬਰ 2002
Related Topics: Ajmer Singh, Sikh Politics of Twentieth Century